ਹਨੇਰੇ ਵਿਚ ਚਾਨਣ ਵੰਡਦੀਆਂ ਸੰਗੀਤ ਨਾਟਕ ਪੇਸ਼ਕਾਰੀਆਂ

ਗੁਲਜ਼ਾਰ ਸਿੰਘ ਸੰਧੂ
ਮੇਰੀ ਏਸ ਵਾਰੀ ਦੀ ਲੁਧਿਆਣਾ ਫੇਰੀ ਸਾਹਿਤਕ ਤੇ ਰੰਗ-ਮੰਚ ਸੰਸਥਾਵਾਂ ਦੇ ਵਡਮੁੱਲੇ ਯੋਗਦਾਨ ਨੂੰ ਨਿਤਾਰਨ ਦੇ ਪੱਖ ਤੋਂ ਬੜੀ ਮਹੱਤਵਪੂਰਨ ਰਹੀ। ਜਿੱਥੇ ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਵਿਚ ਡਾæ ਸੁਖਦੇਵ ਸਿੰਘ ਸਿਰਸਾ ਦੀ ਟੀਮ ਨੇ ਚਹੁੰ-ਕੂੰਟੀ ਪ੍ਰਭਾਵੀ ਜਿੱਤ ਪ੍ਰਾਪਤ ਕੀਤੀ, ਉਥੇ ਤਿੰਨ ਦਿਨ ਪਹਿਲਾਂ ਕੌਮਾਂਤਰੀ ਮਜ਼ਦੂਰ ਦਿਵਸ (ਪਹਿਲੀ ਮਈ) ਨੂੰ ਸਮਰਪਿਤ ਪਲਸ ਮੰਚ ਦੀ ਰਾਤ ਭਰ ਚੱਲੇ ਪ੍ਰੋਗਰਾਮਾਂ ਦੀ ਸ਼ਾਮ ਲੁਧਿਆਣਾ ਵਾਸੀਆਂ ਦੀ ਜ਼ੁਬਾਨ ਉਤੇ ਸੀ। ਵੋਟਾਂ ਪਾ ਕੇ ਵਿਹਲੇ ਹੋਏ ਮਈ ਦਿਵਸ ਦੇ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਚਾਨਣ ਦਾ ਛੱਟਾ ਦਿੰਦੇ ਨਾਟਕਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਇਹ ਵਰ੍ਹਾ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦਾ 32ਵਾਂ ਵਰ੍ਹਾ ਹੀ ਨਹੀਂ ਕਾਮਾ ਗਾਟਾ ਮਾਰੂ ਵਾਰਦਾਤ ਦਾ ਸ਼ਤਾਬਦੀ ਵਰ੍ਹਾ ਵੀ ਹੈ। ਰਾਤ ਭਰ ਚਲੇ ਸਮਾਗਮ ਨੂੰ ਚੇਤੇ ਕਰਦਿਆਂ ਕੋਈ ਸਾਹਬ ਸਿੰਘ ਦੇ ਨਾਟਕ Ḕਯੁੱਧ ਤੇ ਬੁੱਧḔ ਦੇ ਕਿਸੇ ਦ੍ਰਿਸ਼ ਦੀ ਗੱਲ ਕਰ ਰਿਹਾ ਸੀ, ਕੋਈ ਯੁਵਾ ਥੀਏਟਰ ਜਲੰਧਰ ਵਲੋਂ ਖੇਲੇ ਮਹਿਲਾ ਸੁਸ਼ਕਤੀਕਰਨ ਨੂੰ ਪ੍ਰਣਾਏ ਕਟਾਖਸ਼ Ḕਮਿਊਜ਼ੀਅਮḔ ਦੀ। ਅਮੋਲਕ ਸਿੰਘ ਵਲੋਂ ਪੇਸ਼ ਕੀਤੇ Ḕਅਜਨਾਲਾ ਦੇ ਸ਼ਹੀਦੀ ਖੂਹ ਦੀ ਆਵਾਜ਼Ḕ ਸੰਗੀਤ ਮਈ ਹੋਣ ਕਾਰਨ ਵਧੇਰੇ ਸਰਾਹੀ ਜਾ ਰਹੀ ਸੀ। ਇਸ ਦੀ ਪੇਸ਼ਕਾਰੀ ਤਰਕਸ਼ੀਲ ਭਵਨ-ਬਰਨਾਲਾ ਵਿਖੇ ਰਚਾਈ ਉਸ ਵਰਕਸ਼ਾਪ ਦੀ ਉਪਜ ਸੀ ਜਿਸ ਵਿਚ ਲੁਧਿਆਣਾ, ਪਟਿਆਲਾ, ਜਲੰਧਰ ਤੇ ਬਰਨਾਲਾ ਦੀਆਂ ਅੱਧੀ ਦਰਜਨ ਸੰਸਥਾਵਾਂ ਤੇ ਵਿਸ਼ਵ ਵਿਦਿਆਲਿਆ ਦੇ ਮੁੰਡੇ-ਕੁੜੀਆਂ ਨੇ ਹਿੱਸਾ ਲਿਆ ਸੀ। ਇਸ ਦਾ ਭਾਵ ਇਹ ਨਹੀਂ ਕਿ ਕੁਲਵਿੰਦਰ ਖਹਿਰਾ ਦੀ Ḕਪਰਬਤੋਂ ਭਾਰੀ ਮੌਤḔ, ਡਾæ ਜਤਿੰਦਰ ਬਰਾੜ ਦੀ Ḕਚੰਨ ਚਮਕੌਰḔ ਤੇ ਨਿਰਮਲ ਧਾਲੀਵਾਲ ਦੀ ḔਪਾਏਦਾਨḔ ਸਾਹਿਤ ਅਕਾਡਮੀ ਦੀਆਂ ਚੋਣਾਂ ਦੇ ਰੌਲੇ ਰੱਪੇ ਵਿਚ ਗੁਆਚ ਗਈਆਂ ਸਨ। Ḕਸ਼ਹੀਦੀ ਖੂਹ ਦੀ ਆਵਾਜ਼Ḕ ਬੁਲੰਦ ਹੋਣ ਦੇ ਰਾਜਨੀਤਕ ਕਾਰਨ ਸਨ, ਖਾਸ ਕਰਕੇ ਗਦਰ ਸ਼ਤਾਬਦੀ ਨੂੰ ਸਮਰਪਿਤ ਸ਼ਤਾਬਦੀ ਤੇ 1857 ਦੀ ਜਦੋ-ਜਹਿਦ ਦੇ ਪਿਛੋਕੜ ਵਿਚ। 1857 ਦੇ ਗਦਰ ਸਮੇਂ ਇਸ ਖੂਹ ਵਿਚ ਸੈਂਕੜੇ ਪੰਜਾਬੀਆਂ ਨੂੰ ਜੀਵਤ ਜਾਂ ਮੋਇਆਂ ਸੁੱਟ ਕੇ ਗੋਰੀ ਸਰਕਾਰ ਨੇ ਬਹੁਤ ਵੱਡਾ ਜ਼ੁਲਮ ਕੀਤਾ ਸੀ।
ਉਂਜ ਬਹੁਤਾ ਵਰਣਨ ਬਲਰਾਜ ਸਾਹਨੀ ਮੰਚ ਦੇ ਖੁਲ੍ਹੇ ਵਿਹੜੇ ਵਿਚ ਆਏ ਤੇ ਰਾਤ ਭਰ ਜਾਗੇ ਉਨ੍ਹਾਂ ਦਰਸ਼ਕਾਂ/ਸਰੋਤਿਆਂ ਦੇ ਹੜ੍ਹ ਦਾ ਹੋ ਰਿਹਾ ਸੀ ਜਿਸ ਵਿਚ ਯੁਵਕ ਯੁਵਤੀਆਂ ਹੀ ਨਹੀਂ ਦੂਰ ਦੂਰ ਤੋਂ ਆਈਆਂ ਮਹਿਲਾਵਾਂ, ਬੱਚੇ ਤੇ ਬੁੱਢੇ ਵੀ ਸ਼ਾਮਲ ਸਨ। ਤੋੜਾ ਤੋੜਨ ਵਾਲੀ ਕਿਸੇ ਦੀ ਇਹ ਟਿੱਪਣੀ ਸੀ, Ḕਕੌਣ ਕਹਿੰਦਾ ਹੈ ਕਿ ਸਾਡੇ ਲੋਕ ਅਸ਼ਲੀਲ ਗੀਤਾਂ ਦੇ ਹੀ ਸ਼ੌਕੀਨ ਹਨ। ਬੱਸ ਵਿਸ਼ੇ ਤੇ ਪੇਸ਼ਕਾਰੀ ਵਿਚ ਜਾਨ ਹੋਣੀ ਚਾਹੀਦੀ ਹੈ।Ḕ ਚੰਡੀਗੜ੍ਹ ਤੋਂ ਸ਼ਿਰਕਤ ਕਰਨ ਵਾਲੇ ਤਾਂ ਸਾਹਬ ਸਿੰਘ ਦੇ Ḕਇਕ ਗਦਰ ਹੋਰḔ ਤੇ ਨੀਲਮ ਮਾਨ ਸਿੰਘ ਦੇ ḔਲਾਈਸੈਂਸḔ ਦੀ ਗੱਲ ਵੀ ਕਰ ਗਏ। ਪਹਿਲਾ ਨਾਟਕ ਉਸੇ ਸ਼ਾਮ ਪੰਜਾਬ ਕਲਾ ਭਵਨ-ਚੰਡੀਗੜ੍ਹ ਦੇ ਵਿਹੜੇ ਦਿਖਾਇਆ ਜਾਣਾ ਸੀ ਤੇ ਦੂਜਾ ਪਹਿਲੀ ਮਈ ਤੋਂ ਰੌਕ ਗਾਰਡਨ ਦੇ ਖੁੱਲ੍ਹੇ ਮੰਚ ਵਿਚ ਹਰ ਰੋਜ਼ ਦਿਖਾਇਆ ਜਾ ਰਿਹਾ ਸੀ।
ਇਸ ਤਰ੍ਹਾਂ ਚਾਨਣ ਦੀ ਇਹ ਯਾਤਰਾ ਮੇਰੇ ਨਾਲ ਲੁਧਿਆਣਾ ਤੋਂ ਚਲ ਕੇ ਚੰਡੀਗੜ੍ਹ ਤੱਕ ਆਈ। ਉਸ ਸ਼ਾਮ ਸਾਹਬ ਸਿੰਘ ਦਾ ਨਾਟਕ Ḕਇਕ ਗਦਰ ਹੋਰḔ ਮਲਟੀ ਨੈਸ਼ਨਲ ਕੰਪਨੀਆਂ ਨੂੰ ਫਿਟਕਾਰਾਂ ਪਾਉਣ ਵਾਲਾ ਸੀ, ਤੇ ḔਲਾਈਸੈਂਸḔ ਮੰਟੋ ਦੀ ਕਹਾਣੀ ਨੂੰ ਨੀਲਮ ਮਾਨ ਸਿੰਘ ਦੀ ਪੇਸ਼ਕਾਰੀ ਦੁਆਰਾ ਇਕ ਸਵੈਵਿਸ਼ਵਾਸੀ ਮਹਿਲਾ ਦਾ ਪੁਲਿਸ ਦੇ ਅੱਖੀਂ ਘੱਟਾ ਪਾ ਕੇ ਤਾਂਗਾ ਚਲਾਉਣ ਵਿਚ ਸਫਲਤਾ ਦਰਸਾਉਣ ਵਾਲਾ। ਇਸ ਨਾਟਕ ਵਿਚ ਰਮਨਜੀਤ ਕੌਰ ਦੀ ਅਦਾਕਾਰੀ ਕਹਿੰਦੀਆਂ ਕਹਾਉਂਦੀਆਂ ਅਭਿਨੇਤਰੀਆਂ ਨੂੰ ਮਾਤ ਪਾਉਣ ਵਾਲੀ ਹੈ। ਇਸ ਤਰ੍ਹਾਂ ਚਾਨਣ ਵੰਡਣ ਵਾਲਿਆਂ ਨੂੰ ਸਾਡਾ ਸਲਾਮ!
ਗੁਰੂ ਨਾਨਕ ਮਿਸ਼ਨ ਟਰਸੱਟ ਤੇ ਸਿਹਤ ਸਹੂਲਤਾਂ: ਗੁਰੂ ਨਾਨਕ ਮਿਸ਼ਨ ਹਸਪਤਾਲ-ਜਲੰਧਰ ਦੀ ਸਥਾਪਨਾ ਤੋਂ ਪਿੱਛੋਂ ਦੋ ਦਹਾਕਿਆਂ ਦੇ ਸਮੇਂ ਵਿਚ ਇਸ ਹੀ ਨਾਂ ਦੇ ਤਿੰਨ ਅਦਾਰੇ ਦੁਆਬਾ ਖੇਤਰ ਵਿਚ ਹੋਰ ਖੁਲ੍ਹ ਚੁੱਕੇ ਹਨ। ਨਵਾਂ ਸ਼ਹਿਰ ਤੇ ਗੜ੍ਹਸ਼ੰਕਰ ਦੇ ਏਧਰ-ਓਧਰ (1) ਔੜ ਉੜਾਪੜ (2) ਢਾਹਾਂ ਕਲੇਰਾਂ ਤੇ (3) ਨਵਾਂਗਰਾਂ ਕੁੱਲਪੁਰ। 100 ਬਿਸਤਰਿਆਂ ਦੇ ਟੀਚੇ ਵਾਲਾ ਆਖਰੀ ਹਸਪਤਾਲ ਗੜ੍ਹਸ਼ੰਕਰ ਤੋਂ ਅਨੰਦਪੁਰ ਸਾਹਬ ਵਾਲੀ ਸੜਕ ਉਤੇ ਹੈ। ਇਸ ਨੂੰ ਸਥਾਪਤ ਕਰਨ ਵਾਲਾ ਬਾਬਾ ਬੁੱਧ ਸਿੰਘ ਢਾਹਾਂ ਇਸ ਤੋਂ ਪਹਿਲਾਂ ਆਪਣੇ ਜੱਦੀ ਪਿੰਡ ਵਿਚ ਇਕ ਸਫਲ ਵਿਦਿਅਕ ਤੇ ਚਿਕਿਤਸਕ ਸੰਸਥਾ ਸਥਾਪਤ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਨਵਾਂ ਗਰਾਂ ਦੇ ਮਾਸਟਰ ਬਲਬੀਰ ਸਿੰਘ ਬੈਂਸ ਤੇ ਮਹਿੰਦਰ ਸਿੰਘ ਭਾਟੀਆ ਨੇ ਪ੍ਰੇਰ ਕੇ ਆਪਣੇ ਵਿਹੜੇ ਲਿਆ ਬਿਠਾਇਆ ਹੈ। ਬੁੱਧ ਸਿੰਘ ਨਾਲ ਉਨ੍ਹਾਂ ਦਾ ਹੱਥ ਵਟਾਉਣ ਲਈ ਢਾਹਾਂ ਵਾਲੀ ਸੰਸਥਾ ਵਿਚੋਂ ਸੁਸ਼ੀਲ ਕੌਰ ਤੇ ਰਘਬੀਰ ਸਿੰਘ ਹੀ ਤੁਰੇ, ਜਿਨ੍ਹਾਂ ਨੂੰ ਬੁੱਧ ਸਿੰਘ ਦੋ ਹੀਰੇ ਕਹਿੰਦਾ ਹੈ। ਉਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਨਵੇਂ ਅਦਾਰੇ ਲਈ ਜ਼ਮੀਨ ਦੀ ਨਿਸ਼ਾਨ ਦੇਹੀ ਤੋਂ ਬਿਨਾਂ ਅਰੰਭਕ ਅਮਲਾ ਲਭਣ ਵਿਚ ਵੀ ਸ੍ਰੀ ਬੈਂਸ ਤੇ ਸ੍ਰੀ ਭਾਟੀਆ ਦਾ ਰਸੂਖ ਵਰਤ ਕੇ ਇਕ ਵਧੀਆ ਸੰਸਥਾ ਚਾਲੂ ਵੀ ਕਰ ਲਈ ਹੈ।
ਮੇਰੀ ਜੀਵਨ ਸਾਥਣ ਡਾਕਟਰ ਹੈ। ਮੇਰਾ ਜੱਦੀ ਪਿੰਡ ਵੀ ਨੇੜੇ ਹੀ ਪੈਂਦਾ ਹੈ। ਅਸੀਂ ਦੋਵੇਂ ਬੁੱਧ ਸਿੰਘ ਵਾਲੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਾਂ। ਆਪਣੀ ਸੱਜਰੀ ਫੇਰੀ ਸਮੇਂ ਨਵਾਂ ਗਰਾਂ ਵਾਲੀ ਸੰਸਥਾ ਵਿਚ ਦਾਖਲ ਮਰੀਜ਼ਾਂ ਨੂੰ ਦੇਖ ਕੇ ਮਹਿੰਦਰ ਸਿੰਘ ਭਾਟੀਆ ਨੂੰ ਮਿਲ ਕੇ ਇਹ ਵੀ ਤਸੱਲੀ ਹੋਈ ਕਿ 100 ਬਿਸਤਰਿਆਂ ਵਾਲਾ ਟੀਚਾ ਛੇਤੀ ਹੀ ਪੂਰਾ ਹੋ ਜਾਵੇਗਾ। ਇਸ ਖੇਤਰ ਦੇ ਵਸਨੀਕ ਬਾਬਾ ਬੁੱਧ ਸਿੰਘ ਤੇ ਉਨ੍ਹਾਂ ਦੇ ਦੋਵਾਂ ਪੈਰੋਕਾਰਾਂ ਨੂੰ ਹੱਥੀਂ ਛਾਂਵਾਂ ਕਰ ਰਹੇ ਹਨ। ਜਿਸ ਤੇਜ਼ੀ ਨਾਲ ਇਹ ਨਵੀਂ ਸੰਸਥਾ ਹੋਂਦ ਵਿਚ ਆ ਰਹੀ ਹੈ, ਬਾਬਾ ਬੁੱਧ ਸਿੰਘ ਦੇ ਕੰਢੀ ਖੇਤਰ ਲਈ ਕੀਤੇ ਇਸ ਉਦਮ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।
ਅੰਤਿਕਾ: (ਬਰਕਤ ਰਾਮ ਯੁਮਨ)
ਤੁਹਾਡੇ ਆਉਣ ਤੇ ਬਿਰਹਾ ਦੇ ਭਾਂਬੜ ਹੋਰ ਵੀ ਭੜਕੇ,
ਸੱਜਣ ਦੇ ਸ਼ਹਿਰ ਵਿਚੋਂ ਹੋ ਕੇ ਆਇਓ ਠੰਡੀਓ ਵਾਓ।
ਤੁਹਾਡੇ ਹੰਝੂਆਂ ਦਾ ਅੱਖੀਓ ਕਿੰਜ ਮੁੱਲ ਪੈ ਸਕਦੈ,
ਖੁੱਲ੍ਹੇ ਬਾਜ਼ਾਰ ਇਨ੍ਹਾਂ ਮੋਤੀਆਂ ਦਾ ਢੇਰ ਨਾ ਲਾਓ।
ਮਿਲਣ ਵਾਲੇ ਤਾਂ ਅੜੀਓ ਅੰਤਲੇ ਦਮ ਵੀ ਨੇ ਮਿਲ ਪੈਂਦੇ,
ਅਜੇ ਮਾਯੂਸ ਨਾ ਹੋਵੋ, ਨੀ ਡਾਵਾਂ-ਡੋਲ ਆਸਾਓ।

Be the first to comment

Leave a Reply

Your email address will not be published.