ਇਪਟਾ ਤੇ ਅਮਨ ਲਹਿਰ ਦੀਆਂ ਕਾਂਗਾਂ

ਗੁਰਬਚਨ ਸਿੰਘ ਭੁੱਲਰ
ਫੋਨ: 01191-1165736868
ਇਪਟਾ ਨੇ ਸਿਰਫ ਨਾਟਮੰਚ ਨੂੰ ਹੀ ਨਹੀਂ, ਸਿਨਮੇ ਤੇ ਸੰਗੀਤ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਖ਼ਵਾਜਾ ਅਹਿਮਦ ਅੱਬਾਸ ਨੇ ਇਪਟਾ ਵੱਲੋਂ ਪ੍ਰਸਿੱਧ ਫਿਲਮ ‘ਧਰਤੀ ਕੇ ਲਾਲ’ ਬਣਾਈ। ‘ਦੋ ਬੀਘਾ ਜ਼ਮੀਨ’ ਤੇ ‘ਸੀਮਾ’ ਜਿਹੀਆਂ ਕਈ ਫਿਲਮਾਂ ਉਤੇ ਇਪਟਾ ਦੀ ਛਾਪ ਪ੍ਰਤੱਖ ਦਿਸਦੀ ਸੀ। ਇਸ ਤੋਂ ਅਹਿਮ ਗੱਲ ਇਹ ਸੀ ਕਿ ਇਪਟਾ ਨਾਲ ਸਬੰਧਤ ਰਹੇ ਨਿਰਦੇਸ਼ਕਾਂ, ਕਹਾਣੀਕਾਰਾਂ, ਗੀਤਕਾਰਾਂ, ਸੰਗੀਤਕਾਰਾਂ ਅਤੇ ਐਕਟਰਾਂ ਨੇ ਮੁੱਖਧਾਰਾਈ ਵਣਜੀ ਸਿਨਮੇ ਉਤੇ ਡੂੰਘਾ ਪ੍ਰਭਾਵ ਪਾਇਆ। ਨਤੀਜੇ ਵਜੋਂ ਅਗਲੇ ਸਾਲਾਂ ਵਿਚ ਅਣਗਿਣਤ ਅਜਿਹੀਆਂ ਫਿਲਮਾਂ ਬਣੀਆਂ ਜੋ ਕਮਾਈ ਦੇ ਉਦੇਸ਼ ਦੇ ਬਾਵਜੂਦ ਲੋਕ-ਜੀਵਨ ਤੇ ਲੋਕ-ਮਸਲਿਆਂ ਨਾਲ ਜੁੜੀਆਂ ਹੋਈਆਂ ਸਨ ਅਤੇ ਕੋਈ ਸਾਕਾਰਾਤਮਕ ਸੁਨੇਹਾ ਦਿੰਦੀਆਂ ਸਨ।
ਕੁਛ ਸਮੇਂ ਮਗਰੋਂ ਪੰਜਾਬ ਵਿਚ ਇਪਟਾ ਜਥੇਬੰਦ ਕਰਨ ਦਾ ਉਦਮ ਕੀਤਾ ਗਿਆ ਤਾਂ ਤੇਰਾ ਸਿੰਘ ਚੰਨ ਨੇ ਮੋਹਰੀ ਭੂਮਿਕਾ ਨਿਭਾਈ ਅਤੇ ਪ੍ਰੋæ ਮਾਨ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਦਿਨ-ਰਾਤ ਇਕ ਕਰਨ ਵਾਲਿਆਂ ਵਿਚੋਂ ਸਨ। ਅਮਨ ਲਹਿਰ ਵਾਂਗ ਇਪਟਾ ਦੀ ਮਜ਼ਬੂਤੀ ਵਿਚ ਵੀ ਗੁਰਬਖਸ਼ ਸਿੰਘ ਦਾ ਵੱਡਾ ਹੱਥ ਰਿਹਾ। ਇਪਟਾ ਨੇ ਲੋਕਮੁਖੀ ਪੰਜਾਬੀ ਰੰਗਮੰਚ ਦੀ ਨੁਹਾਰ ਹੀ ਬਦਲ ਦਿੱਤੀ ਅਤੇ ਉਹ ਤੇਜ਼ ਪੁਲਾਂਘੀਂ ਅੱਗੇ ਵਧ ਕੇ ਭਾਰਤੀ ਮੰਚ ਨਾਲ ਕੱਦ ਮੇਚਣ ਲੱਗਿਆ।
ਅਮਨ ਲਹਿਰ ਅਤੇ ਇਪਟਾ ਦੀਆਂ ਸਰਗਰਮੀਆਂ ਨੇ ਪੰਜਾਬ ਵਿਚ ਸਾਹਿਤ, ਸਭਿਆਚਾਰ, ਲੋਕ-ਗਾਇਕੀ ਅਤੇ ਜਨਤਕ ਰੰਗਮੰਚ ਦਾ ਬੇਮਿਸਾਲ ਸੰਗਮ ਪੈਦਾ ਕੀਤਾ। ਇਸ ਮਾਹੌਲ ਦੀਆਂ ਸਮੁੰਦਰੀ ਛੱਲਾਂ ਨੇ ਅਨੇਕ ਸੁੱਚੇ ਮੋਤੀ ਪੰਜਾਬ ਦੀ ਝੋਲੀ ਪਾਏ। ਇਸ ਮੋਤੀ-ਮਾਲਾ ਵਿਚ ਪ੍ਰੋæ ਨਿਰੰਜਣ ਸਿੰਘ ਮਾਨ ਤੋਂ ਇਲਾਵਾ ਤੇਰਾ ਸਿੰਘ ਚੰਨ, ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸਪੁਰੀ, ਬਲਵੰਤ ਗਾਰਗੀ, ਜਗਦੀਸ਼ ਫਰਿਆਦੀ, ਹੁਕਮ ਚੰਦ ਖਲੀਲੀ, ਕੰਵਲਜੀਤ ਸੂਰੀ ਅਤੇ ਬੀਬੀਆਂ ਵਿਚੋਂ ਸੁਰਿੰਦਰ ਕੌਰ, ਸ਼ੀਲਾ ਭਾਟੀਆ, ਅਚਲਾ ਸਚਦੇਵ, ਰਾਜਵੰਤ ਪ੍ਰੀਤ, ਗੁਰਬਖਸ਼ ਸਿੰਘ ਦੀਆਂ ਬੇਟੀਆਂ-ਓਮਾ ਤੇ ਪ੍ਰਤਿਮਾ, ਦਿਲਬੀਰ ਆਦਿ ਅਨੇਕ ਨਾਂ ਸ਼ਾਮਲ ਸਨ। ਪ੍ਰੀਤ 25 ਮਈ 1952 ਨੂੰ ਪ੍ਰੋæ ਮਾਨ ਦੀ ਜੀਵਨ-ਸਾਥਣ ਤੇ ਕਲਾ-ਸਾਥਣ ਤਾਂ ਬਣੀ ਹੀ, ਉਮਰ ਭਰ ਦੀ ਪ੍ਰੇਮਿਕਾ ਤੇ ਪ੍ਰੇਰਨਾ ਵੀ ਬਣੀ।
ਸਭਨਾਂ ਦਾ ਇਕੋ-ਇਕ ਜੀਵਨ-ਉਦੇਸ਼ ਲੋਕ-ਹਿਤ ਦੀ ਗੱਲ ਕਰਨਾ ਅਤੇ ਅਮਨ ਦਾ ਸੁਨੇਹਾ ਘਰ ਘਰ ਪੁਜਦਾ ਕਰਨਾ ਬਣਿਆ ਹੋਇਆ ਸੀ। ਕਦੀ ਕਦੀ ਪ੍ਰਕਾਸ਼ ਕੌਰ ਵੀ ਛੋਟੀ ਭੈਣ ਸੁਰਿੰਦਰ ਕੌਰ ਦਾ ਸਾਥ ਦੇ ਜਾਂਦੀ। ਗੀਤਾਂ-ਕਵਿਤਾਵਾਂ ਤੋਂ ਇਲਾਵਾ ਮੰਚ ਉਤੇ ਗੀਤ-ਨਾਟਕਾਂ ਦਾ ਬੋਲਬਾਲਾ ਸੀ। ਪ੍ਰੋæ ਮਾਨ ਉਨ੍ਹਾਂ ਵਿਚ ਉਤਸ਼ਾਹ ਨਾਲ ਭੂਮਿਕਾ ਨਿਭਾਉਂਦੇ। ਗੀਤ-ਨਾਟਾਂ ਵਿਚੋਂ ਤੇਰਾ ਸਿੰਘ ਚੰਨ ਦੇ ‘ਅਮਰ ਪੰਜਾਬ’ ਤੇ ‘ਲੱਕੜ ਦੀ ਲੱਤ’ ਅਤੇ ਜੋਗਿੰਦਰ ਬਾਹਰਲਾ ਦਾ ‘ਹਾੜ੍ਹੀਆਂ ਸੌਣੀਆਂ’ ਬੇਹੱਦ ਮਕਬੂਲ ਹੋਏ। ਤੇਰਾ ਸਿੰਘ ਚੰਨ ਕਵੀ ਤੇ ਗੀਤ-ਨਾਟ ਲੇਖਕ ਦੇ ਨਾਲ ਨਾਲ ਬੜਾ ਚੰਗਾ ਪ੍ਰਬੰਧਕ ਵੀ ਸੀ। ਇਹ ਸਭ ਕੁਛ ਏਨਾ ਪ੍ਰਭਾਵਸ਼ਾਲੀ ਸੀ ਕਿ ਸ਼ਹਿਰ ਤਾਂ ਸ਼ਹਿਰ, ਪਿੰਡਾਂ ਦੇ ਅਨਪੜ੍ਹ ਲੋਕ ਇਨ੍ਹਾਂ ਗੀਤਾਂ ਅਤੇ ਗੀਤ-ਨਾਟਕਾਂ ਦੀਆਂ ਸਤਰਾਂ ਦੁਹਰਾਉਂਦੇ ਫਿਰਦੇ ਸਨ। ਇਸ ਲਹਿਰ ਦੀ ਇਕ ਬਹੁਤ ਹੀ ਵੱਡੀ ਦੇਣ ਕੁੜੀਆਂ ਨੂੰ ਮੰਚ ਦੀਆਂ ਬਰਾਬਰ ਦੀਆਂ ਸਤਿਕਾਰਯੋਗ ਹਿੱਸੇਦਾਰ ਬਣਾਉਣਾ ਸੀ। ਇਸ ਇਨਕਲਾਬੀ ਕਦਮ ਵਿਚ ਗੁਰਬਖਸ਼ ਸਿੰਘ ਦੀ ਸੋਚ ਅਤੇ ਹੱਲਾਸ਼ੇਰੀ ਬਹੁਤ ਸਹਾਈ ਰਹੀ ਜਿਨ੍ਹਾਂ ਨੇ ਇਪਟਾ ਦੇ ਹੋਂਦ ਵਿਚ ਆਉਣ ਤੋਂ ਵੀ ਪਹਿਲਾਂ ਪ੍ਰੀਤਨਗਰ ਵਿਚ ਖੇਡੇ ਜਾਂਦੇ ਨਾਟਕਾਂ ਵਿਚ ਆਪਣੀਆਂ ਧੀਆਂ ਨੂੰ ਮੰਚ ਦੀਆਂ ਭਾਗੀਦਾਰ ਬਣਨ ਲਈ ਉਤਸ਼ਾਹਿਤ ਕੀਤਾ ਹੋਇਆ ਸੀ।
ਪ੍ਰੋæ ਮਾਨ ਨਾਲ ਅੱਜ ਦੇ ਪ੍ਰਸਿੱਧ ਆਰਥੋਪੈਡੀਸ਼ਨ, ਡਾæ ਪ੍ਰਿਥੀਪਾਲ ਸਿੰਘ ਮੈਨੀ ਤੇ ਡਾæ ਹਰਸ਼ਰਨ ਸਿੰਘ ਵਰਗੇ ਉਨ੍ਹਾਂ ਦੇ ਅਨੇਕ ਸਕੂਲੀ-ਕਾਲਜੀ ਗੂੜ੍ਹੇ ਮਿੱਤਰ ਸਰਗਰਮ ਸਨ। ਕੁਛ ਸਮਾਂ ਮਗਰੋਂ ਉਨ੍ਹਾਂ ਦਾ ਉਮਰ ਵਿਚ ਕੁਛ ਛੋਟਾ ਮਿੱਤਰ ਸਵਰਨ ਵੀ ਨਾਲ ਆ ਜੁੜਿਆ। ਇਹ ਸਭ ਇਕੱਲੇ ਇਕੱਲੇ ਗਾਉਂਦੇ, ਰਲ ਕੇ ਗਾਉਂਦੇ ਅਤੇ ਨਾਟਕਾਂ ਵਿਚ ਹਿੱਸਾ ਲੈਂਦੇ। ਇਹ ਸਭ ਲੋਕ ਸਟੂਡੈਂਟ ਫੈਡਰੇਸ਼ਨ ਦੀ ਪੈਦਾਵਾਰ ਸਨ ਜੋ ਉਸ ਸਮੇਂ ਵਿਦਿਆਰਥੀਆਂ ਨੂੰ ਲਾਮਬੰਦ ਕਰਨ ਵਾਲੀ ਇਕੋ-ਇਕ ਜਥੇਬੰਦੀ ਸੀ। ਉਨ੍ਹਾਂ ਨੂੰ ਖੱਬੇ-ਪੱਖੀ ਸੋਚ ਦਾ ਰੰਗ ਚਾੜ੍ਹ ਕੇ ਇਹਨੇ ਅਨੇਕ ਭਵਿੱਖੀ ਰਾਜਨੀਤਕ ਆਗੂਆਂ ਦੀਆਂ ਸ਼ਖਸੀਅਤਾਂ ਢਾਲੀਆਂ। ਜਾਗ੍ਰਿਤ ਵਿਦਿਆਰਥੀ ਉਤਸ਼ਾਹ ਨਾਲ ਫੈਡਰੇਸ਼ਨ ਵਿਚ ਸਰਗਰਮ ਹੁੰਦੇ ਅਤੇ ਸਮਾਜ ਵਾਸਤੇ ਕੁਛ ਕਰ ਗੁਜ਼ਰਨ ਦੇ ਆਪਣੇ ਸੁਫਨਿਆਂ ਨੂੰ ਸਾਕਾਰ ਕਰਦੇ। ਵਿਦਿਆਰਥੀ ਅੱਜ ਵਾਂਗ ਦਿਸ਼ਾਹੀਣ, ਬੇਮੰਜ਼ਿਲੇ ਜਾਂ ਨਸ਼ੇੜੀ ਨਹੀਂ ਸਨ ਹੁੰਦੇ ਸਗੋਂ ਆਪਣੇ ਆਪ ਨੂੰ ਭਵਿੱਖ ਦੇ ਮਾਲਕ ਦੀ ਭੂਮਿਕਾ ਵਾਸਤੇ ਤਿਆਰ ਕਰਦੇ ਸਨ। ਪ੍ਰੋæ ਮਾਨ ਦੇ ਸ਼ਬਦਾਂ ਵਿਚ ਇਨ੍ਹਾਂ ਸਭਨਾਂ ਦਾ ਯਕੀਨ ਸੀ, “ਧਰਤੀ ਆਪਣਾ ਪਾਸਾ ਹੁਣ ਪਰਤਾ ਰਹੀ” ਅਤੇ ਇਹ ਸਭ ਵਿਚਾਰਧਾਰਕ ਪੱਖੋਂ ਸਪੱਸ਼ਟ ਸਨ ਤੇ ਆਪਣਾ ਪੱਖ ਪੂਰੀ ਤਰ੍ਹਾਂ ਸਮਝਦੇ ਸਨ, “ਇਕ ਪਾਸੇ ਲੋਕ, ਦੂਜੇ ਸਾਮਰਾਜ; ਇਕ ਪਾਸੇ ਰਾਉਣ, ਦੂਜੇ ਰਾਮ-ਰਾਜ; ਇਕ ਪਾਸੇ ਬੰਬ ਤੇ ਦੂਜੇ ਪਾਸੇ ਅਨਾਜ!”
ਉਹ ਪਾਠ-ਪੁਸਤਕਾਂ ਤੋਂ ਬਾਹਰ ਫੈਲ ਕੇ ਸਾਹਿਤ ਤੇ ਰਾਜਨੀਤਕ ਪੁਸਤਕਾਂ ਪੜ੍ਹਨ-ਪੜ੍ਹਾਉਣ ਦਾ ਜ਼ਮਾਨਾ ਸੀ। ਪੜ੍ਹ ਕੇ ਚੰਗੀ ਲੱਗੀ ਪੁਸਤਕ ਦੀ ਦੱਸ ਦੋਸਤਾਂ ਨੂੰ ਪਾਈ ਜਾਂਦੀ। ਪੜ੍ਹੀਆਂ ਪੁਸਤਕਾਂ ਬਾਰੇ ਅਕਸਰ ਲੰਮੀ ਵਿਚਾਰ-ਚਰਚਾ ਹੁੰਦੀ। ਵਿਚਾਰਧਾਰਕ ਸਾਂਝ ਤੋਂ ਇਲਾਵਾ ਇਨ੍ਹਾਂ ਲੋਕਾਂ ਦਾ ਆਪਸੀ ਮੋਹ-ਪਿਆਰ ਏਨਾ ਸੁਹਿਰਦ ਅਤੇ ਸੰਘਣਾ ਸੀ ਕਿ ਪਿਛਲੇ ਦਿਨੀਂ ਜਦੋਂ ਦੋ ਕੁ ਵਾਰ ਮੈਨੂੰ ਡਾæ ਮੈਨੀ ਨੂੰ ਮਿਲਣ ਦਾ ਮੌਕਾ ਮਿਲਿਆ, ਉਨ੍ਹਾਂ ਨੇ ਪ੍ਰੋæ ਮਾਨ ਨੂੰ ਚੇਤੇ ਕਰਦਿਆਂ ਉਨ੍ਹਾਂ ਦਾ ਜ਼ਿਕਰ ਪ੍ਰੋæ ਨਿਰੰਜਣ ਸਿੰਘ ਮਾਨ ਜਾਂ ਪ੍ਰੋæ ਮਾਨ ਤਾਂ ਕੀ, ਨਿਰੰਜਣ ਸਿੰਘ ਜਾਂ ਨਿਰੰਜਣ ਆਖ ਕੇ ਵੀ ਨਹੀਂ ਕੀਤਾ। ਉਹ ਭਾਵੁਕ ਹੋ ਕੇ ਉਨ੍ਹਾਂ ਦੇ ਬਚਪਨ ਦੇ ਯਾਰ-ਬੇਲੀਆਂ ਵਿਚ ਪ੍ਰਚਲਿਤ ਨਾਂ ਨਾਲ ਨੰਜੋ ਨੰਜੋ ਆਖ ਕੇ ਹੀ ਉਨ੍ਹਾਂ ਦਾ ਜ਼ਿਕਰ ਕਰਦੇ ਰਹੇ। ਇਹੋ ਕਾਰਨ ਸੀ, ਸਟੂਡੈਂਟ ਫੈਡਰੇਸ਼ਨ, ਅਮਨ ਲਹਿਰ ਅਤੇ ਇਪਟਾ ਦੀ ਕੁਠਾਲੀ ਵਿਚੋਂ ਲੰਘ ਕੇ ਖਰੇ ਸੋਨੇ ਵਰਗੇ ਅਨੇਕ ਹੋਣਹਾਰ ਵਿਅਕਤੀ ਜੀਵਨ ਦੇ ਵੱਖ ਵੱਖ ਖੇਤਰਾਂ ਨੂੰ ਨਸੀਬ ਹੋਏ!
ਅੱਜ ਪ੍ਰੋæ ਮਾਨ ਨੂੰ ਪਿਆਰ-ਸਤਿਕਾਰ ਨਾਲ ਸਿਮਰਨ ਵਾਲੇ ਅਣਗਿਣਤ ਲੋਕ ਹਨ ਜੋ ਜੀਵਨ ਦੇ ਵੰਨ-ਸੁਵੰਨੇ ਖੇਤਰਾਂ ਨਾਲ ਜੁੜੇ ਹੋਏ ਹਨ। ਇਹ ਗੱਲ ਸੁਭਾਵਿਕ ਵੀ ਹੈ ਕਿਉਂਕਿ ਉਹ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਵਿਚ ਅਮਨ ਲਹਿਰ ਤੇ ਇਪਟਾ ਵਿਚਲੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ, ਗਾਇਕ ਵਜੋਂ ਉਨ੍ਹਾਂ ਦੇ ਸਰੋਤੇ ਸ਼ਾਮਲ ਹਨ, ਅਧਿਆਪਕ ਵਜੋਂ ਉਨ੍ਹਾਂ ਦੇ ਸਹਿਕਰਮੀ ਤੇ ਵਿਦਿਆਰਥੀ ਸ਼ਾਮਲ ਹਨ ਅਤੇ ਜੀਵਨ ਵਿਚ ਉਨ੍ਹਾਂ ਦੇ ਸੰਪਰਕ ਵਿਚ ਆਏ ਅਨੇਕ ਸਨੇਹੀ ਸ਼ਾਮਲ ਹਨ। ਪਰ ਪ੍ਰੋæ ਸਾਹਿਬ ਨਾਲ ਮੇਰਾ ਨਾਤਾ ਅਜਿਹੇ ਸਭਨਾਂ ਸੱਜਣਾਂ ਨਾਲੋਂ ਨਿਆਰਾ ਵੀ ਹੈ ਅਤੇ ਦਿਲਚਸਪ ਵੀ ਹੈ। ਇਨ੍ਹਾਂ ਨਾਲ ਮੇਰਾ ਨਾਤਾ ਇਕ ਅਜਿਹੇ ਸਰੋਤੇ ਦਾ ਹੈ ਜਿਸ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਹੈ, ਅੱਧੀ ਸਦੀ ਤੋਂ ਵੱਧ ਸਮਾਂ ਪਹਿਲਾਂ ਇਨ੍ਹਾਂ ਨੂੰ ਇਕ ਵਾਰ ਸੁਣਿਆ ਸੀ ਅਤੇ ਉਸ ਪਿਛੋਂ ਇਹ ਚੇਤੇ ਵਿਚੋਂ ਕਦੀ ਨਾ ਵਿਸਰੇ। ਮੈਨੂੰ ਨਹੀਂ ਪਤਾ, ਕਦੀ ਕੋਈ ਹੋਰ ਅਜਿਹਾ ਰਸੀਆ ਸਰੋਤਾ ਇਨ੍ਹਾਂ ਨੂੰ ਮਿਲਿਆ ਸੀ ਜਾਂ ਨਹੀਂ।
ਇਹ 1950ਵਿਆਂ ਦੇ ਸ਼ੁਰੂ ਦੀ ਗੱਲ ਹੈ। ਲਿਖਣਾ ਤਾਂ ਕਿਥੋਂ ਸ਼ੁਰੂ ਕਰਨਾ ਸੀ ਜਾਂ ਅਜੇ ਰਾਜਨੀਤਕ ਸੋਝੀ ਤਾਂ ਕਿਥੋਂ ਆਈ ਹੋਣੀ ਸੀ, ਮੈਂ ਤਾਂ ਹਾਈ ਸਕੂਲ ਵੀ ਪਾਰ ਨਹੀਂ ਸੀ ਕੀਤਾ। ਮੇਰੇ ਸ਼ਹਿਰ ਰਾਮਪੁਰਾ ਫੂਲ ਦੇ ਚੌਕ ਵਿਚ ਇਕ ਅਮਨ ਕਾਨਫਰੰਸ ਹੋਈ। ਰਾਜਨੀਤਕ ਆਗੂਆਂ ਵਿਚੋਂ ਕੇਵਲ ਇਕ ਨਾਂ ਪੱਕਾ ਚੇਤੇ ਹੈ, ਡਾæ ਸੈਫੁਦੀਨ ਕਿਚਲੂ। ਸ਼ਾਇਦ ਜਗਜੀਤ ਸਿੰਘ ਅਨੰਦ ਵੀ ਹੈ ਸੀ। ਹੋਰ ਕੌਣ-ਕੌਣ ਆਗੂ ਆਏ ਜਾਂ ਬੋਲੇ ਸਨ, ਯਾਦ ਨਹੀਂ। ਲੇਖਕਾਂ ਤੇ ਸਭਿਆਚਾਰਕ ਗੁਣਵੰਤਾਂ ਵਿਚੋਂ ਤੇਰਾ ਸਿੰਘ ਚੰਨ ਸੀ ਜਿਸ ਦਾ ‘ਸਮੇਂ ਦਾ ਕਾਗ’ ਉਨ੍ਹੀਂ ਦਿਨੀਂ ਬੁਲੰਦ ਆਵਾਜ਼ ਵਿਚ ‘ਅਮਨਾਂ ਦੀ ਬੋਲੀ’ ਬੋਲ ਰਿਹਾ ਸੀ ਅਤੇ ਗਾਇਕਾਂ ਵਿਚੋਂ ਸੁਰਿੰਦਰ ਕੌਰ, ਪ੍ਰੋæ ਮਾਨ ਤੇ ਅਮਰਜੀਤ ਗੁਰਦਾਸਪੁਰੀ ਦੇ ਨਾਂ ਚੇਤੇ ਹਨ। ਹੋਰ ਕੋਈ ਆਗੂ ਜਾਂ ਗਾਇਕ ਸੀ ਵੀ ਕਿ ਨਹੀਂ, ਜੇ ਸੀ ਤਾਂ ਕੌਣ ਸੀ, ਏਨੇ ਸਾਲਾਂ ਬਾਅਦ ਕੁਛ ਯਾਦ ਨਹੀਂ।
ਪ੍ਰੋæ ਮਾਨ ਨੇ ਪਹਿਲਾਂ ਮੋਹਨ ਸਿੰਘ ਦੀ ਪ੍ਰਸਿੱਧ ਰਚਨਾ ‘ਟੁਰਿਆ ਅਮਨ ਦਾ ਕਫਲਾ, ਜਹਾਨ ਨਾਲ ਹੈ’ ਦਿਲੋਂ ਭਿੱਜ ਕੇ ਗਾਈ ਅਤੇ ਫੇਰ ਦੂਜੀ ਮਨਭਾਉਂਦੀ ਤੇ ਸਰੋਤਿਆਂ ਦੀ ਹਰਮਨ-ਪਿਆਰੀ ਕਵਿਤਾ, ਅੰਮ੍ਰਿਤਾ ਪ੍ਰੀਤਮ ਦੀ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਮਿਰਜ਼ੇ ਦੀ ਤਰਜ਼ ਨਾਲ ਪੇਸ਼ ਕੀਤੀ। ਉਨ੍ਹਾਂ ਨੇ ਬੁਲੰਦ ਪਰ ਮਿੱਠੀ ਤੇ ਰਸੀਲੀ ਆਵਾਜ਼ ਵਿਚ ਹੇਕ ਲਾਈ ਤਾਂ ਉਨ੍ਹਾਂ ਦੇ ਦਿਲੋਂ ਹੂਕ ਨਿਕਲੀ,
“ਅੱਜ ਆਖਾਂ ਵਾਰਿਸ ਸ਼ਾਹ ਨੂੰ
ਕਿਤੋਂ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬ-ਏ-ਇਸ਼ਕ ਦਾ
ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਵੇ ਦਰਦਮੰਦਾਂ ਦਿਆ ਦਰਦੀਆ
ਉਠ ਤੱਕ ਆਪਣਾ ਪੰਜਾਬ।
ਅੱਜ ਵੈਲੇ ਲਾਸ਼ਾਂ ਵਿਛੀਆਂ
ਤੇ ਲਹੂ ਦੀ ਭਰੀ ਚਿਨਾਬ!”
ਪ੍ਰਭਾਵਿਤ ਹੋਏ ਸਰੋਤਿਆਂ ਵਿਚ ਗਹਿਰੀ ਉਦਾਸ ਖਾਮੋਸ਼ੀ ਛਾ ਗਈ। ਉਨ੍ਹਾਂ ਦੇ ਕੰਨਾਂ ਵਿਚ ਪੰਜਾਬ ਦੀਆਂ ਲੱਖਾਂ ਧੀਆਂ ਦਾ ਵਿਰਲਾਪ ਹਾਲ-ਦੁਹਾਈ ਪਾਉਣ ਲੱਗਿਆ ਅਤੇ ਅੱਖਾਂ ਸਾਹਮਣੇ ਲੱਖਾਂ ਲਾਸ਼ਾਂ ਵਿਛ ਗਈਆਂ ਤੇ ਉਨ੍ਹਾਂ ਦੀ ਰੱਤ ਨੇ ਚਿਨਾਬ ਦਾ ਰੰਗ ਗੂੜ੍ਹਾ ਰੱਤਾ ਕਰ ਦਿੱਤਾ! ਬੱਸ, ਅੰਮ੍ਰਿਤਾ ਦੇ ਕਰੁਣਾ ਭਰੇ ਸ਼ਬਦ ਸਨ, ਪ੍ਰੋæ ਮਾਨ ਦੀ ਜਾਦੂਭਰੀ ਆਵਾਜ਼ ਸੀ ਅਤੇ ਸਰੋਤਿਆਂ ਦੇ ਜਜ਼ਬਾਤੀ ਹੋਏ ਦਿਲ ਸਨ!
ਪ੍ਰੋæ ਮਾਨ ਸੁੱਚੇ ਲੋਕ-ਪੱਖੀ ਸਾਹਿਤਕ ਗੀਤ ਹੀ ਗਾਉਂਦੇ। ਮੋਹਨ ਸਿੰਘ ਤੇ ਅੰਮ੍ਰਿਤਾ ਉਨ੍ਹਾਂ ਦੇ ਮਨਭਾਉਂਦੇ ਕਵੀਆਂ ਵਿਚੋਂ ਸਨ। ਮਗਰਲੀਆਂ ਪੀੜ੍ਹੀਆਂ ਨੂੰ ਸ਼ਾਇਦ ਇਸ ਤੱਥ ਦਾ ਪਤਾ ਨਹੀਂ ਕਿ ਵਾਰਿਸ ਨੂੰ ਹਾਕਾਂ ਮਾਰਨ ਵਾਲੀ ਅੰਮ੍ਰਿਤਾ ਦੀ ਕਵਿਤਾ ਨੂੰ ਏਨੀ ਹਰਮਨ ਪਿਆਰੀ ਬਣਾਉਣ ਵਿਚ ਪ੍ਰੋæ ਮਾਨ ਦੀ ਵੱਡੀ ਭੂਮਿਕਾ ਰਹੀ। ਇਸ ਨੂੰ ਉਨ੍ਹਾਂ ਹੀ ਮੰਚਾਂ ਉਤੇ ਗਾਉਂਦੇ ਉਨ੍ਹਾਂ ਦੇ ਹੋਰ ਸਾਥੀ ਵੀ ਸਨ ਪਰ ਇਹ ਪ੍ਰੋæ ਮਾਨ ਦੀ ਜ਼ੁਬਾਨ ਦਾ ਰਸ ਸੀ ਜਿਸ ਨੇ ਇਹਨੂੰ ਪੂਰੇ ਪੰਜਾਬ ਵਿਚ ਹੀ ਨਹੀਂ ਸਗੋਂ ਪੰਜਾਬੋਂ ਦੂਰ ਬਾਹਰ ਵੀ ਲੱਖਾਂ ਲੋਕਾਂ ਦੀ ਜ਼ੁਬਾਨ ਉਤੇ ਚਾੜ੍ਹ ਦਿੱਤਾ। ਉਨ੍ਹਾਂ ਨੇ ਕਿਸੇ ਮੰਚ ਉਤੇ ਗਾਇਆ ਹੋਵੇ ਤੇ ਉਹ ਇਹ ਕਵਿਤਾ ਨਾ ਗਾਉਣ ਜਾਂ ਸਰੋਤੇ ਉਨ੍ਹਾਂ ਤੋਂ ਇਹ ਕਵਿਤਾ ਨਾ ਸੁਣਨ, ਇਹ ਸੰਭਵ ਨਹੀਂ ਸੀ।
ਇਸ ਦੌਰ ਤੋਂ ਬਹੁਤ ਮਗਰੋਂ ਵੀ ਉਹ ਵਿਹਲੇ ਵੇਲੇ ਵਿਚ ਜਦੋਂ ਕੁਛ ਗੁਣਗੁਣਾਉਂਦੇ ਸੀ, ਅਕਸਰ ਇਸ ਕਵਿਤਾ ਦੇ ਬੋਲ ਹੀ ਹੁੰਦੇ ਸਨ। ਪਿਛਲੇ ਦਿਨੀਂ ਸਾਡੇ ਘਰ ਮਿਲਣ ਆਈ ਬੀਬੀ ਰਾਜਵੰਤ ਕੌਰ ਮਾਨ ਨੇ ਦੱਸਿਆ ਕਿ ਅੰਤਲੇ ਸਾਲਾਂ ਵਿਚ ਉਹ ਆਪਣੇ ਕੈਨੇਡਾ ਵਾਲੇ ਘਰ ਸਵੇਰੇ ਅਸ਼ਨਾਨ, ਪਾਠ ਤੇ ਨਾਸ਼ਤਾ ਕਰ ਕੇ ਵਿਹੜੇ ਵਿਚ ਫੁੱਲਾਂ-ਬੂਟਿਆਂ ਵਿਚਕਾਰ ਬੈਠ ਜਾਂਦੇ ਸਨ। ਕੈਂਸਰ ਜਿਹੀ ਨਾਮੁਰਾਦ ਬੀਮਾਰੀ ਦੇ ਬਾਵਜੂਦ ਮੌਜ ਵਿਚ ਆ ਕੇ ਉਹ ਫਲਦਾਇਕ ਅਤੇ ਸੰਤੁਸ਼ਟ ਬਿਤਾਏ ਜੀਵਨ ਨੂੰ ਸਿਮਰਦੇ। ਅਤੀਤ ਅਤੇ ਵਰਤਮਾਨ ਦੀਆਂ ਯਾਦਾਂ ਵਿਚ ਡੁੱਬੇ ਹੋਏ ਜਜ਼ਬਿਆਂ ਦੀ ਜਾਗੋਮੀਚੀ ਵਿਚ ਉਹ ਗੁਣਗੁਣਾਉਣ ਲਗਦੇ। ਉਹ ‘ਅੱਜ ਆਖਾਂ ਵਾਰਿਸ ਸ਼ਾਹ ਨੂੰæææ’ ਦਿਨ ਵਿਚ ਇਕ ਵਾਰ ਜ਼ਰੂਰ ਗੁਣਗੁਣਾਉਂਦੇ ਅਤੇ ਇਨ੍ਹਾਂ ਪਲਾਂ ਵਿਚ ਉਨ੍ਹਾਂ ਦੀਆਂ ਅੱਖਾਂ ਹੁਣ ਵੀ ਸਿੱਲ੍ਹੀਆਂ ਹੋ ਜਾਂਦੀਆਂ!
(ਚਲਦਾ)

Be the first to comment

Leave a Reply

Your email address will not be published.