ਨਵੀਂ ਦਿੱਲੀ (ਬਿਊਰੋ): ਵਰਲਡ ਕਬੱਡੀ ਲੀਗ ਦਾ ਐਲਾਨ ਕਰ ਦਿੱਤਾ ਗਿਆ ਹੈ। ਲੀਗ ਦਾ ਉਦਘਾਟਨ ਨਵੀਂ ਦਿੱਲੀ ਦੇ ਤਿਆਗਰਾਜ ਸਪੋਰਟਸ ਕੰਪਲੈਕਸ ਵਿਖੇ ਮੱਧ-ਜੂਨ 2014 ਨੂੰ ਹੋਵੇਗਾ ਅਤੇ ਅਗਸਤ ਵਿਚ ਬਾਕਾਇਦਾ ਮੈਚ ਸ਼ੁਰੂ ਹੋ ਜਾਣਗੇ। ਇਹ ਐਲਾਨ ਵਰਲਡ ਕੱਬਡੀ ਲੀਗ ਦੇ ਚੇਅਰਮੈਨ ਸੁਖਬੀਰ ਸਿੰਘ ਬਾਦਲ ਅਤੇ ਕਮਿਸ਼ਨਰ ਉਲੰਪੀਅਨ ਪਰਗਟ ਸਿੰਘ ਨੇ ਕੀਤਾ।
ਲੀਗ ਬਾਰੇ ਸ੍ਰੀ ਬਾਦਲ ਨੇ ਦੱਸਿਆ ਕਿ ਇਹ ਲੀਗ, ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਹੋਏ ਚਾਰ ਕਬੱਡੀ ਵਰਲਡ ਕੱਪਾਂ ਦੀ ਨਿਰੰਤਰਤਾ ਵਿਚ ਹੀ ਹੋਵੇਗੀ ਅਤੇ ਸੰਸਾਰ ਦੇ ਚਾਰ ਮਹਾਂਦੀਪਾਂ ਵਿਚ ਖੇਡੀ ਜਾਵੇਗੀ। ਇਸ ਵਿਚ ਤਕਰੀਬਨ 200 ਕਬੱਡੀ ਕਲੱਬ ਹਿੱਸਾ ਲੈ ਸਕਣਗੇ।
ਸ਼ ਪਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਕਬੱਡੀ ਵਰਲਡ ਕੱਪਾਂ ਦੀ ਸਫ਼ਲਤਾ ਤੋਂ ਬਾਅਦ ਹੁਣ ਕਬੱਡੀ ਨੂੰ ਹੋਰ ਪ੍ਰੋਫੈਸ਼ਨਲ ਪੱਧਰ ਉਤੇ ਪਹੁੰਚਾਉਣ ਦੇ ਮਨਸ਼ੇ ਨਾਲ ਕਬੱਡੀ ਲੀਗ ਦਾ ਅਰੰਭ ਕੀਤਾ ਜਾ ਰਿਹਾ ਹੈ। ਲੀਗ ਦੇ ਮੁੱਖ ਕਾਰਜਕਾਰੀ ਅਫ਼ਸਰ ਰਮਨ ਰਹੇਜਾ ਨੇ ਦੱਸਿਆ ਕਿ ਲੀਗ ਮੈਚ ਸੰਸਾਰ ਦੇ 14 ਸ਼ਹਿਰਾਂ ਵਿਚ ਕਰਵਾਏ ਜਾਣਗੇ। ਕਬੱਡੀ ਮੈਚਾਂ ਤੋਂ ਇਲਾਵਾ ਫਿਲਮੀ ਸ਼ਖਸੀਅਤਾਂ, ਗਾਇਕਾਂ, ਪੂੰਜੀ ਨਿਵੇਸ਼ਕਾਂ, ਕਾਰੋਬਾਰੀਆਂ ਅਤੇ ਪਰਵਾਸੀਆਂ ਭਾਰਤੀਆਂ ਨੂੰ ਵੀ ਇਸ ਲੀਗ ਨਾਲ ਜੋੜਿਆ ਜਾ ਰਿਹਾ ਹੈ। ਇਹ ਵੱਖ-ਵੱਖ ਟੀਮਾਂ ਦੇ ਮਾਲਕ ਬਣ ਸਕਣਗੇ। ਲੀਗ ਦਾ ਹਰ ਸੀਜ਼ਨ ਤਕਰੀਬਨ ਪੰਜ ਮਹੀਨੇ ਚੱਲਿਆ ਕਰੇਗਾ।
ਵਰਲਡ ਕਬੱਡੀ ਲੀਗ ਬਾਕਾਇਦਾ ਰਜਿਸਟਰ ਕਰਵਾ ਦਿੱਤੀ ਗਈ ਹੈ। ਇਸ ਦਾ ਰਜਿਸਟਰਡ ਦਫ਼ਤਰ ਚੰਡੀਗੜ੍ਹ ਅਤੇ ਕਾਰਪੋਰੇਟ ਦਫ਼ਤਰ ਗੁੜਗਾਉਂ ਵਿਖੇ ਬਣਾ ਦਿੱਤਾ ਗਿਆ ਹੈ। ਖਿਡਾਰੀ ਤੇ ਕਬੱਡੀ ਕਲੱਬਾਂ/ਅਕੈਡਮੀਆਂ ਵਾਲੇ ਉਨ੍ਹਾਂ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਲੀਗ ਦੀ ਵੈਬਸਾਈਟ ੱੱੱ।ੱੋਰਲਦਕਅਬਅਦਦਲਿeਅਗੁe।ਨeਟ ਵੀ ਲਾਂਚ ਕਰ ਦਿੱਤੀ ਗਈ ਹੈ।
__________________________________
ਕਬੱਡੀ ਦੀ ਇਕ ਪੁਲਾਂਘ ਹੋਰ: ਵਰਲਡ ਕਬੱਡੀ ਲੀਗ
ਪ੍ਰਿੰਸੀਪਲ ਸਰਵਣ ਸਿੰਘ
ਪੰਜਾਬ ਸਰਕਾਰ ਦਾ ਵਰਲਡ ਕਬੱਡੀ ਲੀਗ ਕਰਵਾਉਣ ਦਾ ਐਲਾਨ ਪੰਜਾਬੀ ਖੇਡ ਜਗਤ ਦੀ ਵੱਡੀ ਖਬਰ ਹੈ। ਬਾਰਾਂ ਕਰੋੜ ਤੋਂ ਵੱਧ ਪੰਜਾਬੀ ਪੰਜਾਹ ਤੋਂ ਵੱਧ ਮੁਲਕਾਂ ਵਿਚ ਵਸਦੇ ਹਨ ਤੇ ਕਬੱਡੀ ਨਾਲ ਸਿੱਧੇ/ਅਸਿੱਧੇ ਜੁੜੇ ਹੋਏ ਹਨ। ਇਸ ਬਾਰੇ ਲੀਗ ਦੇ ਚੇਅਰਮੈਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਲੀਗ ਦੇ ਕਮਿਸ਼ਨਰ ਉਲੰਪੀਅਨ ਪਰਗਟ ਸਿੰਘ ਨੇ ਬਿਆਨ ਜਾਰੀ ਕਰ ਹੀ ਦਿੱਤਾ ਹੈ।
ਦਸੰਬਰ 2013 ਵਿਚ ਹੋਏ ਚੌਥੇ ਕਬੱਡੀ ਵਰਲਡ ਕੱਪ ਵਿਚ 21 ਮੁਲਕਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਡੋਪ ਟੈਸਟਾਂ ‘ਚ ਡੋਪੀ ਨਿਕਲੇ ਜਾਂ ਟੈਸਟਾਂ ਤੋਂ ਡਰੇ ਕਈ ਖਿਡਾਰੀ ਖੇਡ ਨਹੀਂ ਸੀ ਸਕੇ। ਭਾਰਤ ਤੇ ਪਾਕਿਸਤਾਨ ਦੇ ਕਈ ਨਾਮੀ ਖਿਡਾਰੀ ਉਂਜ ਹੀ ਟੀਮਾਂ ਵਿਚ ਨਹੀਂ ਸਨ ਚੁਣੇ ਜਾ ਸਕੇ। ਖਿਡਾਰੀ ਜ਼ਿਆਦਾ ਸਨ ਪਰ ਟੀਮਾਂ ਦੋ ਹੀ ਸਨ। ਵਿਸ਼ਵ ਕੱਪ ਦੇ ਬਹੁਤੇ ਮੈਚ ਇਕਪਾਸੜ ਹੀ ਹੋਏ ਸਨ, ਕਿਉਂਕਿ ਕਈ ਮੁਲਕਾਂ ਦੀਆਂ ਟੀਮਾਂ ਬਹੁਤ ਕਮਜ਼ੋਰ ਸਨ। ਪ੍ਰਬੰਧਕਾਂ ਨੇ ਮਹਿਸੂਸ ਕੀਤਾ ਕਿ ਮੈਚ ਫਸਵੇਂ ਕਰਾਉਣ ਲਈ ਕਬੱਡੀ ਲੀਗ ਸ਼ੁਰੂ ਕਰਨੀ ਚਾਹੀਦੀ ਹੈ।
ਜਨਵਰੀ ਦੀ ਇਕ ਸਵੇਰ ਜਦੋਂ ਮੈਂ ਮੁਕੰਦਪੁਰ-ਹਕੀਮਪੁਰ ਦੀ ਸੜਕ ‘ਤੇ ਸੈਰ ਕਰ ਰਿਹਾ ਸਾਂ ਤਾਂ ਪਰਗਟ ਸਿੰਘ ਦਾ ਫੋਨ ਆਇਆ। ਉਸ ਨੇ ਪੁੱਛਿਆ, ਚੋਟੀ ਦੇ ਕਿੰਨੇ ਕਬੱਡੀ ਖਿਡਾਰੀ ਡੋਪ ਫਰੀ ਮਿਲਣਗੇ? ਮੈਂ ਕਿਹਾ, ਹੁਣ ਤਾਂ ਡੋਪ ਰਹਿਤ ਖਿਡਾਰੀ ਸੌ ਲੱਭਣੇ ਵੀ ਔਖੇ ਹੋਣਗੇ ਪਰ ਜੇ ਡੋਪ ਉਤੇ ਸਖ਼ਤ ਸ਼ਿਕੰਜਾ ਕੱਸਿਆ ਜਾਵੇ ਤਾਂ ਛੇ ਮਹੀਨਿਆਂ ਵਿਚ ਹੀ ਹਜ਼ਾਰ ਮਿਲ ਜਾਣਗੇ। ਪਰਗਟ ਸਿੰਘ ਨੇ ਕਿਹਾ ਜੇ ਡੋਪ ਫਰੀ 200 ਵਧੀਆ ਖਿਡਾਰੀ ਮਿਲ ਜਾਣ ਤਾਂ ਵਰਲਡ ਕਬੱਡੀ ਲੀਗ ਹੀ ਸ਼ੁਰੂ ਕਰ ਲਈਏ। ਕਬੱਡੀ ਦੇ ਵਰਲਡ ਕੱਪ ਸ਼ੁਰੂ ਕਰਨ ਵਿਚ ਉਸ ਦੀ ਮੁੱਖ ਭੂਮਿਕਾ ਸੀ। ਵਰਲਡ ਕਬੱਡੀ ਲੀਗ ਰਜਿਸਟਰ ਆਫ ਫਰਮਜ਼ ਐਂਡ ਸੁਸਾਇਟੀਜ਼ ਨਾਲ ਰਜਿਸਟਰਡ ਕਰਵਾ ਦਿੱਤੀ ਗਈ ਹੈ। 2014 ਵਿਚ ਪੰਜਾਬ ਸਰਕਾਰ ਵੱਲੋਂ ਕਬੱਡੀ ਦਾ ਵਰਲਡ ਕੱਪ ਨਹੀਂ, ਸਗੋਂ ਵਰਲਡ ਕਬੱਡੀ ਲੀਗ ਹੀ ਕਰਵਾਈ ਜਾਵੇਗੀ।
ਦੁਨੀਆਂ ਦੇ ਲਗਭਗ 200 ਕਬੱਡੀ ਕਲੱਬਾਂ ‘ਚੋਂ 200 ਖਿਡਾਰੀ ਖਰੀਦੇ ਜਾਣਗੇ। ਉਨ੍ਹਾਂ ਦੀਆਂ 10 ਟੀਮਾਂ ਬਣਾਈਆਂ ਜਾਣਗੀਆਂ ਜਿਨ੍ਹਾਂ ਨੂੰ ਵੱਖ-ਵੱਖ ਵਿਅਕਤੀ/ਅਦਾਰੇ ਸਪਾਂਸਰ ਕਰਨਗੇ। ਹਰ ਟੀਮ 4-ਏ, 4-ਬੀ ਅਤੇ 4-ਸੀ ਗਰੇਡ ਦੇ ਖਿਡਾਰੀ ਖਰੀਦੇਗੀ। ਖਿਡਾਰੀਆਂ ਨੂੰ 15 ਕਰੋੜ ਰੁਪਏ ਫੀਸ ਵਜੋਂ ਮਿਲਣਗੇ। 4 ਕਰੋੜ ਦੇ ਇਨਾਮ ਵੱਖ ਹੋਣਗੇ। 4 ਮਹਾਂਦੀਪਾਂ ਦੇ 7 ਮੁਲਕਾਂ ਵਿਚ 94 ਮੈਚ ਖੇਡੇ ਜਾਣਗੇ। ਇਨ੍ਹਾਂ ਮੁਲਕਾਂ ਵਿਚ ਇੰਗਲੈਂਡ, ਬੈਲਜੀਅਮ, ਅਮਰੀਕਾ, ਕੈਨੇਡਾ, ਆਸਟਰੇਲੀਆ, ਪਾਕਿਸਤਾਨ ਤੇ ਭਾਰਤ ਸ਼ਾਮਲ ਹਨ। ਮੈਚ ਕਰਾਉਣ ਵਾਲੇ ਸ਼ਹਿਰਾਂ ਦੀ ਚੋਣ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਨਿਊ ਯਾਰਕ, ਟੋਰਾਂਟੋ, ਲੰਡਨ, ਸਿਡਨੀ ਤੇ ਲਾਹੌਰ ਵਰਗੇ 14 ਸ਼ਹਿਰ ਸ਼ਾਮਲ ਹਨ। ਲੀਗ ਅਗਸਤ ਦੇ ਮਹੀਨੇ ਪੱਛਮੀ ਮੁਲਕਾਂ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਸਿਆਲ ਵਿਚ ਭਾਰਤ/ਪਾਕਿਸਤਾਨ ‘ਚ ਖ਼ਤਮ ਹੋਵੇਗੀ।
ਵਰਲਡ ਕਬੱਡੀ ਲੀਗ ਉਨ੍ਹਾਂ ਲੀਹਾਂ ‘ਤੇ ਹੀ ਚੱਲੇਗੀ ਜਿਨ੍ਹਾਂ ‘ਤੇ ਹਾਕੀ/ਕ੍ਰਿਕਟ ਵਰਗੀਆਂ ਖੇਡਾਂ ਦੀਆਂ ਲੀਗਾਂ ਚੱਲਦੀਆਂ ਹਨ। ਇਸ ਨੂੰ ਹਰ ਪੱਖੋਂ ਪ੍ਰੋਫੈਸ਼ਨਲ ਬਣਾਇਆ ਜਾਵੇਗਾ। ਖਿਡਾਰੀਆਂ ਦੇ ਬੀਮੇ ਹੋਣਗੇ ਤਾਂ ਜੋ ਸੱਟ ਫੇਟ ਜਾਂ ਅਪਾਹਜ ਹੋਣ ਦੀ ਹਾਲਤ ਵਿਚ ਵੀ ਖਿਡਾਰੀ ਸਨਮਾਨ ਨਾਲ ਜਿਉਂ ਸਕਣ। ਕਬੱਡੀ ਨੂੰ ਪ੍ਰੋਫੈਸ਼ਨਲ ਸਪੋਰਟਸ ਚੈਨਲ ਪ੍ਰਸਾਰਤ ਕਰਨਗੇ। ਪ੍ਰਬੰਧਕ ਸਮਝਦੇ ਹਨ, ਇੰਜ ਪੰਜਾਬੀਆਂ ਦੀ ਖੇਡ ਕਬੱਡੀ ਸਰਕਲ ਸਟਾਈਲ ਵਿਸ਼ਵ ਵਿਚ ਹੋਰ ਮਕਬੂਲ ਹੋਵੇਗੀ। ਖੇਡ ਨਾਲ ਵਧੀਆ ਮਨੋਰੰਜਨ ਕਰਨ ਵਾਲੇ ਕਲਾਕਾਰ ਵੀ ਜੋੜੇ ਜਾਣਗੇ। ਪੰਜਾਬੀ ਸੱਭਿਆਚਾਰ ਦਾ ਪ੍ਰਦਰਸ਼ਨ ਹੋਵੇਗਾ।
ਵਰਲਡ ਕਬੱਡੀ ਲੀਗ ਦੀ ਗਵਰਨਿੰਗ ਕੌਂਸਲ ਦੇ 9 ਮੈਂਬਰ ਹੋਣਗੇ ਜਿਨ੍ਹਾਂ ‘ਚ 7 ਪੱਕੇ ਅਤੇ 2 ਲੀਗ ਦੇ ਪਾਰਟਨਰਾਂ ਵਿਚੋਂ ਚੁਣੇ ਜਾਣਗੇ। ਸ਼ ਸੁਖਬੀਰ ਸਿੰਘ ਬਾਦਲ ਤੇ ਓਲੰਪੀਅਨ ਪਰਗਟ ਸਿੰਘ ਪਰਮਾਨੈਂਟ ਮੈਂਬਰ ਹੋਣਗੇ। ਇਕ ਰੈਗੂਲੇਸ਼ਨ ਕਮੇਟੀ ਹੋਵੇਗੀ ਜਿਸ ਵਿਚ ਕਲੱਬਾਂ ਦੇ ਨੁਮਾਇੰਦਿਆਂ, ਪੁਰਾਣੇ ਖਿਡਾਰੀਆਂ ਤੇ ਐਂਟੀ ਡੋਪਿੰਗ ਏਜੰਸੀਆਂ ਵਿਚੋਂ ਕੁਝ ਮੈਂਬਰ ਲਏ ਜਾਣਗੇ। ਇਕ ਐਕਸ਼ਨ ਕਮੇਟੀ ਹੋਵੇਗੀ ਅਤੇ ਇਕ ਐਕਸ਼ਨ ਟੀਮ।
ਇਸ ਲੀਗ ਨੂੰ ਪ੍ਰੋਫੈਸ਼ਨਲ ਢੰਗ ਨਾਲ ਸਿਰੇ ਚੜ੍ਹਾਉਣ ਲਈ ਉਚ ਕੋਟੀ ਦੇ ਅੰਪਾਇਰ/ਰੈਫਰੀ, ਕੁਮੈਂਟੇਟਰ/ਐਕਸਪਰਟ, ਮੀਡੀਆ ਮੈਨ, ਚੋਟੀ ਦੇ ਕਲਾਕਾਰ ਤੇ ਸਿਦਕੀ ਕਾਮਿਆਂ ਦੀ ਲੋੜ ਪਵੇਗੀ। ਸਿਫਾਰਸ਼ੀ ਬੰਦਿਆਂ ਤੋਂ ਬਚਣਾ ਪਵੇਗਾ। ਇਸ ਦੇ ਪ੍ਰਬੰਧਕ ਤੇ ਦਰਸ਼ਕ ਵਧੇਰੇ ਕਰ ਕੇ ਪੰਜਾਬੀ ਹੀ ਹੋਣਗੇ, ਇਸ ਲਈ ਇਸ ਦੀਆਂ ਆਫੀਸ਼ਲ ਭਾਸ਼ਾਵਾਂ ਪੰਜਾਬੀ ਤੇ ਅੰਗਰੇਜ਼ੀ ਬਿਹਤਰ ਰਹਿਣਗੀਆਂ। ਲਿਖਾ-ਪੜ੍ਹੀ ਤੇ ਸਟੇਡੀਅਮਾਂ ਦੇ ਸਾਈਨ ਬੋਰਡਾਂ ਉਤੇ ਪੰਜਾਬੀ ਅੱਖਰਾਂ ਨੂੰ ਯੋਗ ਥਾਂ ਦੇਣਾ ਉਚਿਤ ਹੋਵੇਗਾ। ਚੰਗਾ ਹੋਵਗਾ, ਜੇ ਕਬੱਡੀ ਵਰਲਡ ਲੀਗ ਦੀ ਵੈਬਸਾਈਟ ਅੰਗਰੇਜ਼ੀ ਦੇ ਨਾਲ ਪੰਜਾਬੀ ਵਿਚ ਵੀ ਹੋਵੇ। ਮੈਚਾਂ ਦੀ ਕੁਮੈਂਟਰੀ ਪੰਜਾਬੀ ਦੇ ਨਾਲ ਅੰਗਰੇਜ਼ੀ ਵਿਚ ਵੀ ਕੀਤੀ ਜਾ ਸਕਦੀ ਹੈ। ਕਈ ਹੋਰ ਖੇਡਾਂ ਵਿਚ ਦੋ ਭਾਸ਼ੀ ਕੁਮੈਂਟਰੀ ਪਹਿਲਾਂ ਹੀ ਚਲਦੀ ਹੈ। ਕਬੱਡੀ ਦੇ ਨਿਯਮਾਂ ਵਿਚ ਵੀ ਹੋਰ ਸੁਧਾਰ ਦੀ ਲੋੜ ਹੈ। ਹੁਣ ਜਿਹੜੇ ਨਿਯਮ ਲੀਗ ਵਿਚ ਲਾਗੂ ਕਰ ਦਿੱਤੇ ਗਏ, ਫਿਰ ਉਹੀ ਨਿਯਮ ਕਬੱਡੀ ਕੱਪਾਂ ਤੇ ਟੂਰਨਾਮੈਂਟਾਂ ਵਿਚ ਚੱਲਣਗੇ। ਖੇਡਾਂ ਦੇ ਨਿਯਮ ਉਪਰੋਂ ਹੇਠਾਂ ਲਾਗੂ ਹੁੰਦੇ ਹਨ।
ਐਸ਼ ਦੀ ਮੀਡੀਆਈ ਐਸ਼
ਮੀਡੀਆ ਵਿਚ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਜਿੰਨੀ ਜ਼ਿਆਦਾ ਚਰਚਾ ਹੋਈ ਹੈ, ਹੋਰ ਕਿਸੇ ਅਦਾਕਾਰਾ ਨੂੰ ਇੰਨੀ ਥਾਂ ਸ਼ਾਇਦ ਕਦੀ ਵੀ ਨਹੀਂ ਮਿਲੀ। ਇਕ ਤਾਂ ਆਪਣੇ ਦੌਰ ਵਿਚ ਉਸ ਦੀਆਂ ਫਿਲਮਾਂ ਵਿਚ ਹੋਈ ਚੜ੍ਹਤ ਅਤੇ ਦੂਜੇ ਅਮਿਤਾਭ ਬੱਚਨ ਦੇ ਪਰਿਵਾਰ ਦਾ ਹਿੱਸਾ ਬਣਨ ਕਰ ਕੇ ਉਸ ਨੇ ਆਮ ਨਾਲੋਂ ਵਧੇਰੇ ਧਿਆਨ ਖਿੱਚਿਆ। ਉਂਜ, ਇਹ ਮਸ਼ਹੂਰੀ ਉਸ ਨੂੰ ਇਕ ਦਿਨ ਵਿਚ ਨਹੀਂ ਸੀ ਮਿਲ ਗਈ। ਉਹ ਜਦੋਂ ਪਹਿਲਾਂ-ਪਹਿਲ ਫਿਲਮਾਂ ਵਿਚ ਆਈ ਸੀ ਤਾਂ ਉਸ ਦੇ ਚਿਹਰੇ ਦੀ ਇਸ ਗੱਲੋਂ ਬੜੀ ਨੁਕਤਾਚੀਨੀ ਹੋਈ ਸੀ ਕਿ ਇਹ ਤਾਂ ਪਲਾਸਟਿਕ ਵਰਗਾ ਲਗਦਾ ਹੈ, ਬਿਲਕੁੱਲ ਭਾਵਹੀਣ! ਫਿਰ ਹੌਲੀ-ਹੌਲੀ ਉਸ ਨੇ ਕੁਝ ਅਜਿਹੀਆਂ ਫਿਲਮਾਂ ਵਿਚ ਕੰਮ ਕੀਤਾ ਕਿ ਉਸ ਦੀ ਅਦਾਕਾਰੀ ਅਤੇ ਨਾਚ ਪ੍ਰਤਿਭਾ ਦੀ ਪ੍ਰਸ਼ੰਸਾ ਹੋਣ ਲੱਗ ਗਈ।
ਐਸ਼ਵਰਿਆ ਰਾਏ ਦੀ ਪਹਿਲੀ ਫਿਲਮ 1997 ਵਿਚ ‘ਇਰੂਵਰ’ ਆਈ ਸੀ। ਇਹ ਤਾਮਿਲ ਫਿਲਮ ਸੀ ਅਤੇ ਇਸ ਵਿਚ ਉਹਨੇ ਡਬਲ ਰੋਲ ਨਿਭਾਇਆ ਸੀ। ਇਹ ਡਬਲ ਰੋਲ ਸਾਬਕਾ ਅਦਾਕਾਰਾ ਜੈ ਲਲਿਤਾ ਦਾ ਸੀ ਜੋ ਬਾਅਦ ਵਿਚ ਸਫਲ ਸਿਆਸਤਦਾਨ ਹੋ ਨਿਬੜੀ ਅਤੇ ਅੱਜ ਕੱਲ੍ਹ ਤਾਮਿਲਨਾਡੂ ਦੀ ਮੁੱਖ ਮੰਤਰੀ ਹੈ। ਉਦੋਂ ਐਸ਼ਵਰਿਆ ਨੂੰ ਚੰਗੀ ਤਰ੍ਹਾਂ ਤਾਮਿਲ ਵੀ ਨਹੀਂ ਸੀ ਆਉਂਦੀ ਅਤੇ ਉਸ ਦੇ ਡਾਇਲਾਗ ਵੀ ਕਿਸੇ ਹੋਰ ਤੋਂ ਡੱਬ ਕਰਵਾਏ ਗਏ ਸਨ, ਪਰ ਇਸ ਫਿਲਮ ਨਾਲ ਉਸ ਦੀ ਚੰਗੀ ਚਰਚਾ ਹੋਈ।
ਉਸ ਦੀ ਪਹਿਲੀ ਹਿੰਦੀ ਫਿਲਮ ‘ਔਰ ਪਿਆਰ ਹੋ ਗਯਾ’ ਸੀ ਜਿਸ ਵਿਚ ਉਸ ਦਾ ਹੀਰੋ ਬੌਬੀ ਦਿਓਲ ਸੀ। ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋਈ। ਇਸ ਤੋਂ ਬਾਅਦ 1998 ਵਿਚ ਤਾਮਿਲ ਫਿਲਮ ‘ਜੀਨਸ’ ਵਾਹਵਾ ਚੱਲੀ ਅਤੇ ਨਾਲ ਹੀ ਐਸ਼ਵਰੀਆ ਰਾਏ ਦੀਆਂ ਵੀ ਫਿਲਮੀ ਦੁਨੀਆਂ ਵਿਚ ਮੌਜਾਂ ਲੱਗ ਗਈਆਂ। 1998 ਵਿਚ ਉਸ ਦੀਆਂ ਚਾਰ ਫਿਲਮਾਂ ਰਿਲੀਜ਼ ਹੋਈਆਂ- Ḕਆ ਅਬ ਲੋਟ ਚਲੇਂ,Ḕ Ḕਹਮ ਦਿਲ ਦੇ ਚੁਕੇ ਸਨਮ,Ḕ ḔਤਾਲḔ ਅਤੇ Ḕਰਬੋਈ ਚੰਦਾ ਮਾਮਾḔ (ਤੈਲਗੂ)। ਇਸ ਤੋਂ ਬਾਅਦ ਐਸ਼ਵਰਿਆ ਦੀ ਗਿਣਤੀ ਪਹਿਲੀ ਕਤਾਰ ਦੀਆਂ ਹੀਰੋਇਨਾਂ ਵਿਚ ਹੋਣ ਲੱਗ ਪਈ ਅਤੇ ਉਹ ਇਕ ਤਰ੍ਹਾਂ ਨਾਲ ਸੁਪਰ ਸਟਾਰ ਵਾਲਾ ਦਰਜਾ ਅਖਤਿਆਰ ਕਰ ਗਈ। ਉਸ ਨੇ ‘ਰੇਨਕੋਟ’ ਵਰਗੀ ਯਾਦਗਾਰੀ ਫਿਲਮ ਵੀ ਕੀਤੀ।
ਪਹਿਲਾਂ-ਪਹਿਲ ਐਸ਼ਵਰਿਆ ਦਾ ਇਸ਼ਕ ਸਲਮਾਨ ਖਾਨ ਨਾਲ ਚੱਲਿਆ ਪਰ ਸਲਮਾਨ ਖਾਨ ਦੇ ਅੜਬ ਸੁਭਾਅ ਤੋਂ ਅੱਕ ਕੇ ਉਸ ਨੇ ਇਹ ਦੋਸਤੀ ਤੋੜ ਦਿੱਤੀ। ਫਿਰ ਕੁਝ ਸਮਾਂ ਉਸ ਦੀ ਸਾਂਝ ਵਿਵੇਕ ਓਬਰਾਏ ਨਾਲ ਵੀ ਰਹੀ। ਫਿਲਮ ‘ਧੂਮ-2’ ਦੌਰਾਨ ਉਸ ਦੀ ਨੇੜਤਾ ਅਭਿਸ਼ੇਕ ਬਚਨ ਨਾਲ ਹੋ ਗਈ ਅਤੇ ਫਿਰ 2007 ਵਿਚ ਦੋਹਾਂ ਨੇ ਵਿਆਹ ਕਰਵਾ ਲਿਆ। 16 ਨਵੰਬਰ 2011 ਨੂੰ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ। ਉਸ ਦੀ ਆਖਰੀ ਫਿਲਮ ‘ਗੁਜ਼ਾਰਿਸ਼’ 2010 ਵਿਚ ਆਈ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਉਹ ਪ੍ਰਸਿੱਧ ਫਿਲਮਸਾਜ਼ ਮਣੀ ਰਤਨਮ ਦੀ ਅਗਲੇ ਸਾਲ ਰਿਲੀਜ਼ ਹੋ ਰਹੀ ਫਿਲਮ ਨਾਲ ਬਾਲੀਵੁੱਡ ਵਿਚ ਮੁੜ ਵਾਪਸੀ ਕਰ ਰਹੀ ਹੈ।
Leave a Reply