ਜਤਿੰਦਰ ਮੌਹਰ
ਫੋਨ: 91-97799-34747
ਦੂਜਿਆਂ ਉਤੇ ਕਬਜ਼ਾ ਜਮਾਉਣ ਦੀ ਧਾਰਨਾ ਨੇ ਮਨੁੱਖਤਾ ਦਾ ਸਦੀਆਂ ਤੋਂ ਘਾਣ ਕੀਤਾ ਹੈ। ਇਸੇ ਕੜੀ ਵਿਚ ਫਰਾਂਸੀਸੀ ਸਤਾਨਾਂ ਦੀਆਂ ਕਰਤੂਤਾਂ ਇਸ ਘਿਨਾਉਣੇ ਰੁਝਾਨ ਦਾ ਉਘੜਵਾਂ ਪਹਿਲੂ ਰਹੀਆਂ ਹਨ। ਨਪੋਲੀਅਨ ਦੇ ਮਸਤਾਏ ਫਰਾਂਸੀਸੀ ਹਾਕਮ ਹੁਣ ਵੀ ਆਲਮੀ ਜੇਤੂ ਹੋਣ ਦਾ ਸੁਪਨਾ ਦੇਖਦੇ ਹਨ। ਅਲਜੀਰੀਆ, ਵੀਅਤਨਾਮ ਅਤੇ ਹਿੰਦ-ਚੀਨ ਤੋਂ ਲੈ ਕੇ ਅੱਜ ਦੇ ਲਿਬੀਆ ਤੱਕ ਉਹ ਤਬਾਹੀ ਦੇ ਮੰਜ਼ਰ ਸਾਕਾਰ ਕਰਦੇ ਰਹੇ ਹਨ। ਦੂਜੇ ਬਸਤਾਨਾਂ ਦੇ ਮੁਕਾਬਲੇ ਫਰਾਂਸੀਸੀਆਂ ਦੀ ਬਦਨਾਮੀ ਇਸ ਗੱਲ ਵਿਚ ਹੈ ਕਿ ਉਹ ਆਪਣੀ ਪੂਰੀ ਦੀ ਪੂਰੀ Ḕਸਭਿਅਤਾ’ ਬਸਤੀਆਂ ਉਤੇ ਥੋਪਣ ਦੀ ਜ਼ਿੱਦ ਪੁਗਾਉਂਦੇ ਰਹੇ ਹਨ। ਉਹ ਮੁਕਾਮੀ ਬੋਲੀਆਂ ਅਤੇ ਸਭਿਆਚਾਰਾਂ ਨੂੰ ਧੁਰ ਅੰਦਰ ਤੱਕ ਨਫ਼ਰਤ ਕਰਦੇ ਹੋਏ ਗ਼ੁਲਾਮੀ ਦੇ Ḕਸ਼ੁੱਧ’ ਰੂਪ ਦੀ ਵਕਾਲਤ ਕਰਦੇ ਹਨ। ਅਲਜੀਰੀਆ ਦੀ ਕੌਮੀ ਮੁਕਤੀ ਜੰਗ ਵਿਚ ਫਰਾਂਸੀਸੀ ਬਸਤਾਨਾਂ ਦਾ ਅਤਿ-ਭਿਆਨਕ ਰੂਪ ਆਲਮ ਦੇ ਸਾਹਮਣੇ ਆਇਆ।
ਪਹਿਲੀ ਨਵੰਬਰ 1954 ਨੂੰ ਫਰਾਂਸੀਸੀਆਂ ਦੀ ਗੁਲਾਮੀ ਦੇ ਇੱਕ ਸੌ ਤੀਹ ਸਾਲ ਪੂਰੇ ਹੋਣ ਤੋਂ ਬਾਅਦ ਅਲਜੀਰੀਆ ਦੇ ਕੌਮੀ ਮੁਕਤੀ ਫਰੰਟ ਨੇ ਬਸਤਾਨਾਂ ਵਿਰੁਧ ਸੰਗਰਾਮ ਦਾ ਪਿੜ ਮੱਲ ਲਿਆ। ਅਲਜੀਰੀਆ ਦੀ ਮੁਕਤੀ ਬਾਬਤ ਸੁਹਿਰਦ ਸੰਵਾਦ ਰਚਾਉਣ ਦੀ ਥਾਂ ਫਰਾਂਸੀਸੀਆਂ ਨੇ ਪੰਜ ਲੱਖ ਤੋਂ ਵੱਧ ਰੰਗਰੂਟ ਅਲਜੀਰੀਆ ਭੇਜ ਦਿੱਤੇ। ਸੰਨ 1959 ਵਿਚ ਫਰਾਂਸ ਨੇ ਕੌਮੀ ਮੁਕਤੀ ਲਹਿਰ ਨੂੰ ਮਿੱਧਣ ਲਈ ਫੌਜੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਖੂਨੀ ਜੰਗ ਦਾ ਮੁੱਢ ਬੱਝਿਆ। ਇਹ ਜੰਗ 1962 ਤੱਕ ਚੱਲਦੀ ਰਹੀ ਅਤੇ ਅੰਤ ਵਿਚ ਅਲਜੀਰੀਆ ਨੂੰ ਫਰਾਂਸ ਤੋਂ ਮੁਕਤੀ ਮਿਲੀ। ਅਕਤੂਬਰ 1999 ਤੱਕ ਫਰਾਂਸ ਇਹ ਗੱਲ ਮੰਨਣ ਤੋਂ ਇਨਕਾਰੀ ਰਿਹਾ ਕਿ ਅਲਜੀਰੀਆ ਵਿਚ ਉਨ੍ਹਾਂ ਵਿਰੁਧ ਕੋਈ ਜੰਗ ਚੱਲਦੀ ਰਹੀ ਹੈ। ਜਿਸ ਜੰਗ ਵਿਚ ਤਿੰਨ ਤੋਂ ਛੇ ਲੱਖ ਅਲਜੀਰੀਆਈ ਮਾਰੇ ਗਏ। ਦੋ ਲੱਖ ਤੋਂ ਵੱਧ ਫਰਾਂਸੀਸੀ ਜਵਾਨ ਇਸ ਜੰਗ ਦਾ ਹਿੱਸਾ ਬਣੇ ਜਿਨ੍ਹਾਂ ਵਿਚੋਂ ਸਤਾਈ ਹਜ਼ਾਰ ਤੋਂ ਵੱਧ ਮਰੇ।
ਸੰਨ 2007 ਵਿਚ ਪਰਦਾਪੇਸ਼ ਹੋਈ ਫਿਲਮ Ḕਇੰਟੀਮੇਟ ਐਨਮੀਜ਼’ ਅਲਜੀਰੀਆ-ਫਰਾਂਸ ਜੰਗ ਬਾਬਤ ਹੈ ਅਤੇ ਫਰਾਂਸੀਸੀ ਫੌਜੀਆਂ ਦੇ ਮਨੋਵਿਗਿਆਨਕ ਪੱਖ ਨੂੰ ਉਭਾਰਦੀ ਹੈ। ਫਿਲਮ ਫਰਾਂਸ ਦੇ ਫੌਜੀ ਕਾਰਵਾਈ ਸ਼ੁਰੂ ਕਰਨ ਸਮੇਂ ਦੀ ਹੈ। ਫਰਾਂਸੀਸੀ ਫੌਜੀ ਅਲਜੀਰੀਆ ਦੀ ਧਰਤੀ ਉਤੇ ਕਤਲੇਆਮ ਅਤੇ ਤਸ਼ੱਦਦ ਦੇ ਕਾਲੇ ਲੇਖ ਲਿਖ ਰਹੇ ਹਨ। ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜੁਆਕਾਂ ਤੋਂ ਲੈ ਕੇ ਬੁੱਢਿਆਂ ਤੱਕ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਕਤਾਰਾਂ ਵਿਚ ਖੜ੍ਹੇ ਕਰ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਇਸ ਮਾਹੌਲ ਵਿਚ ਜਾਬਰਾਂ ਦਾ ਮਾਨਸਿਕ ਤਵਾਜ਼ਨ ਹਿੱਲਣਾ ਸੁਭਾਵਕ ਹੈ। ਜਬਰ ਨੂੰ ਸਹੀ ਠਹਿਰਾਉਣ ਲਈ ਸੱਤਾ ਨੂੰ ਬਹਾਨਿਆਂ ਦੀ ਘਾਟ ਕਦੇ ਨਹੀਂ ਰਹੀ। ਬਸਤਾਨ ਆਪਣੇ ਗੁਨਾਹਾਂ ਦਾ ਕਸੂਰਵਾਰ ਵੀ ਅਲਜੀਰੀਆਈ ਜੁਝਾਰੂਆਂ ਅਤੇ ਲੋਕਾਂ ਨੂੰ ਠਹਿਰਾਉਂਦੇ ਹਨ। ਜੁਝਾਰੂਆਂ ਦੇ ਅਸਰ ਹੇਠਲੇ ਖਿੱਤੇ ਨੂੰ Ḕਵਰਜਿਤ ਖਿੱਤਾ’ ਕਿਹਾ ਜਾਂਦਾ ਹੈ। ਫਰਾਂਸੀਸੀ ਫੌਜੀਆਂ ਦਾ ਦਲ ਇਸ ਖਿੱਤੇ ਵਿਚ ਕਾਰਵਾਈ ਕਰ ਰਿਹਾ ਹੈ। ਨਵਾਂ ਆਇਆ ਫਰਾਂਸੀਸੀ ਲੈਫਟੀਨੈਂਟ ਟੈਰੇਨ ਤਸ਼ੱਦਦ ਢਾਹੁਣ ਨੂੰ ਵਾਜਬ ਨਹੀਂ ਗਿਣਦਾ। ਫੌਜੀ ਦਲ ਦੇ ਬਾਕੀ ਫੌਜੀ ਬੁੱਚੜਪੁਣੇ ਦੇ ਆਦੀ ਹੋ ਚੁੱਕੇ ਹਨ। ਇੱਕ ਬੁੱਚੜ ਅਫਸਰ ਟੈਰੇਨ ਨੂੰ ਸਮਝਾਉਂਦਾ ਹੈ ਕਿ ਅਲਜੀਰੀਆ, ਫ਼ਰਾਂਸ ਦਾ ਹਿੱਸਾ ਹੈ। ਇਸ ਕਰ ਕੇ ਕਿਸੇ ਵੀ ਹਾਲਾਤ ਵਿਚ ਇਹਨੂੰ ਮੁਕਤ ਨਹੀਂ ਕੀਤਾ ਜਾ ਸਕਦਾ।
ਟੈਰੇਨ ਦਾ ਸਵਾਲ ਹੈ, “ਅਸੀਂ ਮੁਕਾਮੀ ਲੋਕਾਂ ਨੂੰ ਆਪਣੇ ਬਰਾਬਰ ਦੇ ਹੱਕ ਨਹੀਂ ਦਿੰਦੇ, ਇਸ ਕਰ ਕੇ ਉਨ੍ਹਾਂ ਦੀ ਨਾਬਰੀ ਵਾਜਬ ਹੈ।” ਹੌਲੀ-ਹੌਲੀ ਟੈਰੇਨ ਵੀ ਵਹਿਸ਼ੀ ਬਣ ਜਾਂਦਾ ਹੈ ਅਤੇ ਮਨੋਰੋਗੀ ਹੋਣ ਦੀ ਕਗਾਰ ਉਤੇ ਪਹੁੰਚ ਜਾਂਦਾ ਹੈ। ਉਹਦਾ ਇੱਕ ਹੋਰ ਸਾਥੀ ਸਾਰਜੈਂਟ ਡਗਨਕ ਖੁਦ ਨੂੰ ਕਰੰਟ ਲਵਾ ਕੇ ਸਦਮੇ ਵਿਚੋਂ ਉਭਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਹੋਰ ਧਸਦਾ ਚਲਿਆ ਜਾਂਦਾ ਹੈ। ਲੋਕਾਂ ਉਤੇ ਇੰਨਾ ਤਸ਼ੱਦਦ ਢਾਹੁਣ ਤੋਂ ਬਾਅਦ ਸਹਿਜ ਹੋਣਾ ਸੌਖਾ ਨਹੀਂ ਹੈ। ਇਸ ਕਿਰਦਾਰ ਨੂੰ ਦੇਖ ਕੇ ਪੰਜਾਬੀ ਕਹਾਣੀਕਾਰ ਮਨਿੰਦਰ ਸਿੰਘ ਕਾਂਗ ਦੀ ਕਹਾਣੀ Ḕਭਾਰ’ ਯਾਦ ਆ ਜਾਂਦੀ ਹੈ। ਖਾਲਿਸਤਾਨੀ ਲਹਿਰ ਵੇਲੇ ਲੋਕਾਂ ਉਤੇ ਤਸ਼ੱਦਦ ਢਾਹੁਣ ਵਾਲਾ ਪੁਲਸੀਆ ਚਾਹੁੰਦਾ ਹੈ ਕਿ ਉਹਨੂੰ ਟਰੱਕ ਹੇਠ ਦੇ ਕੇ ਮਾਰਿਆ ਜਾਵੇ। ਉਹਨੇ ਹੋਰ ਕਤਲਾਂ ਦੇ ਨਾਲ-ਨਾਲ ਇੱਕ ਮਾਸੂਮ ਬੱਚੀ ਦਾ ਬੇਦਰਦੀ ਨਾਲ ਕਤਲ ਕੀਤਾ ਸੀ। ਪੁਲਸੀਏ ਤੋਂ ਸਦਮਾ ਸਹਿਣ ਨਹੀਂ ਹੋ ਰਿਹਾ। ਉਹ ਗੁਨਾਹ ਤੋਂ ਪਿੱਛਾ ਛੁਡਾਉਣ ਲਈ ਭਾਰੇ ਟਰੱਕ ਹੇਠ ਆਉਣਾ ਲੋਚਦਾ ਹੈ।
ਇਸ ਰੁਝਾਨ ਦੀ ਬਾਤ ਪਾਉਂਦੀ ਫਿਲਮ Ḕਇੰਟੀਮੇਟ ਐਨਮੀਜ਼’ ਨੂੰ ਮਸ਼ਹੂਰ ਨਾਬਰ-ਚਿੰਤਕ ਜਾਂ ਪਾਲ ਸਾਰਤਰ ਅਤੇ ਇਨਕਲਾਬੀ ਲੇਖਕ ਫਰਾਂਜ਼ ਫਾਨੋ ਦੀ ਕਿਤਾਬ Ḕਰੈਚਡ ਆਫ ਦਿ ਅਰਥ’ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਸਾਰਤਰ ਨੇ ਇਸ ਕਿਤਾਬ ਦੀ ਭੂਮਿਕਾ ਲਿਖੀ ਸੀ। ਫਾਨੋ ਫਰਾਂਸ ਦੀ ਬਸਤੀ ਮਾਰਟਨਕਿਊ ਵਿਚ ਜੰਮਿਆ। ਉਹਨੇ ਯੂਨੀਵਰਸਿਟੀ ਪੱਧਰ ਤੱਕ ਮਨੋਰੋਗਾਂ ਅਤੇ ਦਵਾਈਆਂ ਦੀ ਪੜ੍ਹਾਈ ਕੀਤੀ ਅਤੇ ਅਲਜੀਰੀਆ ਦੇ ਲੜਾਈ ਵਾਲੇ ਖਿੱਤੇ ਵਿਚ ਬਤੌਰ ਡਾਕਟਰ ਨੌਕਰੀ ਕੀਤੀ। ਉਹਦੇ ਕੋਲ ਕਈ ਫਰਾਂਸੀਸੀ ਫੌਜੀ ਆਉਂਦੇ ਸਨ ਜੋ ਲੋਕਾਂ ਉਤੇ ਤਸ਼ੱਦਦ ਢਾਹੁੰਦੇ ਅਤੇ ਕਤਲੇਆਮ ਮਚਾਉਂਦੇ ਸਨ। ਉਨ੍ਹਾਂ ਦਾ ਮਾਨਸਿਕ ਤਵਾਜ਼ਨ ਹਿੱਲਿਆ ਹੁੰਦਾ ਸੀ। ਹੌਲੀ-ਹੌਲੀ ਫਾਨੋ ਦੀ ਫਰਾਂਸ ਬਾਬਤ ਵਫਾਦਾਰੀ ਬਦਲ ਗਈ। ਉਹਨੇ 1956 ਵਿਚ ਨੌਕਰੀ ਛੱਡ ਦਿੱਤੀ ਅਤੇ ਟਿਊਨੀਸ਼ੀਆ ਵਿਚ ਨਰਸਾਂ ਨੂੰ ਸਿਖਲਾਈ ਦੇਣ ਲੱਗ ਪਿਆ। ਇਹ ਨਰਸਾਂ ਅਲਜੀਰੀਆ ਦੀ ਮੁਕਤੀ ਲਈ ਸਰਗਰਮ ਕੌਮੀ ਮੁਕਤੀ ਫਰੰਟ ਲਈ ਸੇਵਾ ਕਰਦੀਆਂ ਸਨ। ਫਾਨੋ ਮੁਕਤੀ ਦੇ ਕਾਜ ਨੂੰ ਸਮਰਪਤ ਹੋ ਗਿਆ। ਉਹਨੇ ਨਿਮਾਣਿਆਂ ਅਤੇ ਨਿਤਾਣਿਆਂ ਦੀ ਧਿਰ ਵਜੋਂ ਕਈ ਅਹਿਮ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਉਹਨੇ ਬਸਤਾਨਾਂ ਦੀ ਹਿੰਸਾ ਅਤੇ ਵਹਿਸ਼ੀਪਣ ਨੂੰ ਬੇਪਰਦ ਕੀਤਾ ਹੈ।
ਸਾਰਤਰ ਨੇ ਫਾਨੋ ਦੀ ਕਿਤਾਬ ਦੀ ਭੂਮਿਕਾ ਵਿਚ ਲਿਖਿਆ ਸੀ, “ਜੇ ਅਸੀਂ ਫਰਾਂਸੀਸੀ ਲੋਕ ਚਾਹੁੰਦੇ ਹਾਂ ਕਿ ਫਰਾਂਸ ਨੂੰ ਮੁਲਕ ਵਜੋਂ ਜਾਣਿਆ ਜਾਵੇ, ਤਾਂ ਸਾਨੂੰ ਇਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ। ਜੇ ਅਸੀਂ ਆਪਣੀਆਂ ਕਰਤੂਤਾਂ ਤੋਂ ਬਾਜ ਨਾ ਆਏ ਤਾਂ ਫਰਾਂਸ ਕਿਸੇ ਮੁਲਕ ਦਾ ਨਾਂ ਨਹੀਂ, ਸਗੋਂ ਮਨੋਰੋਗ ਦਾ ਨਾਂ ਹੋਵੇਗਾ।”
ਇਹ ਸਿਰਫ ਫਰਾਂਸ ਦੇ ਸੋਚਣ ਦਾ ਮਸਲਾ ਨਹੀਂ ਹੈ। ਇਹ ਹਰ ਮੁਲਕ ਅਤੇ ਹਰ ਮਨੁੱਖ ਦੇ ਸੋਚਣ ਦਾ ਮਸਲਾ ਹੈ। ਕੀ ਅਸੀਂ ਦੂਜਿਆਂ ਉਤੇ ਦਾਬਾ ਪਾ ਕੇ ਅਤੇ ਜਬਰ ਕਰ ਕੇ ਬਿਮਾਰ ਸਮਾਜ ਦੀ ਸਿਰਜਣਾ ਵੱਲ ਨਹੀਂ ਜਾ ਰਹੇ? ਫਾਨੋ ਆਪਣੀ ਕਿਤਾਬ ਵਿਚ ਗਾਲਬਾਂ ਦੇ ਦਾਬੇ ਦੀ ਛਿੱਲ ਲਾਹੁੰਦਾ ਹੈ ਅਤੇ ਜ਼ੋਰਦਾਰ ਵਿਰੋਧ ਕਰਨ ਦੀ ਵਕਾਲਤ ਕਰਦਾ ਹੈ। ਉਹ ਸਖ਼ਤ ਸ਼ਬਦਾਂ ਵਿਚ ਕਹਿੰਦਾ ਹੈ, “ਯੂਰਪ ਨੇ ਸਾਡੇ ਮਹਾਂਦੀਪਾਂ ਉਤੇ ਪੰਜੇ ਜਮਾਏ ਹੋਏ ਹਨ। ਅਸੀਂ ਇਹਦੇ ਬੰਦ-ਬੰਦ ਉਦੋਂ ਤੱਕ ਕੱਟਦੇ ਰਹਾਂਗੇ, ਜਦੋਂ ਤੱਕ ਇਹ ਸਾਡੀ ਧਰਤੀ ਨਹੀਂ ਛੱਡ ਜਾਂਦੇ।”
ਸਾਰਤਰ ਬਤੌਰ ਯੂਰਪੀ, ਆਪਣੇ ਸਮਾਜ ਨਾਲ ਸੰਵਾਦ ਕਰਦਾ ਹੈ ਕਿ ਨਿਮਾਣਿਆਂ ਅਤੇ ਨਿਤਾਣਿਆਂ ਦੇ ਗੁੱਸੇ ਤੋਂ ਬਚੋ। ਸਾਡੀ ਲੁੱਟ ਦੇ ਹੱਥਲ ਕੀਤੇ ਇਹ ਲੋਕ ਸਾਡੀਆਂ ਬਰੂਹਾਂ ਉਤੇ ਆ ਪਹੁੰਚਣਗੇ। ਇਨ੍ਹਾਂ ਦੀ ਲੁੱਟ ਬੰਦ ਨਾ ਕੀਤੀ ਤਾਂ ਅਣਕਿਆਸੇ ਸਿੱਟੇ ਭੁਗਤਣ ਲਈ ਤਿਆਰ ਹੋ ਜਾਵੋ। ਅਸੀਂ ਕਿਰਤੀ-ਕਿਸਾਨਾਂ ਨੂੰ ਭੁੱਖ ਅਤੇ ਬਿਮਾਰੀ ਨਾਲ ਮਰਨ ਲਈ ਮਜਬੂਰ ਕਰਦੇ ਹਾਂ। ਉਨ੍ਹਾਂ ਦੀ ਜ਼ਮੀਨ ਖੋਂਹਦੇ ਹਾਂ। ਜੇ ਉਨ੍ਹਾਂ ਅੰਦਰ ਥੋੜ੍ਹੀ-ਬਹੁਤ ਜੀਣ ਦੀ ਚਾਹਤ ਬਚਦੀ ਹੈ ਤਾਂ ਅਸੀ ਉਨ੍ਹਾਂ ਨੂੰ ਭੈਅ ਦਿਖਾ ਕੇ ਮਾਰਦੇ ਹਾਂ। ਸਾਡੀਆਂ ਬੰਦੂਕਾਂ ਉਨ੍ਹਾਂ ਦੀਆਂ ਛਾਤੀਆਂ ਉਤੇ ਟਿਕੀਆਂ ਹੋਈਆਂ ਹਨ। ਜੇ ਉਹ ਵਿਰੋਧ ਕਰਦੇ ਹਨ ਤਾਂ ਪੁਲਸੀਏ ਉਨ੍ਹਾਂ ਨੂੰ ਗੋਲੀਆਂ ਨਾਲ ਮਾਰਦੇ ਹਨ। ਰੋਜ਼ੀ-ਰੋਟੀ ਅਤੇ ਜ਼ਮੀਨ ਖੁੱਸਣ ਨਾਲ ਹੀਣ ਭਾਵਨਾ ਪੈਦਾ ਹੁੰਦੀ ਹੈ। ਅਸੀਂ ਉਨ੍ਹਾਂ ਨੂੰ ਭੈਅ ਅਤੇ ਹੀਣ ਭਾਵਨਾ ਦਾ ਗੁਲਾਮ ਬਣਾ ਦਿੱਤਾ ਹੈ।
ਇਸ ਵਿਚਾਰ ਦੀ ਰੋਸ਼ਨੀ ਵਿਚ ਪਤਾ ਲਗਦਾ ਹੈ ਕਿ ਫਿਲਮ Ḕਇੰਟੀਮੇਟ ਐਨਮੀਜ਼’ ਬਸਤਾਨਾਂ ਦੇ ਜਬਰ ਦੀ ਗੱਲ ਤਾਂ ਛੋਂਹਦੀ ਹੈ, ਪਰ ਫਿਲਮਸਾਜ਼ ਦਾ ਨਜ਼ਰੀਆ ਯੂਰਪੀ ਹੀ ਰਹਿੰਦਾ ਹੈ। ਉਹ ਕੌਮੀ ਮੁਕਤੀ ਲਹਿਰ ਦੇ ਜੁਝਾਰੂਆਂ ਨੂੰ ਵਹਿਸ਼ੀ ਕਾਤਲ ਬਣਾ ਕੇ ਪੇਸ਼ ਕਰਦਾ ਹੈ। ਸਮੁੱਚੇ ਤੌਰ ਉਤੇ ਭਾਵ ਇਹੀ ਨਿਕਲਦਾ ਹੈ ਕਿ ਅਫਰੀਕੀ ਵਹਿਸ਼ੀਆਂ ਨਾਲ ਵਹਿਸ਼ੀ ਬਣ ਕੇ ਪੇਸ਼ ਨਾ ਆਉ, ਕਿਉਂਕਿ ਯੂਰਪੀ ਵਹਿਸ਼ੀ ਨਹੀਂ ਹਨ। ਇਹ ਯੂਰਪੀਆਂ ਦੇ ਉਤਮ ਹੋਣ ਦੇ ਗੁਮਾਨ ਦਾ ਮਹੀਨਤਮ ਪ੍ਰਗਟਾਵਾ ਹੈ। ਫਾਨੋ ਅਤੇ ਸਾਰਤਰ ਇਸ ਵਿਚਾਰ ਨੂੰ ਮੂਧੇ ਮੂੰਹ ਕਰ ਦਿੰਦੇ ਹਨ। ਦੂਜਿਆਂ ਉਤੇ ਦਾਬਾ ਪਾਉਣਾ ਅਤੇ ਇਸ ਦਾਬੇ ਨੂੰ ਜਾਰੀ ਰੱਖਣਾ ਵਹਿਸ਼ੀ ਕੰਮ ਹੈ। ਨਿਮਾਣਿਆਂ ਅਤੇ ਨਿਤਾਣਿਆਂ ਦੀ ਨਾਬਰੀ ਨੂੰ ਬਦਨਾਮ ਕਰਨ ਲਈ ਬਸਤਾਨ ਆਮ ਤੌਰ ਉਤੇ ਅਜਿਹੇ ਹੀ ਤਰਕ ਘੜਦੇ ਹਨ। ਫਾਨੋ ਇਨ੍ਹਾਂ ਤਰਕਾਂ ਦੇ ਤੂੰਬੇ ਹੀ ਨਹੀਂ ਉਡਾਉਂਦਾ, ਸਗੋਂ ਸਿੱਟੇ ਭੁਗਤਣ ਦੀ ਬੇਕਿਰਕ ਚੇਤਾਵਨੀ ਵੀ ਦਿੰਦਾ ਹੈ। ਬਸਤਾਨਾਂ ਨਾਲ ਨਿਮਾਣਿਆਂ ਦੀ ਹਰ ਜੰਗ ਨੂੰ ਫਾਨੋ ਦੀਆਂ ਲਿਖਤਾਂ ਦੇ ਹਵਾਲੇ ਨਾਲ ਸਮਝਣਾ ਨਵੀਆਂ ਤੰਦਾਂ ਖੋਲ੍ਹਦਾ ਹੈ। ਇਸੇ ਪ੍ਰਸੰਗ ਵਿਚ Ḕਇੰਟੀਮੇਟ ਐਨਮੀਜ਼’ ਵਰਗੀਆਂ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ।
Leave a Reply