ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਇਕ ਸ਼ਬਦ ਦੀ ਤੁਕ ਬਦਲਣ ਦੇ ਦੋਸ਼ ਵਿਚ ਘਿਰੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਂ ਤਖ਼ਤਾਂ ‘ਤੇ ਲੰਗਰ ਦੀ ਹੱਥੀਂ ਤੇ ਮਾਇਕ ਸੇਵਾ ਕਰਨ, ਸ੍ਰੀ ਅਕਾਲ ਤਖ਼ਤ ਵਿਖੇ ਅਖੰਡ ਪਾਠ ਕਰਾਉਣ, ਤਿੰਨ ਦਿਨ ਲੰਗਰ ਵਿਚ ਸੰਗਤਾਂ ਦੇ ਜੂਠੇ ਭਾਂਡੇ ਸਾਫ਼ ਕਰਨ ਤੇ ਗੁਰਬਾਣੀ ਸੁਣਨ ਦੀ ਤਨਖਾਹ (ਧਾਰਮਿਕ ਸੇਵਾ) ਲਾਈ ਹੈ। ਇਸ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਸਮੂਹ ਤਖ਼ਤਾਂ ਦੇ ਜਥੇਦਾਰਾਂ ਨੂੰ ਆਖਿਆ ਕਿ ਸ੍ਰੀ ਅਕਾਲ ਤਖ਼ਤ ਤੋਂ ਮਜੀਠੀਆ ਨੂੰ ਲਾਈ ਗਈ ਤਨਖਾਹ ਨੂੰ ਹੀ ਸਾਰੇ ਤਖ਼ਤ ਪ੍ਰਵਾਨ ਕਰਨ।
ਸ੍ਰੀ ਅਕਾਲ ਤਖ਼ਤ ਦੇ ਆਰਜ਼ੀ ਬਣਾਏ ਗਏ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਮਜੀਠੀਆ ਨੂੰ ਅਕਾਲ ਤਖ਼ਤ ਦੀ ਫਸੀਲ ਤੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਨਖਾਹ ਸੁਣਾਈ। ਇਸ ਮੌਕੇ ਪੰਜ ਸਿੰਘ ਸਾਹਿਬਾਨ ਉਪਰ ਫਸੀਲ ‘ਤੇ ਖੜ੍ਹੇ ਸਨ ਤੇ ਮਜੀਠੀਆ
ਹੇਠਾਂ ਗਲ ਵਿਚ ਪੱਲਾ ਪਾ ਕੇ ਹੱਥ ਜੋੜ ਕੇ ਖੜ੍ਹਾ ਸੀ। ਸਿੰਘ ਸਾਹਿਬ ਨੇ ਦੱਸਿਆ ਕਿ ਮਜੀਠੀਆ ਨੇ 25 ਅਪਰੈਲ ਨੂੰ ਅੰਮ੍ਰਿਤਸਰ ਇਕ ਚੋਣ ਜਲਸੇ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ‘ਦੇਹਿ ਸ਼ਿਵਾ ਬਰ ਮੋਹਿ ਇਹ’ ਦੀ ਇਕ ਤੁਕ ‘ਨਿਸ਼ਚੈ ਕਰ ਅਪਨੀ ਜੀਤ ਕਰੋਂ’ ਨੂੰ ਬਦਲ ਦਿੱਤਾ ਸੀ।
ਇਸ ਵਿਚ ਬਦਲਾਅ ਕਰਦਿਆਂ ਉਸ ਨੇ ‘ਨਿਸ਼ਚੈ ਕਰ ਜੇਤਲੀ ਕੀ ਜੀਤ ਕਰੋ’ ਨਾ ਸਿਰਫ਼ ਖੁਦ ਆਖਿਆ ਸਗੋਂ ਹਾਜ਼ਰ ਲੋਕਾਂ ਕੋਲੋਂ ਵੀ ਇਹ ਅਖਵਾਇਆ। ਇਸ ਤੋਂ ਬਾਅਦ ਸੰਗਤਾਂ ਵੱਲੋਂ ਭਾਰੀ ਗਿਣਤੀ ਵਿਚ ਸ਼ਿਕਾਇਤ ਕੀਤੀ ਗਈ ਸੀ ਤੇ ਸੰਗਤਾਂ ਇਸ ਗਲਤੀ ਲਈ ਉਸ ਨੂੰ ਸਜ਼ਾ ਲਾਉਣ ਦੀ ਮੰਗ ਕਰ ਰਹੀਆਂ ਸਨ। ਮਜੀਠੀਆ ਨੇ ਜਦੋਂ ਆਪਣੀ ਗਲਤੀ ਦਾ ਅਹਿਸਾਸ ਕੀਤਾ, ਉਸ ਨੇ ਖੁਦ ਪੇਸ਼ ਹੋ ਕੇ ਮੁਆਫੀਨਾਮਾ ਵੀ ਦਿੱਤਾ। ਇਸ ਮੁਆਫੀਨਾਮੇ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਵਿਚਾਰਿਆ ਗਿਆ। ਮਗਰੋਂ ਮਜੀਠੀਆ ਨੂੰ ਸੱਦਿਆ ਗਿਆ ਜਿਨ੍ਹਾਂ ਨੇ ਇਕੱਤਰਤਾ ਵਿਚ ਆਪਣੀ ਗਲਤੀ ਮੰਨੀ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਲਾਈ ਜਾਣ ਵਾਲੀ ਤਨਖਾਹ ਨੂੰ ਵੀ ਪੂਰਾ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ। ਇਸ ਬਾਰੇ ਉਸ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਖੁਦ ਹਾਜ਼ਰ ਹੋ ਕੇ ਲੰਗਰ ਦੀ ਹੱਥੀਂ ਤੇ ਮਾਇਕ ਸੇਵਾ ਕਰਨ ਲਈ ਹੁਕਮ ਦਿੱਤੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਘੱਟੋ ਘੱਟ ਇਕ ਦਿਨ ਇਹ ਸੇਵਾ ਜ਼ਰੂਰ ਕਰਨਗੇ ਤੇ ਇਸ ਤੋਂ ਵਧੇਰੇ ਉਹ ਆਪਣੀ ਮਰਜ਼ੀ ਨਾਲ ਜਿੰਨੇ ਵੀ ਦਿਨ ਚਾਹੁਣ ਸੇਵਾ ਕਰ ਸਕਦੇ ਹਨ। ਅੰਤ ਵਿਚ ਸ੍ਰੀ ਅਕਾਲ ਤਖ਼ਤ ਵਿਖੇ ਹਾਜ਼ਰ ਹੋ ਕੇ ਅਖੰਡ ਪਾਠ ਕਰਵਾਉਣ, ਤਿੰਨ ਦਿਨ ਇਥੇ ਲੰਗਰ ਵਿਚ ਸੰਗਤਾਂ ਦੇ ਜੂਠੇ ਭਾਂਡੇ ਸਾਫ਼ ਕਰਨ ਤੇ ਗੁਰਬਾਣੀ ਸੁਣਨ ਦੀ ਤਨਖਾਹ ਲਾਈ ਹੈ। ਇਸ ਤੋਂ ਇਲਾਵਾ ਆਪਣੀ ਸਮਰੱਥਾ ਮੁਤਾਬਕ ਲੰਗਰ ਵਿਚ ਮਾਇਕ ਸੇਵਾ ਕਰਨ ਲਈ ਵੀ ਹਦਾਇਤ ਕੀਤੀ ਹੈ।
ਮਗਰੋਂ ਖਿਮਾ ਯਾਚਨਾ ਦੀ ਅਰਦਾਸ ਲਈ 501 ਰੁਪਏ ਤੇ 101 ਰੁਪਏ ਦੀ ਦੇਗ ਕਰਾਉਣ ਲਈ ਆਖਿਆ ਗਿਆ ਹੈ। ਸਿੰਘ ਸਾਹਿਬਾਨ ਨੇ ਬਾਕੀ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਸਮੁੱਚੇ ਤੌਰ ‘ਤੇ ਇਹ ਤਨਖਾਹ ਨੂੰ ਪ੍ਰਵਾਨ ਕਰਨ ਲਈ ਆਖਿਆ ਹੈ। ਇਸ ਬਾਰੇ ਉਨ੍ਹਾਂ 19 ਨਵੰਬਰ 2003 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਪਾਸ ਹੋਏ ਮਤੇ ਦਾ ਹਵਾਲਾ ਵੀ ਦਿੱਤਾ ਹੈ, ਜਿਸ ਵਿਚ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਵਾਨ ਕੀਤਾ ਗਿਆ ਸੀ ਕਿ ਸ੍ਰੀ ਅਕਾਲ ਤਖ਼ਤ ਨੂੰ ਛੱਡ ਕੇ ਬਾਕੀ ਚਾਰ ਤਖ਼ਤ ਸਿਰਫ਼ ਆਪਣੇ ਖੇਤਰੀ ਮਾਮਲੇ ਹੀ ਵਿਚਾਰਨਗੇ। ਜਦੋਂਕਿ ਪੰਥਕ ਮਾਮਲੇ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਵਿਖੇ ਹੀ ਵਿਚਾਰੇ ਜਾਣਗੇ।
ਦੱਸਣਯੋਗ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੱਲੋਂ ਇਸੇ ਮਾਮਲੇ ਵਿਚ ਮਜੀਠੀਆ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਸੀ। ਮਗਰੋਂ ਸ੍ਰੀ ਮਜੀਠੀਆ ਵੱਲੋਂ ਭੇਜੇ ਗਏ ਮੁਆਫੀਨਾਮੇ ਨੂੰ ਵੀ ਉਨ੍ਹਾਂ ਸਵੀਕਾਰ ਕਰ ਲਿਆ ਤੇ ਹਦਾਇਤ ਕੀਤੀ ਹੈ ਕਿ ਉਹ ਉਥੇ ਹਾਜ਼ਰ ਹੋ ਕੇ ਤਨਖਾਹ ਲਗਵਾਏ ਤੇ ਤਨਖਾਹ ਪੂਰੀ ਕਰਨ ਮਗਰੋਂ ਉਸ ਨੂੰ ਮੁਆਫ ਕੀਤਾ ਜਾਵੇਗਾ। ਇਸ ਕਾਰਵਾਈ ਮਗਰੋਂ ਮਜੀਠੀਆ ਨੇ ਆਖਿਆ ਕਿ ਉਨ੍ਹਾਂ ਕੋਲੋਂ ਅਣਜਾਣੇ ਵਿਚ ਇਹ ਗਲਤੀ ਹੋ ਗਈ ਸੀ ਜਿਸ ਲਈ ਉਨ੍ਹਾਂ ਖੁਦ ਹੀ ਮੁਆਫੀ ਮੰਗੀ ਹੈ।
ਪੰਜ ਸਿੰਘ ਸਾਹਿਬਾਨ ਵੱਲੋਂ ਜੋ ਧਾਰਮਿਕ ਸੇਵਾ ਲਾਈ ਗਈ ਹੈ, ਉਹ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਤੇ ਛੇਤੀ ਹੀ ਇਹ ਸੇਵਾ ਸ਼ੁਰੂ ਕਰ ਦੇਣਗੇ। ਅਕਾਲ ਤਖ਼ਤ ਵਿਖੇ ਪੇਸ਼ ਹੋਣ ਸਮੇਂ ਉਨ੍ਹਾਂ ਨਾਲ ਯੂਥ ਅਕਾਲੀ ਦਲ ਦੇ ਕਈ ਆਗੂ ਵੀ ਹਾਜ਼ਰ ਸਨ। ਇਕੱਤਰਤਾ ਤੋਂ ਬਾਅਦ ਸਿੰਘ ਸਾਹਿਬ ਨੇ ਆਖਿਆ ਕਿ ਗੁਰਦੁਆਰਾ ਸ਼ਹੀਦਾਂ ਵਿਖੇ ਕੀਰਤਨ ਰੋਕ ਕੇ ਭਾਸ਼ਣ ਦੇਣ ਦੇ ਮਾਮਲੇ ਵਿਚ ਜੇਕਰ ਸਬੂਤ ਵਜੋਂ ਕੋਈ ਸੀæਡੀ ਆਦਿ ਪੇਸ਼ ਕਰਦਾ ਹੈ ਤਾਂ ਇਸ ਮਾਮਲੇ ਵਿਚ ਵੀ ਮਜੀਠੀਆ ਖਿਲਾਫ਼ ਕਾਰਵਾਈ ਹੋ ਸਕਦੀ ਹੈ।
_______________________________________________
ਗਿਆਨੀ ਇਕਬਾਲ ਸਿੰਘ ਨੂੰ ਮੀਟਿੰਗ ਵਿਚਾਲੇ ਛੱਡ ਕੇ ਜਾਣਾ ਪਿਆ
ਅੰਮ੍ਰਿਤਸਰ: ਇਥੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸ਼ਾਮਲ ਹੋਣ ਲਈ ਆਏ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਦੀ ਸ਼ਮੂਲੀਅਤ ‘ਤੇ ਇਤਰਾਜ਼ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਮੀਟਿੰਗ ਵਿਚਾਲੇ ਹੀ ਛੱਡ ਕੇ ਜਾਣਾ ਪਿਆ। ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸਿਹਤ ਠੀਕ ਨਾ ਹੋਣ ਕਾਰਨ ਗਿਆਨੀ ਇਕਬਾਲ ਸਿੰਘ ਨੂੰ ਮੀਟਿੰਗ ਵਿਚਾਲੇ ਛੱਡਣੀ ਪਈ ਹੈ। ਮਿਲੇ ਵੇਰਵਿਆਂ ਮੁਤਾਬਕ ਜਦੋਂ ਇਕੱਤਰਤਾ ਸ਼ੁਰੂ ਹੋਣ ਲੱਗੀ ਤਾਂ ਉਥੇ ਹਾਜ਼ਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ। ਉਨ੍ਹਾਂ ਆਖਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਪਹਿਲਾਂ ਮੁਅੱਤਲ ਤੇ ਮਗਰੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਲਈ ਬਰਖ਼ਾਸਤ ਕੀਤੇ ਗਏ ਜਥੇਦਾਰ ਨੂੰ ਮੀਟਿੰਗ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਗਿਆਨੀ ਇਕਬਾਲ ਸਿੰਘ ਨੂੰ ਇਕੱਤਰਤਾ ਵਿਚ ਸ਼ਾਮਲ ਕੀਤਾ ਗਿਆ ਤਾਂ ਉਹ ਇਕੱਤਰਤਾ ਛੱਡ ਕੇ ਚਲੇ ਜਾਣਗੇ।
ਇਸ ਦੌਰਾਨ ਉਹ ਕੁਝ ਸਮੇਂ ਲਈ ਇਕੱਤਰਤਾ ਛੱਡ ਕੇ ਉਪਰ ਗਿਆਨੀ ਗੁਰਬਚਨ ਸਿੰਘ ਦੇ ਗ੍ਰਹਿ ਵਿਖੇ ਵੀ ਚਲੇ ਗਏ। ਉਨ੍ਹਾਂ ਨੂੰ ਮਨਾਉਣ ਲਈ ਮੀਟਿੰਗ ਵਿਚ ਹਾਜ਼ਰ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਹੋਰਨਾਂ ਵੱਲੋਂ ਜ਼ੋਰ ਲਾਇਆ ਗਿਆ। ਅਖ਼ੀਰ ਗਿਆਨੀ ਇਕਬਾਲ ਸਿੰਘ ਨੂੰ ਮਨਾਇਆ ਗਿਆ ਤੇ ਉਹ ਇਕੱਤਰਤਾ ਵਿਚਾਲੇ ਹੀ ਛੱਡ ਕੇ ਚਲੇ ਗਏ। ਸ਼ ਮਜੀਠੀਆ ਦੇ ਮਾਮਲੇ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਸ ਇਕੱਤਰਤਾ ਵਿਚ ਗਿਆਨੀ ਇਕਬਾਲ ਸਿੰਘ ਦੀ ਥਾਂ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਸੱਦਿਆ ਗਿਆ।
ਇਕੱਤਰਤਾ ਤੋਂ ਪਹਿਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਸੁਪਰਡੈਂਟ ਅਵਤਾਰ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪ੍ਰਬੰਧਕੀ ਕਮੇਟੀ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਬਰਖ਼ਾਸਤ ਕਰਨ ਵਾਲਾ ਪੱਤਰ ਸੌਂਪਿਆ। ਇਸ ਪੱਤਰ ਵਿਚ ਜਾਂਚ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਮੇਸ਼ਾ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਪ੍ਰਬੰਧਕੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਵਿਚ ਗਿਆਨੀ ਇਕਬਾਲ ਸਿੰਘ ਨੂੰ ਇਕੱਤਰਤਾ ਵਿਚ ਸ਼ਾਮਲ ਨਾ ਕੀਤਾ ਜਾਵੇ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਨੁਮਾਇੰਦਗੀ ਵਾਸਤੇ ਪ੍ਰਬੰਧਕੀ ਕਮੇਟੀ ਨੂੰ ਸੂਚਿਤ ਕੀਤਾ ਜਾਵੇ। ਇਸ ਪੱਤਰ ਦੀਆਂ ਕਾਪੀਆ ਹੋਰ ਸਿੰਘ ਸਾਹਿਬਾਨ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਵੀ ਭੇਜੀਆਂ ਗਈਆਂ ਹਨ। ਦੂਜੇ ਪਾਸੇ ਗਿਆਨੀ ਗੁਰਬਚਨ ਸਿੰਘ ਨੇ ਇਹ ਮੰਨਣ ਤੋਂ ਇਨਕਾਰ ਕੀਤਾ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਗਿਆਨੀ ਇਕਬਾਲ ਸਿੰਘ ਦੀ ਬਤੌਰ ਜਥੇਦਾਰ ਸ਼ਮੂਲੀਅਤ ‘ਤੇ ਇਤਰਾਜ਼ ਹੋਇਆ ਹੈ। ਉਨ੍ਹਾਂ ਆਖਿਆ ਕਿ ਗਿਆਨੀ ਇਕਬਾਲ ਸਿੰਘ ਦੀ ਸਿਹਤ ਅਚਨਚੇਤੀ ਖਰਾਬ ਹੋ ਗਈ ਸੀ, ਜਿਸ ਕਾਰਨ ਉਹ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ।
Leave a Reply