ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਸਿਆਸੀ ਭਵਿੱਖ ਵਿਚ ਵੱਡੀ ਤਬਦੀਲੀ ਦੇ ਪ੍ਰਤੱਖ ਸੰਕੇਤ ਵੇਖਣ ਨੂੰ ਮਿਲੇ ਹਨ। ਦੋਵੇਂ ਮੁੱਖ ਰਵਾਇਤੀ ਪਾਰਟੀਆਂ ਨਾਲ ਦਹਾਕਿਆਂ ਤੋਂ ਜੁੜੀਆਂ ਵੋਟਾਂ ਖਿੰਡਣ ਤੇ ਨੌਜਵਾਨ ਵੋਟਰਾਂ ਅੰਦਰ ਤਬਦੀਲੀ ਦੀ ਚਾਹ ਨੇ ਨਵੀਂ ਚਰਚਾ ਛੇੜੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਵਾਰ ਪਰਿਵਾਰਾਂ ਵਿਚ ਵੀ ਵੋਟਾਂ ਵੰਡੀਆਂ ਗਈਆਂ ਤੇ ਦੇਸ਼ ਦੇ ਅਹਿਮ ਮੁੱਦੇ ਭਾਰੂ ਰਹੇ।
ਪੰਜਾਬ ਵਿਚ ਪਹਿਲੀ ਵਾਰ ਵੋਟਰਾਂ ਦੇ ਬਦਲੇ ਤੇਵਰਾਂ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਾਰ ਚੋਣ ਨਤੀਜੇ ਹੈਰਾਨੀਜਨਕ ਹੀ ਹੋਣਗੇ। ਲੋਕ ਸਭਾ ਚੋਣਾਂ ਦੌਰਾਨ ਕੁੱਲ 1,95,27,114 ਵੋਟਰਾਂ ਵਿਚੋਂ 18 ਤੋਂ 39 ਸਾਲ ਦੇ ਨੌਜਵਾਨ ਵੋਟਰਾਂ ਦੀ ਗਿਣਤੀ 97,79,398 ਬਣਦੀ ਹੈ ਜੋ ਕੁੱਲ ਵੋਟਾਂ ਦਾ 48 ਫੀਸਦ ਹਨ। ਇਨ੍ਹਾਂ 48 ਫੀਸਦ ਵੋਟਰਾਂ ਅੰਦਰ ਪੀੜ੍ਹੀ-ਦਰ-ਪੀੜ੍ਹੀ ਕਿਸੇ ਇਕ ਪਾਰਟੀ ਦੇ ਲੜ ਲੱਗਣ ਦੀ ਰਵਾਇਤ ਦੇ ਉਲਟ ਆਪਣੀ ਸੋਚ ਅਨੁਸਾਰ ਵੋਟ ਪਾਉਣ ਦੀ ਚਾਹ ਸੀ। ਇਸ ਵਰਗ ਦੇ ਵੋਟਰਾਂ ਵਿਚ ਸੋਸ਼ਲ ਮੀਡੀਆ ਦੀ ਭੂਮਿਕਾ ਦਾ ਅਸਰ ਰਿਹਾ। ਪੰਜਾਬ ਅੰਦਰ
ਪਿਛਲੇ ਛੇ ਦਹਾਕਿਆਂ ਦੌਰਾਨ ਕਦੇ ਵੀ ਤੀਜੇ ਬਦਲ ਵਜੋਂ ਉੱਭਰ ਰਹੀ ਪਾਰਟੀ ਨੂੰ ਅਜਿਹਾ ਹੁੰਗਾਰਾ ਨਹੀਂ ਮਿਲਿਆ। ਪਿਛਲੇ ਦੋ ਦਹਾਕੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਅੰਦਰ ਪੈਰ ਪਸਾਰਨ ਦੇ ਬੜੇ ਯਤਨ ਕੀਤੇ। 1989 ਦੀ ਲੋਕ ਸਭਾ ਚੋਣ ਵਿਚ ਬਸਪਾ ਦੇ ਦੋ ਉਮੀਦਵਾਰ ਲੋਕ ਸਭਾ ਮੈਂਬਰ ਬਣੇ। ਫਿਰ ਅਕਾਲੀ ਦਲ ਨਾਲ ਸਮਝੌਤੇ ਅਧੀਨ ਬਸਪਾ ਦੇ 1996 ਦੀ ਲੋਕ ਸਭਾ ਚੋਣ ਵਿਚ ਤਿੰਨ ਉਮੀਦਵਾਰ ਜੇਤੂ ਰਹੇ ਪਰ ਬਸਪਾ ਦੀ ਵੋਟ ਕਦੇ ਵੀ 8 ਫੀਸਦੀ ਤੋਂ ਨਹੀਂ ਵਧੀ। ਸਾਲ 2010 ਵਿਚ ਪੀਪਲਜ਼ ਪਾਰਟੀ ਆਫ ਪੰਜਾਬ ਹੋਂਦ ਵਿਚ ਆਈ ਅਤੇ ਪੂਰੇ ਪੰਜਾਬ ਵਿਚ ਉਸ ਨੇ ਤਬਦੀਲੀ ਦਾ ਡੰਕਾ ਵਜਾਇਆ ਪਰ ਉਸ ਨੂੰ ਵੀ ਛੇ ਕੁ ਫੀਸਦੀ ਦੇ ਕਰੀਬ ਵੋਟ 2012 ਦੀ ਵਿਧਾਨ ਸਭਾ ਚੋਣ ਵਿਚ ਮਿਲੇ।
ਵੋਟ ਫੀਸਦ ਪੱਖੋਂ ਕਾਂਗਰਸ ਭਾਵੇਂ ਪੰਜਾਬ ਵਿਚ ਸਭ ਤੋਂ ਮੋਹਰੀ ਹੈ ਪਰ ਆਪਸੀ ਫੁੱਟ ਤੇ ਯੋਗ ਅਗਵਾਹੀ ਦੀ ਘਾਟ ਕਾਰਨ ਪਾਰਟੀ ਤਕਰੀਬਨ ਦੋ ਦਹਾਕਿਆਂ ਤੋਂ ਗੁੱਠੇ ਲੱਗੀ ਹੋਈ ਹੈ। ਇਸ ਵਾਰ ਕਾਂਗਰਸ ਨੂੰ ਸੱਤਾ ਵਿਰੋਧੀ ਲਹਿਰ ਕਾਰਨ ਵੱਡੀ ਆਸ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਰਵਾਇਤੀ ਪਾਰਟੀਆਂ ਦੇ ਅਸਲ ਚਿਹਰਾ ਸਾਹਮਣੇ ਲਿਆਉਣ ਕਰ ਕੇ ਨੌਜਵਾਨ ਵੋਟਰਾਂ ਨੂੰ ਕਾਂਗਰਸ ਖਿੱਚਣ ਵਿਚ ਸਫਲ ਨਹੀਂ ਰਹੀ। ਚੋਣਾਂ ਦੌਰਾਨ ਜੇਕਰ ਅਕਾਲੀ-ਭਾਜਪਾ ਗੱਠਜੋੜ ਵਿਰੋਧ ਲਹਿਰ ਵੇਖਣ ਨੂੰ ਮਿਲੀ ਤਾਂ ਪੰਜਾਬ ਦੀ ਜਨਤਾ ਨੇ ਕਾਂਗਰਸ ਦੀ ਅਗਵਾਈ ਵਾਲੀ ਕਂਦਰ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਏ।
ਸਭ ਤੋਂ ਵੱਧ ਧੱਕਾ ਅਕਾਲੀ ਦਲ ਨੂੰ ਲੱਗਦਾ ਨਜ਼ਰ ਆਇਆ। ਪੰਜਾਬ ਦੀਆਂ ਹਾਕਮ ਪਾਰਟੀਆਂ ਨੇ ਲੋਕ ਸਭਾ ਚੋਣਾਂ ਸੱਤ ਸਾਲਾਂ ਦੇ ਵਿਕਾਸ ਏਜੰਡੇ ‘ਤੇ ਲੜਨ ਦਾ ਐਲਾਨ ਕੀਤਾ ਸੀ ਪਰ ਚੋਣ ਪ੍ਰਚਾਰ ਪ੍ਰਚੰਡ ਹੁੰਦਿਆਂ ਹੀ ਵਿਕਾਸ ਦੇ ਦਾਅਵੇ ਹਵਾ ਹੋ ਗਏ ਤੇ ਅਸਲੀ ਮੁੱਦੇ ਲੋਕਾਂ ਦੇ ਮੂਹਰੇ ਆ ਗਏ। ਨਸ਼ਿਆਂ ਦੀ ਸਮਗਲਿੰਗ ਤੇ ਰੇਤਾ ਬਜਰੀ ਦੀ ਕਾਲਾਬਾਜ਼ਾਰੀ ਮੁੱਖ ਮੁੱਦਿਆਂ ਵਜੋਂ ਉਭਰੇ। ਅਕਾਲੀ ਦਲ ਨੂੰ ਇਨ੍ਹਾਂ ਮੁੱਦਿਆਂ ‘ਤੇ ਜਵਾਬ ਦੇਣਾ ਔਖਾ ਹੋ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀਆਂ ਭਾਵੁਕ ਤਕਰੀਰਾਂ ਨੂੰ ਵੀ ਕੋਈ ਹੁੰਗਾਰਾ ਮਿਲਦਾ ਨਜ਼ਰ ਨਾ ਆਇਆ। ਪਿਛਲੀ ਕਰੀਬ ਅੱਧੀ ਸਦੀ ਤੋਂ ਪੰਜਾਬ ਅੰਦਰ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਚੋਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਹਮੇਸ਼ਾ ਦਬਦਬਾ ਬਣਿਆ ਰਿਹਾ।
ਇੰਨਾ ਹੀ ਨਹੀਂ 1995 ਤੋਂ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਕੌਮੀ ਹੀਰੋ ਵਾਲੀ ਬਣ ਗਈ। ਹਰ ਚੋਣ ਵਿਚ ਉਹ ਪਾਰਟੀ ਦੇ ਸਟਾਰ ਚੋਣ ਪ੍ਰਚਾਰਕ ਬਣ ਕੇ ਵਿਚਰਦੇ ਰਹੇ ਪਰ ਲੋਕ ਸਭਾ ਚੋਣਾਂ ਵਿਚ ਉਹ ਰੈਲੀਆਂ ਤਾਂ ਪਹਿਲੇ ਦਿਨ ਤੋਂ ਹੀ ਕਰਦੇ ਰਹੇ ਪਰ ਉਨ੍ਹਾਂ ਦੀ ਹਾਜ਼ਰੀ ਕਿਧਰੇ ਵੀ ਰੜਕਵੀਂ ਨਹੀਂ ਰਹੀ। ਕਿਸੇ ਸਮੇਂ ਚੋਣ ਮੁਹਿੰਮ ਦਾ ਰੁਖ਼ ਬਦਲਣ ਦੀ ਸਮਰਥਾ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ ਵਿਚ ਇਹ ਕਹਿੰਦਿਆਂ ਆਪਣੀ ਲਾਚਾਰੀ ਜ਼ਾਹਰ ਕਰਦੇ ਵੇਖੇ ਗਏ ਕਿ ‘ਸਾਡੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਾ ਦਿਓ’। ਸੁਖਬੀਰ ਸਿੰਘ ਬਾਦਲ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੰਗੇ ਚੋਣ ਪ੍ਰਬੰਧਕ ਵਜੋਂ ਉੱਭਰੇ ਸਨ ਤੇ ਉਨ੍ਹਾਂ ਦਾ ਸਿੱਕਾ ਹੀ ਇਹ ਜੰਮਿਆ ਸੀ ਕਿ ਚੋਣ ਪ੍ਰਬੰਧਕ ਦੀ ਕਲਾਕਾਰੀ ਦੇ ਸਿਰ ਉੱਪਰ ਉਹ ਚੋਣ ਜਿੱਤਣ ਦੇ ਸਮਰਥ ਹੁੰਦੇ ਹਨ।
ਆਪਣੇ ਇਸੇ ਪ੍ਰਬੰਧਕੀ ਮੰਤਰ ਦੇ ਸਹਾਰੇ ਉਹ ਅਗਲੇ 25 ਸਾਲ ਪੰਜਾਬ ਵਿਚ ਰਾਜ ਕਰਨ ਦਾ ਦਾਅਵਾ ਵੀ ਕਰਦੇ ਰਹੇ ਹਨ ਪਰ ਇਨ੍ਹਾਂ ਚੋਣਾਂ ਵਿਚ ਸੁਖਬੀਰ ਸਿੰਘ ਦਾ ਚੋਣ ਮੰਤਰ ਗੁਆਚਿਆ ਹੀ ਨਜ਼ਰ ਆਇਆ ਤੇ ਚੋਣ ਪ੍ਰਚਾਰ ਦਾ ਆਖਰੀ ਡੇਢ ਹਫ਼ਤਾ ਉਹ ਪੂਰੇ ਪੰਜਾਬ ਵਿਚ ਪ੍ਰਚਾਰ ਬੰਦ ਕਰ ਕੇ ਆਪਣੀ ਪਤਨੀ ਦੀ ਚੋਣ ਮੁਹਿੰਮ ਨੂੰ ਲਾਮਬੰਦ ਕਰਨ ਉਪਰ ਹੀ ਧਿਆਨ ਕੇਂਦਰਤ ਕਰੀ ਬੈਠੇ ਨਜ਼ਰ ਆਏ।
____________________________________
ਨੌਜਵਾਨਾਂ ਦੀ ‘ਆਪ’ ਨੂੰ ਗਲਵੱਕੜੀ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਕਰਵਾਏ ਗਏ ਚੋਣ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈਆਂ ਵੋਟਾਂ ਕਾਂਗਰਸ ਨਾਲੋਂ ਭਾਜਪਾ ਉਮੀਦਵਾਰ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੀਆਂ ਹਨ। ਸਰਵੇਖਣ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੇ ਕਾਂਗਰਸ ਤੇ ਭਾਜਪਾ ਨੂੰ ਵੋਟ ਪਾਉਣ ਦੀ ਥਾਂ ‘ਆਪ’ ਨੂੰ ਵੋਟ ਪਾਉਣ ਨੂੰ ਪਹਿਲੀ ਦਿੱਤੀ ਹੈ। ਚੋਣ ਸਰਵੇਖਣ ਵਿਚ ਸ਼ਹਿਰ ਦੇ ਦੋ ਸੌ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ ਦੋ ਸੌ ਵੋਟਰਾਂ ਵਿਚ 82 ਉਹ ਵੋਟਰ ਸ਼ਾਮਲ ਹਨ ਜਿਨ੍ਹਾਂ ਐਤਕੀਂ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਸਰਵੇਖਣ ਅਨੁਸਾਰ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਵਿਚੋਂ 36æ5 ਫੀਸਦ ਦਾ ਇਹ ਕਹਿਣਾ ਸੀ ਕਿ ਉਨ੍ਹਾਂ ਨੇ ‘ਆਪ’ ਦੇ ਉਮੀਦਵਾਰ ਨੂੰ ਵੋਟ ਪਾਈ ਹੈ ਜਦੋਂਕਿ 28æ04 ਫੀਸਦ ਨੇ ਕਾਂਗਰਸ ਤੇ 16 ਫੀਸਦ ਨੇ ਭਾਜਪਾ ਨੂੰ ਵੋਟ ਪਾਏ ਜਾਣ ਦਾ ਖੁਲਾਸਾ ਕੀਤਾ। ਸਰਵੇਖਣ ਵਿਚ ਕਿਹਾ ਗਿਆ ਹੈ ਕਿ 2012 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ-ਅਕਾਲੀ ਗੱਠਜੋੜ ਨੂੰ ਘੱਟ ਵੋਟਾਂ ਪਈਆਂ ਹਨ।
Leave a Reply