ਜਿਹੜੇ ਲੋਕ ਇਸ ਭਰਮ ਵਿਚ ਹਨ ਕਿ ਫੁੱਲ ਮੁਰਝਾਉਣ ਤੋਂ ਬਾਅਦ ਇਕ ਵਾਰ ਫਿਰ ਖਿੜ ਸਕਦਾ ਹੈ, ਉਹ ਭੁਲੱਕੜ ਹਨ; ਕਿਉਂਕਿ ਜ਼ਮੀਨ-ਅਸਮਾਨ ‘ਕੱਠੇ ਵੀ ਹੋ ਜਾਣ, ਤਦ ਵੀ ਇੱਦਾਂ ਨਹੀਂ ਹੋ ਸਕਦਾ। ਫੁੱਲ ਕੋਲ ਬੈਠ ਕੇ ਖੁਸ਼ਬੂ ਦੀ ਹੀ ਕਲਪਨਾ ਕੀਤੀ ਜਾ ਸਕਦੀ ਹੈ। ਰੂੜੀਆਂ ਦੇ ਢੇਰ ਕੋਲ ਨੱਕ ‘ਕੱਠਾ ਕਰਨਾ ਹੀ ਪਵੇਗਾ। ਕਾਲੇ ਕਾਂ ਚਿੱਟੇ ਵੀ ਹੋ ਜਾਣ, ਚਿੜੀਆਂ ਦੇ ਚਿਹਰਿਆਂ ‘ਤੇ ਰੌਣਕ ਪਰਤ ਆਉਣ ਦੀ ਆਸ ਨਹੀਂ ਬਣੇਗੀ। ਵੱਗ ਵਿਚੋਂ ਵਿਛੜੇ ਜਾਨਵਰ ‘ਤੇ ਹੀ ਸ਼ੇਰ ਵਾਰ ਕਰਦਾ ਹੈ, ਕਿਉਂਕਿ ਉਹ ਜਾਣਦੈ ਕਿ ਜਿੱਦਣ ਵੱਗ ‘ਕੱਠਾ ਹੋ ਗਿਆ, ਜੰਗਲ ਦੀ ਬਾਦਸ਼ਾਹਤ ਹੱਥੋਂ ਨਿਕਲ ਜਾਵੇਗੀ। ਕਾਲੀਆਂ ਘਟਾਵਾਂ ਦੇਖ ਕੇ ਸਾਉਣ ਮਹੀਨੇ ਪੈਲਾਂ ਪਾਉਣਾ ਮੋਰ ਦੀ ਮਸਤੀ ਹੋ ਸਕਦੀ ਹੈ ਪਰ ਜੀਵ ਵਿਗਿਆਨ ਅਨੁਸਾਰ ਸਾਰਾ ਦਿਨ ਭਾਰੇ ਖੰਭਾਂ ਨੂੰ ਖਿੱਚੀ ਫਿਰਨ ਵਾਲੇ ਮੋਰ ਦੀ ਇਹ ਥਕਾਵਟ ਦੂਰ ਕਰਨ ਅਤੇ ਕਸਰਤ ਕਰਨ ਦੀ ਮੁਹਿੰਮ ਦਾ ਹੀ ਹਿੱਸਾ ਹੈ। ਕੱਚੇ ਘੜਿਆਂ ਨੂੰ ਕੱਚੇ ਹੋਣ ਦਾ ਡਰ ਨਹੀਂ ਹੁੰਦਾ, ਉਹ ਸਿਰਫ ਪਾਣੀ ਦੀ ਮਾਰ ਤੋਂ ਹੀ ਭੈਅ ਖਾਂਦੇ ਹਨ। ਬਹੁਤ ਸਾਰੇ ਕਵੀਆਂ ਨੇ ਕਵਿਤਾ ਮਹਿਬੂਬ ਨੂੰ ਮੁਖਾਤਿਬ ਹੋ ਕੇ ਉਹਦੇ ਚਿਹਰੇ ਦੀ ਖੂਬਸੂਰਤੀ ‘ਤੇ ਲਿਖੀ ਸੀ, ਪਰ ਮਹਿਬੂਬ ਨੇ ਉਨ੍ਹਾਂ ਦੇ ਸੁਪਨਿਆਂ ਵਿਚ ਆਉਣਾ ਵੀ ਕਈ ਵਾਰ ਮੁਨਾਸਿਫ ਨਹੀਂ ਸਮਝਿਆ। ਇਸੇ ਕਰ ਕੇ ਕਵੀਆਂ ਦੇ ਸੁਭਾਅ ਵਿਚ ਝੱਲਾਪਣ ਭਾਰੂ ਹੋ ਜਾਂਦਾ ਹੈ। ਆਪਣੇ ਮੁਲਕ ਵਿਚ ਭੈੜੇ ਕੰਮ ਕਰ ਕੇ ਜਸ ਖੱਟਣ ਦੀ ਸੋਚ ਨੇ ਲੀਡਰਾਂ ਦੀ ਗਿਣਤੀ ਵਧਾਈ ਹੈ। ਇਸੇ ਕਰ ਕੇ ਇਮਾਨਦਾਰ ਇਨਸਾਨਾਂ ਦੀ ਘਾਟ ਲਗਾਤਾਰ ਵਧ ਰਹੀ ਹੈ। ਜੇ ਬੁੱਢਾ ਹੋ ਕੇ, ਉਮਰ ਵਿਹਾ ਕੇ ਕੋਈ ਥੱਕ ਨਹੀਂ ਰਿਹਾ, ਜੇ ਕੋਈ ਇਕੋ ਕਾਰਜ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ, ਜਿਹਦੇ ਲੀੜੇ ਤਾਂ ਚਿੱਟੇ ਹੋਣ ਪਰ ਖੀਸਾ ਭ੍ਰਿਸ਼ਟਾਚਾਰ ਨਾਲ ਲਿਬੜਿਆ ਹੋਵੇ, ਤਾਂ ਉਹ ਮੇਰੇ ਮੁਲਕ ਦਾ ਰਾਜਸੀ ਨੇਤਾ ਹੀ ਹੋ ਸਕਦਾ ਹੈ। ਪੁੱਤਰ ਮੋਹ ਵਿਚ ਲਗਾਤਾਰ ਗਲਤੀਆਂ ਕਰਨ ਦਾ ਸੰਕਲਪ ਹਿੰਦੋਸਤਾਨ ਦੀ ਰਾਜਨੀਤੀ ਨੇ ਹੀ ਪੈਦਾ ਕਰ ਕੇ ਦਿੱਤਾ ਹੈ। ਇਸੇ ਕਰ ਕੇ ਵੋਟ ਅਤੇ ਵੋਟਰ ਲਗਾਤਾਰ ਝਗੜਦੇ ਆਏ ਹਨ। ਸਾਹਮਣੇ ਲਿਖਿਆ ਪੜ੍ਹਨ ਵਾਲੇ ਕੂਹਣੀ ਮੋੜ ‘ਤੇ ਵੀ ਸੱਟ ਨਹੀਂ ਖਾਂਦੇ।
ਐਸ਼ ਅਸ਼ੋਕ ਭੌਰਾ
“ਅੱਜ ਤਾਂ ਬਈ ਕਾਂ ਦੀ ਅੱਖ ਨਿਕਲਦੀ ਐ, ਵੋਟਾਂ ਦੀ ਗਰਮੀ ਤੋਂ ਬਾਅਦ ਲੱਗਦੈ ਉਪਰ ਵਾਲਾ ਵੀ ਹੱਥ ਦਿਖਾਉਣ ਲੱਗ ਪਿਐæææ।” ਨੱਥਾ ਸਿਹੁੰ ਨੇ ਬੋਹੜ ਹੇਠ ਇੱਟ ਦਾ ਪੀਹੜਾ ਬਣਾਉਂਦਿਆਂ ਗੱਲ ਤੋਰੀ।
“ਆਹੋ ਤੇਰਾ ‘ਗਰੇਜ਼ (ਅੰਗਰੇਜ਼) ਦਾ ਰੰਗ ਉਤਰਦਾ ਹੋਣੈ। ਆਏਂ ਚੱਬ ਕੇ ਗੱਲ ਕਰਦੈ ਜਿੱਦਾਂ ਕਸ਼ਮੀਰ ਵਿਚ ਪੈਦਾ ਹੋਇਆ ਹੁੰਦੈ।” ਮੱਘਰ ਨੇ ਜਿਵੇਂ ਆਉਂਦੀ ਬੋਚ ਲਈ ਹੋਵੇ।
“ਕਰ ਲਓ ਕੱਦੂ ‘ਚ ਮੋਰੀæææ ਲਾਰੀ ਬਠਿੰਡੇ ਦੀ ਫੜਨੀ ਆਂ, ਟਿਕਟ ਦਸੂਹੇ ਦੀ ਮੰਗੀ ਜਾਂਦੈ। ਰੱਬ ਤੋਂ ਡਰ ਮੱਘਰਾ! ਦੋ ਸਾਲ ਹੋ ਗਏ ਆ ਖੁੱਚ ਪਈ, ਮਸਾਂ ਇਕ ਅੱਖ ਨਾਲ ਵੀ ਲੰਗੇ ਡੰਗ ਦੀਹਦਾæææ ਵੱਡਾ ਵਲੈਤ ਵਾਲਾ ਰਾਜ ਕੁਮਾਰ। ਇਹ ਰਾਮਦੇਵ ਵਾਂਗ ਸਹੁਰੀ ਦੇ ਨੇ ਗੱਲ ਨੀ ਕਰਨੀ ਚੱਜ ਦੀ।”
“ਨੱਥਾ ਸਿਹਾਂ! ਰਾਮਦੇਵ ਦਾ ਕੀ ਰੌਲਾ ਪੈਂਦਾ? ਕਿਤੇ ਯੋਗ ਕੈਂਪ ਲੱਗਣਾ?” ਮਾਸਟਰ ਕਰਨੈਲ ਸਿੰਘ ਨੇ ਵੀ ਆਉਂਦਿਆਂ ਅਤਿਸ਼ਬਾਜ਼ੀ ਚਲਾ’ਤੀ।
“ਮਾਹਟਰਾ ਲੱਗ ਹਟੇ ਹੁਣ ਉਹਦੇ ਕੈਂਪæææ ਜੇ ਮੋਦੀ ਕਿਤੇ ਨਾ ਬਣਿਆ, ਤਾਂ ਪਹਿਲਾਂ ਤਾਂ ਦਿੱਲਿਉਂ ਤੀਵੀਆਂ ਆਲੇ ਕੱਪੜੇ ਪਾ ਕੇ ਨੱਠ ਪਿਆ ਸੀ, ਹੁਣ ਤਾਂ ਦੋ ਕੋਹ ਨੀ ਤੁਰਨ ਦੇਣਾ ਕਿਸੇ ਨੇ। ਚਲੋ ਰਾਮਦੇਵ ਦੇ ਤਾਂ ਫਿਰ ਵੀ ਡੂਢ ਕੁ ਹੈਗੀ ਆ, ਆਹ ਮੱਘਰ ਇਕ ਨਾਲ ਨੀ ਭੁੰਜੇ ਪੈਣ ਦਿੰਦਾ ਕੁਝ।”
“ਨੱਥਾ ਸਿਹਾਂ! ਬੰਦੇ ਕ-ਬੰਦੇ ‘ਚ ਫਰਕ ਹੁੰਦੈ। ਮਹਾਰਾਜਾ ਰਣਜੀਤ ਸਿਹੁੰ ਦੀ ਵੀ ਇਕ ਅੱਖ ਸੀ।”
“ਚੱਲ ਮਾਹਟਰਾ, ਅਸੀਂ ਕਿਹੜਾ ਤੇਰੇ ਵਾਂਗੂੰ ਪੜ੍ਹੇ-ਲਿਖੇ ਆਂ, ਪਰ ਐਂ ਜ਼ਰੂਰ ਪਤੈ ਕਿ ਉਹਦੀ ਇਕੋ ਅੱਖ ਸੁਲੱਖਣੀ ਸੀ, ਬੜਾ ਧਰਮੀ ਰਾਜਾ ਸੀ। ਆਹ ਜਿਹੜੇ ਆਂਹਦੇ ਸੀ, ਉਹਦੇ ਵਰਗਾ ਰਾਜ ਦਿਆਂਗੇ, ਬਹਿ ਜਾਣ ਕਿਤੇ ਇਨ੍ਹਾਂ ਦੀਆਂ ਦੋਏ, ਇਨ੍ਹਾਂ ਨੂੰ ਆਪਣੇ ਘਰ ਤੋਂ ‘ਗਾਂਹ ਦੀਂਹਦਾ ਈ ਨੀ। ਇਨ੍ਹਾਂ ਦਾ ਹੋ ਗਿਆ ਸਭ ਕੁਝ ਪੰਜਾਂ ਸਾਲਾਂ ‘ਚ ਦੂਣਾ। ਕਿਲੋਆਂ ਦੇ ਹਿਸਾਬ ਨਾਲ ਇਨ੍ਹਾਂ ਕੋਲ ਸੋਨਾ ਚਾਂਦੀ ਆ, ਤੇ ਮਾਇਆ ਗਿਣੇ ਨੀ ਹੁੰਦੀ। ਹੈ ਹਾ ਪੈ ਜਾਏ ਕਿਤੇ ਇਨ੍ਹਾਂ ਦੀ ਮੂਧੀ ਬੇੜੀ।”
ਨੱਥੂ ਨੇ ਹਟਕੋਰਾ ਲੈ ਕੇ ਭਰੇ ਗਲੇ ਨਾਲ ਗੱਲ ਫਿਰ ਅੱਗੇ ਤੋਰੀ, “ਮਾਹਟਰਾ ਮਰ ਗਿਆ ਨਾ ਆਪਣੇ ਪਿੰਡ ਆਲਾ ਅੱਛਰ ਸਿੰਹੁ ਪਰਸੋਂ ਫਾਹਾ ਲੈ ਕੇæææ।”
“ਸੱਚੀਂ! ਉਹਦਾ ਟੱਬਰ ਉਜੜ ਗਿਆ। ਪਿਛਲੇ ਸਾਲ ਪੁੱਤ ਮਰ ਗਿਆ ਸੀ ਗੱਭਰੂ, ਤੇ ਐਤਕੀਂ ਹਾੜ੍ਹੀ ਚੁੱਕਣ ਤੋਂ ਪਹਿਲਾਂ ਈ ਪਿਉ ਚਲੇ ਗਿਆ। ਬੜੀ ਸੋਹਣੀ ਉਦਣ ਵੋਟ ਪਾਉਣ ਗਿਆ ਸੀ।”
“ਵੇਖ ਨੱਥਾ ਸਿਹਾਂ! ਮੁੰਡਾ ਤਾਂ ਉਹਦਾ ਚੰਗਾ ਸੀ, ਜ਼ੋਰ ਕਰਦਾ ਹੁੰਦਾ ਸੀ, ਬੀæਏæ ਪਾਸ ਸੀ। ਚਿੱਟੇ ਨੇ ਲੈ ਲਿਆ।”
“ਚੱਲ ਮਾਹਟਰਾ! ਆਏਂ ਦੱਸ, ਜਿੱਧਰ ਦੇਖ ਲਓ, ਚਿੱਟਾ ਚਿੱਟਾæææ। ਕਾਲੀ ਨਾਗਣੀ ਜੀਹਨੂੰ ਫੀਮ ਆਂਹਦੇ ਆ, ਉਹ ਤਾਂ ਸੁਣੀ ਸੀ, ਇਹ ਕੀ ਬਲਾ ਆ? ਐਤਕੀਂ ਵੋਟਾਂ ਵਿਚ ਚਿੱਟਾ ਚਿੱਟਾ ਹੋਈ ਜਾ ਰਹੀ ਸੀ, ਕਈਆਂ ਨੂੰ ਬੀਬੇ ਸਮਝਦੇ ਸੀ, ਉਹ ਵੀ ਬਦਨਾਮ ਕਰ’ਤੇæææਭਲਾ ਕਿਥੇ ਨੀਲੀ ਤੇ ਕਿਥੇ ਚਿੱਟਾ?”
“ਨੱਥਾ ਸਿਹਾਂ, ਕੀ ਦੱਸਾਂæææ ਆਪਣੇ ਪਿੰਡ ਜਾਗਰ ਤੇ ਨਿਹਾਲਾ ਭੁੱਕੀ ਪੀਂਦੇ ਹੁੰਦੇ ਸੀ, ਮਸਾਂ ਦੋ ਜਣੇ। ਭੁੱਕੀ ਹੁੰਦੀ ਸੀ ਭਲੇ ਵੇਲਿਆਂ ਵਿਚ ਵੀਹਾਂ ਨੂੰ ਸੇਰ ਪੱਕੀ, ਤੇ ਅੱਜ ਡੂਢ-ਦੋ ਹਜ਼ਾਰ ਨੂੰ ਆ, ਤੇ ਚਿੱਟਾ ਹਜ਼ਾਰਾਂ ਦਾ ਤੋਲਾ ਮਿਲਦੈ।”
“ਅੱਛਾ! ਤੇ ਅੱਛਰ ਸਿਹੁੰ ਤਾਂ ਬੀਬਾ ਬੰਦਾ ਸੀ, ਤੇ ਸੁੱਖ ਨਾਲ ਮੁੰਡਾ ਵੀ ਆਂਹਦੇ ਪੜ੍ਹਿਆ-ਲਿਖਿਆ ਸੀ। ਇਹ ਚਿੱਟਾ ਪੀਣ ਦਾ ਭੂੰਡਾਂ ਦੇ ਖੱਖਰ ‘ਚ ਕਿਥੋਂ ਹੱਥ ਪਾ ਲਿਆ?”
“ਪਿਛਲੀਆਂ ਵੋਟਾਂ ‘ਚ ਨੌਕਰੀ ਦੇ ਲਾਲਚ ਨੂੰ ਲੀਡਰਾਂ ਦੇ ਚਮਚਿਆਂ ਨੇ ਫਸਾ ਲਿਆ ਆਪਣੇ ਜਾਲ ਵਿਚ। ਵੋਟਾਂ ਵੇਲੇ ਮੁੰਡਿਆਂ ਨੂੰ ਵੰਡਦਾ-ਵੰਡਦਾ ਆਪ ਪੀਣ ਲੱਗ ਪਿਆ। ਦੋ ਸਾਲਾਂ ਵਿਚ ‘ਗਾਂਹ ਨੂੰ ਹੀ ਚਲੇ ਗਿਆ, ਪਿਛਾਂਹ ਨੀ ਮੁੜ ਹੋਇਆ।”
“ਭੁੱਕੀ ਨਾਲ ਤਾਂ ਅਮਲੀ ਸੱਠ-ਸੱਠ ਦੇ ਨੀ ਮਰਦੇ ਹੁੰਦੇ ਸੀ।”
“ਨੱਥਾ ਸਿਹਾਂ, ਚੁੱਪ ਈ ਕਰ, ਜੇ ਆਹੀ ਹਾਲ ਰਿਹਾ ਤਾਂ ਵੇਖੀਂ ਅਗਲੇ ਸਾਲਾਂ ਵਿਚ ਪਿਉਆਂ ਦੇ ਮੋਢਿਆਂ ਤੋਂ ਪੁੱਤਾਂ ਦੀਆਂ ਅਰਥੀਆਂ ਨੀ ਲੱਥਣੀਆਂ।”
“ਮਾਹਟਰਾ, ਭਲਾ ਅੱਛਰੂ ਨੇ ਕਿੰਨਾ ਕੁ ਕਰਜ਼ਾ ਦੇਣਾ ਸੀ ਬੈਂਕ ਆਲਿਆਂ ਦਾ ਜਿਹੜੀ ਉਹਨੇ ਜਾਨ ਗਵਾ ਲਈ?”
“ਜ਼ਮੀਨ ਚਾਰ ਕਨਾਲ ਬਚਦੀ ਸੀ, ਉਹ ਪੁੱਤ ਦੇ ਚਿੱਟੇ ਨੇ ਨਿਗਲ ਲਈ। ਦੋ-ਚਾਰ ਕਿੱਲੇ ਠੇਕੇ ‘ਤੇ ਲੈ ਕੇ ਵਾਹੀ ਕਰਦਾ ਸੀ, ਦੋ ਫਸਲਾਂ ਮਰ ਗਈਆਂæææਹੋਊ ਕੋਈ ਢਾਈ ਤਿੰਨ ਲੱਖ।”
“ਚੱਲੋ ਸਾਡੇ ਕੋਲ ਤਾਂ ਹਜ਼ਾਰ-ਪੰਜ ਸੌ ਨੀ ਹੋਣਾæææ ਬੀਬੀ ਨੇ ਅਚਾਰ ਪਾਉਣਾ ਸੀ ਅਰਬਾਂ ਦਾ। ਇਕ ਦਿਨ ਹਜਾਜ (ਜਹਾਜ਼) ਵਿਚ ਨਾ ਬਹਿੰਦੇ ਪਿਉ-ਪੁੱਤ ਤਾਂ ਪਤਾ ਨੀ ਕਿੰਨੇ ਕੁ ਅੱਛਰੂ ਬਚ ਜਾਣੇ ਸੀ।”
“ਸੁਣ ਓ ਜਾਗਰਾ, ਕਿਹੜੇ ਪੇ-ਪੁੱਤ ਦੀਆਂ ਗੱਲਾਂ ਕਰਦੇ ਆæææ।” ਨਿਹਾਲੇ ਅਮਲੀ ਨੇ ਜਾਗਰ ਨਾਲ ਸੱਥ ਵਿਚ ਬੈਠਦਿਆਂ ਹੀ ਅਨਾਰ ਚਲਾ’ਤਾ।
“ਮਾਹਟਰ ਜੀ, ਨਿਹਾਲੇ ਨੂੰ ਪੁੱਛੋ, ਪਈ ਪਿਛਲੀ ਵਾਰ ਤਾਂ ਇਹਨੇ ਨਸ਼ੇ ਦੀ ਵਾਧ-ਘਾਟ ‘ਚ ਵੋਟ ਪਾਈ ਈ ਨਹੀਂ ਸੀ, ਐਤਕਾਂ ਕੀਹਨੂੰ ਪਾਈ ਐ?”
“ਓਏ ਨੱਥੂਆ! ਮਾਹਟਰ ਨੇ ਪੁੱਛ ਕੇ ਹੁਣ ਦੋਹਰ ਪਾਉਣੀ ਆਂ। ਸੁਆਲ ਤੇਰਾ ਈ, ਮੈਨੂੰ ਸਮਝ ਆ ਗਿਐ।”
“ਦੱਸ ਫੇਰ।”
“ਐਤਕਾਂ ਤੇਰੀ ਭਰਜਾਈ ਪਹਿਲਾਂ ਈ ਝਾੜੂ ਚੁੱਕ ਕੇ ਮੇਰੇ ਪਿੱਛੇ ਪੈ ਗਈ, ਅਖੇ ਜੇ ਐਤਕੀਂ ਕਿਸੇ ਤੋਂ ਭੁੱਕੀ ਦਾ ਪਾਈਆ ਵੀ ਲਿਆ ਤਾਂ ਤੇਰੀ ਖੈਰ ਨ੍ਹੀਂ। ਮੈਂ ਪੁੱਛਿਆ, ਭਾਗਵਾਨੇ ਚੱਲ ਮੈਂ ਆਏਂ ਤਾਂ ਨਾ ਕਰੂੰ ਜਿੱਦਾਂ ਤੂੰ ਆਂਹਨੀ ਆ, ਪਰ ਸਾਰੀ ਉਮਰ ਦੇ ਅਸੂਲ ਕਿਉਂ ਤੋੜ ਲਏ। ਅੱਗਿਉਂ ਬੋਲੀ, ਗੱਲ ਮੇਰੀ ਲੜ ਬੰਨ੍ਹ ਲੈ, ਇਹ ਭੇਤ ਦੱਸੂੰ ਤੈਨੂੰ ਵੋਟਾਂ ਤੋਂ ਇਕ ਦਿਨ ਪਹਿਲਾਂ, ਤੇ ਭਰਾਵਾ ਉਠਦੀ ਬਹਿੰਦੀ ਮੈਨੂੰ ਝਾੜੂ ਦਿਖਾ ਦਿਆ ਕਰੇ।”
“ਪਈ ਫਿਰ ਖਾਨੇ?”
“ਤੂੰ ਖਾਨੇ ਦੀ ਗੱਲ ਕਰਦੈਂ, ਮੇਰਾ ਤਾਂ ਕੋਈ ਖਾਨਾ ਈ ਨੀ ਬੰਦ ਰਿਹਾ, ਸਭ ਖੁੱਲ੍ਹ ਗਏ। ਅਮਲੀਆਂ ਦੇ ਘਰਾਂ ਵਿਚ ਜਿੰਨਾ ਝਾੜੂ ਮਸ਼ੂਰ ਹੋਇਆ, ਬੱਸ ਗੱਲ ਈ ਛੱਡ ਦੇæææਅੱਗੇ ਜਿਹੜੀ ਕਹਿੰਦੀ ਹੁੰਦੀ ਸੀ, ਝਾੜੂ-ਬਹਾਰੀ ਸਿੱਧੇ ਨੀ ਖੜ੍ਹੇ ਕਰੀਦੇ, ਵੱਸਦੇ ਘਰਾਂ ‘ਚ ਚੰਗੇ ਨੀ ਹੁੰਦੇ, ਉਹ ਝਾੜੂ ਉਹਨੇ ਬਾਹਰਲੇ ਬੂਹੇ ਨਾਲ ਪੰਦਰਾਂ ਦਿਨ ਸਿੱਧਾਂ ਈ ਖੜ੍ਹਾ ਕਰੀ ਰੱਖਿਆ। ਆਪਣੇ ਤਾਂ ਫਿਰ ਅੰਦਰਲਾ ਨਿਹਾਲ ਸਿੰਘ ਜਾਗ ਪਿਆ ਮਾਹਟਰਾ, ਹੁਣ ਅੱਗੇ ਹੋਰ ਦੱਸਣ ਦੀ ਲੋੜ ਈ ਨੀ ਰਹੀ।”
“ਤੇ ਜਾਗਰਾ ਤੂੰ ਕੀ ਕੀਤਾ?” ਮੱਘਰ ਨੇ ਨਿਹਾਲੇ ਦੀ ਗੱਲ ਮੁੱਕਦਿਆਂ ਹੀ ਨੱਕਾ ਦੂਜੇ ਪਾਸੇ ਮੋੜ ਲਿਆ।
“ਮੱਘਰਾ ਫਿਰ ਸੱਚ ਸੁਣਨਾ?”
“ਝੂਠ ਤਾਂ ਤੂੰ ਕਦੇ ਜ਼ਿੰਦਗੀ ‘ਚ ਨੀ ਬੋਲਿਆ ਅਮਲੀਆ, ਨਾਲੇ ਨਿਹਾਲੇ ਨੇ ਵੇਖ ਲੈ ਸਿਰੇ ਲਾ’ਤੀ।”
“ਤੈਨੂੰ ਸਹੀ ਗੱਲ ਦੱਸਾਂ, ਪਈ ਸਾਡਾ ਪਿਉ ਸੀ ਕੱਟੜ ‘ਕਾਲੀ। ਇੰਦਰਾ ਗਾਂਧੀ ਦੇ ਵੇਲੇ ਵੀ ਸਾਡੇ ਕੱਚੇ ਕੋਠੇ ‘ਤੇ ਖੱਟੀ ਝੰਡੀ ਲੱਗੀ ਹੁੰਦੀ ਸੀ। ਮਾੜੀ ਕਿਸਮਤ ਨੂੰ ਅਸੀਂ ਆਹ ਅਮਲ ਲਾ ਲਿਆ, ਨਹੀਂ ਤਾਂ ਵਜੀਰੀਆਂ ਅਸੀਂ ਨਾ ਲੈਂਦੇ ਕਿਤੇ?”
“ਲੈ ਦੂਣੀ ਦਾ ਪਹਾੜਾ ਨੀ ਆਉਂਦਾæææ ਚੱਕਿਆ ਸਾਲਾ ਵਜੀਰੀਆਂ ਦਾæææ ਤੂੰ ਗੱਲ ਕਰ ਜਿਹੜੀ ਕਰਨ ਆਲੀ ਐ।” ਨਿਹਾਲੇ ਨੇ ਵਿਚੋਂ ਟੋਕਿਆ।
“ਕੁੱਤੇ ਵਾਂਗੂੰ ਭੌਂਕੀ ਜਾਨੈਂæææਗੱਲ ਤਾਂ ਸੁਣ ਲੈ, ਜਿਹੜੇ ਆਹ ਪਾੜ੍ਹਿਆਂ ਜਾਂ ਸਕੂਲਾਂ ਦੇ ਵਜੀਰ ਲੱਗਿਓ ਆæææਇਹ ਵੀ ਦਸਵੀਂ ਨੀ ਟੱਪੇ।”
“ਜਾਗਰਾ ਤੂੰ ਆਪਣਾ ‘ਜਾਨੀ ਚੋਰ’ ਸੁਣਾਈ ਚੱਲ, ਛੱਡ ਇਹਦੀ ਗੱਲ। ਇਹ ਤਾਂ ਕਮਲਾ ਐ ਨਿਹਾਲਾ। ਖੋਲ੍ਹ ਦੇ ਅੱਜ ਚਿੱਠਾ, ਪਈ ਵੋਟ ਕੀਹਨੂੰ ਪਾਈ ਸੀ?”
“ਮਾਹਟਰ ਜੀ, ਰੱਬ ਦੀ ਸਹੁੰæææਬੁੜ੍ਹਾ ਮਰਨ ਲੱਗਾ ਇਕ ਹੋਰ ਸਹੁੰ ਪੁਆ ਗਿਆ ਸੀ ਕਿ ਵੋਟ ਪੰਥ ਨੂੰ ਪਾਇਓ।”
“ਚੱਲ ਛੱਡ ਫੇ’ ਤੇਰੀ ਤਾਂ ਗੱਲ ਮੁੱਕ ਗਈæææਤੂੰ ਤਾਂ ਬੰਨ੍ਹ’ਤੀ ਸਿਰੇ ਗੰਢ।”
“ਮੱਘਰਾ ਮੋਦੀ ਵਾਂਗੂੰ ਕਾਹਲਾ ਬੜਾ ਪੈਨਾਂ, ਸੁਣ ਤਾਂ ਲੈ ਪੂਰੀ।”
“ਗਾਂ ਕਿਤੇ ਵਛੇਰਾ ਦੇ ਦਊ?” ਨਿਹਾਲੇ ਨੇ ਵਿਚ ਦੀ ਹੋਰ ਛੱਡ’ਤੀ।
“ਮਾਹਟਰ ਜੀ, ਪੂਰੀ ਕਰਾਂ ਕਿ ਨਾ?”
“ਕਰ, ਤੂੰ ਕਰ।”
“ਇਹ ਤਾਂ ਥੋਨੂੰ ਪਤਾ ਈ ਆ, ਪਈ ਆਪਣਾ ਜਿਹੜਾ ਸ਼ਿਵਦੁਆਲੇ ਵੱਲ ਡੂਢ ਕੁ ਮਰਲਾ ਥਾਂ ਐ, ਸੌਂਦਾ ਤਾਂ ਮੈਂ ਉਥੇ ਈ ਆਂ। ਆਪਣਾ ਨਸ਼ਾ ਪੱਤਾ ਤਾਂ ਪੂਰਾ ਸੀ, ਰਾਤ ਨੂੰ ਆ ਗਿਆ ਕਰਤਾਰਾ ਅਮਲੀ। ਉਹਦਾ ਮੁੰਡਾ ਛੋਟਾ ਸ਼ਪਾਈ (ਸਿਪਾਹੀ) ਭਰਤੀ ਹੋਇਆæææਉਹ ਆਂਹਦਾ, ਜਾਗਰਾ! ਆਹ ਕੱਪ ਪੀ ਕੇ ਵੇਖ, ਮਾਲ ਸ਼ੁੱਧ ਆ ਪੂਰਾ, ਮੁੰਡਾ ਥਾਣਿਉਂ ਲਿਆਇਆ। ਨਾਕੇ ਤੋਂ ਫੜਿਆ ਸੀ। ਮੈਂ ਵਾਧੂ ਹੋ ਗਿਆ, ਤੇ ਅੱਖ ਲੱਗ ਗਈ ਪੂਰੀ। ਪੈਂਦੀ ਸੱਟੇ ਮੈਂ ਕੂਚ ਕਰ ਗਿਆ। ਜਾ ਪਹੁੰਚਿਆ ਧਰਮ ਰਾਜ ਦੀ ਕਚਹਿਰੀ। ਮਨ ‘ਚ ਸੋਚਿਆ ਰੱਬ ਨੇ ਵੀ ਕਮਲ ਘੋਟਿਆ, ਭਲਕੇ ਵੋਟਾਂ ਪੈਣੀਆਂ ਸਨ, ਇਕ ਦਿਨ ਹੋਰ ਛੱਡ ਆਉਂਦਾ, ਕੀ ਕਰਾਉਣਾ ਸੀ ਮੈਥੋਂ?”
“ਉਪਰਲੀ ਗੱਲ ਹੌਲੀ-ਹੌਲੀ ਦੱਸ ਜਾਗਰਾ! ਬੜਾ ਸੁਆਦ ਆਉਂਦੈ ਉਪਰਲੀਆਂ ਹੇਠ ਸੁਣ ਕੇ।”
“ਨਿਹਾਲਿਆ, ਚੁੱਪ ਕਰ ਜਾ ਹੁਣ। ਲਓ ਜੀ ਮਾਹਟਰ ਜੀ! ਜਦੋਂ ਮੈਨੂੰ ਜਮਰਾਜਾਂ ਨੇ ਅੰਦਰ ਵਾੜ ਕੇ ਅੰਦਰੋਂ ਲਾਈ ਕੁੰਡੀ, ਧਰਮ ਰਾਜ ਸਾਹਮਣੇ ਬੈਠਾæææਸਜ਼ਾਵਾਂ ਸੁਣਾਵੇ। ਕਤਾਰ ਬੜੀ ਲੰਬੀ। ਸੱਜੇ ਪਾਸੇ ਸ਼ੀਸ਼ਿਆਂ ਵਿਚੋਂ ਸਵਰਗ ਦਿਸੇ। ਅੰਦਰ ਪਰੀਆਂ ਘੁੰਮਣæææਹਾਏ ਹਾਏ! ਕਿਆ ਨਜ਼ਾਰੇ, ਦੱਸੇ ਨੀ ਜਾ ਸਕਦੇ। ਮੈਂ ਵੀ ਲੱਗ ਗਿਆ ਕਤਾਰ ‘ਚ।”
“ਮਾਹਟਰ ਜੀ, ਪੈ ਗਈ ਬਿਮਾਰੀ ਬਿਜਲੀ ਨੂੰ। ਲੱਗਣਗੇ ਹੁਣ ਲੰਬੇ ਕੱਟ। ਸੂਰਜ ਤਾਂ ਭਾਵੇਂ ਅੱਗ ਵਰ੍ਹਾ ਰਿਹੈ ਪਰ ਬਠਿੰਡੇ ਤੇ ਲਹਿਰੇ ਪੈ ਗਈ ਠੰਢ। ਮੁੱਕ ਚੱਲਿਆ ਕੋਲਾ। ਬਿਜਲੀ ਬਣਨੀ ਬੰਦæææ ਨਾਲੇ ਵੋਟਾਂ ਪੈ ਗਈਆਂ। ਇਹ ਹੋਣਾ ਈ ਸੀ। ਸਾਈਕਲ ‘ਤੇ ਜਾਂਦੇ ਦੋਧੀ ਨੇ ਸਾਈਕਲ ਦੀ ਘੰਟੀ ਦੀ ਟਰਨ-ਟਰਨ ਵਜਾਈ, ਤੇ ਆਪਣੀ ਗੱਲ ਕਹਿ ਕੇ ‘ਗਾਂਹ ਤੁਰ ਗਿਆ।
“ਇਹ ਲੰਬੜਦਾਰ ਦੋਧੀ ਪੂਰਾ ਨੈਸ਼ ਆ। ਮੇਰੀ ਸਾਰੀ ਗੱਲ ਗੁਆ’ਤੀæææ ਸੁਆਦ ਈ ਕਰ’ਤਾ ਖਰਾਬ। ਇਹਨੂੰ ਬਠਿੰਡੇ ਆਲੇ ਕੋਲੇ ਦਾ ਫਿਕਰ ਪਿਐ, ਐਧਰ ਸਾਡੇ ਦਿਲ ‘ਤੇ ਕੋਲਾ ਧੁਖਦਾ! ਸਾਡੀਆਂ ਤੀਵੀਆਂ ਨੇ ਝਾੜੂ ਨਾਲ ਡਰਾ ਕੇ ਚਮਚਾ ਭੁੱਕੀ ਨੀ ਲੈਣ ਦਿੱਤੀ।”
“ਨਿਹਾਲਿਆ, ਚੁੱਪ ਕਰ ਹੁਣ ਤੂੰ, ਪੂਰੀ ਕਰਨ ਦੇ ਜਾਗਰ ਨੂੰ।”
ਤੇ ਜਾਗਰ ਨੇ ਕਥਾ ਅੱਗੇ ਤੋਰ ਲਈæææ
“ਜਦ ਨੂੰ ਧਰਮ ਰਾਜ ਦੀ ਕੁਰਸੀ ਕੰਬ’ਗੀ। ਉਹ ਵੀ ਤ੍ਰਬਕ ਕੇ ਉਠ ਖੜ੍ਹਾ ਹੋਇਆ। ਫਿਰ ਖੜਕਿਆ ਪੂਰੇ ਜ਼ੋਰ ਦੀ ਟੱਲ, ਸਪੀਕਰ ਲੱਗ ਪਿਆ। ਬੋਲਣ ਆ ਗਏ ਹੇਠੋਂ ਦੋ ਜਣੇ ਜਿਹੜੇ ਖਾਂਦੇ ਸੀ ਰੇਤਾ, ਬਜਰੀ। ਪਾ ਲਈਆਂ ਢਿੱਡ ਵਿਚ ਬੱਸਾਂ। ਖੀਸੇ ‘ਚ ਗਲੋਕਾਂ। ਨਸ਼ਿਆਂ ‘ਚ ਧੱਕ’ਤੀ ਜਵਾਨੀæææ ਬਈ ਦਸ ਮਿੰਟ ਸਪੀਕਰ ਬੋਲੀ ਗਿਆ। ਜਿਥੇ ਮੈਂ ਖੜ੍ਹਾ ਸੀ, ਉਹਦੇ ਕੋਲ ਈ ਸੀ ਸੁਰਗ ਦਾ ਬੂਹਾ। ਉਥੋਂ ਵੀ ਨਿਕਲ ਕੇ ਲੋਕ ਵੇਖਣ ਆ ਗਏæææ ਅੰਦਰ ਵੜਦਿਆਂ ਹੀ ਇਕ ਬੀਬੀ ਦੀ ਆਵਾਜ਼ ਆਈ। ਚੀਕ ਕੇ ਆਂਹਦੀ, ‘ਆ ਗਏ ਰੱਬਾ ਇਥੇ ਵੀ ਪਿਉ-ਪੁੱਤ, ਹੁਣ ਗਿਆ ਤੇਰਾ ਰਾਜ਼ææ।’ ਤੇ ਨਾਲ ਹੀ ਬੱਤੀ ਗੁੱਲ। ਨ੍ਹੇਰਾ ਈ ਨ੍ਹੇਰਾ। ਮੈਂ ਤਾਂ ਲੰਘ ਗਿਆ ਬੂਹਾ ਮਲਕ ਦੇਣੀ ਸੁਰਗ ਦਾ। ਜਦ ਨੂੰ ਜਗ ਪਈਆਂ ਖਤਰੇ ਦੀਆਂ ਲਾਲ ਬੱਤੀਆਂ। ਮੈਂ ਸੋਚਿਆ, ਚਲੋ ਊਂ ਤਾਂ ਸਾਨੂੰ ਕਿਸੇ ਨੇ ਕਿਥੇ ਸੁਰਗ ‘ਚ ਆਉਣ ਦੇਣਾ ਸੀ, ਭਲਾ ਹੋਵੇ ਪਿਉ-ਪੁੱਤ ਦਾ, ਸੁਰਗ ‘ਚ ਤਾਂ ਆ ਗਏæææ।”
“ਐਵੇਂ ਜਾਗਰਾ ਰੇਹੜੇ ਦੀ ਰੇਲ ਗੱਡੀ ਬਣਾਈ ਜਾਨੈ। ਪਤਾ ਲੱਗ ਗਿਆ, ਤੂੰ ਵੋਟ ਕੀਹਨੂੰ ਪਾਈ ਆ।”
“ਵੱਡਾ ਸਿਆਣਾ ‘ਗਾਂਹ ਵੀ ਸੁਣæææਹਾਲੇ ਮੁੜ ਕੇ ਲੋਅ ਹੋਈ ਈ ਸੀ, ਦੋ ਪਰੀਆਂ ਕੱਚ ਦੇ ਕੰਗਣੀ ਵਾਲੇ ਗਲਾਸ ਵਾਂਗ ਨੱਕੋ-ਨੱਕ ਭਰ ਕੇ ਬਦਾਮਾਂ ਵਾਲਾ ਦੁੱਧ ਲੈ ਕੇ ਆ ਗਈਆਂ ਕਿ ਹੇਠਾਂ ਤੋਂ ਕਲਯੁੱਗ ਵਿਚ ਵੀ ਕੋਈ ਧਰਮੀ ਬੰਦਾ ਆਇਆ, ਤੇ ਮਾਹਟਰ ਜੀ! ਹਾਲੇ ਮੈਂ ਗਲਾਸ ਨੂੰ ਹੱਥ ਪਾਇਆ ਹੀ ਸੀ, ਆਹ ਵੱਢੀ ਮੇਰੀ ਲੱਤ ‘ਤੇ ਦੰਦੀ ਮੱਖੀ ਜਿੱਡੇ ਮੱਛਰ ਨੇ। ਲੱਤ ਵੱਜੀ ਪੱਖੇ ‘ਚ, ਤੇ ਪੱਖਾ ਮੱਝ ‘ਤੇ ਜਾ ਡਿਗਿਆ। ਤ੍ਰਬਕ ਕੇ ਉਠਿਆ ਤਾਂ ਪਸ਼ੂਆਂ ਆਲੇ ਵਿਹੜੇ ‘ਚ ਪਿਆ ਸੀ, ਤੇ ਤੁਹਾਡੀ ਭਰਜਾਈ ਭਾਨੀ ਝਾੜੂ ਫੇਰ ਰਹੀ ਸੀ ਤੇ ਐਤਕਾਂ ਆਪਾਂ ਝੂਠਿਆਂ ਪਿੱਛੇ ਬਾਪੂ ਦੀ ਸੱਚੀ ਸਹੁੰ ਤੋੜ ਹੀ ਦਿੱਤੀ ਫੇਰ।
ਤੇ ਢਾਣੀ ਬੋਹੜ ਹੇਠੋਂ ਖਿਲਰ ਗਈ।
Leave a Reply