ਲੋਕ ਸਭਾ ਚੋਣਾਂ ਤੇ ਪੰਜਾਬ ਦੀ ਸਿਆਸਤ

ਕਮਲੇਸ਼ ਸਿੰਘ ਦੁੱਗਲ
ਫੋਨ: 91-98154-71622
ਤੀਹ ਅਪਰੈਲ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਨੇ ਸੂਬੇ ਦੀਆਂ ਤਿੰਨ ਵੱਡੀਆਂ ਰਾਜਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦੇ ਮੱਥੇ ਉਤੇ ਤ੍ਰੇਲੀਆਂ ਲਿਆ ਕੇ ਰੱਖ ਦਿੱਤੀਆਂ ਹਨ। ਇਨ੍ਹਾਂ ਪਾਰਟੀਆਂ ਦੇ ਨੇਤਾਵਾਂ, ਖਾਸ ਕਰ ਕੇ ਚੋਣਾਂ ਲੜ ਕੇ ਹਟੇ ਉਮੀਦਵਾਰਾਂ ਦੇ ਸਾਹ ਬੁਰੀ ਤਰ੍ਹਾਂ ਸੂਤੇ ਪਏ ਹਨ ਕਿ, 16 ਮਈ ਦਾ ਦਿਹਾੜਾ ਉਨ੍ਹਾਂ ਲਈ ਸ਼ੁਭ ਹੋਵੇਗਾ ਜਾਂ ਪਰਲੋ ਦੀ ਖ਼ਬਰ ਲੈ ਕੇ ਆਏਗਾ? ਇਨ੍ਹਾਂ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ, ਪਰ ਇਕ ਗੱਲ ਪੱਕੀ ਹੈ ਕਿ ਇਨ੍ਹਾਂ ਚੋਣਾਂ ਦਾ ਅਸਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਤੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਐਤਕਾਂ ਦੀਆਂ ਚੋਣਾਂ ਹੁਣ ਤੱਕ ਹੋਈਆਂ ਚੋਣਾਂ ਤੋਂ ਕਈ ਪੱਖਾਂ ਤੋਂ ਵਿਲੱਖਣ ਹਨ।
ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਦਾ ਪੰਜਾਬ ਦੀ ਸਿਆਸਤ ਉਤੇ ਚੋਖਾ ਅਸਰ ਪੈਣ ਦੀ ਸੰਭਾਵਨਾ ਹੈ। ਜੇ ਹੁਣ ਵੀ ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਆਪਣੇ ਕੰਮ ਕਰਨ ਦੇ ਤੌਰ-ਤਰੀਕੇ ਨਾ ਬਦਲੇ, ਤਾਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਵੋਟਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ। ਸਮੇਂ ਦੀ ਲੋੜ ਵੀ ਇਹੀ ਹੈ ਕਿ ਪਾਰਟੀਆਂ ਹੁਣ ਉਸੇ ਹੀ ਉਮੀਦਵਾਰ ਨੂੰ ਆਪਣਾ ਟਿਕਟ ਥਮਾਉਣ ਜੋ ਜਨਤਾ ਦੇ ਵਿਹੜੇ ਵਿਚ ਖਰਾ ਉਤਰ ਸਕੇ। ਲੋਕਾਂ ਨੂੰ ਪਾਰਦਰਸ਼ਤਾ ਤੇ ਨਿਰਪੱਖਤਾ ਦੀ ਕਸਵੱਟੀ ਉਤਰਿਆ ਬੰਦਾ ਹੀ ਮਨਜ਼ੂਰ ਹੋਵੇਗਾ, ਨਾ ਕਿ ਪੈਰਾਸ਼ੂਟ ਰਾਹੀਂ ਉਤਾਰਿਆ ਕੋਈ ਬੰਦਾ। ਹੁਣ ਆਮ ਬੰਦੇ ਨੂੰ ਹਾਸ਼ੀਏ ‘ਤੇ ਧੱਕਣਾ ਪਾਰਟੀਆਂ ਨੂੰ ਮੁਸ਼ਕਿਲ ਵਿਚ ਪਾ ਸਕਦਾ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਪਾਰਟੀਆਂ ਦੇ ਪੱਲੇ ਕੱਟੜ ਰਵਾਇਤੀ ਵੋਟਰਾਂ ਨੂੰ ਛੱਡ ਕੇ ਸਿਵਾਏ ਪਛਤਾਉਣ ਤੋਂ ਕੋਈ ਚਾਰਾ ਨਹੀਂ ਬਚੇਗਾ। ਜ਼ਰੂਰੀ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੁਰਾਣੇ ਪੈਂਤੜੇ ਅਪਨਾਉਣ ਤੋਂ ਗੁਰੇਜ਼ ਕਰਨ; ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਸਚਾਈ ਇਹ ਵੀ ਹੈ ਕਿ ਜੇ ਇਨ੍ਹਾਂ ਵੱਡੀਆਂ ਪਾਰਟੀਆਂ ਨੇ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਲਈ ਪਾਰਦਰਸ਼ੀ ਤੇ ਨਿਰਪੱਖ ਵਿਵਸਥਾ ਬਣਾਉਣ ਦੀ ਥਾਂ ਪੁਰਾਣੇ ਪੈਂਤੜੇ ਹੀ ਅਪਣਾਈ ਰੱਖੇ, ਤਾਂ ਇਨ੍ਹਾਂ ਦੇ ਪੱਲੇ ਪਛਤਾਵਾ ਹੀ ਪਵੇਗਾ।
ਐਤਕਾਂ ਪੰਜਾਬ ਦੀਆਂ ਇਨ੍ਹਾਂ ਚੋਣਾਂ ਵਿਚ ਇਕ ਵੱਖਰਾ ਹੀ ਵਰਤਾਰਾ ਵੇਖਿਆ ਗਿਆ ਕਿ ਲੋਕ ਖਾਸ ਕਰ ਕੇ ਨੌਜਵਾਨ ਤੇ ਪੜ੍ਹੇ-ਲਿਖੇ ਵੋਟਰਾਂ ਨੇ ਵੱਡੀ ਗਿਣਤੀ ਵਿਚ ਆਪਣੀ ਦਿਲਚਸਪੀ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਵੱਲ ਦਿਖਾਈ ਹੈ। ਰਵਾਇਤੀ ਪਾਰਟੀਆਂ ਨੂੰ ਚੋਣਾਂ ਦੇ ਮੁਢਲੇ ਦਿਨਾਂ ਵਿਚ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਪਾਰਟੀ ਵੱਲ ਲੋਕਾਂ ਦਾ ਝੁਕਾਅ ਆਪ ਮੁਹਾਰੇ ਹੋ ਜਾਵੇਗਾ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਕੇ ਆਪਣੇ ਮਨ ਨੂੰ ਤਸੱਲੀ ਦੇ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਵੱਡਾ ਨੁਕਸਾਨ ਅਕਾਲੀ-ਭਾਜਪਾ ਗਠਜੋੜ ਨੂੰ ਪਹੁੰਚਾਇਆ ਹੈ, ਜਦੋਂ ਕਿ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ਼ਕੀਲ ਅਹਿਮਦ ਆਪਣੇ ਬਿਆਨਾਂ ਵਿਚ ਇਹ ਕਹਿੰਦੇ ਨਹੀਂ ਥੱਕ ਰਹੇ ਕਿ ‘ਆਪ’ ਨੇ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਨੂੰ ਵੱਡੀ ਢਾਹ ਲਾਈ ਹੈ ਪਰ ਇਸ ਦਾ ਖੰਡਨ ਸ੍ਰੀਮਤੀ ਰਾਜਿੰਦਰ ਕੌਰ ਭੱਠਲ ਪ੍ਰੈੱਸ ਮਿਲਣੀ ਰਾਹੀਂ ਕਰ ਚੁੱਕੇ ਹਨ; ਜਦੋਂ ਕਿ ਰਾਜ ਭਾਗ ਦਾ ਸੁਖ ਭੋਗ ਰਹੇ ਅਕਾਲੀ-ਭਾਜਪਾ ਗਠਜੋੜ ਦੇ ਨੇਤਾ ‘ਆਪ’ ਨੂੰ ਪਈਆਂ ਵੋਟਾਂ ਨਾਲ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਦੱਸ ਰਹੇ ਹਨ। ਦਰਅਸਲ ਅਕਾਲੀ ਨੇਤਾਵਾਂ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਇਸ ਵਾਰ ਵੀ ਉਸੇ ਤਰ੍ਹਾਂ ਹੋਵੇਗਾ, ਜਿਵੇਂ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਹੋਇਆ ਸੀ। ਉਦੋਂ ਜਿੰਨੀਆਂ ਵੀ ਵੋਟਾਂ ਉਨ੍ਹਾਂ ਦੇ ਵਿਰੁੱਧ ਕਾਂਗਰਸ ਨੂੰ ਪੈਣੀਆਂ ਸਨ, ਉਹ ਸਾਰੀਆਂ ਪੰਜਾਬ ਪੀਪਲਜ਼ ਪਾਰਟੀ (ਪੀæਪੀæਪੀæ) ਦੇ ਖਾਤੇ ਵਿਚ ਚਲੀਆਂ ਗਈਆਂ। ਇਹੀ ਕਾਰਨ ਸੀ ਕਿ ਉਸ ਵੇਲੇ ਦੇ ਸਾਰੇ ਸਰਵੇਖਣ ਝੂਠੇ ਪੈ ਗਏ। ਇਥੋਂ ਤੱਕ ਕਿ ਬਹੁਤੇ ਅਕਾਲੀ ਨੇਤਾਵਾਂ ਨੂੰ ਵੀ ਸੱਤਾ ਵਿਚ ਮੁੜ ਆਉਣ ਦੀ ਆਸ ਸਿਫ਼ਰ ਦੇ ਬਰਾਬਰ ਸੀ, ਪਰ ਵਿਰੋਧੀ ਵੋਟਾਂ ਦਾ ਕਾਂਗਰਸ ਦੀ ਥਾਂ ਪੀਪਲਜ਼ ਪਾਰਟੀ ਨੂੰ ਪੈਣਾ ਅਕਾਲੀ-ਭਾਜਪਾ ਵਾਲਿਆਂ ਲਈ ਸੋਨੇ ‘ਤੇ ਸੁਹਾਗੇ ਵਾਲਾ ਕੰਮ ਹੋਇਆ ਸੀ। ਨਤੀਜੇ ਵਜੋਂ ਅਕਾਲੀ-ਭਾਜਪਾ ਗਠਜੋੜ ਮੁੜ ਸੱਤਾ ਵਿਚ ਆ ਗਿਆ।
ਬਿਲਕੁਲ ਅਜਿਹਾ ਹੀ ਪੰਜਾਬ ਦੀ ਗਠਜੋੜ ਸਰਕਾਰ ਦੇ ਨੁਮਾਇੰਦੇ ਹੁਣ ਵੀ ਸੋਚ ਰਹੇ ਹਨ। ਉਨ੍ਹਾਂ ਨੂੰ ਪੱਕੀ ਆਸ ਹੈ ਕਿ ਐਤਕਾਂ ਗਠਜੋੜ, ਕਾਂਗਰਸ ਨਾਲੋਂ ਵੱਧ ਸੀਟਾਂ ਲੈ ਕੇ ਜਾਵੇਗਾ, ਕਿਉਂਕਿ ਕਾਂਗਰਸ ਉਤੇ ਗੁੱਸਾ ਪੰਜਾਬ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ ਰਾਹੀਂ ਕੱਢਿਆ ਹੈ। ਇਸ ਦਾ ਗਠਜੋੜ ਨੂੰ ਫਾਇਦਾ ਮਿਲ ਸਕਦਾ ਹੈ। ਗੱਲ ਕੀ, ਹਰ ਪਾਰਟੀ ਇਹੀ ਨਤੀਜਾ ਕੱਢੀ ਫਿਰਦੀ ਹੈ ਕਿ ‘ਆਪ’ ਨੂੰ ਮਿਲੀਆਂ ਵੋਟਾਂ ਉਨ੍ਹਾਂ ਲਈ ਜਿੱਤ ਦਾ ਰਾਹ ਪੱਧਰਾ ਕਰਨਗੀਆਂ। ਅਜੇ ਤੱਕ ਕਿਸੇ ਵੀ ਸਰਵੇਖਣ ਜਾਂ ਮੀਡੀਆ ਨੇ ਇਹ ਨਹੀਂ ਦਿਖਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਕਿਸੇ ਸੀਟ ਤੋਂ ਬਾਜ਼ੀ ਮਾਰ ਸਕਦੀ ਹੈ, ਜਦੋਂ ਕਿ ਦੋਵੇਂ ਹੀ ਪਾਰਟੀਆਂ ਦੇ ਕੁਝ ਨੇਤਾ ਦੱਬੀ ਸੁਰ ਵਿਚ ਸੰਗਰੂਰ ਦੀ ਸੀਟ ਉਨ੍ਹਾਂ ਹੱਥੋਂ ਨਿਕਲਦੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਹ ਸੀਟ ‘ਆਪ’ ਨੂੰ ਮਿਲ ਸਕਦੀ ਹੈ।
ਸਚਾਈ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸਤ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਸਗੋਂ ਕੌਮੀ ਰਾਜਨੀਤੀ ਵਿਚ ਵੀ ਆਪਣੀ ਪਕੜ ਮਜ਼ਬੂਤ ਬਣਾਈ ਹੈ। ਇਕ ਗੱਲ ਤਾਂ ਸਾਫ਼ ਹੈ ਕਿ ਹੁਣ ਕੋਈ ਵੀ ਉਮੀਦਵਾਰ ਚੋਣ ਜਿੱਤ ਕੇ ਮੁੜ 5 ਸਾਲਾਂ ਬਾਅਦ ਇਲਾਕੇ ਵਿਚ ਪਰਤਣ ਦੀ ਗੁਸਤਾਖੀ ਨਹੀਂ ਕਰੇਗਾ। ਆਮ ਆਦਮੀ ਪਾਰਟੀ ਨੇ ਆਮ ਲੋਕਾਂ ਨੂੰ ਇਹ ਵੀ ਦਰਸਾ ਦਿੱਤਾ ਹੈ ਕਿ ਬਿਨਾਂ ਪੈਸਾ, ਬਿਨਾਂ ਤਾਕਤ ਅਤੇ ਬਿਨਾਂ ਨਸ਼ੇ ਵੰਡਣ ਤੋਂ ਵੀ ਚੋਣ ਲੜੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਉਮੀਦਵਾਰ ਕਰੋੜਪਤੀ ਹੀ ਹੋਣਾ ਚਾਹੀਦਾ ਹੈ ਜਿਵੇਂ ਰਵਾਇਤੀ ਪਾਰਟੀਆਂ ਪਹਿਲਾਂ ਇਹ ਵੇਖਦੀਆਂ ਸਨ ਕਿ ਉਮੀਦਵਾਰ ਪੈਸੇ-ਧੇਲੇ ਤੋਂ ਹੌਲਾ ਤਾਂ ਨਹੀਂ! ਹੁਣ ਸਾਰੀਆਂ ਪਾਰਟੀਆਂ ਟਿਕਟ ਦੇਣ ਵੇਲੇ ਸੋਚਣ ਲਈ ਮਜਬੂਰ ਹੋਣਗੀਆਂ ਕਿ ਉਮੀਦਵਾਰ ਦਾ ਚਾਲ-ਚਲਣ ਕਿਸ ਤਰ੍ਹਾਂ ਦਾ ਹੈ? ਉਸ ਵਿਰੁੱਧ ਕੋਈ ਫ਼ੌਜਦਾਰੀ ਮੁਕੱਦਮਾ ਤਾਂ ਨਹੀਂ, ਕੋਈ ਘਪਲਾ ਤਾਂ ਨਹੀਂ ਕੀਤਾ? ਆਮ ਲੋਕਾਂ ਵਿਚ ਉਮੀਦਵਾਰ ਦਾ ਅਕਸ ਕਿਹੋ ਜਿਹਾ ਹੈ? ਆਉਣ ਵਾਲੇ ਸਮੇਂ ਵਿਚ ਇਹ ਗੱਲ ਕਦਾਚਿਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿ ਕਿਸੇ ਜਿੱਤਣ ਵਾਲੇ ਵਰਕਰ ਨੂੰ ਛੱਡ ਕੇ ਕਿਸੇ ਨੇਤਾ ਦੇ ਭਾਈ-ਭਤੀਜੇ ਨੂੰ ਟਿਕਟ ਦਿੱਤੀ ਜਾਵੇ। ਸਾਰੀਆਂ ਪਾਰਟੀਆਂ ਨੂੰ ਨਵੇਂ ਸਿਰਿਉਂ ਇਹ ਗੱਲਾਂ ਸੋਚਣ ਲਈ ਮਜਬੂਰ ਹੋਣਾ ਪੈਣਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਗਠਜੋੜ ਸਰਕਾਰ ਨੂੰ ਆਪਣੇ ਬਾਕੀ ਰਹਿੰਦੇ ਸਮੇਂ ਵਿਚ ਲੋਕ ਪੱਖੀ ਕੰਮ ਕਰ ਕੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ। ਸੂਬੇ ਵਿਚ ਨਸ਼ਿਆਂ ਵਿਰੁੱਧ ਪ੍ਰਭਾਵੀ ਕਦਮ ਉਠਾਉਣੇ ਪੈਣਗੇ। ਸੂਬਾ ਸਰਕਾਰ ਨੂੰ ਇਹ ਪ੍ਰਭਾਵ ਵੀ ਦੇਣਾ ਪਵੇਗਾ ਕਿ ਭਾਵੇਂ ਕੋਈ ਕਿੰਨਾ ਵੀ ਵੱਡਾ ਬੰਦਾ ਹੈ, ਜੇ ਉਹ ਗ਼ਲਤ ਕੰਮ ਕਰਦਾ ਹੈ ਤਾਂ ਬਿਨਾਂ ਕਿਸੇ ਵਿਤਕਰੇ ਤੋਂ ਕਾਨੂੰਨੀ ਪ੍ਰਕਿਰਿਆ ਰਾਹੀਂ ਉਸ ਨੂੰ ਸਜ਼ਾ ਮਿਲੇਗੀ। ਲੋਕਾਂ ਨੂੰ ਮੱਛੀ ਫੜ ਕੇ ਦੇਣ ਦੀ ਬਜਾਏ ਮੱਛੀ ਫੜਨੀ ਸਿਖਾਉਣੀ ਪਵੇਗੀ, ਤਾਂ ਕਿ ਲੋਕਾਂ ਨੂੰ ਉਮਰ ਭਰ ਲਈ ਰੋਟੀ ਮਿਲ ਸਕੇ। ਪੰਜਾਬ ਦੀਆਂ ਇਨ੍ਹਾਂ ਚੋਣਾਂ ਦਾ ਅਸਰ ਇਹ ਵੀ ਹੋਵੇਗਾ ਕਿ ਚਿਰਾਂ ਤੋਂ ਅਣਗੌਲੇ ਪਾਰਟੀ ਵਰਕਰਾਂ ਦੀ ਹੁਣ ਫਿਰ ਤੋਂ ਪੁੱਛ-ਪ੍ਰਤੀਤ ਹੋਵੇਗੀ। ਜੇ ਹੁਣ ਵੀ ਕਿਸੇ ਰਾਜਸੀ ਦਲ ਨੇ ਉਨ੍ਹਾਂ ਦੀ ਪ੍ਰਵਾਹ ਨਾ ਕੀਤੀ, ਤਾਂ ਇਸ ਦਾ ਖਮਿਆਜ਼ਾ ਉਸ ਨੂੰ ਭਵਿੱਖ ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਇਹ ਅਣਗਹਿਲੀ ਵੀ ਪਾਰਟੀ ਨੂੰ ਭਵਿੱਖ ਵਿਚ ਮਹਿੰਗੀ ਪੈ ਸਕਦੀ ਹੈ।
ਸਿੱਟਾ ਇਹੀ ਕੱਢਿਆ ਜਾ ਸਕਦਾ ਹੈ ਕਿ ਭਵਿੱਖ ਵਿਚ ਪੰਜਾਬ ਦੀਆਂ ਰਾਜਸੀ ਪਾਰਟੀਆਂ ਫੂਕ-ਫੂਕ ਕੇ ਕਦਮ ਧਰਨਗੀਆਂ ਤਾਂ ਕਿ ਉਨ੍ਹਾਂ ਦਾ ਚਿਰਾਂ ਤੋਂ ਸਥਾਪਿਤ ਵੋਟ ਬੈਂਕ ਕਿਤੇ ਖਿਸਕ ਨਾ ਜਾਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਬਦਲਵੀਂ ਧਿਰ ਬੜੇ ਜੋਸ਼ ਨਾਲ ਦਸਤਕ ਦੇਣ ਨੂੰ ਤਿਆਰ ਬੈਠੀ ਹੈ।

Be the first to comment

Leave a Reply

Your email address will not be published.