ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਦੇ ਸਾਹ ਸੂਤੇ ਹੋਏ ਹਨ। ਰਵਾਇਤੀ ਧਿਰਾਂ ਆਪੋ-ਆਪਣੀ ਜਿੱਤ ਦੇ ਦਾਅਵੇ ਤਾਂ ਕਰ ਰਹੀਆਂ ਹਨ ਪਰ ਆਮ ਆਦਮੀ ਪਾਰਟੀ (ਆਪ) ਕਿਸ ਦੇ ਵੋਟ ਬੈਂਕ ਨੂੰ ਖੋਰਾ ਲਾਏਗੀ, ਇਸ ਬਾਰੇ ਸਾਰੇ ਖਾਮੋਸ਼ ਹਨ। ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਮਿਲੇ ਹੁੰਗਾਰੇ ਨੇ ਰਵਾਇਤੀ ਸਿਆਸੀ ਧਿਰਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ।
ਲੋਕ ਸਭਾ ਚੋਣਾਂ ਦਾ ਬਿਗਲ ਵੱਜਦਿਆਂ ਮੈਦਾਨ ਵਿਚ ਉਤਰਨ ਦੀ ਪਹਿਲ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਖਿੰਡੀ ਹੋਈ ਕਾਂਗਰਸ ਸਣੇ ਕੋਈ ਵੀ ਹੋਰ ਸਿਆਸੀ ਧਿਰ ਉਨ੍ਹਾਂ ਨੂੰ ਟੱਕਰ ਦੇਣ ਦੇ ਸਮਰੱਥ ਨਹੀਂ। ਅਕਾਲੀ ਦਲ ਨੇ ਸਭ ਤੋਂ ਉਮੀਦਵਾਰਾਂ ਦਾ ਐਲਾਨ ਕਰ ਕੇ ਪ੍ਰਚਾਰ ਮੁਹਿੰਮ ਨੂੰ ਪੂਰੀ ਤਰ੍ਹਾਂ ਮਘਾ ਲਿਆ। ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਗਿਣਾ ਕੇ ਵੋਟਰਾਂ ਦਾ ਧਿਆਨ ਖਿੱਚਣ ਵਿਚ ਵੀ ਸਫਲ ਰਿਹਾ।
ਇਸੇ ਦੌਰਾਨ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਅੰਬਿਕਾ ਸੋਨੀ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਅਕਾਲੀ-ਭਾਜਪਾ ਗੱਠਜੋੜ ਸਣੇ ਸਭ ਨੂੰ ਹੈਰਾਨ ਕਰ ਦਿੱਤਾ। ਕਾਂਗਰਸ ਨੇ ਪੀਪਲਜ਼ ਪਾਰਟੀ ਆਫ ਪੰਜਾਬ ਨਾਲ ਸਮਝੌਤਾ ਕਰ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਬਾਦਲਾਂ ਦੇ ਗੜ੍ਹ ਬਠਿੰਡਾ ਵਿਚ ਉਤਾਰਿਆ। ਕਾਂਗਰਸ ਦੀ ਇਹ ਰਣਨੀਤੀ ਕਾਰਗਰ ਸਾਬਤ ਹੋਈ ਤੇ ਕੁਝ ਦਿਨਾਂ ਵਿਚ ਹੀ ਹਵਾ ਦਾ ਰੁਖ਼ ਅਕਾਲੀ ਭਾਜਪਾ ਗੱਠਜੋੜ ਖਿਲਾਫ਼ ਵੇਖਣ ਨੂੰ ਮਿਲਿਆ।
ਪੰਜਾਬ ਵਿਚ ਜ਼ਬਰਦਸਤ ਸੱਤਾ ਵਿਰੋਧੀ ਲਹਿਰ ਵੇਖਣ ਨੂੰ ਮਿਲੀ ਪਰ ਇਸ ਦਾ ਲਾਹਾ ਕੌਣ ਹਾਸਲ ਕਰੇਗਾ, ਇਸ ਬਾਰੇ ਅਜੇ ਭੇਤ ਬਰਕਰਾਰ ਹੈ। ਇਹ ਗੁੰਝਲਦਾਰ ਹਾਲਤ ਆਮ ਆਦਮੀ ਪਾਰਟੀ ਨੇ ਬਣਾਈ ਹੈ। ਦਿੱਲੀ ਤੋਂ ਬਾਅਦ ਸ਼ਾਇਦ ਪੰਜਾਬ ਹੀ ਅਜਿਹਾ ਸੂਬਾ ਹੈ, ਜਿੱਥੇ ਆਮ ਆਦਮੀ ਪਾਰਟੀ ਨੇ ਵੋਟਰਾਂ ਦਾ ਖੂਬ ਧਿਆਨ ਖਿੱਚਿਆ। ਪੰਜਾਬ ਦੀਆਂ ਦੋਵੇਂ ਰਵਾਇਤੀ ਧਿਰਾਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਹਾਸਲ ਕੀਤੀਆਂ ਜਾਣ ਵਾਲੀਆਂ ਵੋਟਾਂ ਨੂੰ ਆਪੋ-ਆਪਣੇ ਲਈ ਫਾਇਦੇਮੰਦ ਦੱਸ ਰਹੀਆਂ ਸਨ ਪਰ ‘ਆਪ’ ਨੂੰ ਮਿਲੇ ਹੁੰਗਾਰੇ ਮਗਰੋਂ ਸਭ ਦੇ ਸਾਹ ਸੂਤੇ ਗਏ ਹਨ।
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ 13 ਹਲਕਿਆਂ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ। ਪਾਰਟੀ ਵੱਲੋਂ ਤਿੰਨ ਵਕੀਲਾਂ, ਤਿੰਨ ਕਲਾਕਾਰਾਂ, ਤਿੰਨ ਅਧਿਆਪਕਾਂ, ਦੋ ਡਾਕਟਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਪਾਰਟੀ ਲੀਡਰਸ਼ਿਪ ਭਾਵੇਂ ਸਾਰੇ ਪੰਜਾਬ ਵਿਚ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਲਹਿਰ ਚੱਲਣ ਦੇ ਦਾਅਵੇ ਕਰ ਰਹੀ ਹੈ ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਪੰਜ ਹਲਕਿਆਂ ਵਿਚ ਰਵਾਇਤੀ ਰਾਜਸੀ ਧਿਰਾਂ ਨੂੰ ਬਰਾਬਰ ਦਾ ਮੁਕਾਬਲਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਸੰਗਰੂਰ, ਪਟਿਆਲਾ, ਲੁਧਿਆਣਾ, ਗੁਰਦਾਸਪੁਰ ਅਤੇ ਫ਼ਰੀਦਕੋਟ ਸ਼ਾਮਲ ਹਨ।
ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੇ ਆਗੂ ਪਹਿਲਾਂ ‘ਆਪ’ ਦੇ ਉਮੀਦਵਾਰਾਂ ਨੂੰ ਆਪੋ-ਆਪਣੇ ਲਈ ਫਾਇਦੇਮੰਦ ਦੱਸਦੇ ਸਨ। ਹੁਕਮਰਾਨ ਧਿਰ ਦੀ ਦਲੀਲ ਸੀ ਕਿ ‘ਆਪ’ ਦੇ ਉਮੀਦਵਾਰਾਂ ਨੂੰ ਸੱਤਾ ਵਿਰੋਧੀ ਵੋਟ ਪਵੇਗੀ। ਇਹੀ ਵੋਟ ਕਾਂਗਰਸ ਨੂੰ ਪੈਣੀ ਸੀ। ਉਹ ਇਹ ਵੀ ਤਰਕ ਦਿੰਦੇ ਸਨ ਕਿ ਜਿਵੇਂ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦੀ ਮੌਜੂਦਗੀ ਨਾਲ ਹੁਕਮਰਾਨ ਗਠਜੋੜ ਨੂੰ ਫਾਇਦਾ ਪੁੱਜਿਆ ਸੀ, ਇਸੇ ਤਰ੍ਹਾਂ ਹੁਣ ਉਨ੍ਹਾਂ ਨੂੰ ‘ਆਪ’ ਤੋਂ ਲਾਭ ਹੋਵੇਗਾ। ਦੂਜੇ ਪਾਸੇ ਕਾਂਗਰਸ ਦਾ ਦਾਅਵਾ ਹੈ ਕਿ ‘ਆਪ’ ਨੂੰ ਸਿਰਫ ਸੱਤਾ ਵਿਰੋਧੀ ਵੋਟ ਦਾ ਕੁਝ ਹਿੱਸਾ ਮਿਲੇਗਾ ਪਰ ਕਾਂਗਰਸ ਦਾ ਆਪਣਾ ਚੰਗਾ ਵੋਟ ਬੈਂਕ ਹੋਣ ਕਰ ਕੇ 13 ਦੀਆਂ 13 ਸੀਟਾਂ ਕਾਂਗਰਸ ਦੀ ਹੀ ਝੋਲੀ ਪੈਣਗੀਆਂ।
ਉਂਝ, ਕਾਂਗਰਸ ਦੱਬੀ ਸੁਰ ਵਿਚ ਇਹ ਵੀ ਮੰਨ ਰਹੀ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਉਭਾਰ ਖੇਡ ਵਿਗਾੜ ਸਕਦਾ ਹੈ। ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਬਾਰੇ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਮੰਨਿਆ ਕਿ ਪੰਜਾਬ ਵਿਚ ਆਪ ਅਹਿਮ ਧਿਰ ਬਣ ਕੇ ਉੱਭਰੀ ਹੈ ਤੇ ਕਈ ਸੀਟਾਂ ‘ਤੇ ਇਸ ਨੇ ਇੰਨੀ ਕਰੜੀ ਟੱਕਰ ਦਿੱਤੀ ਹੈ ਕਿ ਕੁਝ ਵੀ ਕਹਿਣਾ ਔਖਾ ਹੈ।
ਬੀਬੀ ਰਾਜਿੰਦਰ ਕੌਰ ਭੱਠਲ ਨੇ ਭਾਵੇਂ ਸ੍ਰੀ ਅਹਿਮਦ ਤੋਂ ਵੱਖਰੀ ਸੁਰ ਅਲਾਪਦਿਆਂ ਫਿਰ ਦਾਅਵਾ ਕੀਤਾ ਹੈ ਕਿ ਕਾਂਗਰਸ ਉਤੇ ‘ਆਪ’ ਦਾ ਕੋਈ ਅਸਰ ਨਹੀਂ ਹੋਇਆ, ਪਰ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ 16 ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਸਭ ਸਾਫ ਹੋ ਜਾਵੇਗਾ। ਉਦੋਂ ਕਾਂਗਰਸ ਕੋਲ ਕੋਈ ਜਵਾਬ ਨਹੀਂ ਹੋਵੇਗਾ। ਮਾਹਿਰਾਂ ਮੁਤਾਬਕ ਐਤਕੀਂ ਪੰਜਾਬ ਵਿਚ ਉਥਲ-ਪੁਥਲ ਹੋਣੀ ਹੀ ਹੋਣੀ ਹੈ।
Leave a Reply