ਭਾਰਤ ਵਿਚ ਲੋਕ ਸਭਾ ਦੀਆਂ ਚੋਣਾਂ ਦੇ ਅਖੀਰਲੇ ਪੜਾਅ ਤੱਕ ਪੁੱਜਦਿਆਂ ਬਹੁਤ ਸਾਰੇ ਚਾਹੇ-ਅਣਚਾਹੇ ਤੱਥ ਉਜਾਗਰ ਹੋਏ ਹਨ। ਐਤਕੀਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਜਿੱਤ ਲਈ ਪੂਰਾ ਜ਼ੋਰ ਲੱਗਿਆ ਹੋਇਆ ਹੈ। ਡਾæ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਦਸ ਸਾਲ ਦੀ ‘ਢਿੱਲੀ’ ਕਾਰਗੁਜ਼ਾਰੀ ਦੇ ਸਿਰ ਉਤੇ ਛਾਲਾਂ ਮਾਰ ਰਹੀ ਭਾਜਪਾ ਨੂੰ ਜਾਪਦਾ ਹੈ ਕਿ ਅਗਲੀ ਸਰਕਾਰ ਹੁਣ ਇਸ ਦੀ ਹੀ ਬਣੇਗੀ। ਆਪਣੇ ਪੱਖ ਵਿਚ ਹਵਾ ਬਣਾਉਣ ਲਈ ਇਸ ਨੇ ਪੈਸਾ ਪਾਣੀ ਵਾਂਗ ਵਹਾਇਆ ਹੈ। ਇਸ ਦੇ ਨਾਲ ਹੀ ਆਪਣੀ ਚੋਣ ਮੁਹਿੰਮ ਨੂੰ ਵੀ ਬੜੇ ਜਥੇਬੰਦ ਹੋ ਕੇ ਚਲਾਇਆ ਹੈ ਅਤੇ ਇਸ ਮਾਮਲੇ ਵਿਚ ਇਹ ਬਹੁਤ ਥਾਂਈਂ ਕਾਮਯਾਬ ਵੀ ਹੋਈ ਜਾਪਦੀ ਹੈ। ਇਸ ਨੇ ਪਹਿਲਾਂ ਹੀ ਹਫੀ ਪਈ ਕਾਂਗਰਸ ਦੇ ਹੌਸਲੇ ਹੋਰ ਵੀ ਪਸਤ ਕਰ ਦਿੱਤੇ। ਹਾਲਾਤ ਇਹ ਹਨ ਕਿ ਕਾਂਗਰਸ ਮੁੱਢ ਤੋਂ ਹੀ ਬਿਆਨ ਦਾਗ ਰਹੀ ਹੈ ਕਿ ਐਤਕੀਂ ਬਹੁਮਤ ਕਿਸੇ ਨੂੰ ਵੀ ਨਹੀਂ ਮਿਲਣੀ। ਇਸ ਦਾ ਇਕ ਅਰਥ ਇਹ ਵੀ ਹੈ ਕਿ ਕਾਂਗਰਸ ਖੁਦ ਜਿੱਤ ਦੀ ਦੌੜ ਵਿਚ ਸ਼ਾਮਲ ਨਹੀਂ ਹੈ। ਤੀਜੇ ਫਰੰਟ ਦਾ ਅਜੇ ਮੂੰਹ-ਮੱਥਾ ਨਹੀਂ ਬਣ ਸਕਿਆ। ਅਸਲ ਵਿਚ ਸਰਕਾਰ ਦੀ ਕਾਇਮੀ ਦਾ ਸਿਲਸਿਲਾ ਚੋਣ ਨਤੀਜਿਆਂ ਤੋਂ ਬਾਅਦ ਸ਼ੁਰੂ ਹੋਣਾ ਹੈ। ਉਦੋਂ ਇਸ ਗੱਲ ਦੇ ਬੜੇ ਮਾਇਨੇ ਬਣਨੇ ਹਨ ਕਿ ਐਨæਡੀæਏæ ਅਤੇ ਯੂæਪੀæਏæ ਤੋਂ ਬਾਹਰ ਵਿਚਰ ਰਹੀ ਕਿਹੜੀ ਪਾਰਟੀ ਕਿਸ ਪਾਸੇ ਭੁਗਤਦੀ ਹੈ। ਇਸ ਮਿਨੀ ਅਤੇ ਬਰੀਕ ਉਥਲ-ਪੁਥਲ ਨੇ ਅਗਲੀ ਸਰਕਾਰ ਲਈ ਰਾਹ ਬਣਾਉਣਾ ਹੈ। ਉਂਜ ਇਸ ਵਾਰ ਆਮ ਆਦਮੀ ਪਾਰਟੀ (ਆਪ) ਦੇ ਰੂਪ ਵਿਚ ਇਕ ਹੋਰ ਤਾਕਤ ਕੌਮੀ ਪਿੜ ਵਿਚ ਆਪਣੀ ਭੂਮਿਕਾ ਨਿਭਾਉਣ ਲਈ ਖੰਭ ਤੋਲ ਰਹੀ ਹੈ। ਇਸ ਦੀ ਇਹ ਭੂਮਿਕਾ ਇਸ ਪਾਰਟੀ ਵੱਲੋਂ ਜਿੱਤੀਆਂ ਸੀਟਾਂ ਉਤੇ ਨਿਰਭਰ ਕਰੇਗੀ, ਪਰ ਇਕ ਗੱਲ ਤੈਅ ਹੈ ਕਿ ਇਸ ਪਾਰਟੀ ਦੇ ਸੰਸਦ ਦੇ ਬਾਹਰ ਅਤੇ ਅੰਦਰ ਵਾਲੇ ਦਖਲ ਨਾਲ ਸਿਆਸਤ ਵਿਚ ਵੱਡੀ ਤਬਦੀਲੀ ਦੀ ਤਵੱਕੋ ਕੀਤੀ ਜਾ ਰਹੀ ਹੈ। ਇਸ ਪਾਰਟੀ ਨੇ ਚੋਣ ਅਮਲ ਵਿਚ ਪਹਿਲਾਂ ਹੀ ਆਪਣਾ ਦਖਲ ਦਰਸਾ ਦਿੱਤਾ ਹੋਇਆ ਹੈ। ਦੇਸ਼ ਦੀਆਂ ਦੋ ਮੁੱਖ ਪਾਰਟੀਆਂ-ਕਾਂਗਰਸ ਤੇ ਭਾਜਪਾ, ਤੋਂ ਇਲਾਵਾ ਹੋਰ ਕਈ ਖੇਤਰੀ ਪਾਰਟੀਆਂ ਨੂੰ ਆਪਣੀਆਂ ਚੋਣ ਮੁਹਿੰਮਾਂ ‘ਆਪ’ ਦੀ ਸਰਗਰਮੀ ਮੁਤਾਬਕ ਬਦਲਣੀਆਂ ਪੈ ਗਈਆਂ ਹਨ। ਇਸ ਪਾਰਟੀ ਨੂੰ ਆਮ ਲੋਕਾਂ ਨੇ ਜਿਹੜਾ ਆਪ-ਮੁਹਾਰਾ ਹੁੰਗਾਰਾ ਭਰਿਆ ਹੈ, ਉਸ ਨੇ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੀ ਨੀਂਦ ਉਡਾਈ ਹੋਈ ਹੈ, ਕਿਉਂਕਿ ਇਸ ਪਾਰਟੀ ਨੇ ਦੂਜੀਆਂ ਪਾਰਟੀਆਂ ਨਾਲ ਕੋਈ ਜੋੜ-ਤੋੜ ਕਰਨ ਦੀ ਥਾਂ ਸਿੱਧਾ ਆਪਣਾ ਏਜੰਡਾ ਲੋਕਾਂ ਵਿਚ ਰੱਖਿਆ ਹੈ ਅਤੇ ਉਸੇ ਮੁਤਾਬਕ ਆਪਣੀ ਚੋਣ ਸਰਗਰਮੀ ਚਲਾਈ ਹੈ। ਕੱਲ੍ਹ ਤੱਕ ਕਿਸੇ ਨੂੰ ਇਹ ਆਸ ਵੀ ਨਹੀਂ ਸੀ ਕਿ ‘ਆਪ’ ਕੌਮੀ ਪੱਧਰ ਉਤੇ ਇੰਨੀ ਜ਼ਿਆਦਾ ਖਲਬਲੀ ਮਚਾ ਸਕਦੀ ਹੈ। ਦਰਅਸਲ, ਵੱਖ-ਵੱਖ ਥਾਂਈਂ ਆਮ ਰਵਾਇਤੀ ਪਾਰਟੀਆਂ ਦੇ ਬਦਲ ਦੇ ਰੂਪ ਵਿਚ ਲੋਕਾਂ ਨੇ ਇਸ ਪਾਰਟੀ ਉਤੇ ਵੱਧ ਯਕੀਨ ਕੀਤਾ ਹੈ।
ਦੂਜੇ ਬੰਨੇ ਭਾਜਪਾ ਹੈ ਜਿਸ ਨੇ ਆਪਣੀ ਸਾਰੀ ਚੋਣ ਮੁਹਿੰਮ ਜਿੱਤ ਦੇ ਹਿਸਾਬ ਨਾਲ ਹੀ ਜਥੇਬੰਦ ਕੀਤੀ। ਇਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰੇਂਦਰ ਮੋਦੀ ਨੇ ਮੁੱਢ ਵਿਚ ਵਿਕਾਸ ਨੂੰ ਆਪਣੇ ਮੁੱਖ ਮੁੱਦੇ ਵਜੋਂ ਪੇਸ਼ ਕੀਤਾ। ਨਾਲ ਹੀ ਗੁਜਰਾਤ ਦੇ ਵਿਕਾਸ ਦੀ ਕਹਾਣੀ ਪਾਈ ਜਿੱਥੇ ਉਹ ਖੁਦ ਮੁੱਖ ਮੰਤਰੀ ਹਨ। ਕਾਂਗਰਸ ਨੇ ਮੋਦੀ ਨੂੰ ਫਿਰਕਾਪ੍ਰਸਤ ਸਿਆਸਤ ਨਾਲ ਜੋੜ ਕੇ ਆਪਣਾ ਪ੍ਰਚਾਰ ਭਖਾਉਣ ਦਾ ਹਰ ਹੀਲਾ-ਵਸੀਲਾ ਵਰਤਿਆ ਪਰ ਕੁਝ ਨਹੀਂ ਸੌਰਿਆ; ਸਗੋਂ ਇਸ ਦਾ ਉਲਟ ਅਸਰ ਹੋਇਆ। ਮੀਡੀਆ ਅਤੇ ਆਮ ਲੋਕਾਂ ਵਿਚ ਮੋਦੀ ਦੀ ਚਰਚਾ ਆਮ ਰਹਿਣ ਲੱਗ ਪਈ। ਇਸ ਤੋਂ ਬਾਅਦ ਹੀ ਭਾਜਪਾ ਦੇ ਮੁਹਿੰਮਬਾਜ਼ਾਂ ਨੇ ਮੋਦੀ ਦੀ ਮੁਹਿੰਮ ਨੂੰ ਮਘਾਇਆ। ਅਖੌਤੀ ਹਿੰਦੂਤਵ ਵਾਲੇ ਮਸਲੇ ਰਤਾ ਪਿਛਾਂਹ ਕਰ ਦਿੱਤੇ ਗਏ, ਫਿਰ ਜਿਉਂ-ਜਿਉਂ ਪੜਾਅ ਲੰਘਦੇ ਗਏ, ਹੌਲੀ-ਹੌਲੀ ਇਨ੍ਹਾਂ ਮੁੱਦਿਆਂ ਬਾਰੇ ਗੱਲ ਛੇੜੀ ਗਈ। ਹੁਣ ਬੰਗਲਾ ਦੇਸ਼ ਦੇ ਰਫਿਊਜੀਆਂ ਬਾਰੇ ਮੋਦੀ ਨੇ ਤਿੱਖਾ ਬਿਆਨ ਦਾਗ ਕੇ ਆਪਣਾ ‘ਵਿਕਾਸ-ਪੁਰਸ਼’ ਦਾ ਭੇਸ ਲਾਂਭੇ ਕਰ ਕੇ ਹਿੰਦੂਤਵ ਦਾ ਭੇਸ ਪਾ ਲਿਆ। ਰਾਮ ਮੰਦਰ ਦੇ ਝਗੜੇ ਵਾਲੀ ਥਾਂ ਅਯੁੱਧਿਆ ਦੇ ਐਨ ਨਾਲ ਫੈਜ਼ਾਬਾਦ ਵਿਚ ਕੀਤੀ ਰੈਲੀ ਦੌਰਾਨ ਸਟੇਜ ਉਤੇ ਰਾਮ ਚੰਦਰ ਦੀ ਵਿਸ਼ਾਲ ਤਸਵੀਰ ਲਾ ਕੇ ਸਪਸ਼ਟ ਕਰ ਦਿੱਤਾ ਕਿ ਭਾਜਪਾ ਅਤੇ ਮੋਦੀ ਦਾ ਅਸਲ ਏਜੰਡਾ ਕੀ ਹੈ। ਭਾਜਪਾ ਅਤੇ ਮੋਦੀ ਦੇ ਇਸ ਏਜੰਡੇ ਬਾਰੇ ਕਿਸੇ ਨੂੰ ਕਦੀ ਵੀ ਕੋਈ ਸ਼ੱਕ ਨਹੀਂ ਰਿਹਾ ਪਰ ਲੋਕਾਂ ਨੇ ਇਸ ਏਜੰਡੇ ਬਾਰੇ ਜੇ ਗੱਲ ਨਹੀਂ ਗੌਲੀ ਤਾਂ ਸਿਰਫ ਇਸ ਕਰ ਕੇ, ਕਿਉਂਕਿ ਇਹ ਗੱਲ ਉਸ ਕਾਂਗਰਸ ਵੱਲੋਂ ਕੀਤੀ ਜਾ ਰਹੀ ਸੀ ਜਿਸ ਉਤੇ ਲੋਕ ਹੁਣ ਥੋੜ੍ਹੀ ਕੀਤੇ ਵਿਸ਼ਵਾਸ ਕਰਨ ਲਈ ਵੀ ਤਿਆਰ ਨਹੀਂ ਹਨ। ਕਾਂਗਰਸ ਨੇ ਐਤਕੀਂ ਜਿਸ ਢੰਗ ਨਾਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੂੰ ਲੋਕਾਂ ਉਤੇ ਥੋਪਣ ਦਾ ਯਤਨ ਕੀਤਾ, ਉਸ ਨੇ ਵੀ ਬੇੜੀਆਂ ਵਿਚ ਵੱਟੇ ਹੀ ਪਾਏ। ਕਾਂਗਰਸ ਦੀ ਇੰਨੀ ਮਾੜੀ ਹਾਲਤ ਵਿਚੋਂ ਕੋਈ ਕ੍ਰਿਸ਼ਮਈ ਲੀਡਰ ਹੀ ਇਸ ਨੂੰ ਕੱਢ ਸਕਦਾ ਸੀ ਅਤੇ ਰਾਹੁਲ ਵਿਚ ਇੰਨੀ ਪਾਇਆਂ ਹੈ ਨਹੀਂ ਸੀ। ਹੁਣ ਸਿੱਟਾ ਸਭ ਦੇ ਸਾਹਮਣੇ ਹੈ। ਪੂਰੀ ਚੋਣ ਮੁਹਿੰਮ ਦੌਰਾਨ ਕਾਂਗਰਸੀ ਲੀਡਰ ਮੋਦੀ ਦੀ ਆਲੋਚਨਾ ਕਰਨ ਜੋਗੇ ਹੀ ਰਹਿ ਗਏ। ਕਾਂਗਰਸ ਦੀ ਆਪਣੀ ਮੁਹਿੰਮ ਦੇ ਮੁੱਦੇ ਕਿਤੇ ਵੀ ਉਭਾਰੇ ਨਹੀਂ ਜਾ ਸਕੇ। ਇਸ ਦਾ ਸਿੱਧਾ-ਸਿੱਧਾ ਫਾਇਦਾ ਭਾਜਪਾ ਨੂੰ ਹੀ ਹੋਣਾ ਸੀ, ਅਤੇ ਹੋਇਆ ਵੀ। ਇਹ ਕਾਂਗਰਸੀ ਗੜ੍ਹਾਂ ਵਿਚ ਵੀ ਸੰਨ੍ਹ ਲਾਉਣ ਦੀ ਲਗਾਤਾਰ ਕੋਸ਼ਿਸ਼ ਕਰਦੀ ਰਹੀ ਹੈ। ਜ਼ਾਹਿਰ ਹੈ ਕਿ ਇਸ ਵਾਰ ਕਿਸੇ ਪਾਰਟੀ ਜਾਂ ਉਮੀਦਵਾਰ ਦੀ ਜਿੱਤ-ਹਾਰ ਦਾ ਕਾਰਨ ਕੋਈ ਇਕੱਲਾ-ਇਕਹਿਰਾ ਮੁੱਦਾ ਨਹੀਂ ਬਣਿਆ, ਸਗੋਂ ਕਈ ਮੁੱਦੇ ਰਲਗਡ ਹੋ ਕੇ ਇਨ੍ਹਾਂ ਚੋਣਾਂ ਦਾ ਹਿੱਸਾ ਬਣੇ। ਸ਼ਾਇਦ ਇਸੇ ਕਰ ਕੇ ਚੋਣ ਨਤੀਜਿਆਂ ਬਾਰੇ ਪੂਰੀ ਉਤਸੁਕਤਾ ਬਣੀ ਹੋਈ ਹੈ। ਚੋਣ ਨਤੀਜਿਆਂ ਬਾਰੇ ਸਭ ਆਪੋ-ਆਪਣੀ ਭਵਿਖਵਾਣੀ ਕਰ ਰਹੇ ਹਨ। ਸੰਕੇਤ ਇਹੀ ਹਨ ਕਿ ਐਤਕੀਂ ਵਾਲੇ ਚੋਣ ਨਤੀਜੇ ਬੜੇ ਹੈਰਾਨਕੁਨ ਹੋਣਗੇ।
Leave a Reply