ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ

ਡਾæ ਗੁਰਨਾਮ ਕੌਰ, ਕੈਨੇਡਾ
ਇਸ ਸਲੋਕ ਵਿਚ ਗੁਰੂ ਨਾਨਕ ਦੇਵ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਦੱਸ ਰਹੇ ਹਨ, ਜਿਸ ਨੇ ਇਹ ਸਾਰਾ ਸੰਸਾਰ ਸਾਜਿਆ ਹੈ ਅਤੇ ਮਨੁੱਖ ਲਈ ਹਰ ਤਰ੍ਹਾਂ ਦੇ ਪਦਾਰਥਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਨ੍ਹਾਂ ਪਦਾਰਥਾਂ ਦੇ ਭੋਗ ਵਿਚ ਪੈ ਕੇ ਹੀ ਮਨੁੱਖ ਉਸ ਦੇਣਹਾਰ ਨੂੰ ਭੁੱਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਜੇ ਉਸ ਸੱਚੇ ਰੱਬ ਦਾ ਨਿਵਾਸ ਮਨੁੱਖ ਦੇ ਮਨ ਵਿਚ ਨਹੀਂ ਹੈ ਅਰਥਾਤ ਮਨੁੱਖ ਦਾ ਅੰਦਰਲਾ ਉਸ ਵਾਹਿਗੁਰੂ ਨਾਲ ਨਹੀਂ ਜੁੜਿਆ ਹੋਇਆ, ਫਿਰ ਵਧੀਆ ਭੋਜਨ ਅਤੇ ਵੰਨ-ਸੁਵੰਨੇ ਪਦਾਰਥ ਖਾਣ ਜਾਂ ਸੁੰਦਰ ਪੁਸ਼ਾਕਾਂ ਪਹਿਨਣ ਦਾ ਕੀ ਸੁਆਦ ਰਹਿ ਜਾਂਦਾ ਹੈ? ਜੇ ਮਨੁੱਖ ਵਧੀਆ ਮੇਵੇ, ਘਿਉ ਵਰਗਾ ਵਧੀਆ ਪਦਾਰਥ, ਮਿੱਠਾ ਗੁੜ, ਮੈਦਾ ਅਤੇ ਮਾਸ ਵਰਗੇ ਪਦਾਰਥਾਂ ਦੀ ਵਰਤੋਂ ਕਰਦਾ ਹੈ ਤਾਂ ਇਸ ਨਾਲ ਕਿਹੜੀ ਵੱਡੀ ਪ੍ਰਾਪਤੀ ਹੋ ਜਾਣੀ ਹੈ? ਜੇ ਮਨੁੱਖ ਨੂੰ ਸੋਹਣੇ ਕਪੜੇ ਪਹਿਨਣ ਲਈ, ਸੁੰਦਰ ਇਸਤਰੀ ਆਦਿ ਮਿਲ ਜਾਵੇ ਜਿਸ ਨਾਲ ਉਹ ਦੁਨਿਆਵੀ ਰੰਗ-ਤਮਾਸ਼ੇ ਮਾਣੇ, ਫਿਰ ਵੀ ਇਹ ਕਿਸ ਕਿਸਮ ਦੀ ਪ੍ਰਾਪਤੀ ਹੈ? ਜੇ ਮਨੁੱਖ ਬਹੁਤ ਤਾਕਤ ਦਾ ਮਾਲਕ ਹੋਵੇ, ਉਸ ਕੋਲ ਫ਼ੌਜ, ਚੋਬਦਾਰ ਅਤੇ ਚੋਰ-ਬਰਦਾਰ ਹੋਣ ਅਤੇ ਮਹਿਲਾਂ ਦਾ ਵਾਸੀ ਹੋਵੇ, ਫਿਰ ਵੀ ਕੀ ਹੋ ਜਾਵੇਗਾ? ਕਹਿਣ ਤੋਂ ਭਾਵ ਹੈ ਕਿ ਸੰਸਾਰਕ ਪ੍ਰਾਪਤੀਆਂ ਹੋਣੀਆਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਸਾਰੇ ਦੁਨਿਆਵੀ ਪਦਾਰਥ ਆਉਣੀ ਜਾਣੀ ਚੀਜ਼ ਹਨ, ਨਾਸ਼ਵੰਤ ਹਨ। ਇਹ ਤਾਕਤ ਅਤੇ ਮਾਲ-ਅਸਬਾਬ, ਕਿਸੇ ਨੇ ਵੀ ਸਦਾ ਮਨੁੱਖ ਦੇ ਨਾਲ ਨਹੀਂ ਨਿਭਣਾ। ਮਨੁੱਖ ਦੇ ਨਾਲ ਸਿਰਫ਼ ਉਸ ਸੱਚੇ ਨਾਮ ਨੇ ਜਾਣਾ ਹੈ,
ਕਿਆ ਖਾਧੈ ਕਿਆ ਪੈਧੈ ਹੋਇ॥
ਜਾ ਮਨਿ ਨਾਹੀ ਸਚਾ ਸੋਇ॥
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ
ਕਿਆ ਮੈਦਾ ਕਿਆ ਮਾਸੁ॥
ਕਿਆ ਕਪੜੁ ਕਿਆ ਸੇਜ ਸੁਖਾਲੀ
ਕੀਜਹਿ ਭੋਗ ਬਿਲਾਸ॥
ਕਿਆ ਲਸਕਰ ਕਿਆ ਨੇਬ ਖਵਾਸੀ
ਆਵੈ ਮਹਲੀ ਵਾਸੁ॥
ਨਾਨਕ ਸਚੇ ਨਾਮ ਵਿਣੁ
ਸਭੇ ਟੋਲ ਵਿਣਾਸੁ॥੨॥ (ਪੰਨਾ ੧੪੨)
ਹਿੰਦੁਸਤਾਨੀ ਸਮਾਜ ਦਾ ਸਭ ਤੋਂ ਵੱਡਾ ਨੁਕਸਾਨ ਵਰਣ-ਵੰਡ ਨੇ ਕੀਤਾ ਹੈ। ਵਰਣ-ਵੰਡ ‘ਤੇ ਆਧਾਰਤ ਹਿੰਦੁਸਤਾਨੀ ਸਮਾਜ ਵੱਖ ਵੱਖ ਜਾਤੀਆਂ ਵਿਚ ਵੰਡਿਆ ਗਿਆ ਜਿਸ ਨੇ ਖਾਸ ਕਿਸਮ ਦੀ ਗ਼ੁਲਾਮੀ ਨੂੰ ਜਨਮ ਦਿੱਤਾ, ਜਿਸ ਦਾ ਜੂਲਾ ਇਸ ਇੱਕੀਵੀਂ ਸਦੀ ਤੱਕ ਵੀ ਸਮਾਜ ਆਪਣੇ ਗਲੋਂ ਨਹੀਂ ਲਾਹ ਸਕਿਆ। ਗੁਰੂ ਨਾਨਕ ਸਾਹਿਬ ਨੇ ਸਮਾਜਿਕ ਗ਼ੁਲਾਮੀ ਦੀ ਇਸ ਜ਼ਹਿਮਤ ਨੂੰ ਬਹੁਤ ਸ਼ਿਦਤ ਨਾਲ ਅਨੁਭਵ ਕੀਤਾ ਅਤੇ ਇਸ ਨੂੰ ਮਨੁੱਖ ਦੇ ਨਿਜੀ ਅਤੇ ਸਮਾਜਿਕ ਵਿਕਾਸ ਵਿਚ ਬਹੁਤ ਵੱਡਾ ਰੋੜਾ ਸਮਝਿਆ। ਇਸੇ ਲਈ ਉਨ੍ਹਾਂ ਨੇ ਆਪਣੀ ਬਾਣੀ ਵਿਚ ਇਸ ਜਾਤੀ-ਵੰਡ ਦੀ ਨਿਖੇਧੀ ਕੀਤੀ ਅਤੇ ਮਨੁੱਖੀ ਬਰਾਬਰੀ ਦਾ ਸਿਧਾਂਤ ਦਿੱਤਾ।
ਇਸ ਪਉੜੀ ਵਿਚ ਵੀ ਗੁਰੂ ਨਾਨਕ ਸਾਹਿਬ ਦੱਸ ਰਹੇ ਹਨ ਕਿ ਅਕਾਲ ਪੁਰਖ ਦੀ ਦਰਗਾਹ ਵਿਚ ਫ਼ੈਸਲਾ ਉਚੀ ਜਾਂ ਨੀਵੀਂ ਜਾਤ ਕਰਕੇ ਨਹੀਂ ਹੋਣਾ ਬਲਕਿ ਉਥੇ ਮਨੁੱਖ ਦੀ ਸੱਚਾਈ ਦੀ ਪਰਖ ਕੀਤੀ ਜਾਣੀ ਹੈ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਪਰਮਾਤਮਾ ਦੇ ਦਰਬਾਰ ਵਿਚ ਸੱਚੇ ਨਾਮ ਦਾ ਸੌਦਾ ਪਰਖਿਆ ਜਾਂਦਾ ਹੈ, ਉਥੇ ਜਾਤ ਅਨੁਸਾਰ ਫ਼ੈਸਲਾ ਨਹੀਂ ਹੁੰਦਾ ਅਰਥਾਤ ਜਾਤ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਇਸ ਲਈ ਜਾਤ ਦਾ ਅਭਿਮਾਨ ਕਰਨਾ ਵਿਅਰਥ ਹੈ। ਜਾਤ ਦਾ ਅਭਿਮਾਨ ਜਾਂ ਅਹੰਕਾਰ ਕਰਨਾ ਮਹੁਰੇ (ਜ਼ਹਿਰ) ਦੇ ਬਰਾਬਰ ਹੈ। ਮਹੁਰਾ ਜੇ ਕਿਸੇ ਦੇ ਹੱਥ ਵਿਚ ਹੋਵੇਗਾ ਅਤੇ ਉਸ ਨੂੰ ਖਾਵੇਗਾ ਤਾਂ ਫਿਰ, ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਮਰ ਜਾਵੇਗਾ। ਅਕਾਲ ਪੁਰਖ ਦਾ ਇਹ ਨਿਆਉਂ ਹਰ ਸਮੇਂ, ਹਰ ਇੱਕ ਜੁਗ ਵਿਚ ਵਰਤਦਾ ਹੈ ਅਰਥਾਤ ਜਾਤ ਦਾ ਲਿਹਾਜ ਕਿਸੇ ਵੀ ਜੁਗ ਵਿਚ ਨਹੀਂ ਕੀਤਾ ਜਾਂਦਾ। ਕਹਿਣ ਤੋਂ ਭਾਵ ਹੈ ਕਿ ਮਨੁੱਖ ਕੀ ਹੈ ਇਸ ਦਾ ਫੈਸਲਾ ਉਸ ਦੇ ਕੀਤੇ ਹੋਏ ਆਪਣੇ ਕਰਮਾਂ ‘ਤੇ ਆਧਾਰਤ ਹੁੰਦਾ ਹੈ ਨਾ ਕਿ ਇਸ ਤੱਥ ਉਤੇ ਕਿ ਉਹ ਕਿਸ ਜਾਤ ਵਿਚ ਪੈਦਾ ਹੋਇਆ ਹੈ। ਅਕਾਲ ਪੁਰਖ ਦੇ ਦਰਬਾਰ ਵਿਚ ਉਹੀ ਮਨੁੱਖ ਮਾਣ ਜਾਂ ਇੱਜ਼ਤ ਪ੍ਰਾਪਤ ਕਰਦਾ ਹੈ ਜਿਹੜਾ ਉਸ ਦੇ ਹੁਕਮ ਦਾ ਅਨੁਸਾਰੀ ਹੋ ਕੇ ਚੱਲਦਾ ਹੈ। ਅਕਾਲ ਪੁਰਖ ਨੇ ਮਨੁੱਖ ਦੀ ਇਸ ਸੰਸਾਰ ‘ਤੇ ਸਾਜਨਾ ਉਸ ਨੂੰ ਹੁਕਮ ਮੰਨਣ ਦਾ ਕਾਰਜ ਦੇ ਕੇ ਕੀਤੀ ਹੈ। (ਇਸੇ ਨੂੰ ਜਪੁਜੀ ਵਿਚ Ḕਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿḔ ਕਿਹਾ ਹੈ)। ਤਬਲਬਾਜ਼ ਅਰਥਾਤ ਨਗਾਰਚੀ ਗੁਰੂ ਨੇ ਸ਼ਬਦ ਦੀ ਵਿਚਾਰ ਰਾਹੀਂ ਇਹੀ ਗੱਲ ਸਮਝਾਈ ਹੈ। ਜਿਨ੍ਹਾਂ ਨੇ ਇਸ ਸ਼ਬਦ ਦੇ ਢੰਡੋਰੇ ਨੂੰ ਸੁਣਿਆ ਅਤੇ ਸਮਝਿਆ ਹੈ ਉਹ ਇਸ ਰਸਤੇ (ਹੁਕਮ ਅਨੁਸਾਰੀ ਹੋਣ ਦੇ) ‘ਤੇ ਚੱਲ ਪਏ ਹਨ ਅਰਥਾਤ ਉਨ੍ਹਾਂ ਨੇ ਗੁਰਮੁਖਿ ਦਾ ਰਸਤਾ ਅਪਨਾ ਲਿਆ ਹੈ, ਗੁਰੂ ਦੇ ਦੱਸੇ ਰਸਤੇ ਦੇ ਪਾਂਧੀ ਬਣ ਗਏ ਹਨ, ਕਈਆਂ ਨੇ ਇਸ ਰਸਤੇ ‘ਤੇ ਤੁਰਨ ਦੀ ਤਿਆਰੀ ਕਰ ਲਈ ਹੈ ਅਤੇ ਕਈਆਂ ਨੇ ਆਪਣਾ ਸਮਾਨ ਲੱਦ ਲਿਆ ਹੈ ਅਤੇ ਕਈ ਛੇਤੀ ਛੇਤੀ ਦੌੜ ਪਏ ਹਨ,
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ॥
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥æææ (ਪੰਨਾ ੧੪੨)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਨੂੰ ਸਮਝਾਉਣ ਵਾਸਤੇ ਆਮ ਜੀਵਨ ਵਿਚੋਂ ਬਹੁਤ ਸਾਰੇ ਦ੍ਰਿਸ਼ਟਾਂਤ ਲਏ ਗਏ ਹਨ ਜਿਵੇਂ ਖੇਤੀ, ਵਿਉਪਾਰ ਆਦਿ। ਇਥੇ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਜਦੋਂ ਕਣਕ ਆਦਿ ਦੀ ਫ਼ਸਲ ਪੱਕ ਜਾਂਦੀ ਹੈ ਤਾਂ ਉਤੋਂ ਉਤੋਂ ਬੂਟਿਆਂ ਨੂੰ ਵੱਢ ਲਿਆ ਜਾਂਦਾ ਹੈ, ਕਣਕ ਦੀ ਨਾੜ ਅਤੇ ਖੇਤ ਨੂੰ ਕੀਤੀ ਹੋਈ ਵਾੜ ਪਿੱਛੇ ਰਹਿ ਜਾਂਦੇ ਹਨ। ਇਸ ਵੱਢੀ ਹੋਈ ਫ਼ਸਲ ਨੂੰ ਸਿੱਟਿਆਂ ਸਮੇਤ ਗਾਹ ਲਿਆ ਜਾਂਦਾ ਹੈ, ਤੇ ਬੋਹਲ ਉਡਾ ਕੇ ਦਾਣੇ ਵੱਖ ਕਰ ਲਏ ਜਾਂਦੇ। ਫਿਰ ਇਨ੍ਹਾਂ ਦਾਣਿਆਂ ਨੂੰ ਪੀਸਣ ਲਈ ਅਰਥਾਤ ਇਸ ਨੂੰ ਪੀਸ ਕੇ ਆਟਾ ਬਣਾਉਣ ਲਈ ਚੱਕੀ ਦੇ ਦੋਵੇਂ ਪੁੜ ਰੱਖ ਕੇ ਮਨੁੱਖ ਆ ਬੈਠਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਬੜਾ ਅਸਚਰਜ ਤਮਾਸ਼ਾ ਹੈ ਕਿ ਜਿਹੜੇ ਦਾਣੇ ਚੱਕੀ ਦੇ ਦਰ ‘ਤੇ ਆ ਬੈਠਦੇ ਹਨ ਅਰਥਾਤ ਕਿੱਲੀ ਦੇ ਨਾਲ ਲੱਗ ਜਾਂਦੇ ਹਨ, ਉਹ ਪੀਸੇ ਜਾਣ ਤੋਂ ਬਚ ਜਾਂਦੇ ਹਨ ਅਤੇ ਬਾਕੀ ਦੇ ਪਿਸ ਕੇ ਆਟਾ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖ ਅਕਾਲ ਪੁਰਖ ਦੇ ਦਰ ‘ਤੇ ਰਹਿੰਦੇ ਹਨ, ਉਨ੍ਹਾਂ ਨੂੰ ਸੰਸਾਰ ਦੇ ਵਿਕਾਰ ਛੂਹ ਨਹੀਂ ਸਕਦੇ (ਉਹ ਵਿਕਾਰਾਂ ਰਾਹੀਂ ਪੀਸੇ ਜਾਣ ਤੋਂ ਬਚ ਜਾਂਦੇ ਹਨ),
ਜਾ ਪਕਾ ਤਾ ਕਟਿਆ
ਰਹੀ ਸੁ ਪਲਰਿ ਵਾੜ॥
ਸਣੁ ਕੀਸਾਰਾ ਚਿਥਿਆ ਕਣੁ
ਲਇਆ ਤਨੁ ਝਾੜਿ॥
ਦੁਇ ਪੁੜ ਚਕੀ ਜੋੜਿ ਕੈ
ਪੀਸਣ ਆਇ ਬਹਿਠੁ॥
ਜੋ ਦਰਿ ਰਹੇ ਸੁ ਉਬਰੇ
ਨਾਨਕ ਅਜਬੁ ਡਿਠੁ॥੧॥ (ਪੰਨਾ ੧੪੨)
ਅਗਲੇ ਸਲੋਕ ਵਿਚ ਗੰਨੇ ਦਾ ਦ੍ਰਿਸ਼ਟਾਂਤ ਲਿਆ ਗਿਆ ਹੈ। ਗੁਰੂ ਨਾਨਕ ਸਾਹਿਬ ਮਨੁੱਖ ਨੂੰ ਗੰਨੇ ਦੀ ਉਦਾਹਰਣ ਰਾਹੀਂ ਸੰਬੋਧਨ ਕਰਦੇ ਹਨ ਕਿ ਦੇਖ ਗੰਨੇ ਨੂੰ ਪਹਿਲਾਂ ਵੱਢਿਆ ਜਾਂਦਾ ਹੈ, ਫਿਰ ਛਿਲ ਕੇ ਸਾਫ ਕਰਕੇ ਭਰੀਆਂ ਬੰਨ੍ਹ ਲਈਆਂ ਜਾਂਦੀਆਂ ਹਨ। ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ ਇਸ ਨੂੰ ਪੀੜਨ ਲਈ ਰੱਖ ਦਿੰਦੇ ਹਨ। ਪੀੜ ਕੇ ਇਸ ਦੀ ਰਹੁ (ਗੰਨੇ ਦਾ ਰਸ) ਕੱਢ ਲਈ ਜਾਂਦੀ ਹੈ ਅਤੇ ਉਸ ਨੂੰ ਕੜਾਹੇ ਵਿਚ ਪਾ ਕੇ ਪਕਾਇਆ ਜਾਂਦਾ ਹੈ। ਜਦੋਂ ਅੱਗ ਦਾ ਸੇਕ ਲੱਗਦਾ ਹੈ ਅਤੇ ਰਹੁ ਕੜ੍ਹਦੀ ਹੈ ਤਾਂ ਉਹ ਇੱਕ ਤਰ੍ਹਾਂ ਨਾਲ ਵਿਲਕਦੀ ਹੈ। ਗੰਨੇ ਦੇ ਫੋਗ ਨੂੰ ਵੀ ਸਾਂਭ ਲਿਆ ਜਾਂਦਾ ਹੈ ਅਤੇ ਸੁਕਾ ਕੇ ਬਾਲਣ ਦੇ ਰੂਪ ਵਿਚ ਅੱਗ ਵਿਚ ਬਾਲਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮਿੱਠੇ ਕਾਰਨ ਜਿਸ ਤਰ੍ਹਾਂ ਗੰਨਾ ਖ਼ੁਆਰ ਹੋਇਆ ਹੈ, ਇਸੇ ਤਰ੍ਹਾਂ ਮਨੁੱਖ ਮਾਇਆ ਦੀ ਮਿਠਾਸ ਦੇ ਮੋਹ ਵਿਚ ਖ਼ੁਆਰ ਹੁੰਦਾ ਹੈ,
ਵੇਖੁ ਜਿ ਮਿਠਾ ਕਟਿਆ
ਕਟਿ ਕੁਟਿ ਬਧਾ ਪਾਇ॥
ਖੁੰਢਾ ਅੰਦਰਿ ਰਖਿ ਕੈ
ਦੇਨਿ ਸੁ ਮਲ ਸਜਾਇ॥
ਰਸੁ ਕਸੁ ਟਟਰਿ ਪਾਈਐ
ਤਪੈ ਤੈ ਵਿਲਲਾਇ॥
ਭੀ ਸੋ ਫੋਗੁ ਸਮਾਲੀਐ
ਦਿਚੈ ਅਗਿ ਜਲਾਇ॥
ਨਾਨਕ ਮਿਠੈ ਪਤਰੀਐ
ਵੇਖਹੁ ਲੋਕਾ ਆਇ॥੨॥ (ਪੰਨਾ ੧੪੩)
ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਉਨ੍ਹਾਂ ਮਨੁੱਖਾਂ ਦੀ ਗੱਲ ਕਰ ਰਹੇ ਹਨ ਜੋ ਇਸ ਸੰਸਾਰ ‘ਤੇ ਆ ਕੇ ਆਪਣੇ ਸਿਰਜਣਹਾਰ ਨੂੰ ਵਿਸਾਰ ਦਿੰਦੇ ਹਨ ਅਤੇ ਇਸ ਤਰ੍ਹਾਂ ਮਨ ਵਿਚ ਨਵੀਆਂ ਨਵੀਆਂ ਆਸਾਂ ਲੈ ਕੇ ਜਿਉਂਦੇ ਹਨ ਜਿਵੇਂ ਸਦਾ ਇਥੇ ਹੀ ਬੈਠੇ ਰਹਿਣਾ ਹੋਵੇ। ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਕਿ ਇੱਕ ਇਨਸਾਨ ਅਜਿਹੇ ਹਨ ਜਿਹੜੇ ਮਨ ਵਿਚ ਬਹੁਤ ਸਾਰੀਆਂ ਆਸਾਂ ਨਿੱਤ ਬਣਾਉਂਦੇ ਅਤੇ ਪਾਲਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਨ ਵਿਚ ਮੌਤ ਦਾ ਬਿਲਕੁਲ ਵੀ ਖਿਆਲ ਨਹੀਂ ਆਉਂਦਾ, ਮੌਤ ਦਾ ਚਿੱਤ-ਚੇਤਾ ਵੀ ਨਹੀਂ ਰਹਿੰਦਾ। ਅਜਿਹੇ ਬੰਦੇ ਹਰ ਰੋਜ਼ ਜੰਮਦੇ ਅਤੇ ਮਰਦੇ ਹਨ ਅਰਥਾਤ ਸਹਿਸਿਆਂ ਵਿਚ ਦੁੱਖ ਭੋਗਦੇ ਹਨ, ਕਦੀ ਸੌਖੇ ਹੁੰਦੇ ਹਨ ਅਤੇ ਕਦੇ ਦੁਖੀ। ਭਾਵ ਅਜਿਹੇ ਬੰਦਿਆਂ ਦੀ ਜਦੋਂ ਕੋਈ ਆਸ ਪੂਰੀ ਹੋ ਜਾਂਦੀ ਹੈ ਤਾਂ ਖੁਸ਼ ਹੋ ਜਾਂਦੇ ਹਨ, ਨਹੀਂ ਪੂਰੀ ਹੁੰਦੀ ਤਾਂ ਦੁਖੀ ਹੁੰਦੇ ਹਨ। ਆਪਣੇ ਮਨ ਵਿਚ ਉਹ ਆਪਣੇ ਆਪ ਨੂੰ ਚੰਗਾ ਕਹਿੰਦੇ ਅਤੇ ਸਮਝਦੇ ਹਨ। ਅਜਿਹੇ ਮਨਮੁਖਾਂ ਨੂੰ ਜਮਰਾਜ ਨਿੱਤ ਦੇਖਦਾ ਹੈ ਭਾਵ ਮੌਤ ਸਿਰ ‘ਤੇ ਮੰਡਰਾਉਂਦੀ ਰਹਿੰਦੀ ਹੈ। ਅਜਿਹੇ ਮਨਮੁਖ ਜਿਹੜੇ ਆਪਣੇ ਸਿਰਜਣਹਾਰ ਦੇ ਕੀਤੇ ਕੰਮਾਂ ਨੂੰ ਨਹੀਂ ਜਾਣਦੇ ਭਾਵ ਉਸ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ, ਲੂਣ-ਹਰਾਮੀ ਹੁੰਦੇ ਹਨ (ਲੂਣ-ਹਰਾਮੀ ਉਸ ਨੂੰ ਕਹਿੰਦੇ ਹਨ ਜੋ ਕਿਸੇ ਵੱਲੋਂ ਕੀਤੇ ਹੋਏ ਭਲੇ ਨੂੰ ਯਾਦ ਨਹੀਂ ਰੱਖਦਾ), ਅਜਿਹੇ ਮਨੁੱਖ ਬੱਧੇ-ਰੁੱਧੇ ਹੀ ਉਸ ਅਕਾਲ ਪੁਰਖ ਨੂੰ ਨਤਮਸਤਕ ਹੁੰਦੇ ਹਨ, ਇਸ ਲਈ ਸਿਰਜਣਹਾਰ ਨੂੰ ਪਿਆਰੇ ਨਹੀਂ ਲਗਦੇ। ਜਿਸ ਮਨੁੱਖ ਨੇ ਉਸ ਸੱਚੇ ਰੱਬ ਨਾਲ ਮੇਲ ਕਰ ਲਿਆ ਹੈ ਅਤੇ ਸਦੀਵੀ ਆਪਣੇ ਮੁੱਖ ਵਿਚ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹ ਉਸ ਰੱਬ ਨੂੰ ਪਿਆਰਾ ਲੱਗਦਾ ਹੈ। ਅਜਿਹੇ ਮਨੁੱਖ ਨੂੰ ਤਖਤ ਉਤੇ ਬੈਠੇ ਨੂੰ ਸਾਰੇ ਲੋਕ ਸਲਾਮ ਕਰਦੇ ਹਨ ਅਰਥਾਤ ਸਾਰੇ ਉਸ ਦਾ ਸਤਿਕਾਰ ਕਰਦੇ ਹਨ, ਉਹ ਅਕਾਲ ਪੁਰਖ ਵੱਲੋਂ ਧੁਰੋਂ ਲਿਖੇ ਗਏ ਇਸ ਲੇਖ ਦਾ ਫਲ ਪ੍ਰਾਪਤ ਕਰਦਾ ਹੈ,
ਇਕਨਾ ਮਰਣੁ ਨ ਚਿਤਿ
ਆਸ ਘਣੇਰਿਆ॥
ਮਰਿ ਮਰਿ ਜੰਮਹਿ ਨਿਤ
ਕਿਸੈ ਨ ਕੇਰਿਆ॥æææ (ਪੰਨਾ ੧੪੩)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਮੱਛੀ ਦਾ ਸੁਭਾਅ ਪਾਣੀ ਵਿਚ ਰਹਿਣਾ ਅਤੇ ਤੈਰਨਾ ਹੈ, ਫਿਰ ਸਮੁੰਦਰ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਪਾਣੀ ਉਸ ਦਾ ਕੀ ਕਰ ਸਕਦਾ ਹੈ? ਉਸ ਨੂੰ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਪੰਛੀ ਨੇ ਆਕਾਸ਼ ਵਿਚ ਉਡਣਾ ਹੁੰਦਾ ਹੈ, ਫਿਰ ਆਕਾਸ਼ ਕਿੰਨਾ ਵੀ ਵਿਸ਼ਾਲ ਹੈ, ਇਸ ਨਾਲ ਪੰਛੀ ਨੂੰ ਕੋਈ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਪੱਥਰ ‘ਤੇ ਸਰਦੀ-ਗਰਮੀ ਦਾ ਕੋਈ ਅਸਰ ਨਹੀਂ ਹੁੰਦਾ। ਭਾਵੇਂ ਕਿੰਨਾ ਵੀ ਕੱਕਰ ਪਵੇ ਪੱਥਰ ਨੂੰ ਕੀ ਫਰਕ ਪੈਂਦਾ ਹੈ? ਘਰ ਵੱਸਦਾ ਹੈ ਜਾਂ ਨਹੀਂ, ਖੁੱਸਰੇ ਨੂੰ ਇਸ ਨਾਲ ਕੀ? ਜੇ ਕੁੱਤੇ ਨੂੰ ਚੰਦਨ ਵੀ ਲਾ ਦਿੱਤਾ ਜਾਵੇ ਇਸ ਦਾ ਕੋਈ ਫਰਕ ਨਹੀਂ ਪੈਂਦਾ, ਉਸ ਦਾ ਕੁੱਤੇ ਵਾਲਾ ਸੁਭਾਅ ਬਦਲ ਨਹੀਂ ਸਕਦਾ। ਬੋਲੇ ਆਦਮੀ ਅੱਗੇ ਸਮਝਾਉਣੀਆਂ ਦੇਈਏ, ਉਸ ਨੂੰ ਸਿਆਣੀਆਂ ਗੱਲਾਂ ਦੱਸੀਏ, ਸਿਮਰਤੀਆਂ ਦਾ ਪਾਠ ਵੀ ਕਰੀਏ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਸ ਦੇ ਕੰਨ ਉਸ ਆਵਾਜ਼ ਤੇ ਪਾਠ ਨੂੰ ਸੁਣ ਨਹੀਂ ਸਕਦੇ, ਇਸ ਲਈ ਉਹ ਕੋਈ ਗੱਲ ਸਮਝ ਹੀ ਨਹੀਂ ਸਕਦਾ। ਜਿਸ ਬੰਦੇ ਨੂੰ ਅੱਖਾਂ ਤੋਂ ਦਿਸਦਾ ਨਹੀਂ ਹੈ ਜੇ ਉਸ ਅੱਗੇ ਪੰਜਾਹ ਦੀਵੇ ਬਾਲ ਦੇਈਏ, ਉਸ ਨੂੰ ਫਿਰ ਵੀ ਦਿੱਸਣਾ ਨਹੀਂ ਹੈ। ਚੁਗਣ ਗਏ ਪਸ਼ੂਆਂ ਦੇ ਵੱਗ ਅੱਗੇ ਜੇ ਸੋਨਾ ਪਾ ਦੇਈਏ, ਉਹ ਉਸ ਨੂੰ ਨਹੀਂ ਖਾਣਗੇ, ਉਹ ਘਾਹ ਹੀ ਚੁਗਣਗੇ। ਸੋਨੇ ਦੀ ਉਨ੍ਹਾਂ ਅੱਗੇ ਕੋਈ ਕੀਮਤ ਨਹੀਂ ਹੋਵੇਗੀ। ਇਸੇ ਤਰ੍ਹਾਂ ਜੇ ਲੋਹੇ ਦਾ ਕੁਸ਼ਤਾ ਵੀ ਕਰ ਦੇਈਏ ਤਾਂ ਵੀ ਉਹ ਲੋਹਾ ਹੀ ਰਹੇਗਾ, ਕਪਾਹ ਵਰਗਾ ਨਰਮ ਨਹੀਂ ਹੋਵੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮੂਰਖ ਆਦਮੀ ਵੀ ਇਸੇ ਤਰ੍ਹਾਂ ਹੈ। ਉਸ ਉਤੇ ਕਿਸੇ ਕਿਸਮ ਦੀ ਸਿੱਖਿਆ ਦਾ ਕੋਈ ਅਸਰ ਨਹੀਂ ਹੁੰਦਾ, ਉਹ ਜਦੋਂ ਵੀ ਕੁਝ ਬੋਲੇਗਾ ਤਾਂ ਅਜਿਹਾ ਹੀ ਬੋਲੇਗਾ ਜਿਸ ਨਾਲ ਵਿਨਾਸ਼ ਹੋਵੇ, ਦੂਸਰਿਆਂ ਦਾ ਨੁਕਸਾਨ ਹੋਵੇ,
ਮਛੀ ਤਾਰੂ ਕਿਆ ਕਰੇ
ਪੰਖੀ ਕਿਆ ਆਕਾਸੁ॥
ਪਥਰ ਪਾਲਾ ਕਿਆ ਕਰੇ
ਖੁਸਰੇ ਕਿਆ ਘਰ ਵਾਸੁ॥
ਕੁਤੇ ਚੰਦਨੁ ਲਾਈਐ
ਭੀ ਸੋ ਕੁਤੀ ਧਾਤੁ॥æææ (ਪੰਨਾ ੧੪੩)
ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਨੇ ਦੱਸਿਆ ਹੈ ਕਿ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਕੇ ਉਸ ਨਾਲ ਜੁੜਿਆ ਜਾ ਸਕਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਕਹਿੰ, ਸੋਨਾ ਜਾਂ ਲੋਹਾ ਟੁੱਟ ਜਾਵੇ ਤਾਂ ਲੋਹਾਰ-ਸੁਨਿਆਰ ਅੱਗ ਵਿਚ ਤਾ ਕੇ ਗਾਂਢਾ ਲਾ ਦਿੰਦਾ ਹੈ। ਜੇ ਪਤਨੀ ਨਾਲ ਪਤੀ ਨਾਰਾਜ਼ ਹੋ ਜਾਵੇ ਤਾਂ ਸੰਸਾਰ ਵਿਚ ਇਹ ਪੁੱਤਰਾਂ ਰਾਹੀਂ ਜੁੜ ਜਾਂਦੇ ਹਨ। ਜੇ ਰਾਜਾ ਪਰਜਾ ਪਾਸੋਂ ਮਾਮਲਾ ਆਦਿ ਮੰਗਦਾ ਹੈ ਅਤੇ ਪਰਜਾ ਨਾ ਦੇਵੇ ਤਾਂ ਰਾਜਾ ਨਾਰਾਜ਼ ਹੋ ਜਾਂਦਾ ਹੈ ਪਰ ਮਾਮਲਾ ਦੇਣ ਨਾਲ ਉਨ੍ਹਾਂ ਦਾ ਮੇਲ ਹੋ ਜਾਂਦਾ ਹੈ। ਭੁੱਖ ਨਾਲ ਤੜਪ ਰਹੇ ਬੰਦੇ ਦਾ ਆਪਣੇ ਸਰੀਰ ਨਾਲ ਤਾਂ ਸਬੰਧ ਬਣਦਾ ਹੈ ਜੇ ਉਹ ਰੋਟੀ ਖਾ ਲਵੇ। ਕਾਲ (ਸੋਕੇ) ਨੂੰ ਗੰਢ ਤਾਂ ਪੈਂਦੀ ਹੈ ਜੇ ਬਹੁਤ ਮੀਂਹ ਪਵੇ ਅਤੇ ਨਦੀਆਂ ਪਾਣੀ ਨਾਲ ਭਰ ਜਾਣ। ਮਿੱਠੇ ਬੋਲਾਂ ਨਾਲ ਪ੍ਰੇਮ ਦੀ ਗੰਢ ਪੈਂਦੀ ਹੈ। ਵੇਦ ਆਦਿ ਧਰਮ ਪੁਸਤਕਾਂ ਨਾਲ ਮਨੁੱਖ ਦਾ ਜੋੜ ਤਾਂ ਬੈਠਦਾ ਹੈ ਜੇ ਉਹ ਸੱਚ ਬੋਲੇ। ਮਰ ਗਏ ਲੋਕਾਂ ਨੂੰ ਪਿੱਛੇ ਤਾਂ ਯਾਦ ਕੀਤਾ ਜਾਂਦਾ ਹੈ ਜੇ ਉਹ ਨੇਕੀ ਅਤੇ ਦਾਨ ਕਰਦਾ ਰਹੇ। ਇਸੇ ਤਰ੍ਹਾਂ ਸੰਸਾਰ ਦਾ ਇਹ ਵਿਹਾਰ ਚੱਲਦਾ ਹੈ। ਮੂਰਖ ਮੂੰਹ ‘ਤੇ ਮਾਰ ਪੈਣ ‘ਤੇ ਚੁੱਪ ਕਰਦਾ ਹੈ। ਗੁਰੂ ਨਾਨਕ ਸਾਹਿਬ ਇਹ ਵਿਚਾਰ ਪੇਸ਼ ਕਰਦੇ ਹਨ ਕਿ ਜੇ ਅਕਾਲ ਪੁਰਖ ਦੀ ਸਿਫਤਿ-ਸਾਲਾਹ ਕਰਦੇ ਰਹੀਏ ਤਾਂ ਉਸ ਨਾਲ ਮੇਲ ਮਿਲਦਾ ਹੈ,
ਕੈਹਾ ਕੰਚਨੁ ਤੁਟੈ ਸਾਰੁ॥
ਅਗਨੀ ਗੰਢੁ ਪਾਏ ਲੋਹਾਰੁ॥
ਗੋਰੀ ਸੇਤੀ ਤੁਟੈ ਭਤਾਰੁ॥
ਪੁਤੀਂ ਗੰਢੁ ਪਵੈ ਸੰਸਾਰਿ॥
ਰਾਜਾ ਮੰਗੈ ਦਿਤੈ ਗੰਢੁ ਪਾਇ॥
ਭੁਖਿਆ ਗੰਢੁ ਪਵੈ ਜਾ ਖਾਇ॥æææ (ਪੰਨਾ ੧੪੩)

Be the first to comment

Leave a Reply

Your email address will not be published.