ਫਿਰੋਜ਼ਪੁਰ: ਆਜ਼ਾਦੀ ਦੀ ਲੜਾਈ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸ਼ਹੀਦ ਊਧਮ ਸਿੰਘ ਦਾ ਪਾਸਪੋਰਟ ਪੰਜਾਬ ਸਰਕਾਰ ਨੇ ਰੱਦ ਕਰਵਾਇਆ ਸੀ। ਇਸ ਦਾ ਖੁਲਾਸਾ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ 11 ਅਪਰੈਲ, 1940 ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਲਿਖੇ ਪੱਤਰ (1999ਪੀæਈæ-40/1803) ਤੋਂ ਹੋਇਆ ਹੈ। ਇਸ ਪੱਤਰ ਦੇ ਜਵਾਬ ਵਿਚ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਵਿਚ ਊਧਮ ਸਿੰਘ ਦਾ ਪਾਸਪੋਰਟ ਰੱਦ ਕਰਨ ਲਈ ਕੀਤੀ ਗਈ ਕਾਰਵਾਈ ਦੀ ਪੁਸ਼ਟੀ ਵੀ ਕੀਤੀ ਹੈ।
ਇਸ ਬਾਰੇ ਲਿਖੇ ਚਾਰ ਪੱਤਰ ਸ਼ਹੀਦ ਊਧਮ ਸਿੰਘ ਦੇ ਜੀਵਨਕਾਲ ‘ਤੇ ਕਿਤਾਬ ‘ਭਾਰਤ ਦੀ ਆਜ਼ਾਦੀ ਦੀ ਸ਼ਮਾਂ ਦਾ ਪਰਵਾਨਾ ਮਹਾਨ ਗਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ’ ਤੇ ਇਕ ਨਾਟਕ ‘ਇਨਕਲਾਬ, ਇਨਕਲਾਬ, ਇਨਕਲਾਬ’ ਲਿਖਣ ਵਾਲੇ ਲੇਖਕ ਰਾਕੇਸ਼ ਕੁਮਾਰ ਨੇ ਦਿੱਲੀ ਸਥਿਤ ਭਾਰਤ ਸਰਕਾਰ ਦੇ ਅਧੀਨ ਆਉਂਦੇ ਵਿਭਾਗ ਤੋਂ ਪ੍ਰਾਪਤ ਕੀਤੇ ਹਨ। ਰੇਲ ਵਿਭਾਗ ਫਿਰੋਜ਼ਪੁਰ ਵਿਚ ਤਾਇਨਾਤ ਰਾਕੇਸ਼ ਕੁਮਾਰ ਕੋਲ ਇਸ ਬਾਰੇ ਸਾਰੇ ਦਸਤਾਵੇਜ਼ ਮੌਜੂਦ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਲੰਡਨ ਵਿਚ ਹੋਏ ਕੈਕਸਟਨ ਕਤਲ ਕਾਂਡ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਸੀ।
ਰਾਕੇਸ਼ ਮੁਤਾਬਕ ਭਾਰਤ ਸਰਕਾਰ ਨੇ ਸ਼ਹੀਦ ਊਧਮ ਸਿੰਘ ਦਾ ਪਾਸਪੋਰਟ ਰੱਦ ਕਰਵਾਉਣ ਲਈ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਲੰਡਨ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਸੀ। ਇਹ ਗੱਲ ਵੀ ਸਾਹਮਣੇ ਆਈ ਕਿ ਉਸ ਸਮੇਂ ਕਈ ਦੇਸ਼ਾਂ ਵਿਚ ਗ਼ਦਰ ਲਹਿਰ ਚੱਲ ਰਹੀ ਸੀ। ਊਧਮ ਸਿੰਘ ਇਨ੍ਹਾਂ ਦੇਸ਼ਾਂ ਵਿਚ ਜਾਣਾ ਚਾਹੁੰਦੇ ਸਨ ਪਰ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿਚ ਜਾਣ ਲਈ ਪਾਸਪੋਰਟ ਜਾਰੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।
ਊਧਮ ਸਿੰਘ 30 ਅਪਰੈਲ, 1927 ਨੂੰ ਅ੍ਰੰਮਿਤਸਰ ਵਿਚ ਫੜੇ ਗਏ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਕੁਝ ਹਥਿਆਰ ਤੇ ਗਦਰ ਪਾਰਟੀ ਨਾਲ ਸਬੰਧਤ ਦਸਤਾਵੇਜ਼ ਵੀ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਮਕਸਦ ਅੰਗਰੇਜ਼ਾਂ ਨੂੰ ਮਾਰਨਾ ਤੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਇਸ ਕੇਸ ਵਿਚ ਉਨ੍ਹਾਂ ਨੂੰ ਪੰਜ ਸਾਲ ਦੀ ਕੈਦ ਹੋਈ ਸੀ। ਸਜ਼ਾ ਕੱਟਣ ਤੋਂ ਬਾਅਦ ਊਧਮ ਸਿੰਘ ਜਦੋਂ ਰਿਹਾਅ ਹੋਏ ਤਾਂ ਉਨ੍ਹਾਂ ਨਵਾਂ ਪਾਸਪੋਰਟ ਜਾਰੀ ਕਰਨ ਦੀ ਅਪੀਲ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਗਦਰ ਲਹਿਰ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਜਾਣ ਤੋਂ ਰੋਕ ਦਿੱਤਾ। ਪੁਲਿਸ ਰਿਕਾਰਡ ਦੇ ਮੁਤਾਬਕ ਊਧਮ ਸਿੰਘ ਨੂੰ ਉਦੈ ਸਿੰਘ, ਸ਼ੇਰ ਸਿੰਘ ਫਰੈਂਕ ਬਰਾਜ਼ੀਲ ਤੇ ਮੁਹੰਮਦ ਆਜ਼ਾਦ ਸਿੰਘ ਤੋਂ ਇਲਾਵਾ ਦਸ ਨਾਂਵਾਂ ਨਾਲ ਜਾਣਿਆ ਜਾਂਦਾ ਸੀ।
ਊਧਮ ਸਿੰਘ ਨੇ ਇਸ ਤੋਂ ਪਹਿਲਾਂ ਆਪਣਾ ਪਾਸਪੋਰਟ ਉਦੈ ਸਿੰਘ ਦੇ ਨਾਂ ਨਾਲ ਜਾਰੀ ਕਰਵਾਇਆ। 20 ਮਾਰਚ, 1933 ਨੂੰ ਉਹ ਆਪਣਾ ਨਵਾਂ ਪਾਸਪੋਰਟ (ਨੰਬਰ 52753) ਊਧਮ ਸਿੰਘ ਦੇ ਨਾਂ ਤੇ ਬਣਵਾਉਣ ਵਿਚ ਕਾਮਯਾਬ ਹੋ ਗਏ ਤੇ ਉਸ ਦੇ ਜ਼ਰੀਏ ਲੰਡਨ ਪਹੁੰਚ ਗਏ। ਪਾਸਪੋਰਟ ਬਣਵਾਉਣ ਲਈ ਉਨ੍ਹਾਂ ਖੁਦ ਨੂੰ ਵਪਾਰੀ ਦੱਸਿਆ। ਲੰਡਨ ਦੇ ਕੈਕਸਟਨ ਹਾਲ ਵਿਚ 13 ਮਾਰਚ, 1940 ਨੂੰ ਉਨ੍ਹਾਂ ਚਾਰ ਅੰਗਰੇਜ਼ ਅਫ਼ਸਰਾਂ ‘ਤੇ 6 ਗੋਲੀਆਂ ਚਲਾਈਆਂ ਜਿਸ ਵਿਚੋਂ ਦੋ ਮਾਈਕਲ ਅਡਵਾਇਰ, ਦੋ ਗੋਲੀਆਂ ਜੈਟ ਲੈਂਡ ਤੇ ਇਕ-ਇਕ ਗੋਲੀ ਲੁਈਜ਼ ਡੇਨ ਤੇ ਲਾਰਡ ਲੈਮਿੰਟਨ ਨਾਂ ਦੇ ਅਫ਼ਸਰਾਂ ਨੂੰ ਵੱਜੀ।
ਮਾਈਕਲ ਅਡਵਾਇਰ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਤਿੰਨ ਅਫ਼ਸਰ ਗੰਭੀਰ ਜ਼ਖ਼ਮੀ ਹੋ ਗਏ। ਇਹ ਚਾਰੋਂ ਅਫ਼ਸਰ ਭਾਰਤ ਵਿਚ ਗਵਰਨਰ ਰਹਿ ਚੁੱਕੇ ਸਨ ਤੇ ਭਾਰਤ ਦੀ ਆਜ਼ਾਦੀ ਦੇ ਖਿਲਾਫ਼ ਸਨ। ਇਸ ਦੌਰਾਨ ਊਧਮ ਸਿੰਘ ਨੂੰ ਉਥੇ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਉਨ੍ਹਾਂ ਨੇ ਕਈ ਅਹਿਮ ਦਸਤਾਵੇਜ਼ ਨਸ਼ਟ ਕਰ ਦਿੱਤੇ ਸਨ। ਫੜੇ ਜਾਣ ਮਗਰੋਂ ਉਨ੍ਹਾਂ ਲੰਡਨ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਪਾਸਪੋਰਟ ਕਿਧਰੇ ਗੁੰਮ ਹੋ ਗਿਆ ਹੈ ਜਿਸ ਨੂੰ ਰੱਦ ਕਰਨ ਲਈ ਲੰਡਨ ਪੁਲਿਸ ਨੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਸੀ।
Leave a Reply