ਪੰਜਾਬੀਆਂ ਦੀਆਂ ਪੌਂਅ ਬਾਰਾਂ

ਵਲੈਤ ਦੇ ਭੱਠੇ-2
ਪਹਿਲੀਆਂ ਵਿਚ ਪਰਦੇਸ ਪੁੱਜਣ ਵਾਲਿਆਂ ਨੂੰ ਬੇਅੰਤ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈਂਦਾ ਸੀ। ਕੰਮ ਵੀ ਭਾਰਾ ਮਿਲਦਾ ਸੀ। ਆਲੇ-ਦੁਆਲੇ ਦੀਆਂ ਹੋਰ ਔਕੜਾਂ ਵੀ ਬਥੇਰੀਆਂ ਹੁੰਦੀਆਂ ਸਨ। ਅਜਿਹੀਆਂ ਮੁਸ਼ਕਿਲਾਂ ਦਾ ਖੁਲਾਸਾ ਸਾਧੂ ਸਿੰਘ ਧਾਮੀ ਨੇ ਆਪਣੇ ਨਾਵਲ ‘ਮਲੂਕਾ’ ਵਿਚ ਬਾਖੂਬ ਕੀਤਾ ਸੀ। ਵਲੈਤ ਵੱਸਦੇ ਸੁਖਦੇਵ ਸਿੱਧੂ ਨੇ ਇਸ ਲੇਖ ਵਿਚ ਵਲੈਤ ਦੇ ਭੱਠਿਆਂ ਅਤੇ ਉਥੇ ਕੰਮ ਕਰਦੇ ਦੇਸੀ-ਪਰਦੇਸੀ ਕਾਮਿਆਂ, ਤੇ ਉਨ੍ਹਾਂ ਦੀ ਮਾਨਸਿਕਤਾ ਬਾਰੇ ਬਹੁਤ ਬਾਰੀਕੀ ਨਾਲ ਲਿਖਿਆ ਹੈ। ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਹ ਲੇਖ ਦੋ ਕਿਸ਼ਤਾਂ ਵਿਚ ਛਾਪ ਰਹੇ ਹਾਂ। ਇਸ ਵਾਰ ਦੂਜੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਸੁਖਦੇਵ ਸਿੱਧੂ
ਫੋਨ +44-123-421-4170
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਜਿੰਨਾ ਚਿਰ ਵੀ ਰਹੇ, ਭੱਠਿਆਂ ਨੇ ਲੋਕਾਂ ਨੂੰ ਬੜਾ ਰਿਜ਼ਕ ਦਿੱਤਾ। ਸਾਡਿਆਂ ਨੂੰ ਰੱਜ ਕੇ। ਪਹਿਲੀਆਂ ਵਿਚ ਆਏ ਪੰਜਾਬੀਆਂ ਨੂੰ ਵੱਡੀ ਔਖ ਤਾਂ ਜ਼ੁਬਾਨ ਦੀ ਹੀ ਸੀ, ਪਰ ਇਹ ਕਾਮੇ ਬਹੁਤ ਤਕੜੇ ਸਨ। ਪਿੱਛੇ ਜਾਨ ਮਾਰ ਕੇ ਵਾਹੀਆਂ-ਖੇਤੀਆਂ ਦਾ ਕੰਮ ਕਰਦੇ ਆਏ ਸੀ। ਥੋੜ੍ਹੀਆਂ ਜ਼ਮੀਨਾਂ ਤੇ ਮਿੱਟੀ ਨਾਲ ਮਿੱਟੀ ਹੁੰਦੇ ਜਾਂ ਦਿਹਾੜੀ-ਦੱਪਾ ਕਰਦੇ। ਮੰਜਕੀ ਵਾਲੇ ਵੀ, ਤੇ ਬਾਕੀ ਦੁਆਬੀਏ ਤਾਂ ਵਲੈਤਾਂ ਨੂੰ ਨਿਕਲੇ ਵੀ ਥੁੜਾਂ ਕਰ ਕੇ ਹੀ ਸੀ। ਭੱਠੇ ਇਨ੍ਹਾਂ ਦੇ ਰੁਖ ਬਹਿ ਗਏ। ਇਨ੍ਹਾਂ ਨੇ ਏਨੇ ਨੋਟ ਕਮਾਏ ਕਿ ਬਹੁਤੇ ਪੌਂਡੋ ਪੌਂਡੀ ਹੋ ਗਏ। ਪੈਸੇ ਬਣਾਉਣ ਵਾਲੀਆਂ ਲੂਰ੍ਹੀਆਂ ਲਾਹ ਲਈਆਂ।
ਭੱਠਿਆਂ ਦੀਆਂ ਟਰੇਡ ਯੂਨੀਅਨਾਂ ਵਿਚ ਵੀ ਸਾਡੇ ਬੰਦਿਆਂ ਕੰਮ ਕੀਤਾ। ਕਈਆਂ ਨੇ ਤਾਂ ਇਹਨੂੰ ਪੌੜੀ ਹੀ ਬਣਾ ਲਿਆ। ਜਦੋਂ ਮਾੜੀ ਜਿਹੀ ਠਾਹਰ ਬਣ ਗਈ, ਛੇਤੀ ਦੇਣੀ ਕੋਈ ਛੋਟੀ ਮੋਟੀ ਸੁਪਰਵਾਈਜਰ ਦੀ ਨੌਕਰੀ ਲੈ ਲਈ, ਤੇ ਫਿਰ ਯੂਨੀਅਨ ਨਾਲ ਕੋਈ ਲੈਣ ਦੇਣ ਨਹੀਂ ਰੱਖਿਆ। ਕਈ ਮਜ਼ਦੂਰਾਂ ਦੇ ਹੱਕਾਂ ਲਈ ਤਨੋ-ਮਨੋ ਤੁਲੇ ਵੀ ਰਹੇ। ਲੱਖੀ, ਸੋਹਣ, ਭਜਨ, ਸਿੱਧੂ, ਕਸ਼ਮੀਰਾ, ਚਰਨ, ਮੱਖਣ ਆਦਿ ਇਨ੍ਹਾਂ ਡਟਣ ਵਾਲਿਆਂ ਵਿਚੋਂ ਸਨ। ਇਨ੍ਹਾਂ ਹੜਤਾਲਾਂ ਕੀਤੀਆਂ/ਕਰਵਾਈਆਂ ਤੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਨਾਲ ਮਿਲ ਕੇ ਮਾਲਕਾਂ ਦੇ ਖਿਲਾਫ ਕੇਸ ਲੜੇ। ਲੋਕਾਂ ਨੂੰ ਮੋਟੇ-ਮੋਟੇ ਮੁਆਵਜ਼ੇ ਵੀ ਦੁਆਏ। ਕਈ ਦੋਗਲੇ ਵੀ ਚੱਲਦੇ ਤੇ ਕਈ ਹੜਤਾਲਾਂ ਫੇਲ੍ਹ ਕਰਾਉਣ ਲਈ ਬੰਦੇ ਭੰਨਣ ਦੀ ਵਾਹ ਵੀ ਲਾਉਂਦੇ।
ਵਲੈਤੋਂ ਵਾਪਸ ਜਾ ਕੇ ਸਾਡੇ ਬੰਦਿਆਂ ਦੀ ਫੜ੍ਹ ਮਾਰਨ ਦੀ ਗੱਲ ਵੀ ਮੰਨੀ-ਦੰਨੀ ਹੋਈ ਰਹੀ ਹੈ। ਇਕ ਤਾਂ ਠੰਢੇ ਮੁਲਕ ਵਿਚ ਰਹਿਣ ਕਰਕੇ ਸਭ ਦਾ ਰੰਗ ਰਤਾ ਕੁ ਨਿਖਰ ਗਿਆ ਹੁੰਦਾ ਸੀ; ਨਾਲ ਪ੍ਰਾਹੁਣਚਾਰੀ ਵਜੋਂ ਗਿਆਂ ਦੇ ਪਾਏ ਸਾਫ ਸੁਥਰੇ ਕੱਪੜੇ ਵਲੈਤੀਆਂ ਦਾ ਹੋਰ ਵੀ ਠੁੱਕ ਬੰਨ੍ਹ ਦਿੰਦੇ। ਦੂਸਰੇ, ਫੋਕੇ ਰੋਹਬ ਖ਼ਾਤਰ ਪਾਈਆਂ ਸੋਨੇ ਦੀਆਂ ਮੁੰਦੀਆਂ, ਕੜੇ, ਜ਼ੰਜੀਰੀਆਂ ਦਾ ਵਿਖਾਵਾ ਪਿਛਲੇ ਬੰਦਿਆਂ ਨੂੰ ਝੱਟ ਭਰਮਾ ਲੈਂਦਾ। ਵਿਚ ਵਿਚ ਟੁੱਟੀ ਫੁੱਟੀ ਅੰਗਰੇਜ਼ੀ ਵੀ ਠੋਕ ਦਿੰਦੇ। ਓਂ ਇਹ ਆਮ ਗੱਲਾਂ ਵਧਾ ਕੇ ਹੀ ਕਰਦੇ ਸੀ; ਕਈ ਤਾਂ ਬਹੁਤਾ ਮਸਾਲਾ ਲਾ ਦਿੰਦੇ ਸੀ। ਪਿੰਡਾਂ ਵਿਚ ਕੰਮ ਵਾਲਿਆਂ ਦਾ ਤਾਂ ਵਿਚਾਰਿਆਂ ਦਾ ਮੂੰਹ ਹੱਥ ਧੋਣ ਦਾ ਵਿਹਲ ਵੀ ਨਹੀ ਸੀ ਲੱਗਦਾ ਹੁੰਦਾ, ਪਰ ਵਿਹਲੜ ਬੰਦੇ ਜ਼ਰੂਰ ਤਾਸ਼ਾਂ ਖੇਡੀ ਜਾਂਦੇ ਜਾਂ ਝੱਖ ਮਾਰੀ ਜਾਂਦੇ। ਵਲੈਤੀਆਂ ਦੀਆਂ ਪੱਟਣ ਵਾਲੀਆਂ ਗੱਲਾਂ ਵਿਚ ਇਹ ਅਕਸਰ ਆ ਜਾਂਦੇ; ਕਈ ਭਰਮਾਏ ਵੀ ਜਾਂਦੇ। ਕੁਝ ਕਿੱਲਾ ਵੇਚ ਕੇ ਜਾਂ ਗਹਿਣੇ ਰੱਖ ਕੇ ਵਲੈਤਾਂ ਨੂੰ ਤੁਰਨ ਦਾ ਸਬੱਬ ਬਣਾ ਲੈਂਦੇ। ਕਈ ਅੱਡੀਆਂ ਚੁੱਕ ਕੇ ਫਾਹਾ ਵੀ ਲੈ ਲੈਂਦੇ। ਕਈਆਂ ਦੀਆਂ ਪੌਂਅ ਬਾਰਾਂ ਹੋ ਜਾਂਦੀਆਂ ਤੇ ਕਈਆਂ ਵਿਚਾਰਿਆਂ ਦੇ ਤਿੰਨ ਕਾਣੇ ਹੀ ਰਹਿੰਦੇ।
ਪਿਛਲੇ ਵੀ ਗੁੱਡੀਆਂ ਬੰਨ੍ਹਣ ਦੀ ਕਸਰ ਨਾ ਛੱਡਦੇ, ਬਈ ਸਾਡਾ ਵਲੈਤੀਆ ਤਾਂ ਫੱਟੇ ਚੱਕੀ ਜਾਂਦਾ। ਸਵੇਰੇ ਟਾਈ ਲਾ ਕੇ ਕੰਮ ‘ਤੇ ਜਾਂਦਾ, ਸ਼ਾਮ ਨੂੰ ਘਰ ਆ ਕੇ ਫਲ਼ ਫਰੂਟ ਹੀ ਖਾਂਦਾ। ਫਿਰ ਬਾਗ ਵਿਚ ਸੈਰ ਕਰਨ ਜਾਂਦਾ। ਵਲੈਤ ਵਿਚ ਬਾਗ-ਬਗੀਚੇ ਬਹੁਤ ਨੇ। ਉਹਨੇ ਤਾਂ ਜਲੰਧਰ ਦੀਆਂ ਬੈਂਕਾਂ ਪੈਸਿਆਂ ਨਾਲ ਭਰੀਆਂ ਹੋਈਆਂ। ਉਥੇ ਬੇਹੀ ਰੋਟੀ ਨਹੀਂ ਖਾਂਦੇ, ਸ਼ਾਮਾਂ ਨੂੰ ਸਰਕਾਰ ਘਰੋ ਘਰੀਂ ਚੈਕ ਕਰਦੀ ਫਿਰਦੀ ਹੈ, ਤੇ ਜੇ ਕਿਸੇ ਦੇ ਘਰ ਬੇਹੀ ਰੋਟੀ ਦੇਖ ਲਈ ਜਾਵੇ ਤਾਂ ਉਹਨੂੰ ਜੁਰਮਾਨਾ ਕਰਦੇ ਆ। ਏਸ ਝੂਠ ਦਾ ਭਾਂਡਾ ਉਦੋਂ ਭੱਜਦਾ, ਜਦੋਂ ਹੋਰ ਕੋਈ ਪਿੰਡੋਂ ਆ ਕੇ ਭੱਠੇ ਤੋਂ ਮਿੱਟੀ ਨਾਲ ਮਿੱਟੀ ਹੋ ਕੇ ਆਏ ਬੰਦੇ ਨੂੰ ਪਹਿਲੀ ਵਾਰੀ ਪਛਾਣ ਵੀ ਨਾ ਸਕਦਾ। ਫਿਰ ਪੁਰਾਣਾ ਵਲੈਤੀਆ ਨਵੇਂ ਆਏ ਬੰਦੇ ਦਾ ਤਰਲਾ ਕੱਢਦਾ, ਯਾਰ ਹੁਣ ਤੂੰ ਪਿੰਡ ਕਿਸੇ ਹੋਰ ਨੂੰ ਨਾ ਦੱਸ ਦਈਂ। ਪਹਿਲੀਆਂ ਵਿਚ ਲੋਕ ਤਾਂ ਹਫਤਾ ਹਫਤਾ ਬੇਹੀ ਦਾਲ ਹੀ ਖਾਈ ਜਾਂਦੇ ਹੁੰਦੇ ਸੀ। ਪੰਜਾਂ ਸੱਤਾਂ ਦਿਨਾਂ ਜੋਗੀ ਇੱਕੋ ਵਾਰੀ ਵੱਡੇ ਸਾਰੇ ਪਤੀਲੇ ਵਿਚ ਬਣਾ ਲੈਂਦੇ, ਤੇ ਫਿਰ ਫਰਿੱਜ ਵਿਚ ਰੱਖ ਲੈਂਦੇ; ਸਾਰਾ ਹਫਤਾ ਉਹੀ ਗਰਮ ਕਰ ਕੇ ਖਾਈ ਜਾਂਦੇ।
ਮੇਰੇ ਨਾਲ ਹੀ ਭੱਠੇ ‘ਤੇ ਕੰਮ ਕਰਦਾ ਕੋਈ ਬੰਦਾ ਦੱਸੇ ਕਿ ਇਹ ਪੰਜਾਬ ਨੂੰ ਛੁੱਟੀ ਗਿਆ ਆਪਣੇ ਵਕੀਲ ਭਰਾ ਦੇ ਖੋਖੇ ਕੋਲ ਬੈਠਾ ਧੁੱਪ ਸੇਕ ਰਿਹਾ ਸੀ। ਦੇਸ਼ ਵਿਚ ਵਲੈਤੋਂ ਗਏ ਬੰਦੇ ਦਾ ਝੱਟ ਪਤਾ ਲੱਗ ਜਾਂਦਾ ਹੈ, ਕਈ ਗੱਲਾਂ ਕਰਕੇ। ਚਾਂਭਲ ਚਾਂਭਲ ਕੇ ਗੱਲਾਂ ਕਰਦੇ ਨੂੰ, ਭਰਾ ਦੇ ਨਾਲ ਦੇ ਵਕੀਲ ਨੇ ਗੱਲੀਂ ਗੱਲੀਂ ਇਹਨੂੰ ਪੁੱਛ ਲਿਆ, ਭਾਈ ਸਾਹਿਬ ਜੀ, ਤੁਸੀਂ ਵਲੈਤ ਵਿਚ ਕੀ ਕੰਮ ਕਾਰ ਕਰਦੇ ਹੋ? ਪਹਿਲਾਂ ਤਾਂ ਪੈਂਦੀ ਸੱਟੇ ਇਹਨੇ ਸੱਚੋ ਸੱਚ ਦੱਸ ਦਿੱਤਾ, ਫਿਰ ਆਪਣੇ ਵਕੀਲ ਭਰਾ ਦੇ ਰੁਤਬੇ ਦਾ ਖ਼ਿਆਲ ਕਰਕੇ ਗੱਲ ਬਦਲਣ ਲੱਗ ਪਿਆ, ਜੀ ਓਥੇ ਤਾਂ ਭੱਠੇ ਮਸ਼ੀਨਾਂ ਨਾਲ ਚੱਲਦੇ ਨੇ; ਅਸੀਂ ਤਾਂ ਬਟਨ ਦੱਬ ਕੇ ਕੋਲ ਕੁਰਸੀ ‘ਤੇ ਹੀ ਬੈਠੇ ਰਹੀਦਾ; ਬੱਸ ਨਿਗ੍ਹਾਸਾਨੀ ਹੀ ਰੱਖੀਦੀ ਹੈ। ਕੰਮ ਆਪੇ ਹੋਈ ਜਾਂਦਾ। ਐਈਥੇ ਵਰਗੇ ਭੱਠੇ ਨਹੀਂ ਹੁੰਦੇ ਉਥੇ। ਕੋਈ ਮਿੱਟੀ ਘੱਟਾ ਨਹੀਂ ਹੁੰਦਾ।
ਸੁਆਲ ਪੁੱਛਣ ਵਾਲੇ ਵਕੀਲ ਨੇ ਇੱਕੋ ਤੋੜਾ ਝਾੜ ਕੇ ਗੱਲ ਮੁਕਾ ਦਿੱਤੀ, ਹੈਅਗਾ ਤਾਂ ਭੱਠਾ ਈ ਨਾ! ਇਸ ਵਲੈਤੀਏ ਦਾ ਦੱਸਿਆ ਸੱਚ ਪੂਰਾ ਨਹੀਂ ਸੀ, ਬਹੁਤਾ ਝੂਠ ਸੀ। ਜਿੰਨਾ ਮਿੱਟੀ ਘੱਟਾ ਭੱਠੇ ‘ਤੇ ਹੁੰਦਾ, ਵਲੈਤ ਵਿਚ ਹੋਰ ਕਿਸੇ ਥਾਂ ਹੁੰਦਾ ਹੀ ਨਹੀਂ। ਭੱਠੇ ਤੋਂ ਮਿੱਟੀ ਘੱਟੇ ਵਿਚ ਲਿੱਬੜ ਕੇ ਪਹਿਲੀ ਵਾਰ ਘਰ ਆਇਆ ਬੰਦਾ ਘਰ ਦਿਆਂ ਤੋਂ ਪਛਾਣਿਆ ਵੀ ਨਹੀਂ ਸੀ ਜਾਂਦਾ। ਭੱਠੇ ‘ਤੇ ਢੇਰਾਂ ਦੇ ਢੇਰ ਮਿੱਟੀ ਹੀ ਪਈ ਹੁੰਦੀ ਸੀ। ਜਦੋਂ ਹਵਾ ਚਲਦੀ ਇਹ ਮਿੱਟੀ ਧੂੜ ਅੱਖਾਂ ਵਿਚ ਪੈ ਪੈ ਕੇ ਇਨ੍ਹਾਂ ਦਾ ਨਾਸ ਮਾਰਦੀ। ਮਸ਼ੀਨਾਂ ਤਾਂ ਬਿਲਕੁਲ ਹੈ ਸੀ, ਪਰ ਇੱਟਾਂ ਬੰਦੇ ਹੱਥਾਂ ਨਾਲ ਹੀ ਚੁੱਕਦੇ। ਦੂਸਰਾ, ਜੇ ਤੁਸੀਂ ਕਿਤੇ ਭੱਠੇ ‘ਤੇ ਕੰਮ ਕਰਦੇ ਬੰਦੇ ਨਾਲ ਹੱਥ ਮਿਲਾ ਲਓ, ਤਾਂ ਝੱਟ ਪਤਾ ਲੱਗ ਜਾਂਦਾ।
ਭਾਵੇਂ ਮਾਲਕਾਂ ਨੇ ਤਾਂ ਸੌਖ ਲਈ ਕੰਮ ‘ਤੇ ਗਰਮ ਪਾਣੀ ਦੇ ਸ਼ਾਵਰ ਵੀ ਲਾਏ ਹੋਏ ਸੀ, ਤੇ ਕੁਝ ਕਾਮੇ ਉਥੇ ਹੀ ਨਹਾ-ਧੋ ਕੇ ਕੱਪੜੇ ਬਦਲ ਕੇ ਹੀ ਘਰ ਆਉਂਦੇ ਸੀ, ਪਰ ਬਹੁਤੇ ਉਥੇ ਨਹੀਂ ਸੀ ਨਹਾਉਂਦੇ। ਲਾਲਚ ਵੱਸ ਕੰਮ ਹੀ ਕਰੀ ਜਾਂਦੇ, ਤੇ ਕਈ ਗਰਮ-ਸਰਦ ਹੋਣ ਤੋਂ ਬਚਾ ਕਰਨ ਲਈ ਵੀ ਘਰੇ ਆ ਕੇ ਨਹਾਉਂਦੇ ਸੀ। ਜੇ ਕੋਈ ਵਿਰਲਾ ਇਨ੍ਹਾਂ ਮੁਸ਼ਕਿਲਾਂ ਬਾਰੇ ਪਿੱਛੇ ਪੰਜਾਬ ਜਾ ਕੇ ਦੱਸ ਵੀ ਦਿੰਦਾ, ਤਾਂ ਵੀ ਪਿਛਲੇ ਪਿੰਡਾਂ ਵਾਲੇ ਵੀ ਸੱਚ ਨਹੀਂ ਸੀ ਮੰਨਦੇ। ਹੁਣ ਵਾਲਿਆਂ ਵਾਂਗੂੰ ਉਨ੍ਹਾਂ ਦਾ ਘੜਿਆ-ਘੜਾਇਆ ਤੁਰਤ-ਫੁਰਤ ਜੁਆਬ ਹੁੰਦਾ, ਬਈ ਜੇ ਉਥੇ ਏਨਾ ਹੀ ਮਾੜਾ ਹਾਲ ਹੈ, ਤਾਂ ਤੁਹਾਨੂੰ ਕਿਸੇ ਨੇ ਰੱਸਾ ਪਾਇਆ ਹੋਇਆ। ਤੁਸੀਂ ਉਥੇ ਕਿਉਂ ਟਿਕੇ ਬੈਠੇ ਹੋ। ਮੁੜ ਕੇ ਆ ਕਿਉਂ ਨਹੀਂ ਜਾਂਦੇ ਸਾਡੇ ਕੋਲ ਪਿੰਡ।
ਐਸੀਆਂ ਸੀਨਾ-ਬਸੀਨਾ ਤੁਰੀਆਂ ਆਉਂਦੀਆਂ ਬੜੀਆਂ ਕਹਾਣੀਆਂ ਨੇ। ਇਕ ਹੋਰ ਸੁਣ ਲਓ, ਭੱਠੇ ‘ਤੇ ਹੀ ਕੰਮ ਕਰਦੇ ਕਿਸੇ ਬੰਦੇ ਨੇ ਪੰਜਾਬ ਬੈਠੇ ਆਪਣੇ ਬਾਪ ਲਈ ਕਿਸੇ ਹੋਰ ਵਲੈਤੀਏ ਕੋਲ ਸੁਨੇਹਾ ਘੱਲਿਆ। ਪਹਿਲੀਆਂ ਵਿਚ ਏਦਾਂ ਸੁਨੇਹੇ ਘੱਲਣ-ਘਲਾਉਣ ਦਾ ਪੱਕਾ ਰਿਵਾਜ ਸੀ। ਵਲੈਤੋਂ ਗਿਆ ਬੰਦਾ ਪਿੰਡੋ ਪਿੰਡੀ ਸੁਨੇਹੇ ਦੇਣ ਤੁਰਿਆ ਫਿਰਦਾ ਹੁੰਦਾ ਸੀ। ਜਦੋਂ ਸੁਨੇਹਾ ਦੇਣ ਵਾਲਾ ਉਨ੍ਹਾਂ ਦੇ ਘਰ ਗਿਆ, ਤਾਂ ਬਾਪ ਦੁਆਲੇ ਗੱਲਾਂ-ਬਾਤਾਂ ਕਰਨ ਵਾਲਿਆਂ ਦੀ ਢਾਣੀ ਜੁੜੀ ਹੋਈ ਸੀ। ਚਾਹ-ਪਾਣੀ, ਰਾਜ਼ੀ-ਬਾਜ਼ੀ ਤੇ ਸੁੱਖ-ਸਾਂਦ ਤੋਂ ਬਾਅਦ ਬੈਠੇ ਲੋਕਾਂ ਵਿਚੋਂ ਕਿਸੇ ਨੇ ਪੁੱਛਿਆ, ਵਲੈਤੀਆ ਸਾਅਬ, ਸਾਡਾ ਸਰਦਾਰæææ ਸਿਓਂ ਵਲੈਤ ਵਿਚ ਕੀ ਕੰਮ ਕਰਦਾ। ਗਏ ਵਲੈਤੀਏ ਨੇ ਬਿਨਾਂ ਕਿਸੇ ਲੁਕ ਲੁਕਾ ਦੇ ਸਹੀ ਸਹੀ ਜੁਆਬ ਦੇ ਦਿੱਤਾ, ਜੀ ਅਸੀਂ ਦੋਵੇਂ ‘ਕੱਠੇ ਭੱਠੇ ‘ਤੇ ਹੀ ਕੰਮ ਕਰਦੇ ਆਂ। ਮੈਂ ਬਾਹਰ ਪੱਕੀਆਂ ਇੱਟਾਂ ਚੁੱਕਦਾਂ, ਉਹ ਅੰਦਰ ਕੱਚੀਆਂ ਚੁੱਕਦਾ। ਏਨੀ ਗੱਲ ਸੁਣ ਕੇ ਹੀ ਸਰਦਾਰ æææਦੇ ਬਾਪ ਨੇ ਪਰ੍ਹਿਆ ਵਿਚ ਆਪਣਾ ਸਿਰ ਨੀਵਾਂ ਹੋ ਗਿਆ ਸਮਝਿਆ। ਉਹ ਵਿਚੋਂ ਉਠ ਕੇ ਚਲਾ ਗਿਆ। ਵੱਡੀ ਨਿਮੋਸ਼ੀ ਮੰਨੀ। ਬਾਅਦ ਵਿਚ ਆਪਣੇ ਵਲੈਤ ਵਿਚ ਬੈਠੇ ਪੁੱਤ ਨੂੰ ਬੜੀ ਨਾਰਾਜ਼ਗੀ ਦੀ ਚਿੱਠੀ ਲਿਖੀ, ਕਾਕਾ ਜੇ ਤੈਂ ਵਲੈਤ ਜਾ ਕੇ ਵੀ ਭੱਠੇ ‘ਤੇ ਇੱਟਾਂ ਹੀ ਚੁੱਕਣੀਆਂ ਸੀ, ਤਾਂ ਏਦੂੰ ਚੰਗਾ ਸੀ ਤੂੰ ਨਾ ਹੀ ਜਾਂਦਾ, ਅਈਥੇ ਹੀ ਬੁੱਤੇ ਜੋਗੀ ਵਾਹੀ ਕਰਕੇ ਥੋੜ੍ਹੀ ਖਾਈ ਜਾਂਦੇ।
ਪੰਜਾਬ ਵਿਚ ਭੱਠਿਆਂ ਦਾ ਕੰਮ ਵੀ ਹੋਰ ਤਰ੍ਹਾਂ ਦਾ ਹੈ, ਤੇ ਕੰਮ ਕਰਨ ਵਾਲਿਆਂ ਦਾ ਜੀਵਨ ਵੀ ਤੇ ਸਮਾਜ ਵਿਚ ਰੁਤਬਾ ਵੀ। ਮਿਹਨਤ ਦੀ ਕਦਰ ਜਾਂ ਸ਼ਾਨ ਦੀ ਤਾਂ ਗੱਲ ਹੀ ਛੱਡੋ, ਇਨ੍ਹਾਂ ਨੂੰ ਧਰਤੀ ਦੇ ਭਾਰ ਸਮਝਿਆ ਜਾਂਦਾ ਹੈ। ਕੀੜੇ-ਮਕੌੜਿਆਂ ਹਾਰ। ਕੰਮ ਕਰਨ ਵਾਲਿਆਂ ਨੂੰ ਜਿਹੜੀ ਹਿਕਾਰਤ ਝੱਲਣੀ ਪੈਂਦੀ ਹੈ, ਉਹਦਾ ਹਾਲ ਸਭ ਨੂੰ ਪਤਾ ਹੀ ਹੈ। ਜਣੇ-ਖਣੇ ਦੀਆਂ ਝਿੜਕਾਂ ਝਾਂਬੇ। ਕਿਸੇ ਹਿਸਾਬ ਨਾਲ ਪੁਸ਼ਤ-ਦਰ-ਪੁਸ਼ਤ ਬੰਧੂਆ ਜ਼ਿੰਦਗੀ ਹੀ ਬਸਰ ਕਰੀ ਜਾਂਦੇ ਨੇ, ਇਹ ਭੱਠਿਆਂ ਵਾਲੇ ਕਿਰਤੀ। ਆਪ ਵਲੈਤ ਦੇ ਭੱਠਿਆਂ ‘ਤੇ ਕੰਮ ਕਰਨ ਵਾਲੇ ਵੀ ਇੱਧਰੋਂ ਜਾ ਕੇ ਪੰਜਾਬ ਦੇ ਭੱਠਿਆਂ ‘ਤੇ ਕੰਮ ਕਰਨ ਵਾਲਿਆਂ ਨਾਲ ਏਦਾਂ ਹੀ ਵਰਤਦੇ ਨੇ। ਜਿਹੜੇ ਆਪ ਵਲੈਤ ਵਿਚ ਵਿਤਕਰੇ ਦੀ ਹਾਅ ਲਾਅ ਲਾਅ ਕਰਦੇ ਸਾਹ ਨਹੀਂ ਲੈਂਦੇ, ਉਹੀ ਪੰਜਾਬ ਵਿਚ ਸਭ ਤੋਂ ਵੱਧ ਵਿਤਕਰਾ ਕਰਦੇ। ਬੰਦੇ ਨੂੰ ਬੰਦਾ ਨਹੀਂ ਸਮਝਦੇ।
ਬੈਡਫੋਰਡ ਦੇ ਭੱਠਿਆਂ ਨੇ ਬੜੇ ਦੁਆਬੀਆਂ ਦੀਆਂ ਗੁਰਬਤਾਂ ਦੇ ਛਕੌਂਟੇ ਚੱਕੇ। ਸਖਤ ਮਿਹਨਤਾਂ ਕਰ ਕੇ ਇਹ ਲੋਕ ਮਾਲੋ-ਮਾਲ ਹੋ ਗਏ। ਇਥੇ ਦੀ ਕਮਾਈ ਨਾਲ, ਵੱਡੇ ਵੱਡੇ ਕਾਰੋਬਾਰ ਖਰੀਦੇ। ਆਲੀਸ਼ਾਨ ਮਕਾਨਾਂ ਵਿਚ ਵਾਸਾ ਕੀਤਾ। ਦੁਕਾਨਾਂ ਵੀ ਲਈਆਂ ਤੇ ਫੈਕਟਰੀਆਂ ਵੀ। ਕਈ ਪਿੱਛੇ ਵੀ ਖੇਤਾਂ-ਮੁਰੱਬਿਆਂ ਦੇ ਮਾਲਕ ਬਣੇ। ਸਰਦਾਰੀਆਂ ਹੋਰ ਚਮਕਾਈਆਂ। ਮਹੱਲਾਂ ਵਰਗੀਆਂ ਕੋਠੀਆਂ ਪਾਈਆਂ। ਗੁਰਾਂ ਦੇ ਨਾਂ ‘ਤੇ ਵਸਦੇ ਪੰਜਾਬ ਦੇ ਸਕਿਆਂ ਦੀ ਕੇਹੀ ਵਿਡੰਬਨਾ ਹੈ ਕਿ ਕਈਆਂ ਨੂੰ ਇਹ ਦੱਸਦਿਆਂ ਭਾਰੀ ਨਿਮੋਸ਼ੀ ਮਾਰ ਜਾਂਦੀ ਹੈ ਕਿ ਇਹ ਸੱਭ ਜਾਨ ਹੀਲ ਕੇ ਭੱਠਿਆਂ ‘ਤੇ ਕੀਤੀ ਦਸਾਂ ਨਹੁੰਆਂ ਦੀ ਕਿਰਤ ਦੀ ਬਰਕਤ ਸਦਕੇ ਹੀ ਹੋ ਸਕਿਆ ਹੈ। ਹੋਰ ਕੰਮਾਂ ਵਿਚ ਏਨੇ ਪੈਸੇ ਨਹੀਂ ਸੀ ਮਿਲਦੇ।
ਪਹਿਲੀਆਂ ਵਿਚ ਬਹੁਤੇ ਬੰਦੇ ਭੱਠੇ ‘ਤੇ ਹੀ ਕੰਮ ਕਰਦੇ ਸੀ। ਪੈਸਿਆਂ ਦਾ ਲਾਲਚ ਵੀ ਸੀ। ਹੋਰ ਕੋਈ ਵੀ ਹਿਸਾਬ-ਕਿਤਾਬ ਦਾ ਕੰਮ ਅਨਪੜ੍ਹ ਬੰਦਿਆਂ ਦੇ ਵਿਤੋਂ ਬਾਹਰਾ ਸੀ। ਨਾ ਜ਼ੁਬਾਨ ਆਉਂਦੀ ਸੀ, ਨਾ ਕਿਸੇ ਹੋਰ ਕੰਮ ਦੀ ਟਰੇਨਿੰਗ ਸੀ। ਦੇਸੀ ਬੰਦੇ ਤਾਂ ਹੋਰ ਥਾਂਵਾਂ ਤੋਂ ਕੰਮ ਛੱਡ ਕੇ ਭੱਠਿਆਂ ‘ਤੇ ਆ ਆ ਕੇ ਲਗਦੇ ਸੀ। ਨਿਆਰੀਆਂ ਗੱਲਾਂ ਵਿਚੋਂ ਇਹ ਅਕਸਰ ਦੱਸੀ ਜਾਂਦੀ ਸੀ ਕਿ ਕੋਈ ਇਟਾਲੀਅਨ ਕੰਮ ‘ਤੇ ਆਉਂਦਾ ਹੀ ਨਹੀਂ ਸੀ ਆਈਸ ਕਰੀਮ ਬਣਾ ਬਣਾ ਕੇ ਵੇਚਦਾ ਰਿਹਾ। ਕੰਪਨੀ ਦੇ ਕਾਗ਼ਜਾਂ ਵਿਚ ਨਾਂ ਚੱਲੀ ਜਾਂਦਾ ਰਿਹਾ। ਕੋਈ ਹੋਰ ਉਹਦੇ ਥਾਂ ਅੱਖ ਬਚਾ ਕੇ ਕਲੌਕ (ਹਾਜ਼ਰੀ) ਲਾਈ ਜਾਂਦਾ। ਉਹ ਸ਼ੁੱਕਰਵਾਰ ਨੂੰ ਆ ਕੇ ਵੇਲੇ ਨਾਲ ਅਪਣੀ ਤਨਖ਼ਾਹ ਲਈ ਜਾਂਦਾ ਰਿਹਾ। ਚਾਰ-ਪੰਜ ਹਜ਼ਾਰ ਵਰਕਰਾਂ ਵਿਚ ਇਕ ਬੰਦੇ ਦੇ ਗ਼ੈਰਹਾਜ਼ਰ ਹੋਣ ਦਾ ਕੀ ਪਤਾ ਲੱਗਣਾ ਸੀ। ਕੋਈ ਸਾਡਾ ਆਪਣਾ ਹੁੰਦਾ ਤਾਂ ਝੱਟ ਚੁਗਲੀ ਮਾਰ ਦਿੰਦਾ। ਕਈ ਵਰ੍ਹਿਆਂ ਬਾਅਦ ਜਾ ਕੇ ਪਤਾ ਲੱਗਾ ਸੀ। ਕਿਸੇ ਹੋਰ ਇਟਾਲੀਅਨ ਬਾਰੇ ਇਹ ਮਸ਼ਹੂਰ ਸੀ ਕਿ ਉਹ ਸ਼ਾਮ ਨੂੰ ਘਰ ਜਾਣ ਲੱਗਾ ਇਕ ਇੱਟ ਰੋਜ਼ ਹੱਥ ਵਿਚ ਫੜ ਕੇ ਹੀ ਲੈ ਜਾਂਦਾ ਸੀ। ਜੇ ਵੱਧ ਲੈ ਕੇ ਜਾਂਦਾ ਤਾਂ ਸ਼ੱਕ ਪੈ ਜਾਣਾ ਸੀ। ਉਹਨੇ ਇਸੇ ਇਕ-ਇਕ ਇੱਟ ਨਾਲ ਹੀ ਬਾਅਦ ਵਿਚ ਆਪਣੇ ਘਰ ਦੀ ਗੈਰਾਜ ਬਣਾ ਲਈ ਸੀ। ਸਾਡੇ ਕੁਝ ਕੁ ਬੰਦਿਆਂ ਨੇ ਸ਼ਰਾਬ ਦੀਆਂ ਬੋਤਲਾਂ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਤੋਹਫ਼ੇ ਦੇ ਕੇ ਕਈ ਅੰਗਰੇਜ਼ ਮੈਨੇਜਰ ਕਾਣੇ ਵੀ ਕੀਤੇ ਹੋਏ ਸੀ। ਕਈ ਕ੍ਰਿਸਮਸ ਦਾ ਪੱਜ ਪਾ ਕੇ ਕੋਈ ਨਾ ਕੋਈ ਤੋਹਫ਼ਾ ਵੀ ਦੇ ਦਿੰਦੇ ਸੀ।
ਸਾਡਿਆਂ ਦੇ ਜਦੋਂ ਪੈਰ ਲੱਗ ਗਏ ਤਾਂ ਇਹ ਭੱਠਿਆਂ ‘ਤੇ ਹੀ ਸ਼ਰਾਬਾਂ ਪੀਣ ਲੱਗ ਪਏ। ਇਹ ਤਾਂ ਜੱਗ ਜ਼ਾਹਿਰ ਤੱਥ ਹੀ ਹੈ ਕਿ ਸ਼ਰਾਬ ਪੀਤੀ ਨਹੀਂ ਤਾਂ ਸਾਡੇ ਭਾਈਬੰਦਾਂ ਨੇ ਲੜਾਈ ਕੀਤੀ ਨਹੀਂ। ਬੱਸ ਪਹਿਲਾ ਘੁੱਟ ਅੰਦਰ ਜਾਣ ਦੀ ਦੇਰ ਹੁੰਦੀ, ਬੰਦੇ ਬਦਲ ਜਾਂਦੇ। ਬੋਲ ਉਚੇ ਹੋ ਜਾਂਦੇ। ਕਈ ਬੱਕਰੇ ਬੁਲਾਉਣ ਲੱਗ ਪੈਂਦੇ, ਕਈ ਬੁੱਬਾਂ ਮਾਰਦੇ। ਕਈ ਦੂਜੇ ਵੱਲ ਨੂੰ ਨੈਰ੍ਹੀਆਂ ਕੱਢਣ ਲੱਗ ਪੈਂਦੇ। ਕਿਸੇ ਨੂੰ ਪੁਰਾਣੀ ਚਿਤਾਰੀ ਯਾਦ ਆ ਜਾਂਦੀ; ਜਾਂ ਲਾ ਕੇ ਗੱਲ ਕਰਨ ਲੱਗ ਪੈਂਦੇ। ਉਚਾ, ਝੱਟ ਨੀਵਾਂ ਦਿਸਣ ਲੱਗ ਪੈਂਦਾ। ਹਾਥੀ, ਅੱਖ ਦੇ ਫੋਰ ਵਿਚ ਕੱਟਾ ਬਣ ਜਾਂਦਾ। ਆਮ ਪੇਂਡੂ ਪੰਜਾਬੀ ਕਹਾਵਤ ਹੈ ਕਿ ਸ਼ਰਾਬ ਪੀ ਕੇ ਜੇ ਕਿਸੇ ਦੇ ਚਾਰ ਮਾਰੀਆਂ ਨਾ, ਦੋ ਖਾਧੀਆਂ ਨਾ ਤਾਂ ਐਸੀ ਪੀਣ ਖੁਣੋਂ ਵੀ ਕੀ ਗੱਡਾ ਅੜਿਆ ਖੜ੍ਹਾ। ਭਾਈਬੰਦ ਬਹੁਤੀ ਵਾਰ ਪੀਤੀ ਸ਼ਰਾਬ ਦੀ ਲੱਜ ਪਾਲਦੇ। ਕਿਸੇ ਨੂੰ ਥੱਲੇ ਲਾਉਣ ਦੇ ਜਦੋਂ ਸਭ ਹਥਿਆਰ ਨਕਾਰੇ ਹੋ ਜਾਂਦੇ ਤਾਂ ਨੀਵਾਂ ਦਿਖਾਉਣ ਲਈ ਜਾਤਪਾਤ ਦੇ ਆਖਰੀ ਹਥਿਆਰ ‘ਤੇ ਆ ਜਾਂਦੇ। ਚੰਗਾ-ਮੰਦਾ ਬੋਲਦੇ ਇੱਕ ਦੂਜੇ ਦੀ ਧੀ ਭੈਣ ਇੱਕ ਕਰ ਦਿੰਦੇ। ਹੱਥੋਪਾਈ ਹੁੰਦੇ। ਹੂਰੇ-ਮੁੱਕੇ ਚੱਲਦੇ। ਕਿਸੇ ਨੂੰ ਇੱਟ ਕੱਢ ਮਾਰਦੇ ਜਾਂ ਬੋਤਲ ਜਾਂ ਲੱਕੜੀ ਦਾ ਫੱਟਾ ਜਾਂ ਹੋਰ ਜੋ ਵੀ ਹੱਥ ਆਉਂਦਾ। ਕਈ ਤਿਆਰ ਹੋ ਕੇ ਜਾਂਦੇ-ਹਾਕੀਆਂ, ਸਰੀਏ, ਡੰਡੇ ਸੋਟੇ ਲੈ ਕੇ। ਕਈ ਲਾਗਡਾਟ ਵਿਚ ਦੂਜਿਆਂ ਦੀਆਂ ਕਾਰਾਂ ਦੇ ਟਾਇਰ ਵੱਢ ਦਿੰਦੇ। ਕੋਈ ਘਰ ਦੇ ਸ਼ੀਸ਼ੇ ਪੱਥਰ ਮਾਰ ਕੇ ਭੰਨ ਦਿੰਦਾ। ਯਾਨਿ ਆਪਣੀ ਆਈ ‘ਤੇ ਆ ਹੀ ਜਾਂਦੇ। ਸਿੱਟਾ, ਪਤਾ ਲੱਗਣ ‘ਤੇ ਕੰਮ ਤੋਂ ਕੱਢ ਦਿੱਤੇ ਜਾਂਦੇ। ਫਿਰ ਕਿੰਨਾ ਕਿੰਨਾ ਚਿਰ ਮਸੋਸੇ ਰਹਿੰਦੇ ਤੇ ਭੱਠੇ ਦੀ ਮੋਟੀ ਕਮਾਈ ਨੂੰ ਤਰਸੀ ਜਾਂਦੇ। ਰਾਣੀ ਦੀਆਂ ਮੂਰਤਾਂ ਵਾਲੇ ਨੋਟ ਹੱਥਾਂ ਵਿਚੋ ਕਿਰੀ ਜਾਂਦੇ ਨਜ਼ਰ ਆਉਂਦੇ। ਭੱਠਿਆਂ ਦੀਆਂ ਇਹ ਲੜਾਈਆਂ ਸ਼ਹਿਰ ਵਿਚ ਵੀ ਆ ਵੜਨੀਆਂ। ਪੱਬਾਂ ਵਿਚ ਵੀ।
ਭੱਠਿਆਂ ਦਾ ਜ਼ਿਕਰ ਹੁਣ ਲਾਇਬਰੇਰੀ ਵਿਚ ਜਾ ਪਿਆ ਹੈ, ਜਾਂ ਕੰਪਨੀ ਦੇ ਹੈਡਕੁਆਟਰ ਵਿਚ ਬੰਦ ਹੋਊਗਾ। ਅਗਲੀਆਂ ਨਸਲਾਂ ਲਈ ਜਾਣਕਾਰੀ ਦਾ ਇਹੋ ਵਸੀਲਾ ਰਹਿ ਗਿਆ ਹੈ। ਸਾਡੇ ਬੰਦੇ ਭੱਠਿਆਂ ਨੂੰ ਝੱਟ ਭੁੱਲ ਗਏ। ਲੇਬਰ ਮਾਰਕਿਟ ਵਿਚ ਇਹਦੀ ਦੇਣ ਬਹੁਤ ਵੱਡੀ ਹੈ। ਦੇਸੀ ਭਾਈਚਾਰੇ ਲਈ ਹੋਰ ਵੀ ਤਕੜੀ। ਬੈਡਫੋਰਡ ਦੇ ਬਹੁਤੇ ਪੰਜਾਬੀਆਂ ਦੇ ਜੀਵਨ ਵਿਚ ਭੱਠਾ ਕਿਸੇ ਨਾ ਕਿਸੇ ਤਰ੍ਹਾਂ ਵਸਿਆ ਹੋਇਆ ਹੈ। ਬੈਡਫੋਰਡ ਤੇ ਭੱਠੇ ਇਕ ਦੂਜੇ ਵਿਚ ਰਚੇ-ਮਿਚੇ ਰਹੇ ਨੇ। ਦੁਆਬੇ ਵਿਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੋਠੀਆਂ ਵਲੈਤ ਦੀਆਂ ਫੈਕਟਰੀਆਂ ਦੀ ਬਦੌਲਤ ਉਸਰੀਆਂ ਅਤੇ ਇਨ੍ਹਾਂ ਵਿਚ ਬਹੁਤ ਸਾਰੀਆਂ ਭੱਠਿਆਂ ਦੀ ਬਰਕਤ ਸਦਕੇ ਵੀ। ਦੁਆਬੇ ਵਿਚ ਇਨ੍ਹਾਂ ਭੱਠਿਆਂ ਦੀ ਲੁਕਵੀਂ ਹਸਤੀ ਵੀ ਬੈਠੀ ਹੈ।
(ਸਮਾਪਤ)

Be the first to comment

Leave a Reply

Your email address will not be published.