ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ ਨੇ ਪੀੜ੍ਹੀ-ਦਰ-ਪੀੜ੍ਹੀ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦਾ ਵੱਡਾ ਕਾਰਨ ਉਸ ਦੀ ਕਵਿਤਾ ਦਾ ਮਨੁੱਖੀ ਮਨ ਦੀਆਂ ਗਹਿਰਾਈਆਂ ਨਾਲ ਜੁੜੇ ਹੋਣਾ ਹੈ। ਉਹਦੀ ਹਰ ਕਵਿਤਾ ਵਿਚੋਂ ਸੱਚਾ ਅਤੇ ਸੁੱਚਾ ਪੰਜਾਬੀ ਸਭਿਆਚਾਰ ਝਾਤੀਆਂ ਮਾਰਦਾ ਲਗਦਾ ਹੈ। ਇਨ੍ਹਾਂ ਝਾਤੀਆਂ ਵਿਚੋਂ ਹੀ ਹਰ ਪਾਠਕ ਨੂੰ ਕੁਝ ਨਾ ਕੁਝ ਅਜਿਹਾ ਲੱਭ ਜਾਂਦਾ ਹੈ ਜਿਹੜਾ ਅਗਲੇ ਦੇ ਜ਼ਿਹਨ ਵਿਚ ਘਰ ਪਾ ਕੇ ਬੈਠ ਜਾਂਦਾ ਹੈ। ਇਹੀ ਸ਼ਿਵ ਦੀ ਕਵਿਤਾ ਦੀ ਤਾਕਤ ਹੈ ਜਿਹੜੀ ਸਮੇਂ ਨੂੰ ਪਾਰ ਕਰ ਕੇ ਪੰਜਾਬੀ ਸਾਹਿਤ ਜਗਤ ਦਾ ਸਦੀਵੀ ਸੱਚ ਬਣ ਚੁੱਕੀ ਹੈ। ਇਸ ਮਹਾਨ ਸ਼ਾਇਰ ਨੂੰ ਇਸ ਫਾਨੀ ਸੰਸਾਰ ਤੋਂ ਗਿਆਂ 41 ਸਾਲ ਹੋ ਚੁੱਕੇ ਹਨ। ਇਸ ਮੌਕੇ ਇਸ ਸ਼ਾਇਰ ਅਤੇ ਉਹਦੀ ਸ਼ਾਇਰੀ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਕੀਤੀਆਂ ਗੱਲਾਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। -ਸੰਪਾਦਕ
ਪ੍ਰਿੰਸੀਪਲ ਸਰਵਣ ਸਿੰਘ
ਫੋਨ: 905-799-1661
ਸ਼ਿਵ ਕੁਮਾਰ ਬਟਾਲਵੀ ਬਾਰੇ ਸ਼ਾਇਦ ਮੈਂ ਨਾ ਲਿਖਦਾ ਜੇ ਮੇਰੇ ਹੱਥੋਂ ਅਖਬਾਰ ਦਾ ਵਰਕਾ ਨਾ ਉਡਦਾ। ਅਖਬਾਰ ਦੇ ਉਡੇ ਵਰਕੇ ਮਗਰ ਮੈਂ ਕਾਫੀ ਦੂਰ ਤਕ ਦੌੜਿਆ। ਜਦ ਨੇੜੇ ਪਹੁੰਚਦਾ ਤਾਂ ਤੇਜ਼ ਹਵਾ ਉਸ ਨੂੰ ਹੋਰ ਦੂਰ ਉਡਾ ਦਿੰਦੀ। ਆਖਰ ਉਹ ਵਰਕਾ ਮੇਰੇ ਕਾਬੂ ਆ ਗਿਆ। ਕਾਬੂ ਕਰਾਉਣ ਵਿਚ ਇਕ ਸੁੱਕੇ ਬੂਟੇ ਨੇ ਸਾਥ ਦਿੱਤਾ ਜਿਸ ਨੂੰ ਥ੍ਹੋਰ ਵੀ ਕਿਹਾ ਜਾ ਸਕਦਾ। ਮੌਕਾ ਮੇਲ ਐਸਾ ਸੀ ਕਿ ਉਸੇ ਹਫਤੇ ਸ਼ਿਵ ਦੀ 40ਵੀਂ ਬਰਸੀ ਸੀ। ਬਰਸੀ ਕਰ ਕੇ ਹੀ ਅਖਬਾਰ ਵਿਚ ਉਹਦੇ ਬਾਰੇ ਲੇਖ ਛਪਿਆ ਸੀ। ਤੁਰੇ ਜਾਂਦਿਆਂ ਜਦ ਮੈਂ ਉਹ ਲੇਖ ਪੜ੍ਹਨ ਲੱਗਾ ਤਾਂ ਕਾਹਲੀ ਹਵਾ ਦੇ ਬੁੱਲੇ ਨਾਲ ਉਹੋ ਵਰਕਾ ਹੀ ਅਖਬਾਰ ‘ਚੋਂ ਉਡ ਗਿਆ ਸੀ। ਮੈਂ ਉਸ ਨੂੰ ਫੜਨ ਲਈ ਨੱਠਦਾ ਰਿਹਾ ਸਾਂ ਪਰ ਉਹ ਅੱਗੇ ਹੀ ਅੱਗੇ ਉਡਦਾ ਜਾਂਦਾ ਸੀ। ਮੈਨੂੰ ਇਉਂ ਲੱਗਾ ਜਿਵੇਂ ਸ਼ਿਵ ਹੀ ਮੇਰੇ ਅੱਗੇ ਭੱਜਿਆ ਜਾ ਰਿਹਾ ਹੋਵੇ! ਆਖਰ ਉਹ ਵਰਕਾ ਥ੍ਹੋਰ ਵਰਗੇ ਬੂਟੇ ਨਾਲ ਜਾ ਰੁਕਿਆ ਜਿਥੇ ਹਵਾ ਦਾ ਜ਼ੋਰ ਨਹੀਂ ਸੀ ਚੱਲਿਆ।
ਮੈਂ ਹੁਣ 74ਵੇਂ ਸਾਲ ‘ਚ ਹਾਂ। ਜੇ ਸ਼ਿਵ ਕੁਮਾਰ ਜਿਉਂਦਾ ਰਹਿੰਦਾ ਤਾਂ 78ਵੇਂ ਸਾਲ ‘ਚ ਹੋਣਾ ਸੀ। 78 ਸਾਲ ਦੀ ਉਮਰ ਕੋਈ ਬਹੁਤੀ ਨਹੀਂ ਹੁੰਦੀ। ਜਸਵੰਤ ਸਿੰਘ ਕੰਵਲ 95 ਸਾਲ ਦੀ ਉਮਰ ਵਿਚ ਵੀ ਚੰਗਾ ਭਲਾ ਹੈ। ਖੁਸ਼ਵੰਤ ਸਿੰਘ 99 ਸਾਲ ਜੀ ਗਿਐ। ਸੇਖੋਂ, ਸਤਿਆਰਥੀ, ਦੁੱਗਲ, ਅੰਮ੍ਰਿਤਾ ਤੇ ਗਾਰਗੀ ਵਰਗੇ ਹੋਰ ਕਈ ਸਾਹਿਤਕਾਰ ਅੱਸੀਆਂ ਨੱਬਿਆਂ ਸਾਲਾਂ ਤੋਂ ਵੱਧ ਜੀਵੇ। ਉਡਿਆ ਵਰਕਾ ਮੁੜ ਪੜ੍ਹਦਿਆਂ ਮੈਂ ਸ਼ਿਵ ਕੁਮਾਰ ਬਟਾਲਵੀ ਦੀਆਂ ਯਾਦਾਂ ਵਿਚ ਖੋ ਗਿਆ। ਜਿਵੇਂ ਮੈਂ ਪ੍ਰੋਫੈਸਰੀ/ਪ੍ਰਿੰਸੀਪਲੀ ਕਰਦਾ ਰਿਟਾਇਰ ਹੋਣ ਪਿੱਛੋਂ ਆਪਣੇ ਪੁੱਤਰ ਪਾਸ ਕੈਨੇਡਾ ਪੁੱਜ ਗਿਆ ਹਾਂ, ਉਵੇਂ ਸੰਭਵ ਸੀ ਸ਼ਾਇਰੀ ਕਰਦਾ ਸ਼ਿਵ ਕੁਮਾਰ ਵੀ ਆਪਣੀ ਧੀ ਪੂਜਾ ਕੋਲ ਅਮਰੀਕਾ ਪੁੱਜ ਜਾਂਦਾ। ਫਿਰ ਉਹ ਵੀ ਮੇਰੇ ਵਾਂਗ ਸਵੇਰੇ ਸੈਰ ਕਰਦਾ ਪੰਜਾਬੀ ਅਖਬਾਰ ਚੁੱਕ ਲਿਆਉਂਦਾ। ਉਹ ਵੀ ਤੁਰਿਆ ਜਾਂਦਾ ਅਖਬਾਰ ‘ਤੇ ਨਜ਼ਰ ਮਾਰਦਾ। ਤੇਜ਼ ਵਗਦੀ ਹਵਾ ‘ਚ ਉਹਦੇ ਹੱਥੋਂ ਵੀ ਮੇਰੇ ਵਾਂਗ ਅਖਬਾਰ ਦਾ ਵਰਕਾ ਉਡ ਜਾਂਦਾ ਤੇ ਉਹ ਉਹਨੂੰ ਫੜਨ ਲਈ ਨੱਠਦਾæææ।
ਸ਼ਿਵ ਬਾਰੇ ਸੋਚਦਾ ਮੈਂ 55 ਸਾਲ ਪਿੱਛੇ ਪਰਤ ਗਿਆ। ਫਰਵਰੀ 1959 ਦੇ ਦਿਨ ਸਨ। ਮੈਂ ਐਮæ ਆਰæ ਕਾਲਜ ਫਾਜ਼ਿਲਕਾ ਦਾ ਵਿਦਿਆਰਥੀ ਸਾਂ। ਅਸੀਂ ਪੰਜਾਬੀ ਸਾਹਿਤ ਸਭਾ ਬਣਾਈ ਸੀ ਤੇ ਸਭਾ ਵੱਲੋਂ ਕਵੀ ਦਰਬਾਰ ਕਰਵਾਇਆ ਸੀ। ਕਵੀ ਦਰਬਾਰ ਲਈ ਸੱਦੇ ਕਵੀਆਂ ਵਿਚ ਸ਼ਿਵ ਕੁਮਾਰ ਬਟਾਲਵੀ ਵੀ ਸੀ। ਉਹ ਕਾਲਜੀਏਟ ਹੀ ਲੱਗ ਰਿਹਾ ਸੀ। ਉਸ ਨੇ ਖੁੱਲ੍ਹੀ ਮੂਹਰੀ ਦਾ ਚਿੱਟਾ ਪਜਾਮਾ ਤੇ ਚਿੱਟਾ ਹੀ ਕੁੜਤਾ ਪਹਿਨਿਆ ਹੋਇਆ ਸੀ। ਮੋਢੇ ‘ਤੇ ਲੋਈ ਤੇ ਪੈਰੀਂ ਚਪਲਾਂ ਪਾਈਆਂ ਹੋਈਆਂ ਸਨ। ਰੰਗ ਗੋਰਾ ਨਿਛੋਹ ਤੇ ਵਾਲ ਘੁੰਗਰਾਲੇ ਸਨ। ਅੱਖਾਂ ਮੋਟੀਆਂ, ਸਿਹਲੀਆਂ ਸੰਘਣੀਆਂ, ਨੱਕ ਤਿੱਖਾ ਤੇ ਬੁੱਲ੍ਹ ਪਤਲੇ ਸਨ। ਸੁਣਿਆਂ ਸੀ ਕਿ ਉਹ ਕਿਤੇ ਪਟਵਾਰੀ ਲੱਗਾ ਹੋਇਆ ਸੀ ਪਰ ਪਟਵਾਰੀਆਂ ਵਾਲਾ ਤਾਂ ਉਹਦੇ ‘ਚੋਂ ਕੁਝ ਵੀ ਨਹੀਂ ਸੀ ਦਿਸਦਾ। ਨਾ ਵੱਡਾ ਢਿੱਡ ਸੀ, ਨਾ ਵੱਡਾ ਝੋਲਾ ਤੇ ਨਾ ਗੁੱਝੀਆਂ ਜੇਬਾਂ। ਉਥੇ ਦੋਵੇਂ ਰਾਮਪੁਰੀ ਕਵੀ ਸਨ, ਸੰਤੋਖ ਸਿੰਘ ਧੀਰ ਸੀ, ਬਰਕਤ ਰਾਮ ਯੁਮਨ ਤੇ ਗੁਰਦਾਸ ਰਾਮ ਆਲਮ ਸਨ। ਹੋਰ ਵੀ ਕਵੀ ਸਨ ਜਿਨ੍ਹਾਂ ਨਾਲ ਸਟੇਜ ਭਰੀ ਪਈ ਸੀ। ਜਸਵੰਤ ਸਿੰਘ ਕੰਵਲ ਪ੍ਰਧਾਨਗੀ ਕਰ ਰਿਹਾ ਸੀ।
ਸ਼ਿਵ ਕੁਮਾਰ ਦੀ ਵਾਰੀ ਆਈ ਤਾਂ ਉਸ ਨੇ ਅੱਖਾਂ ਮੁੰਦ ਕੇ ਇਕ ਹੱਥ ਕੰਨ ‘ਤੇ ਧਰਿਆ, ਦੂਜਾ ਉਪਰ ਉਠਾਇਆ ਤੇ ਮਾਈਕ ਤੋਂ ਦਰਦ ਭਰੀ ਹੂਕ ਵਿਚ ਕਵਿਤਾ ਸੁਣਾਈ, ਮੈਂ ਕੰਡਿਆਲੀ ਥ੍ਹੋਰ ਵੇ ਸੱਜਣਾਂ, ਉਗੀ ਵਿਚ ਉਜਾੜਾਂæææ। ਉਸ ਨੇ ਗੀਤ ਵੀ ਗਾਏ, ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚੋਂ ਬਿਰਹੋਂ ਦੀ ਰੜਕ ਪਵੇæææ। ਮਾਏ ਨੀ ਮਾਏ ਮੈਂ ਇਕ ਸ਼ਿਕਰਾ ਯਾਰ ਬਣਾਇਆæææ।
ਉਸ ਦੀਆਂ ਦਿਲ ‘ਚ ਲਹਿ ਜਾਣ ਵਾਲੀਆਂ ਹੂਕਾਂ ਨੇ ਸਰੋਤਿਆਂ ‘ਤੇ ਟੂਣਾ ਕਰ ਦਿੱਤਾ ਤੇ ਪੰਡਾਲ ਵਿਚ ਸੱਨਾਟਾ ਛਾ ਗਿਆ। ਵਾਰ-ਵਾਰ ਉਹਦੀ ਸ਼ਾਇਰੀ ਦੀ ਮੰਗ ਹੋਣ ਲੱਗੀ। ਅਸੀਂ ਕਾਲਜੀਏਟ ਮੁੰਡੇ ਸ਼ਿਵ ਦੀ ਸ਼ਾਇਰੀ ‘ਤੇ ਪੱਟੇ ਗਏ ਤੇ ਉਹਦੀ ਜਿੰਨੀ ਵੀ ਸੇਵਾ ਹੋ ਸਕਦੀ ਸੀ, ਕੀਤੀ। ਉਹਦੇ ਸੁਹੱਪਣ ਦਾ, ਸ਼ਾਇਰੀ ਦਾ ਤੇ ਉਹਦੇ ਸੁਰੀਲੇ/ਦਰਦੀਲੇ ਗਾਇਨ ਦਾ ਬਿੰਬ ਹਾਲੇ ਵੀ ਮੇਰੇ ਦਿਲੋ ਦਿਮਾਗ ਵਿਚ ਤਾਜ਼ਾ ਹੈ। ਮੈਨੂੰ ਉਹ ਫਿਲਮਾਂ ਵਾਲੇ ਦੇਵਦਾਸ ਵਰਗਾ ਦਿਸਿਆ ਸੀ। ਜਦੋਂ ਉਹਦੀ ਕਿਤਾਬ ‘ਕੰਡਿਆਲੀ ਥ੍ਹੋਰ’ ਛਪੀ ਤਾਂ ਉਹ ਫਾਜ਼ਿਲਕਾ ਵਿਚ ਨਾ ਮਿਲੀ ਜਿਸ ਕਰ ਕੇ ਕਿਤਾਬ ਲੈਣ ਮੈਂ ਉਚੇਚਾ ਜਲੰਧਰ ਗਿਆ। ਐਨੀ ਖਿੱਚ ਸੀ ਉਹਦੀ ਕਵਿਤਾ ਦੀ! ਜਿਸ ਰਸਾਲੇ ਵਿਚ ਉਹਦੀਆਂ ਕਵਿਤਾਵਾਂ ਛਪਦੀਆਂ, ਮੈਂ ਸਾਂਭ-ਸਾਂਭ ਰੱਖਦਾ। ਉਸ ਦੀ ਸ਼ਾਇਰੀ ਨੇ ‘ਕੱਲੀਆਂ ਕੁੜੀਆਂ ਹੀ ਨਹੀਂ ਸਨ ਪੱਟੀਆਂ, ਮੇਰੇ ਵਰਗੇ ਅਨੇਕਾਂ ਕਾਲਜੀਏਟ ਮੁੰਡੇ ਵੀ ਪੱਟੇ ਸਨ।
1965 ਵਿਚ ਜਦੋਂ ਮੈਂ ਦਿੱਲੀ ਦੇ ਖਾਲਸਾ ਕਾਲਜ ਵਿਚ ਲੈਕਚਰਾਰ ਲੱਗਾ ਤਾਂ ਉਥੇ ਵੀ ਅਸੀਂ ਕਵੀ ਦਰਬਾਰ ਕਰਵਾਇਆ ਜਿਸ ਵਿਚ ਸ਼ਿਵ ਕੁਮਾਰ ਬਟਾਲਵੀ ਨੂੰ ਸੱਦਿਆ। ਤਦ ਤਕ ਉਹ ਕਵੀ ਦਰਬਾਰਾਂ ਦਾ ਹੀਰੋ ਬਣ ਚੁੱਕਾ ਸੀ। ਉਹਦੀ ਥਾਉਂ-ਥਾਈਂ ਮੰਗ ਸੀ। ਕੁੜੀਆਂ ਆਟੋਗਰਾਫ ਲੈਣ ਲਈ ਉਹਦੇ ਮੋਢਿਆਂ ਉਤੋਂ ਦੀ ਉਲਰਦੀਆਂ। ਉਹਦੇ ਕੀਤੇ ਦਸਤਖ਼ਤ ਚੁੰਮਦੀਆਂ ਤੇ ਹਿੱਕ ਨਾਲ ਲਾਉਂਦੀਆਂ। ਦਿੱਲੀ ਉਹ ਕੁੜਤੇ-ਪਜਾਮੇ ਵਿਚ ਨਹੀਂ, ਸਗੋਂ ਹਲਕੇ ਨਸਵਾਰੀ ਸੂਟ ਵਿਚ ਸੀ। ਪੈਰੀਂ ਮਹਿੰਗੇ ਬੂਟ ਸਨ। ਐਕਟਰਾਂ ਵਾਂਗ ਸਜਿਆ ਹੋਇਆ ਸੀ। ਸਟੇਜ ਭਾਵੇਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਸੀ, ਪਰ ਸ਼ਿਵ ਸਿਗਰਟ ਤੇ ਸ਼ਰਾਬ ਪੀਣੋਂ ਨਾ ਰਹਿ ਸਕਿਆ। ਪੀਤੀ ਭਾਵੇਂ ਪਰਦੇ ਨਾਲ ਹੀ, ਪਰ ਲੁਕੀ ਨਾ ਰਹੀ। ਦਿੱਲੀ ਉਹ ਅੰਮ੍ਰਿਤਾ ਪ੍ਰੀਤਮ ਦਾ ਮਹਿਮਾਨ ਸੀ। ਉਹਦੇ ਲਈ ਹਰ ਘਰ ਦੇ ਬੂਹੇ ਖੁੱਲ੍ਹੇ ਸਨ।
ਤੁਰਦੇ-ਤੁਰਦੇ ਮੈਨੂੰ ਯਾਦ ਆਇਆ ਕਿ ਸ਼ਿਵ ਕੁਮਾਰ ਜਦੋਂ ਸਿਖਰ ‘ਤੇ ਸੀ, ਉਹਦੇ ਆਲੋਚਕਾਂ ਵੱਲੋਂ ਉਹਦੀ ਬਦਖੋਹੀ ਵੀ ਹੋਣ ਲੱਗ ਪਈ ਸੀ। ਉਹਦੇ ਗੀਤਾਂ ਦੀਆਂ ਪੈਰੋਡੀਆਂ ਚੱਲ ਪਈਆਂ ਸਨ ਜਿਨ੍ਹਾਂ ਵਿਚ ਉਹਦਾ ਮਜ਼ਾਕ ਉਡਾਇਆ ਜਾਂਦਾ। ਕਿਹਾ ਜਾਂਦਾ ਕਿ ਉਸ ਦੀ ਸ਼ਾਇਰੀ ਵਿਚ ਰੋਣ-ਧੋਣ ਤੋਂ ਸਿਵਾ ਹੋਰ ਹੈ ਵੀ ਕੀ? ਅਗਾਂਹਵਧੂ ਆਲੋਚਕ ਸੁਆਲ ਕਰਦੇ ਕਿ ਉਹ ਸੰਦੇਸ਼ ਕੀ ਦਿੰਦੈ? ਹਾਏ ਬੂ ਦੀਆਂ ਦੁਹਾਈਆਂ ਤੋਂ ਬਿਨਾਂ ਕੀ ਹੈ ਉਹਦੀ ਕਵਿਤਾ ਵਿਚ? ਮੈਨੂੰ ਯਾਦ ਹੈ, ਐਮæਏæ ‘ਚ ਪ੍ਰੋæ ਜੋਗਿੰਦਰ ਸਿੰਘ ਸੋਢੀ ਸਾਨੂੰ ਆਧੁਨਿਕ ਕਵਿਤਾ ਦਾ ਪੇਪਰ ਪੜ੍ਹਾਉਂਦੇ ਸਨ। ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਬੇਸ਼ੱਕ ਸ਼ਿਵ ਕੁਮਾਰ ਦੇ ਗੀਤ ਗਾਉਂਦੀ ਸੀ, ਪਰ ਉਹ ਆਪ ਸ਼ਿਵ ਦੇ ਗੀਤਾਂ ਦੀ ਖੱਲ ਲਾਹੁੰਦੇ ਰਹਿੰਦੇ ਸਨ। ਕਹਿੰਦੇ ਸਨ, “ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚੋਂ ਬਿਰਹੋਂ ਦੀ ਰੜਕ ਪਵੇ ਵੀ ਕੋਈ ਗੱਲ ਐ? ਨਿਰੀਆਂ ਝੱਲ-ਵਲੱਲੀਆਂ ਨੇ। ਵੈਣ ਨੇ, ਕੀਰਨੇ ਨੇ!”
ਇਸ ਦੇ ਬਾਵਜੂਦ ਸ਼ਿਵ ਹੋਰ ਮਸ਼ਹੂਰੀ ਫੜਦਾ ਗਿਆ। ਉਹ ਸਭ ਤੋਂ ਛੋਟੀ ਉਮਰ ਦਾ ਪੰਜਾਬੀ ਕਵੀ ਸੀ ਜਿਸ ਨੂੰ ਭਾਰਤੀ ਸਾਹਿਤ ਅਕਾਡਮੀ ਦਾ ਐਵਾਰਡ ਮਿਲਿਆ। ਉਸ ਦੇ ਮਹਾਂ ਕਾਵਿ ‘ਲੂਣਾ’ ਨੂੰ ਬੇਹੱਦ ਵਡਿਆਇਆ ਗਿਆ। ਸ਼ਿਵ ਕੁਮਾਰ ਬਾਰੇ ਲਿਖਿਆ ਵੀ ਬਹੁਤ ਗਿਆ ਤੇ ਪੜ੍ਹਿਆ ਵੀ ਬਹੁਤ। ਪ੍ਰਸ਼ੰਸਾ ਵੀ ਹੋਈ ਤੇ ਨਿੰਦਿਆ ਵੀ। ਯਾਰੀਆਂ ਲੱਗੀਆਂ ਵੀ ਤੇ ਟੁੱਟੀਆਂ ਵੀ। ਉਸ ਨੂੰ ਸੁਣਿਆਂ ਵੀ ਬਹੁਤ ਲੋਕਾਂ ਨੇ। ਪੈਸੇ ਬਣਾਏ ਵੀ ਬਹੁਤ ਤੇ ਉਜਾੜੇ ਵੀ ਰੱਜ ਕੇ। ਮੈਂ ਨਾ ਆਲੋਚਕ ਹਾਂ ਤੇ ਨਾ ਉਸ ਦੀ ਕਵਿਤਾ ਦੀ ਚੀਰ-ਫਾੜ ਕਰਨੀ ਚਾਹੁੰਨਾਂ; ਪਰ ਇਹ ਗੱਲ ਜ਼ਰੂਰ ਕਹਿਣੀ ਚਾਹੁੰਨਾਂ ਕਿ ਜਦੋਂ ਸ਼ਿਵ ਬਿਰਹਾ/ਵਿਛੋੜੇ ਦੀਆਂ ਵਿਲਕਣੀਆਂ ਤੇ ਜੋਬਨ ਰੁੱਤੇ ਮਰ ਜਾਣ ਦੇ ਗੀਤ ਗਾ ਰਿਹਾ ਸੀ, ਉਦੋਂ ਸੰਤ ਰਾਮ ਉਦਾਸੀ ਉਸ ਤੋਂ ਵੀ ਉਚੀ ਹੇਕ ਵਿਚ ਇਨਕਲਾਬੀ ਕੂਕਾਂ ਮਾਰ ਰਿਹਾ ਸੀ, ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ, ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾæææ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਧਰੇæææ। ਮਾਂ ਧਰਤੀਏ ਤੇਰੀ ਗੋਦ ਨੂੰ ਚੰਦ ਹੋਰ ਬਥੇਰੇ, ਮਘਦਾ ਰਹੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇæææ।
ਦੋਹਾਂ ਕਵੀਆਂ ਦੇ ਸਰੋਤਿਆਂ ਦੀ ਗਿਣਤੀ ਅਣਗਿਣਤ ਸੀ। ਦੋਹਾਂ ਦੀ ਸ਼ਾਇਰੀ ਐਸੀ ਸੀ ਜੋ ਉਨ੍ਹਾਂ ਦੇ ਮੂੰਹੋਂ ਹੀ ਫਬਦੀ ਸੀ। ਉਨ੍ਹਾਂ ਦੇ ਨਾਂ ਨਾਲ ਕਵੀ ਦਰਬਾਰਾਂ ਦੇ ਪੰਡਾਲ ਭਰ ਜਾਂਦੇ। ਸ਼ਿਵ ਦੀਆਂ ਦਰਦੀਲੀਆਂ ਹੂਕਾਂ ਅਤੇ ਉਦਾਸੀ ਦੀਆਂ ਲਲਕਾਰਵੀਆਂ ਹੇਕਾਂ ਸਮਾਂ ਬੰਨ੍ਹ ਦਿੰਦੀਆਂ। ਇਕ ਦੀ ਸ਼ਾਇਰੀ ਨਾਲ ਸਰੋਤਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਤੇ ਦੂਜੇ ਦੇ ਲਲਕਾਰਵੇਂ ਬੋਲਾਂ ਨਾਲ ਬੰਦ ਹੋਈਆਂ ਅੱਖਾਂ ‘ਚ ਅੱਗ ਦਗਣ ਲੱਗਦੀ। ਹੁਣ ਉਨ੍ਹਾਂ ਦੀਆਂ ਕਿਤਾਬਾਂ ‘ਚੋਂ ਉਨ੍ਹਾਂ ਦੀ ਰਚਨਾ ਪੜ੍ਹਨ ਨਾਲ ਉਹ ਗੱਲ ਨਹੀਂ ਬਣਦੀ। ਕੈਸੀ ਵਿਡੰਬਨਾ ਹੈ ਕਿ ਚੜ੍ਹਦੀ ਉਮਰ ਦੇ ਉਨ੍ਹਾਂ ਦੋਹਾਂ ਹੋਣਹਾਰ ਕਵੀਆਂ ਨੂੰ ਅੱਗੇ ਪਿੱਛੇ ਸ਼ਰਾਬ ਨੇ ਪੀ ਲਿਆ। ਹੁਣ ਉਨ੍ਹਾਂ ਦੀਆਂ ਯਾਦਾਂ ਹੀ ਬਾਕੀ ਹਨ ਜੋ ਬਰਸੀਆਂ ਮੌਕੇ ਯਾਦ ਆਉਂਦੀਆਂ ਹਨ।
ਬਲਵੰਤ ਗਾਰਗੀ ਸ਼ਿਵ ਬਟਾਲਵੀ ਨੂੰ ‘ਕੌਡੀਆਂ ਵਾਲਾ ਸੱਪ’ ਕਹਿੰਦਾ ਸੀ। ਉਸ ਨੇ ਲਿਖਿਆ ਹੈ, “ਸ਼ਿਵ ਬਟਾਲਵੀ ਨਾਲ ਮੇਰਾ ਠੇਕਾ ਸੀ। ਜਦੋਂ ਮੈਂ ਚੰਡੀਗੜ੍ਹ ਤੋਂ ਦਿੱਲੀ ਆਪਣੀ ਕਾਰ ਵਿਚ ਜਾਂਦਾ ਤਾਂ ਉਸ ਨੂੰ ਨਾਲ ਚੱਲਣ ਲਈ ਆਖਦਾ। ਰਸਤੇ ਵਿਚ ਬੀਅਰ ਦੀਆਂ ਦੋ ਬੋਤਲਾਂ, ਭੁੰਨਿਆ ਹੋਇਆ ਮੁਰਗਾ ਤੇ ਤੀਹ ਰੁਪਏ ਨਕਦæææ। ਉਂਜ ਸ਼ਿਵ ਨੂੰ ਨਾ ਸ਼ਰਾਬ ਪਿਆਉਣ ਵਾਲਿਆਂ ਦਾ ਘਾਟਾ ਸੀ, ਨਾ ਮੁਰਗਾ ਖੁਆਉਣ ਵਾਲਿਆਂ ਦਾ। ਦਰਅਸਲ ਉਹਦੇ ਬਾਰੇ ਇਹ ਗੱਲ ਵੀ ਗਲਤ ਧੁੰਮੀ ਹੋਈ ਸੀ ਕਿ ਲੋਕ ਉਸ ਨੂੰ ਸ਼ਰਾਬ ਪਿਆਉਂਦੇ ਸਨ। ਉਸ ਕੋਲ ਜੇਬ ਵਿਚ ਜੇ ਇਕ ਹਜ਼ਾਰ ਹੁੰਦਾ ਤਾਂ ਉਹ ਦਿਨਾਂ ਵਿਚ ਹੀ ਦੋਸਤਾਂ ਨੂੰ ਸ਼ਰਾਬ ਪਿਆਉਣ ਤੇ ਖੁਆਣ ਉਤੇ ਖਰਚ ਦਿੰਦਾ। ਉਹ ਸ਼ਾਹੀ ਬੰਦਾ ਸੀ। ਉਸ ਵਿਚ ਆਪਣੇ ਆਪ ਨੂੰ ਉਜਾੜਨ ਦੀ ਬਹੁਤ ਸ਼ਕਤੀ ਸੀ।”
ਗਾਰਗੀ ਦੇ ਸ਼ਬਦਾਂ ਵਿਚ ਹੀ, “æææਸਟੇਜ ਦੇ ਪਿਛਾੜੀ ਸ਼ਰਾਬ ਦੀ ਛਬੀਲ ਲੱਗੀ ਹੋਈ ਸੀ। ਸ਼ਿਵ ਨੂੰ ਤੇ ਮੈਨੂੰ ਦੇਖਣ ਸਾਰ ਦੋ-ਤਿੰਨ ਕਰਮਚਾਰੀ ਅੱਗੇ ਵਧੇ, ਸੁਆਗਤੀ ਜੱਫੀਆਂ ਪਾਈਆਂ ਤੇ ਵਿਸਕੀ ਦੇ ਗਲਾਸ ਪੇਸ਼ ਕੀਤੇ। ਸ਼ਿਵ ਨੇ ਪੰਜ-ਸੱਤ ਘੁੱਟਾਂ ਵਿਚ ਗਲਾਸ ਖਾਲੀ ਕੀਤਾæææ। ਸ਼ਿਵ ਕਵੀ ਦਰਬਾਰ ‘ਚ ਪੁੱਜਾ ਤਾਂ ਸਾਰੇ ਹਾਲ ਵਿਚ ਲੂਹਰੀ ਦੌੜ ਗਈ। ਅੱਖਾਂ ਬੰਦ ਕਰ ਕੇ ਤੇ ਬਾਂਹ ਉਲਾਰ ਕੇ ਉਹ ਮਾਈਕ੍ਰੋਫੋਨ ਸਾਹਮਣੇ ਗੁਣ-ਗਣਾਇਆ। ਨਸ਼ੀਲੇ ਧੀਮੇ ਸੁਰ ਲਰਜ਼ੇ ਤੇ ਲੋਕਾਂ ਦੇ ਦਿਲਾਂ ਦੀਆਂ ਤਰਬਾਂ ਨੂੰ ਕਿਸੇ ਨੇ ਮਿਜ਼ਰਾਬ ਨਾਲ ਛੇੜਿਆ। ਯਕਦਮ ਉਸ ਦੀ ਆਵਾਜ਼ ਟੀਪ ਦੇ ਸੁਰਾਂ ਉਤੇ ਗੂੰਜੀæææ। ਹਾਲ ਵਿਚ ਸੱਨਾਟਾ ਸੀ। ਕਿਸੇ-ਕਿਸੇ ਵੇਲੇ ਹਲਕੀ ਜਿਹੀ ‘ਆਹ’ ਨਿਕਲਦੀ। ਫਿਰ ਟੂਣੇਹਾਰੀ ਮੁਗਧਤਾ। ਨਜ਼ਮ ਖ਼ਤਮ ਹੋਈ ਤਾਂ ਕੁੜੀਆਂ ਨੇ ਹਾਕਾਂ ਮਾਰੀਆਂ ‘ਕੀ ਪੁੱਛਦੇ ਓ ਹਾਲ ਫਕੀਰਾਂ ਦਾ।’ ਸ਼ਿਵ ਮੁਸਕਰਾਇਆ ਤੇ ਨਵਾਂ ਮੂਡ ਤਾਰੀ ਕਰਨ ਲਈ ਫਿਰ ਗੁਣ-ਗੁਣਾਇਆ। ਜਦੋਂ ਉਸ ਨੇ ਉਚੀ ਹੇਕ ਲਾ ਕੇ ਗਾਇਆ,
ਤਕਦੀਰ ਤਾਂ ਸਾਡੀ ਸੌਂਕਣ ਸੀ,
ਤਦਬੀਰਾਂ ਸਾਥੋਂ ਨਾ ਹੋਈਆਂ,
ਨਾ ਝੰਗ ਛੁੱਟਿਆ ਨਾ ਕੰਨ ਪਾਟੇ,
ਝੁੰਡ ਲੰਘ ਗਿਆ ਇੰਜ ਹੀਰਾਂ ਦਾ,
ਕੀ ਪੁੱਛਦੇ ਓ ਹਾਲ ਫਕੀਰਾਂ ਦਾæææ।
ਹਾਲ ਵਿਚ ਬੈਠੇ ਲੋਕ ਤੜਫ ਉਠੇ। ਕਾਲਜ ਦੀਆਂ ਕੁੜੀਆਂ ਦੇ ਸੀਨੇ ਵਿਚ ਹੂਕ ਉਠੀ। ਉਹ ਹੀਰਾਂ ਦਾ ਹੀ ਰੂਪ ਸਨ। ਜਵਾਨਾਂ ਦੇ ਸੀਨੇ ਵਿਚ ਸੱਪਾਂ ਨੇ ਡੰਗ ਮਾਰੇ ਕਿਉਂਕਿ ਉਹ ਸਾਰੇ ਅਜਿਹੇ ਰਾਂਝੇ ਸਨ ਜੋ ਕੰਨ ਨਹੀਂ ਸਨ ਪੜਵਾ ਸਕੇ।”
ਸ਼ਿਵ ਬਾਹਰ ਨਿਕਲਿਆ। ਉਸ ਨੇ ਇਕ ਕਰਮਚਾਰੀ ਨੂੰ ਆਖਿਆ, “ਕੁੱਤਿਓ, ਵਿਸਕੀ ਸਿਰਫ ਆਉਣ ਲੱਗਿਆਂ ਹੀ ਪਿਆਉਣੀ ਸੀ? ਗਲਾਸ ਲਿਆਓ।”
“ਨਵੇਂ ਸ਼ਾਇਰ, ਮਸ-ਫੁਟੇ ਸ਼ਾਇਰ, ਇਨਕਲਾਬੀ ਸ਼ਾਇਰ, ਪ੍ਰਯੋਗਵਾਦੀ ਸ਼ਾਇਰ ਉਸ ਦੇ ਖਿਲਾਫ ਬੋਲਦੇ। ਉਸ ਨੂੰ ਸਮਾਜੀ ਚੇਤਨਾ ਤੋਂ ਵਾਂਝਾ ਆਖਦੇ। ਭਲਾ ਅਜਿਹੀ ਕਵਿਤਾ ਦਾ ਕੀ ਮਤਲਬ, ਜਦੋਂ ਮੁਲਕ ਵਿਚ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੁੱਖ ਹੈ ਤੇ ਸ਼ਿਵ, ਚੰਦ ਸੂਰਜ ਤੇ ‘ਕੱਚੀ ਕੰਧ ਮਲੇ ਦੰਦਾਸਾ’ ਦੀਆਂ ਗੱਲਾਂ ਕਰਦਾ ਹੈ। ਉਹ ਸਮਾਜ ਤੋਂ ਕਟ ਗਿਆ ਹੈ।”
“ਪਰ ਸ਼ਿਵ ਸ਼ੋਹਲੇ ਵਾਂਗ ਮਚਦਾ ਰਿਹਾ ਤੇ ਰੋਸ਼ਨੀ ਸੁੱਟਦਾ ਰਿਹਾ। ਉਹ ਆਖਦਾ, ਸਾਰੀ ਪ੍ਰਕਿਰਤੀ ਇਕ-ਦੂਜੇ ਦੀ ਨਿੰਦਿਆ ਤੇ ਪ੍ਰਸ਼ੰਸਾ ਹੈ। ਸਾਡਾ ਜਨਮ ਹੀ ਨਿੰਦਿਆ ਤੇ ਪ੍ਰਸ਼ੰਸਾ ਦੇ ਸੰਭੋਗ ਤੋਂ ਹੁੰਦਾ ਹੈ। ਆਪਣੀ ਪੀੜ ਦੀ ਨਿੰਦਿਆ ਮੈਂ ਆਪਣੇ ਗੀਤਾਂ ਨਾਲ ਕੀਤੀ। ਤੇ ਮੇਰੇ ਗੀਤਾਂ ਦੀ ਨਿੰਦਿਆ ਲੋਕਾਂ ਨੇ ਕੀਤੀ। ਇਸ ਦਾ ਕਾਰਨ ਮੇਰੀ ਸ਼ੁਹਰਤ ਪ੍ਰਤੀ ਸਾੜੇ ਤੋਂ ਸਿਵਾ ਕੁਝ ਨਹੀਂ। ਸਾੜਾ ਹਮੇਸ਼ਾ ਘਟੀਆ ਨੂੰ ਵਧੀਆ ਨਾਲ ਹੁੰਦਾ ਹੈ।”
ਫਿਰ ਅਖਬਾਰ ਦੇ ਉਸ ਉਡੇ ਵਰਕੇ ਵੱਲ ਹੀ ਪਰਤਦਾਂ ਜੋ ਇਸ ਲਿਖਤ ਦਾ ਸਬੱਬ ਬਣਿਆ। ਉਸ ਉਤੇ ਬਲਬੀਰ ਸਿੰਘ ਮੋਮੀ ਦਾ ਲੇਖ ‘ਸ਼ਿਵ ਤੇ ਮੈਂ’ ਛਪਿਆ ਸੀ। ਉਸ ਨੇ ਲਿਖਿਆ ਕਿ ਸ਼ਿਵ 11 ਸਾਲ ਦਾ ਸੀ ਜਦੋਂ ਪਾਕਿਸਤਾਨ ਬਣਿਆ। ਉਹ ਸਿਆਲਕੋਟ ਦੇ ਪਿੰਡ ਲੋਹਟੀਆਂ ਤੋਂ ਉਜੜ ਕੇ ਬਟਾਲੇ ਆਇਆ। ਦਸ ਜਮਾਤਾਂ ਪੜ੍ਹ ਕੇ ਕਾਲਜ ਪੜ੍ਹਨ ਲੱਗਾ ਤਾਂ ਉਸ ਦੇ ਨਾਇਬ ਤਹਿਸੀਲਦਾਰ ਪਿਤਾ ਨੇ ਕਾਲਜੋਂ ਹਟਾ ਕੇ ਪਟਵਾਰੀ ਬਣਾ ਦਿੱਤਾ। ਉਸ ਦਾ ਇਸ਼ਕ ਬੈਜਨਾਥ ਦੇ ਮੇਲੇ ‘ਤੇ ਮਿਲੀ ਕੁੜੀ ਮੀਨਾ ਨਾਲ ਹੋਇਆ ਜੋ ਮਿਆਦੀ ਬੁਖ਼ਾਰ ਨਾਲ ਮਰ ਗਈ। ਉਹਦੀ ਯਾਦ ਵਿਚ ਕਵਿਤਾਵਾਂ ਲਿਖਦਾ ਉਹ ਸ਼ਾਇਰ ਬਣ ਗਿਆ। ਇਕ ਹੋਰ ਕੁੜੀ ਨਾਲ ਇਸ਼ਕ ਹੋਇਆ ਤਾਂ ਉਹ ਇੰਗਲੈਂਡ ਉਡਾਰੀ ਮਾਰ ਗਈ ਜਿਸ ਨੂੰ ਉਸ ਨੇ ‘ਇਕ ਸ਼ਿਕਰਾ ਯਾਰ ਬਣਾਇਆ’ ਕਿਹਾ।
ਸ਼ਿਵ ਦਾ ਵਿਆਹ 5 ਫਰਵਰੀ 1967 ਨੂੰ ਅਰੁਣਾ ਨਾਲ ਹੋਇਆ ਸੀ ਜਿਸ ਦੀ ਕੁੱਖੋਂ ਧੀ ਪੂਜਾ ਤੇ ਪੁੱਤਰ ਮਿਹਰਬਾਨ ਪੈਦਾ ਹੋਏ। ਅਰੁਣਾ ਲਾਇਬ੍ਰੇਰੀਅਨ ਦੀ ਨੌਕਰੀ ਤੋਂ ਰਿਟਾਇਰ ਹੋ ਚੁੱਕੀ ਹੈ। ਸ਼ਿਵ ਦੀ ਯਾਦ ਵਿਚ ਬਟਾਲੇ ਆਡੀਟੋਰੀਅਮ ਬਣਿਆ ਹੋਇਐ। ਉਸ ਦੀਆਂ ਕਿਤਾਬਾਂ ਅੱਜ ਵੀ ਵਿਕਦੀਆਂ ਜਿਵੇਂ ਵਾਰਸ ਦੀ ਹੀਰ ਵਿਕਦੀ ਹੈ। ਵਾਰਸ ਸ਼ਾਹ ਤੋਂ ਬਾਅਦ ਪੰਜਾਬੀ ਵਿਚ ਸ਼ਿਵ ਸਭ ਤੋਂ ਵੱਧ ਮਕਬੂਲ ਹੋਇਆ। ਇਥੋਂ ਤਕ ਕਿ ਵਧੀਆ ਕਵੀ ਪਾਸ਼ ਤੇ ਪਾਤਰ ਵੀ ਪਿੱਛੇ ਹਨ। ਸ਼ਿਵ ਸੋਗ ਤੇ ਬਿਰਹਾ ਦਾ ਚੈਂਪੀਅਨ ਸੀ। ਉਹਦੀ ਕਵਿਤਾ ਵਿਚ ਕਫ਼ਨ, ਮੌਤ, ਗ਼ਮ, ਉਜਾੜ, ਮੋਏ ਮਿੱਤਰ, ਹਿਜਰ, ਹੰਝੂ, ਕਲੇਜਾ, ਅਰਥੀ, ਕਬਰਾਂ ਤੇ ਸਿਵਿਆਂ ਵਰਗੇ ਸ਼ਬਦ ਵਾਰ-ਵਾਰ ਆਉਂਦੇ ਸਨ।
ਗਾਰਗੀ ਨੇ ਲਿਖਿਆ, ਸ਼ਰਾਬ ਨਾਲ ਭੰਨੇ ਸ਼ਿਵ ਦੇ ਅੰਤਲੇ ਦਿਨ ਉਸ ਦੇ ਸਹੁਰੇ ਘਰ ਬੀਤੇ। ਉਸ ਨੂੰ ਰਾਤ ਨੂੰ ਨੀਂਦ ਨਾ ਆਉਂਦੀ। ਕਈ ਵਾਰ ਉਹ ਮੌਤ ਨੂੰ ਹਾਕਾਂ ਮਾਰਦਾ ਤੇ ਰੋਂਦਾ, “ਮੈਂ ਇਕੱਲਾ ਹਾਂ ਲੋਕੋ! ਮੈਂ ਇਕੱਲਾ ਰਹਿ ਗਿਆ। ਕਿਥੇ ਨੇ ਮੇਰੇ ਯਾਰ?” ਦੂਰ ਖੇਤਾਂ ਵਿਚ ਗਿੱਦੜ ਰੋਂਦੇ ਤੇ ਭਾਂ-ਭਾਂ ਕਰਦੀ ਰਾਤ ਵਿਚ ਸ਼ਿਵ ਦੀਆਂ ਹਾਕਾਂ ਗੁਆਚ ਜਾਂਦੀਆਂ।
ਆਖ਼ਰ 6 ਮਈ 1973 ਦੀ ਰਾਤ ਨੂੰ ਸ਼ਿਵ ਦੀ ਕੂਕਦੀ ਰੂਹ ਸ਼ਾਂਤ ਹੋਈ।
Leave a Reply