ਮੋਦੀ ਦੀ ਉਠਾਣ ਬਾਰੇ ਮੁੱਖ ਪਾਰਟੀਆਂ ਅਵੇਸਲੀਆਂ

-ਜਤਿੰਦਰ ਪਨੂੰ
ਭਾਰਤ ਦੀ ਪਾਰਲੀਮੈਂਟ ਦੀਆਂ ਚੋਣਾਂ ਦੀ ਪ੍ਰਕ੍ਰਿਆ ਬਾਕੀ ਦੇਸ਼ ਵਿਚ ਹਾਲੇ ਭਾਵੇਂ ਚੱਲ ਰਹੀ ਹੈ, ਪੰਜਾਬ ਦਾ ਵੋਟਰ ਇਸ ਪਾਸਿਓਂ ਆਪਣਾ ਕੰਮ ਮੁਕਾ ਕੇ ਵਿਹਲਾ ਹੋ ਚੁੱਕਾ ਹੈ। ਨਤੀਜੇ ਹਾਲੇ 16 ਮਈ ਨੂੰ ਆਉਣਗੇ ਤੇ ਉਸ ਪਿੱਛੋਂ ਦੇਸ਼ ਨੂੰ ਕੋਈ ਨਵੀਂ ਸਰਕਾਰ ਮਿਲ ਸਕੇਗੀ। ਕਿਹੋ ਜਿਹੀ ਸਰਕਾਰ ਬਣੇਗੀ, ਇਹ ਸਵਾਲ ਹਾਲੇ ਤੱਕ ਵੀ ਜਵਾਬ ਦੀ ਉਡੀਕ ਵਿਚ ਹੈ, ਪਰ ਏਨੀ ਗੱਲ ਦੱਸੀ ਜਾ ਸਕਦੀ ਹੈ ਕਿ ਸਾਰੇ ਪਿੰਡ ਵਿਚੋਂ ਹੋਰ ਕੋਈ ਬਣੇ ਜਾਂ ਨਾ ਬਣੇ, ਸੋਨੀਆ ਗਾਂਧੀ ਦੇ ਮੁੰਡੇ ਨੂੰ ਪਿੰਡ ਦੀ ਲੰਬੜਦਾਰੀ ਹਾਲ ਦੀ ਘੜੀ ਨਹੀਂ ਮਿਲ ਸਕਣੀ। ਮੁੰਡਾ ਏਨਾ ਸਿਆਣਾ ਵੀ ਨਹੀਂ ਹੋ ਸਕਿਆ ਕਿ ਦੇਸ਼ ਦੇ ਲੋਕ ਉਸ ਨੂੰ ਗੰਭੀਰਤਾ ਨਾਲ ਲੈ ਸਕਣ ਤੇ ਬਾਬਿਆਂ ਵਰਗੀ ਉਮਰ ਦੇ ਜਿਸ ਡਾਕਟਰ ਮਨਮੋਹਨ ਸਿੰਘ ਨੂੰ ਹੁਣ ਤੱਕ ਕਾਂਗਰਸ ਪਾਰਟੀ ਅੱਗੇ ਲਾਉਂਦੀ ਰਹੀ ਸੀ, ਉਸ ਨੇ ਚੋਣ ਨਤੀਜਾ ਵੀ ਨਹੀਂ ਉਡੀਕਿਆ ਤੇ ਸਮਾਨ ਬੰਨ੍ਹ ਕੇ ਨਵੇਂ ਬੰਗਲੇ ਵਿਚ ਜਾਣ ਨੂੰ ਤਿਆਰ ਹੋ ਗਿਆ ਹੈ। ਮਨਮੋਹਨ ਸਿੰਘ ਨੇ ਚੱਲਦੀ ਚੋਣ ਦੌਰਾਨ ਨਵੇਂ ਬੰਗਲੇ ਦੀ ਤਿਆਰੀ ਚੈਕ ਕਰਨ ਲਈ ਤਾਂ ਗੇੜੇ ਮਾਰੇ ਹੀ, ਯੋਜਨਾ ਕਮਿਸ਼ਨ ਵਿਚ ਵਿਦਾਇਗੀ ਭਾਸ਼ਣ ਦੇ ਕੇ ਪਾਰਟੀ ਲੈਣ ਵਾਲੀ ਰਸਮ ਵੀ ਭੁਗਤਾ ਆਇਆ ਹੈ। ਇਸ ਨਾਲ ਉਸ ਨੇ ਕਾਂਗਰਸ ਦੀ ਚੋਣ ਮੁਹਿੰਮ ਨੂੰ ਵੀ ਸੱਟ ਮਾਰੀ ਹੈ। ਵਿਰੋਧੀ ਇਹ ਕਹਿੰਦੇ ਹਨ ਕਿ ਕਾਂਗਰਸ ਪਾਰਟੀ ਨੇ ਵੇਲੇ ਸਿਰ ਹਾਰ ਮੰਨ ਲਈ ਹੈ ਤੇ ਇਸੇ ਕਰ ਕੇ ਜਿਹੜਾ ਮਨਮੋਹਨ ਸਿੰਘ ਚੋਣ ਪ੍ਰਚਾਰ ਲਈ ਨਹੀਂ ਸੀ ਗਿਆ, ਉਹ ਹੁਣ ਵਿਦਾਇਗੀ ਪਾਰਟੀਆਂ ਵੀ ਲੈਣ ਰੁੱਝ ਗਿਆ ਹੈ।
ਕੁਝ ਧਿਰਾਂ ਨੇ ਇਹ ਗੱਲ ਬੜੀ ਉਚੀ ਸੁਰ ਵਿਚ ਕੀਤੀ ਹੈ ਕਿ ਇਸ ਵਾਰੀ ਫਿਰ ਓਦਾਂ ਦੇ ਹਾਲਾਤ ਹੋ ਸਕਦੇ ਹਨ, ਜਿਹੋ ਜਿਹੇ ਨਰਸਿਮਹਾ ਰਾਓ ਤੋਂ ਬਾਅਦ ਬਣੇ ਸਨ। ਕਿਸੇ ਵੀ ਧਿਰ ਦੀ ਸਰਕਾਰ ਨਹੀਂ ਬਣ ਸਕਣੀ ਅਤੇ ਜਿਵੇਂ ਉਦੋਂ ਵੱਡੀ ਪਾਰਟੀ ਭਾਜਪਾ ਹੋਣ ਕਰ ਕੇ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਣ ਦੇ ਬਾਵਜੂਦ ਤੇਰਾਂ ਦਿਨਾਂ ਪਿੱਛੋਂ ਕੁਰਸੀ ਛੱਡਣੀ ਪਈ ਸੀ, ਹੁਣ ਫਿਰ ਉਹ ਖੇਡ ਦੁਹਰਾਈ ਜਾ ਸਕਦੀ ਹੈ। ਇਸ ਗੱਲ ਨੂੰ ਕੱਟਣਾ ਨਹੀਂ ਬਣਦਾ, ਪਰ ਇਸ ਨੂੰ ਇੱਕ ਦਮ ਠੀਕ ਮੰਨਣਾ ਵੀ ਬਹੁਤਾ ਸੌਖਾ ਨਹੀਂ। ਭਾਜਪਾ ਗੱਠਜੋੜ ਜਿਹੋ ਜਿਹਾ ਪ੍ਰਭਾਵ ਦੇਣ ਹੁਣੇ ਤੋਂ ਰੁੱਝ ਗਿਆ ਹੈ, ਉਸ ਨੂੰ ਅਣਗੌਲਿਆ ਕਰਨਾ ਉਨ੍ਹਾਂ ਪਾਰਟੀਆਂ ਨੂੰ ਮਹਿੰਗਾ ਪੈ ਸਕਦਾ ਹੈ।
ਪਹਿਲੀ ਗੱਲ ਇਹ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੇ ਨਹੀਂ, ਉਸ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨੇ ਸਾਰਾ ਕੁਝ ਸੈਟ ਕੀਤਾ ਪਿਆ ਜਾਪਦਾ ਹੈ। ਕਿਸੇ ਇੱਕਾ-ਦੁੱਕਾ ਨੂੰ ਛੱਡ ਕੇ ਸਭ ਮੀਡੀਆ ਚੈਨਲਾਂ ਤੋਂ ਅੱਧੇ ਤੋਂ ਵੱਧ ਸਮਾਂ ਖਬਰਨਾਮੇ ਦੀ ਥਾਂ ਮੋਦੀ-ਨਾਮਾ ਪੇਸ਼ ਕੀਤਾ ਜਾਂਦਾ ਹੈ ਤੇ ਉਸ ਦੇ ਵਿਰੋਧ ਦੀ ਆਵਾਜ਼ ਉਸ ਦੀ ਆਪਣੀ ਪਾਰਟੀ ਦੇ ਅੰਦਰੋਂ ਉਠੇ ਜਾਂ ਵਿਰੋਧੀ ਸਿਆਸਤ ਕਰਨ ਵਾਲਿਆਂ ਵੱਲੋਂ, ਉਹ ਮਜ਼ਾਕੀਆ ਤਰੀਕੇ ਨਾਲ ਪੇਸ਼ ਕਰ ਕੇ ਚਿੜਾਇਆ ਜਾਂਦਾ ਹੈ। ਅੱਜ-ਕੱਲ੍ਹ ਮੀਡੀਆ ਇੱਕ ਨਵੇਂ ਰੁਝਾਨ ਦਾ ਚਸਕਾ ਲਾ ਚੁੱਕਾ ਹੈ। ਕਿਸੇ ਹਲਕੇ ਵਿਚ ਜਾ ਕੇ ਉਥੋਂ ਦੇ ਲੋਕਾਂ ਨੂੰ ਇਕੱਠੇ ਕਰ ਕੇ ਸਾਰੀਆਂ ਧਿਰਾਂ ਦੇ ਇੱਕ-ਇੱਕ ਪ੍ਰਤੀਨਿਧ ਨੂੰ ਬੋਲਣ ਦਾ ਵਕਤ ਦਿੱਤਾ ਜਾਂਦਾ ਹੈ, ਪਰ ਪਿਛਲੇ ਦਿਨਾਂ ਵਿਚ ਇਹ ਖੇਡ ਇੱਕ-ਤਰਫਾ ਹੋ ਗਈ ਹੈ। ਜਦੋਂ ਭਾਰਤੀ ਜਨਤਾ ਪਾਰਟੀ ਦਾ ਕੋਈ ਪ੍ਰਤੀਨਿਧ ਬੋਲਦਾ ਹੈ ਤਾਂ ਤਾੜੀਆਂ ਮਾਰੀਆਂ ਜਾਂਦੀਆਂ ਹਨ, ਪਰ ਜਦੋਂ ਦੂਸਰੇ ਕਿਸੇ ਪੱਖ ਦਾ ਬੋਲਣ ਲੱਗੇ ਤਾਂ ਕੁਰਸੀਆਂ ਛੱਡ ਕੇ ਕੁਝ ਲੋਕ ਉਸ ਦੇ ਦੁਆਲੇ ਆਣ ਕੇ ਏਨੇ ਜ਼ੋਰ ਨਾਲ ‘ਮੋਦੀ, ਮੋਦੀ, ਮੋਦੀ’ ਕਹਿਣ ਲੱਗ ਜਾਂਦੇ ਹਨ ਕਿ ਉਸ ਦੀ ਗੱਲ ਹੀ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਇਹ ਚੋਣ ਪ੍ਰਚਾਰ ਨਹੀਂ, ਇੱਕ ਗੈਰ-ਲੋਕਤੰਤਰੀ ਯਲਗਾਰ ਜਾਪਦੀ ਹੈ।
ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚਿਰਾਂ ਦੀ ਮਨ ਵਿਚ ਰੱਖੀ ਹੋਈ ਇੱਛਾ ਦੀ ਪੂਰਤੀ ਲਈ ਨਰਿੰਦਰ ਮੋਦੀ ਹੁਣ ਕਈ ਲੋਕਾਂ ਨੂੰ ‘ਮੈਂ’ ਦਾ ਮਰੀਜ਼ ਜਾਪਣ ਲੱਗ ਪਿਆ ਹੈ। ਉਸ ਦੀ ਹਰ ਗੱਲ ‘ਮੈਂ’ ਨਾਲ ਜੁੜੀ ਹੁੰਦੀ ਹੈ। ਏਦਾਂ ਦੇ ਮੌਕੇ ਪਹਿਲਾਂ ਵੀ ਕਈ ਵਾਰੀ ਆਏ ਹਨ ਅਤੇ ਕੁਝ ਲੋਕਾਂ ਦਾ ਖਿਆਲ ਹੈ ਕਿ ਇਹੋ ਜਿਹੀ ਸੌੜੀ ਸੋਚ ਵਾਲੇ ਬੰਦੇ ਵੱਲੋਂ ‘ਮੈਂ’ ਦਾ ਘੁਮੰਡ ਉਸ ਨੂੰ ਲੈ ਬਹਿੰਦਾ ਹੈ। ਇਹ ਗੱਲ ਹਮੇਸ਼ਾ ਨਹੀਂ ਹੁੰਦੀ। ਇੰਦਰਾ ਗਾਂਧੀ ਨੇ ਇੱਕ ਚੋਣ ਮੌਕੇ ਏਦਾਂ ਦੀ ਗੱਲ ਕਹੀ ਸੀ ਕਿ ‘ਮੈਂ ਕਹਿੰਦੀ ਹਾਂ ਕਿ ਗਰੀਬੀ ਹਟਾਓ, ਪਰ ਉਹ ਕਹਿੰਦੇ ਹਨ ਕਿ ਇੰਦਰਾ ਹਟਾਓ।’ ਬੈਂਕਾਂ ਕੌਮੀਕਰਨ ਦੀ ਹਿੰਮਤ ਦਿਖਾ ਕੇ ਉਦੋਂ ਵੱਡੀ ਭੱਲ ਖੱਟ ਚੁੱਕੀ ਇੰਦਰਾ ਗਾਂਧੀ ਨੂੰ ਦੇਸ਼ ਦੇ ਲੋਕ ਠੀਕ ਮੰਨ ਕੇ ਉਸ ਦੇ ਨਾਲ ਭੁਗਤੇ ਸਨ, ਪਰ ਅਗਲੀ ਵਾਰੀ ਇਹੋ ਜਿਹੀ ਸਥਿਤੀ ਨਹੀਂ ਸੀ ਰਹੀ। ਐਮਰਜੈਂਸੀ ਤੋਂ ਪਿੱਛੋਂ ਦੀ ਚੋਣ ਵਿਚ ਉਸ ਨੇ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਤਾਂ ਲੋਕਾਂ ਨੇ ਅਣਸੁਣੀਆਂ ਕਰ ਕੇ ਉਸ ਨੂੰ ਬੜੀ ਬੁਰੀ ਹਾਰ ਝੱਲਣ ਨੂੰ ਮਜਬੂਰ ਕਰ ਦਿੱਤਾ ਸੀ। ਇਸ ਦੇ ਪਿੱਛੇ ਦੋ ਕਾਰਨ ਸਨ। ਇੱਕ ਇਹ ਕਿ ਐਮਰਜੈਂਸੀ ਦੌਰਾਨ ਉਸ ਦੀ ਪਾਰਟੀ ਅਤੇ ਪੁੱਤਰ ਸੰਜੇ ਗਾਂਧੀ ਦੀ ਜੁੰਡੀ ਨੇ ਏਨੀ ਬਦਨਾਮੀ ਖੱਟ ਲਈ ਸੀ ਕਿ ਲੋਕ ਉਨ੍ਹਾਂ ਨੂੰ ਨਫਰਤ ਕਰਨ ਲੱਗ ਪਏ ਸਨ। ਦੂਸਰਾ ਇਹ ਕਿ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਦੇ ਕੁਝ ਆਗੂ ਕੁਵੇਲੇ ਛਾਲਾਂ ਮਾਰ ਗਏ ਸਨ। ਬਾਬੂ ਜਗਜੀਵਨ ਰਾਮ ਵਰਗੇ ਕਈ ਲੋਕਾਂ ਨੇ ਕੁਵੇਲੇ ਧੱਕਾ ਮਾਰ ਕੇ ਡੁੱਬਦੀ ਹੋਈ ਕਾਂਗਰਸ ਪਾਰਟੀ ਨੂੰ ਡੋਬਿਆ ਸੀ।
ਹੁਣ ਕੀ ਹਾਲਾਤ ਹਨ? ਇੱਕ ਵਾਰੀ ਫਿਰ ਮੌਕੇ ਦੀ ਸਰਕਾਰ ਏਨੀ ਬਦਨਾਮ ਹੋ ਚੁੱਕੀ ਹੈ ਕਿ ਇਸ ਪਾਰਟੀ ਤੇ ਸਰਕਾਰ ਤੋਂ ਲੋਕ ਕੋਈ ਆਸ ਨਹੀਂ ਰੱਖ ਸਕਦੇ। ਆਜ਼ਾਦੀ ਮਿਲਣ ਦੇ ਸਤਾਹਠ ਸਾਲਾਂ ਦੇ ਇਤਿਹਾਸ ਵਿਚ ਹੁਣ ਵਾਲੀ ਸਰਕਾਰ ਸਭ ਤੋਂ ਵੱਧ ਭ੍ਰਿਸ਼ਟ ਸਾਬਤ ਹੋਈ ਹੈ ਤੇ ਏਨੀ ਬਦਨਾਮੀ ਕਰਵਾ ਚੁੱਕੀ ਹੈ ਕਿ ਇਸ ਨੂੰ ਵੋਟ ਦੇਣਾ ਲੋਕਾਂ ਨੂੰ ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾਉਣਾ ਜਾਪਣ ਲੱਗ ਪਿਆ ਹੈ। ਕਰਨਾਟਕਾ ਦਾ ਭਾਜਪਾ ਮੁੱਖ ਮੰਤਰੀ ਯੇਦੀਯੁਰੱਪਾ ਕਿਸੇ ਗੱਲੋਂ ਘੱਟ ਨਹੀਂ, ਸਾਡੇ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ, ਉਹ ਕੇਂਦਰ ਦੀ ਮਨਮੋਹਨ ਸਿੰਘ ਸਰਕਾਰ ਤੋਂ ਵੱਧ ਹੋ ਸਕਦਾ ਹੈ, ਪਰ ਇਹ ਸਾਰਾ ਕੁਝ ਆਪੋ ਆਪਣੇ ਰਾਜ ਤੱਕ ਸੀਮਤ ਹੈ ਤੇ ਕੇਂਦਰ ਸਰਕਾਰ ਦੀ ਬਦਨਾਮੀ ਦੇ ਕਿੱਸੇ ਸਾਰੇ ਦੇਸ਼ ਵਿਚ ਪ੍ਰਚਲਿਤ ਹਨ। ਚੱਲਦੀ ਚੋਣ ਦੌਰਾਨ ਜਦੋਂ ਕਦੀ ਟੂ-ਜੀ ਸਪੈਕਟਰਮ ਮਾਮਲੇ ਵਿਚ ਕਿਸੇ ਏæ ਰਾਜਾ, ਕਨੀਮੋਈ ਵਰਗਿਆਂ ਦੇ ਖਿਲਾਫ ਚਾਰਜਸ਼ੀਟ ਪੇਸ਼ ਹੁੰਦੀ ਸੀ ਤੇ ਕਦੀ ਕਾਲਾ ਧਨ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪੇਸ਼ੀਆਂ ਪੈਂਦੀਆਂ ਸਨ ਤਾਂ ਇਹ ਸਰਕਾਰ ਤੇ ਸਰਕਾਰ ਦੀ ਅਗਵਾਈ ਕਰਦੀ ਪਾਰਟੀ ਆਪਣੇ ਅਕਸ ਨੂੰ ਵਿਗੜਨ ਤੋਂ ਬਚਾਅ ਹੀ ਨਹੀਂ ਸਕਦੀ। ਪ੍ਰਧਾਨ ਮੰਤਰੀ ਦੀ ਨਾਰਾਜ਼ਗੀ ਅੰਦਰੋ-ਅੰਦਰ ਵਧਦੀ ਗਈ ਸੀ ਤੇ ਹੁਣ ਉਸ ਦੇ ਨੇੜ ਵਾਲੇ ਬੰਦੇ ਇੱਕ ਪਿੱਛੋਂ ਦੂਸਰੀ ਕਿਤਾਬ ਜਾਰੀ ਕਰ ਕੇ ਉਸ ਉਤੇ ਹਮਲੇ ਦੇ ਬਾਹਰੀ ਪ੍ਰਭਾਵ ਹੇਠ ਉਸ ਨੂੰ ‘ਵਿਚਾਰਾ ਜਿਹਾ’ ਪੇਸ਼ ਕਰ ਕੇ ਕਾਂਗਰਸ ਪਾਰਟੀ ਦੀ ਬੇੜੀ ਡੋਬਣ ਤੁਰ ਪਏ ਹਨ। ਇਹ ਹਾਲਤ ਸੋਨੀਆ ਗਾਂਧੀ ਦੇ ਕੱਚ-ਘਰੜ ਸੋਚ ਵਾਲੇ ਉਸ ਪੁੱਤਰ ਨੇ ਪੈਦਾ ਕੀਤੀ ਹੈ, ਜਿਹੜਾ ਸਰਕਾਰ ਦੇ ਪਾਸ ਕੀਤੇ ਹੋਏ ਬਿੱਲ ਵੀ ਪਾੜ ਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿੰਦਾ ਸੀ ਤੇ ਹੋਰ ਬਦਤਮੀਜ਼ੀਆਂ ਕਰਨ ਤੋਂ ਵੀ ਨਹੀਂ ਸੀ ਝਿਜਕਦਾ।
ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸੋਨੀਆ ਗਾਂਧੀ ਅਤੇ ਉਸ ਦਾ ਪੁੱਤਰ ਆਪਣੇ ਘਰ ਵਿਚ ਛੁਪੇ ਹੋਏ ਉਨ੍ਹਾਂ ਲੋਕਾਂ ਬਾਰੇ ਨਹੀਂ ਜਾਣ ਸਕੇ, ਜਿਹੜੇ ਇਨ੍ਹਾਂ ਦੇ ਦਿੱਤੇ ਅਹੁਦੇ ਮਾਣਦੇ ਹੋਏ ਅਸਲ ਵਿਚ ਹੋਰਨਾਂ ਦੇ ਹੱਥੀਂ ਖੇਡਣ ਲਈ ਕਿਸੇ ਵੀ ਹੱਦ ਤੱਕ ਚਲੇ ਗਏ ਸਨ। ਜਿਵੇਂ ਇੰਦਰਾ ਗਾਂਧੀ ਨੂੰ ਐਮਰਜੈਂਸੀ ਤੋਂ ਬਾਅਦ ਜਗਜੀਵਨ ਰਾਮ, ਬਹੁਗੁਣਾ ਤੇ ਹੋਰਨਾਂ ਬੜੇ ਵਫਾਦਾਰ ਜਾਣੇ ਜਾਂਦੇ ਆਗੂਆਂ ਦੇ ਸਾਥ ਛੱਡ ਜਾਣ ਨਾਲ ਝਟਕਾ ਲੱਗਾ ਸੀ, ਸੋਨੀਆ ਗਾਂਧੀ ਨੂੰ ਵੀ ਇਸ ਵਾਰੀ ਇਸ ਤਰ੍ਹਾਂ ਦੇ ਝਟਕੇ ਖਾਣ ਨੂੰ ਤਿਆਰ ਰਹਿਣਾ ਚਾਹੀਦਾ ਹੈ। ਉਸ ਦੀ ਪਾਰਟੀ ਦੇ ਕਈ ਲੋਕ ਇਹੋ ਜਿਹੇ ਹਨ, ਜਿਹੜੇ ਪਾਰਟੀ ਨੂੰ ਬਚਾਉਣ ਨਾਲੋਂ ਡੋਬਣ ਵਿਚ ਵੱਧ ਦਿਲਚਸਪੀ ਰੱਖਦੇ ਹਨ। ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਨੇ ਇੱਕ ਵਾਰ ਇਹ ਕਿਹਾ ਸੀ ਕਿ ਉਸ ਦੀ ਸਰਕਾਰ ਨੂੰ ਅਕਾਲੀਆਂ ਵੱਲੋਂ ਓਨਾ ਖਤਰਾ ਨਹੀਂ, ਜਿੰਨਾ ਚਿੱਟੀ ਪੱਗ ਥੱਲੇ ਨੀਲੀ ਸੋਚ ਵਾਲਿਆਂ ਤੋਂ ਹੈ, ਤਾਂ ਕਈਆਂ ਨੂੰ ਮਿਰਚਾਂ ਲੜੀਆਂ ਸਨ। ਹੁਣ ਸੋਨੀਆ ਗਾਂਧੀ ਦੇ ਨਾਲ ਦੇ ਕੁਝ ਲੀਡਰਾਂ ਨੂੰ ਮੀਡੀਆ ਚੈਨਲਾਂ ਵਿਚ ਭਾਜਪਾ ਨੂੰ ਭੰਡਦਿਆਂ ਸੁਣਿਆ ਜਾਂਦਾ ਹੈ ਤੇ ਫਿਰ ਇਹ ਕਨਸੋਆਂ ਮਿਲਦੀਆਂ ਹਨ ਕਿ ਅੰਦਰੋਂ ਉਹ ਭਾਜਪਾ ਨਾਲ ਮਿਲੇ ਹੋਏ ਹਨ। ਕੁਝ ਤਾਂ ਦਲ-ਬਦਲੀ ਕਰ ਵੀ ਗਏ ਹਨ, ਬਾਕੀ ਮੌਕਾ ਉਡੀਕ ਰਹੇ ਹਨ।
ਅਸੀਂ ਪੰਜਾਬ ਦੇ ਲੋਕ ਇਸ ਬਾਰੇ ਬੜਾ ਕੁਝ ਸੁਣ ਰਹੇ ਹਾਂ। ਜਦੋਂ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਸਨ, ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਤਾਂ ਬਾਦਲ ਪਿਤਾ-ਪੁੱਤਰ ਦੀ ਅਗਵਾਈ ਹੇਠ ਚੋਣ ਹਲਕਿਆਂ ਦਾ ਇੱਕ-ਇੱਕ ਗੇੜਾ ਲਾ ਚੁੱਕੇ ਸਨ, ਪਰ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਨਹੀਂ ਸੀ ਹੋਈ। ਉਹ ਸੂਚੀ ਜਾਰੀ ਕਦੋਂ ਹੋਣੀ ਹੈ, ਇਹ ਜਾਣਨ ਲਈ ਕੁਝ ਪੱਤਰਕਾਰ ਅਕਾਲੀ ਆਗੂਆਂ ਨੂੰ ਫੋਨ ਕਰਦੇ ਸਨ। ਉਦੋਂ ਇਹ ਗੱਲ ਚਰਚਾ ਵਿਚ ਸੀ ਕਿ ਕਾਂਗਰਸ ਦੀ ਸੂਚੀ ਨੂੰ ਰੋਜ਼ ਸਵੇਰੇ ਉਠ ਕੇ ਤੜਕਾ ਲਾਉਣ ਦਾ ਕੰਮ ਕੁਝ ਉਹ ਕੇਂਦਰੀ ਆਗੂ ਕਰ ਰਹੇ ਹਨ, ਜਿਹੜੇ ਬਾਹਰੋਂ ਚਿੱਟੇ ਤੇ ਅੰਦਰੋਂ ਨੀਲੇ ਹਨ। ਹੁਣ ਜਦੋਂ ਪਾਰਲੀਮੈਂਟ ਚੋਣਾਂ ਹੋਣੀਆਂ ਸਨ, ਉਮੀਦਵਾਰਾਂ ਦੇ ਨਾਂ ਫਿਰ ਏਨੇ ਦਿਨ ਪੱਛੜ ਕੇ ਜਾਰੀ ਕੀਤੇ ਗਏ ਕਿ ਉਨ੍ਹਾਂ ਲਈ ਪੈ ਚੁੱਕਾ ਫਾਸਲਾ ਪੂਰਾ ਕਰਨਾ ਔਖਾ ਸੀ। ਬਠਿੰਡਾ ਸੀਟ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਮੌਕਾ ਦੇਣ ਦਾ ਫੈਸਲਾ ਹੋਣ ਅਤੇ ਉਸ ਨੂੰ ਦੱਸ ਦਿੱਤੇ ਜਾਣ ਦੇ ਬਾਵਜੂਦ ਉਸ ਦਾ ਨਾਂ ਮੀਡੀਏ ਸਾਹਮਣੇ ਰੱਖਣ ਵਿਚ ਦੋ ਦਿਨ ਦੀ ਦੇਰ ਕਰ ਦਿੱਤੀ ਗਈ ਸੀ। ਇਸ ਦੌਰਾਨ ਕਿਉਂਕਿ ਮਨਪ੍ਰੀਤ ਇਹ ਗੱਲ ਮੀਡੀਏ ਨੂੰ ਕਹਿ ਚੁੱਕਾ ਸੀ, ਮੀਡੀਏ ਵਿਚ ਉਸ ਦੀ ਸਮਝਦਾਰੀ ਉਤੇ ਵੀ ਕਿੰਤੂ ਉਠਣ ਲੱਗ ਪਏ ਸਨ। ਕਈ ਹੋਰ ਰਾਜਾਂ ਦੇ ਮਾਮਲੇ ਵਿਚ ਵੀ ਇਹ ਕੰਮ ਹੋਇਆ ਸੀ ਤੇ ਕਈ ਥਾਂ ਇਸ ਤਰ੍ਹਾਂ ਦੀ ਚਰਚਾ ਚੱਲਦੀ ਰਹੀ ਸੀ ਕਿ ਜਿਸ ਪਾਰਟੀ ਦੇ ਕੇਂਦਰੀ ਦਫਤਰ ਵਿਚ ਦੂਸਰੀ ਧਿਰ ਦੇ ਬੰਦੇ ਬੈਠੇ ਹਨ, ਉਹ ਬਚ ਕਿਵੇਂ ਸਕਦੀ ਹੈ?
ਇਨ੍ਹਾਂ ਚੋਣਾਂ ਵਿਚ ਹੁਣ ਜਦੋਂ ਇਹ ਸਾਫ ਹੋ ਚੁੱਕਾ ਹੈ ਕਿ ਕਾਂਗਰਸ ਪਾਰਟੀ ਰਾਜ ਕਰਨ ਦਾ ਹੱਕ ਗੁਆ ਚੁੱਕੀ ਹੈ, ਦੇਸ਼ ਦੇ ਹਿੱਤ ਜੋ ਕੁਝ ਮੰਗ ਕਰਦੇ ਹਨ, ਉਨ੍ਹਾਂ ਬਾਰੇ ਚਰਚਾ ਨਹੀਂ ਚੱਲ ਰਹੀ ਤੇ ਇਸ ਦੀ ਥਾਂ ਨਿੱਜੀ ਗੱਲਾਂ ਵੱਡਾ ਮੁੱਦਾ ਬਣੀ ਜਾਂਦੀਆਂ ਹਨ। ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਕਾਲੇ ਕਿੱਸਿਆਂ ਤੇ ਭਾਜਪਾ ਦੇ ਭਗਵੇਪਣ ਦੇ ਬਾਹਰ ਹਟ ਕੇ ਬਹੁਤ ਸਾਰੀਆਂ ਹੋਰ ਪਾਰਟੀਆਂ ਹਨ, ਜਿਹੜੀਆਂ ਨਾ ਭ੍ਰਿਸ਼ਟਾਚਾਰ ਪੱਖੋਂ ਏਨੀਆਂ ਬਦਨਾਮ ਹਨ, ਜਿੰਨੀ ਦੇਸ਼ ਦੇ ਰਾਜ ਦੀ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਅਗਵਾਈ ਕਰ ਰਹੀ ਪਾਰਟੀ ਬਦਨਾਮ ਹੈ ਤੇ ਨਾ ਧਾਰਮਿਕ ਪੱਖ ਤੋਂ ਉਹ ਕਿਸੇ ਇੱਕ ਜਾਂ ਦੂਸਰੇ ਭਾਈਚਾਰੇ ਨੂੰ ਅਗੇਤ ਦੇਣ ਜਾਂ ਪਿੱਛੇ ਧੱਕਣ ਦੀ ਸੋਚ ਰੱਖਦੀਆਂ ਹਨ। ਉਨ੍ਹਾਂ ਨੂੰ ਇਕੱਠਾ ਕਰਨ ਦੀ ਲੋੜ ਹੈ, ਪਰ ਇਸ ਪੱਖ ਤੋਂ ਕੋਈ ਖਾਸ ਕੰਮ ਨਹੀਂ ਹੋ ਰਿਹਾ। ਲੱਗਦਾ ਹੈ ਕਿ ਉਹ ਸਾਰੀਆਂ ਧਿਰਾਂ ਨਤੀਜੇ ਦੀ ਉਡੀਕ ਵਿਚ ਹਨ ਤਾਂ ਕਿ ਇੱਕ ਦੂਸਰੇ ਨਾਲ ਹੱਥ ਮਿਲਾਉਣ ਤੋਂ ਪਹਿਲਾਂ ਇਹ ਪਤਾ ਲੱਗ ਜਾਵੇ ਕਿ ਫਲਾਣੇ ਦੇ ਐਨੇ ਮੈਂਬਰ ਜਿੱਤੇ ਹੋਏ ਹਨ ਤੇ ਜਿਸ ਨੇ ਗੱਲ ਕਰਨੀ ਹੈ, ਉਹ ਪਹਿਲਾਂ ਆਪਣੀ ਔਕਾਤ ਵੇਖ ਕੇ ਆਵੇ। ਆਪਸੀ ਸਬੰਧ ਨਿੱਜੀ ਪੱਧਰ ਦੇ ਜੋ ਵੀ ਹੋਣ, ਜੇ ਉਹ ਇਸ ਵਕਤ ਵੀ ਇੱਕ ਦੂਸਰੇ ਨੂੰ ਉਸ ਦੀ ਔਕਾਤ ਵਿਖਾਉਣ ਦੀ ਅਜੋਕੀ ਸੋਚ ਤੋਂ ਉਪਰ ਨਾ ਉਠ ਸਕੇ ਤਾਂ ਘਾਟੇ ਵਿਚ ਸਾਰੇ ਰਹਿਣਗੇ। ਮੋਦੀ ਦਾ ਅੱਗੇ ਆਉਣਾ ਇੱਕ ਆਗੂ ਦੀ ਉਠਾਣ ਨਾਲੋਂ ਹਟ ਕੇ ਕੁਝ ਹੋਰ ਵੀ ਹੈ, ਜਿਸ ਨੂੰ ਸਮਝਣ ਤੋਂ ਭਾਰਤ ਦੀ ਮੁੱਖ ਧਾਰਾ ਦੇ ਆਗੂ ਅਜੇ ਤੱਕ ਵੀ ਨਾਕਾਮ ਦਿਸਦੇ ਹਨ।

Be the first to comment

Leave a Reply

Your email address will not be published.