ਭਗਤ ਸਿੰਘ ਅਤੇ ਉਸ ਦੀ ਅੰਗਰੇਜ਼ੀ ‘ਤੇ ਇਖਤਿਆਰ

“ਜਦੋਂ ਮੈਂ ਇਨਕਲਾਬ ਦੇ ਰਾਹ ‘ਤੇ ਕਦਮ ਵਧਾਇਆ, ਮੈਂ ਸੋਚਿਆ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਵੀ ‘ਇਨਕਲਾਬ ਜਿੰਦਾਬਾਦ’ ਦਾ ਨਾਹਰਾ ਆਪਣੇ ਦੇਸ਼ ਦੇ ਕੋਨੇ-ਕੋਨੇ ‘ਚ ਫੈਲਾ ਸਕਿਆ ਤਾਂ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਕੀਮਤ ਪੈ ਗਈ ਹੈ। ਅੱਜ, ਜਦੋਂ ਮੈਂ ਫਾਂਸੀ ਦੀ ਕੋਠੀ ਦੀਆਂ ਸਲਾਖਾਂ ਪਿੱਛੇ ਹਾਂ, ਮੈਂ ਆਪਣੇ ਦੇਸ਼ ਦੇ ਕਰੋੜਾਂ ਲੋਕਾਂ ਦੀ ਗਰਜਵੀਂ ਆਵਾਜ਼ ਵਿਚ ਉਸ ਨਾਹਰੇ ਨੂੰ ਸੁਣ ਸਕਦਾ ਹਾਂæææ ਇਕ ਨਿੱਕੀ ਜਿਹੀ ਜ਼ਿੰਦਗੀ ਦੀ ਇਸ ਤੋਂ ਵੱਧ ਕੀ ਕੀਮਤ ਪੈ ਸਕਦੀ ਹੈ।”
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਿਵ ਵਰਮਾ ਨੂੰ 1930 ਵਿਚ ਕਹੇ ਸ਼ਬਦ (ਹਵਾਲਾ: ਭਗਤ ਸਿੰਘ-ਅਮਰ ਵਿਦਰੋਹੀ, ਮੂਲ ਲੇਖਕ ਮਲਵਿੰਦਰਜੀਤ ਸਿੰਘ ਵੜੈਚ, ਅਨੁਵਾਦ-ਨਰਿੰਦਰ ਸਿੰਘ ਕਪੂਰ, ਪ੍ਰਕਾਸ਼ਨ ਵਿਭਾਗ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ, 2007)
‘ਪੰਜਾਬ ਟਾਈਮਜ਼’ ਦੇ 10 ਮਈ ਦੇ ਅੰਕ ਵਿਚ ਪ੍ਰੋæ ਚਮਨ ਲਾਲ ਦਾ ਲਿਖਿਆ ਲੇਖ ‘ਭਗਤ ਸਿੰਘ ਅਤੇ ਪੱਤਰਕਾਰੀ’ ਪੜ੍ਹਿਆ। ਪ੍ਰੋææ ਚਮਨ ਲਾਲ ਨੇ ਇਸ ਲੇਖ ‘ਚ ਵਡਮੁੱਲੀ ਜਾਣਕਾਰੀ ਸੰਖੇਪ ਰਹਿੰਦਿਆਂ ਦੇ ਕੇ ਕੁੱਜੇ ‘ਚ ਸਮੁੰਦਰ ਬੰਦ ਕਰ ਵਿਖਾਇਆ ਹੈ। ਅੱਜ ਦੇ ਤੇਜ਼ ਰਫਤਾਰ ਸਮੇਂ ਵਿਚ ਪਾਠਕਾਂ ਨੂੰ ਪੰਜਾਬ ਟਾਈਮਜ਼ ਉਚਕੋਟੀ ਦਾ ਸਾਹਿਤ ਮੁਹੱਈਆ ਕਰ ਰਿਹਾ ਹੈ, ਇਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਇਸ ਲੇਖ ‘ਚ ਪ੍ਰੋææ ਚਮਨ ਲਾਲ ਨੇ ਜ਼ਿਕਰ ਕੀਤਾ ਹੈ ਕਿ ਭਗਤ ਸਿੰਘ ਨੂੰ ਹਿੰਦੀ, ਉਰਦੂ ਤੇ ਪੰਜਾਬੀ-ਤਿੰਨ ਜ਼ੁਬਾਨਾਂ ਵਿਚ ਲਿਖਣ ਦੀ ਮੁਹਾਰਤ ਹਾਸਿਲ ਸੀ। ਮੈਨੂੰ ਪ੍ਰਤੀਤ ਹੁੰਦਾ ਹੈ ਕਿ ਪ੍ਰੋææ ਚਮਨ ਲਾਲ ਸਹਿਜ ਸੁਭਾਅ ਭਗਤ ਸਿੰਘ ਦੀ ਅੰਗਰੇਜ਼ੀ ਵਿਚ ਵੀ ਲਿਖਣ ਦੀ ਮੁਹਾਰਤ ਨੂੰ ਸ਼ਾਮਿਲ ਕਰਨਾ ਭੁਲ ਗਏ। ਇਸ ਬਾਰੇ ਮੈਂ ਪਾਠਕਾਂ ਨੂੰ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਭਗਤ ਸਿੰਘ ਦੀ ਅੰਗਰੇਜ਼ੀ ‘ਤੇ ਪਕੜ ਹੈਰਾਨ ਕਰਨ ਵਾਲੀ ਸੀ। ਸਭ ਤੋਂ ਪਹਿਲਾਂ ਉਹ ਵਧੀਆ ਅੰਗਰੇਜ਼ੀ ਲਿਖਣ ਦੀ ਲੋਕ-ਚਰਚਾ ਵਿਚ ਉਦੋਂ ਆਇਆ ਜਦੋਂ ਅਸੈਂਬਲੀ ਵਿਚ 8 ਅਪਰੈਲ 1929 ਨੂੰ ਪੋਸਟਰ ਸੁਟੇ ਗਏ। ਇਸ ਘਟਨਾ ਤੋਂ ਬਾਅਦ ਉਸ ਨੇ ਬੜੀ ਅੱਛੀ ਅੰਗਰੇਜ਼ੀ ਵਿਚ ਅਦਾਲਤ ਵਿਚ ਕ੍ਰਾਂਤੀਕਾਰੀਆਂ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ, ਜਿਸ ਦੀ ਹਰ ਪਾਸਿਓਂ ਵਾਹਵਾ-ਵਾਹਵਾ ਹੋਈ। ਕਈ ਲੋਕ ਤਾਂ ਉਸ ਦੇ ਬਿਆਨਾਂ ਵਾਲੀ ਉਚ-ਪੱਧਰੀ ਇੰਗਲਿਸ਼ ਬਾਰੇ ਇਹ ਵੀ ਕਹਿੰਦੇ ਸਨ ਕਿ ਇਹ ਦਸਤਾਵੇਜ਼ ਵਕੀਲਾਂ ਨੇ ਤਿਆਰ ਕੀਤੇ ਹੋਣਗੇ।
ਅਸੀਂ ਵਡਭਾਗੇ ਹਾਂ ਕਿ ਹੁਣ ਸਾਡੇ ਕੋਲ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ’ (ਸ਼ ਕੁਲਬੀਰ ਸਿੰਘ ਮੈਮੋਰੀਅਲ ਫਾਊਂਡੇਸ਼ਨ, ਖਟਕੜ੍ਹ ਕਲਾਂ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2011) ਹਾਸਿਲ ਹੈ। ਇਸ ਡਾਇਰੀ ਦੇ ਪੰਨਾ 188 ਵਿਚੋਂ ਵੰਨਗੀ ਦੇ ਤੌਰ ‘ਤੇ ਸ਼ ਭਗਤ ਸਿੰਘ ਦੇ ਮੁਬਾਰਕ ਹੱਥਾਂ ਦੀ ਅੰਗਰੇਜ਼ੀ ਦੀ ਲਿਖਤ ਦੇ ਰਿਹਾਂ ਹਾਂ,
“The wisdom of every country when properly exerted, is sufficient for all its purposes.” (Page 112, rights-of-man)
“ਹਰ ਰਾਸ਼ਟਰ ਦਾ ਵਿਵੇਕ ਜਦੋਂ ਜਾਗ ਪੈਂਦਾ ਹੈ ਤਾਂ ਉਹ ਆਪਣੇ ਸਾਰੇ ਉਦੇਸ਼ਾਂ ਲਈ ਯੋਗ ਸਿੱਧ ਹੁੰਦਾ ਹੈ।” (ਪੰਨਾ 112, ਰਾਇਟਸ ਆਫ ਮੈਨ)
“That the form of a government was a matter wholly at the will of a nation at all times, that if it chose a monarchical form, it had a right to have it so; and if it afterwards chose to be Republican it had a right to be republic: and say to a King, ‘We have no longer any occasion for you.” (House of Lords, Minister Earl of Shelburne)
“ਹਰ ਕਾਲ ਵਿਚ ਸਰਕਾਰ ਦਾ ਸਰੂਪ ਪੂਰੀ ਤਰ੍ਹਾਂ ਰਾਸ਼ਟਰ ਦੀ ਇੱਛਾ ਦਾ ਹੀ ਮਸਲਾ ਰਿਹਾ ਹੈ ਭਾਵ ਜੇ ਉਸ ਨੇ ਰਾਜਤੰਤਰੀ ਸਰੂਪ ਚੁਣਿਆ ਤਾਂ ਅਜਿਹਾ ਕਰਨ ਦਾ ਉਸ ਨੂੰ ਅਧਿਕਾਰ ਸੀ ਅਤੇ ਪਿਛੋਂ ਜੇ ਉਸ ਨੇ ਗਣਤੰਤਰੀ ਹੋਣਾ ਪੰਸਦ ਕੀਤਾ ਤਾਂ ਇਹ ਉਸ ਦਾ ਅਧਿਕਾਰ ਸੀ ਕਿ ਉਹ ਗਣਤੰਤਰੀ ਹੋਵੇ ਅਤੇ ਰਾਜੇ ਨੂੰ ਇਹ ਕਹੇ, ਹੁਣ ਤੁਹਾਡੇ ਲਈ ਸਾਡੇ ਕੋਲ ਕੋਈ ਥਾਂ ਨਹੀਂ ਹੈ।” (ਹਾਊਸ ਆਫ ਲਾਰਡਜ ਵਿਚ ਮੰਤਰੀ ਅਰਲ ਆਫ ਸ਼ੇਲਬਰਨ)
ਆਓ, ਭਗਤ ਸਿੰਘ ਦੇ ਸੰਜੋਏ ਸੁਪਨਿਆਂ ਦੀ ਆਜ਼ਾਦੀ ਪ੍ਰਾਪਤ ਕਰਨ ਲਈ ਜਦੋਜਹਿਦ ਕਰਦੇ ਰਹੀਏ!
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।

Be the first to comment

Leave a Reply

Your email address will not be published.