ਅਬੋਹਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਕੀਤੀ ਸਖ਼ਤੀ ਦਾ ਸਭ ਤੋਂ ਵੱਧ ਖਮਿਆਜ਼ਾ ਪੰਜਾਬ ਦੇ ਅਮਲੀਆਂ ਨੂੰ ਭੁਗਤਣਾ ਪਿਆ। ਚੋਣ ਜ਼ਾਬਤਾ ਲਾਗੂ ਹੋਣ ਪਿੱਛੋਂ ਰਾਜਸਥਾਨ-ਪੰਜਾਬ ਹੱਦ ਨੂੰ ਦੋਵਾਂ ਸੂਬਿਆਂ ਦੀ ਪੁਲਿਸ ਨੇ ਸੀਲ ਕਰ ਦਿੱਤਾ। ਪੋਸਤ ਨਾ ਮਿਲਣ ਕਾਰਨ ਜਿਥੇ ਕੰਮਾਂ ‘ਤੇ ਮਜ਼ਦੂਰਾਂ ਦੀ ਘਾਟ, ਬੱਸਾਂ ਵਿਚ ਡਰਾਈਵਰਾਂ ਦੀ ਘਾਟ ਕਾਰਨ ਕੰਮਕਾਜ ਪ੍ਰਭਾਵਿਤ ਹੋਇਆ, ਉਥੇ ਅਮਲੀਆਂ ਦੀ ਜਾਨ ‘ਤੇ ਬਣੀ ਰਹੀ। ਨਸ਼ੇ ਦੀ ਤੋੜ ਵਿਚ ਬੈਠੇ ਅਮਲੀ ਬੱਸ ਇਹੀ ਆਸ ਲਾਈ ਬੈਠੇ ਰਹੇ ਕਿ 16 ਮਈ ਨੂੰ ਚੋਣ ਨਤੀਜਿਆਂ ਦਾ ਐਲਾਨ ਹੋਣ ਪਿੱਛੋਂ ਸਥਿਤੀ ਆਮ ਵਰਗੀ ਹੋ ਜਾਵੇਗੀ।
ਹਨੂੰਮਾਨਗੜ੍ਹ ਰੋਡ ‘ਤੇ ਗਦਰਖੇੜਾ ਕੋਲ ਬਣੇ ਠੇਕੇ ਨੂੰ ਬੰਦ ਕਰ ਦਿੱਤਾ ਗਿਆ ਪਰ ਫਿਰ ਵੀ ਅਮਲੀ ਠੇਕੇ ਨੇੜੇ ਜਾ ਕੇ ਬਹਿ ਜਾਂਦੇ ਕਿ ਸ਼ਾਇਦ ਖੁੱਲ੍ਹ ਜਾਵੇ ਤੇ ਉਨ੍ਹਾਂ ਨੂੰ ਪੋਸਤ ਮਿਲ ਜਾਵੇ। ਉਧਰ ਪਿਛਲੇ ਕੁਝ ਦਿਨਾਂ ਵਿਚ ਕਈ ਅਮਲੀਆਂ ਦੀ ਮੌਤ ਹੋ ਗਈ ਜਦੋਂ ਕਿ ਪਿੰਡਾਂ ਵਿਚ ਪੋਸਤ ਨਾ ਮਿਲਣ ਕਾਰਨ ਅਮਲੀਆਂ ਨੂੰ ਦਸਤ ਲੱਗ ਗਏ ਤੇ ਕੋਈ ਦਵਾਈ ਲੈ ਕੇ ਤੇ ਕੋਈ ਨਸ਼ੀਲੀਆਂ ਗੋਲੀਆ ਦਾ ਬੰਦੋਬਸਤ ਕਰਕੇ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਮਾਲਵੇ ਦੇ ਦੂਰ ਦੁਰਾਡੇ ਖੇਤਰਾਂ ਤੋਂ ਕਈ ਅਮਲੀਆਂ ਨੇ ਰਾਜਸਥਾਨ ਨੇੜੇ ਪੈਂਦੇ ਸਰਹੱਦੀ ਪਿੰਡਾਂ ਵਿਚ ਰਿਸ਼ਤੇਦਾਰੀਆਂ ਦੇ ਘਰ ਡੇਰੇ ਲਾ ਲਏ। ਹਸਪਤਾਲਾਂ ਵਿਚ ਤੇ ਪਿੰਡਾਂ ਦੇ ਝੋਲਾ ਛਾਪ ਡਾਕਟਰਾਂ ਤੋਂ ਟੀਕੇ ਲਵਾ ਕੇ ਵੀ ਬਹੁਤੇ ਅਮਲੀ ਬੁੱਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੋਰ ਤਾਂ ਹੋਰ ਪੰਜਾਬ ਦੇ ਬਹੁਤੇ ਅਮਲੀਆਂ ਨੇ ਤਾਂ ਪੋਸਤ ਦੀ ਘਾਟ ਨੂੰ ਪੂਰਾ ਕਰਨ ਲਈ ਰਾਜਸਥਾਨ ਦੇ ਨੇੜਲਿਆਂ ਹਿੱਸਿਆਂ ਵਿਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਰਕਾਰੀ ਮੁੱਲ 500 ਰੁਪਏ ਕਿੱਲੋ ਵਾਲਾ ਪੋਸਤ ਕਈ ਥਾਵਾਂ ‘ਤੇ ਦੋ ਤੋਂ ਚਾਰ ਹਜ਼ਾਰ ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸਾਦੁਲ ਸ਼ਹਿਰ, ਗੰਗਾਨਗਰ, ਸੰਗਰੀਆ ਤੇ ਹੋਰ ਥਾਵਾਂ ‘ਤੇ ਬਣੇ ਪੋਸਤ ਠੇਕਿਆਂ ‘ਤੇ ਸਖ਼ਤੀ ਕਾਰਨ ਅਮਲੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅਮਲੀਆਂ ਨੇ ਰਾਜਸਥਾਨ ਦੇ ਠੇਕਿਆਂ ਨੇੜੇ ਡੇਰੇ ਲਾਏ ਹੋਏ ਹਨ।
ਗੰਗਾਨਗਰ ਵਿਖੇ ਸਥਿਤੀ ਉਸ ਸਮੇਂ ਬਹੁਤ ਤਣਾਅਪੂਰਨ ਬਣ ਗਈ ਜਦੋਂ ਪ੍ਰਸ਼ਾਸਨ ਵੱਲੋਂ ਪੋਸਤ ਦੇ ਠੇਕੇ ਤੋਂ ਪੋਸਤ ਸਿਰਫ਼ ਪਰਮਿਟਧਾਰੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਪ੍ਰਸ਼ਾਸਨ ਦੇ ਇਸ ਫੈਸਲੇ ਵਿਰੁੱਧ ਅਮਲੀਆਂ ਨੇ ਪਥਰਾਅਬਾਜ਼ੀ ਵੀ ਕੀਤੀ। ਮਿਲੀ ਜਾਣਕਾਰੀ ਮੁਤਾਬਕ ਐਸ਼ਪੀæ ਦੇ ਹੁਕਮਾਂ ‘ਤੇ ਪੋਸਤ ਦੇ ਠੇਕਿਆਂ ਨੇੜੇ ਪੁਲਿਸ ਤੇ ਐਕਸਾਈਜ਼ ਵਿਭਾਗ ਦੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਜੋ ਸਿਰਫ਼ ਪਰਮਿਟਧਾਰੀ ਨੂੰ ਹੀ ਅੱਗੇ ਪੋਸਤ ਲੈਣ ਲਈ ਜਾਣ ਦਿੰਦੇ ਸਨ।
ਇਕ ਪੋਸਤ ਨਾ ਮਿਲਣਾ ਤੇ ਉੱਤੋਂ ਸਖ਼ਤੀ ਤੇ ਗਰਮੀ ਕਾਰਨ ਅਮਲੀਆਂ ਦਾ ਸਬਰ ਟੁੱਟ ਗਿਆ ਤੇ ਉਨ੍ਹਾਂ ਨੇ ਹਿੰਸਾ ਦਾ ਰਾਹ ਅਪਣਾਉਂਦਿਆਂ ਪਥਰਾਅਬਾਜ਼ੀ ਕਰ ਦਿੱਤੀ। ਇਸ ਦੌਰਾਨ ਜਿਥੇ ਸਰਕਾਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਉਥੇ ਨੇੜਲੀਆਂ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੁਲਿਸ ਵੱਲੋਂ ਅਮਲੀਆਂ ਨੂੰ ਲੱਭ-ਲੱਭ ਕੁੱਟਿਆ ਗਿਆ। ਉੱਧਰ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਵੀ ਰਾਜਸਥਾਨ ਵਿਚ ਪੋਸਤ ਲੈਣ ਪੁੱਜੇ ਹੋਏ ਸਨ। ਪੋਸਤ ਦੀ ਵਿਕਰੀ ‘ਤੇ ਰਾਜਸਥਾਨ ਪ੍ਰਸ਼ਾਸਨ ਵੱਲੋਂ ਕੀਤੀ ਸਖ਼ਤੀ ਦਾ ਸੇਕ ਪੰਜਾਬ ਦੇ ਅਮਲੀਆਂ ਨੂੰ ਲੱਗ ਰਿਹਾ ਹੈ।
ਚੋਣਾਂ ਦਾ ਮਾਹੌਲ ਤੇ ਕਣਕ ਦੀ ਵਾਢੀ ਦੇ ਦਿਨ ਹੋਣ ਕਾਰਨ ਜਿਥੇ ਮਜ਼ਦੂਰ ਮਜ਼ਦੂਰੀ ਕਰਨ ਤੋਂ ਪਹਿਲਾਂ ਪੋਸਤ ਦਾ ਸਹਾਰਾ ਲੈਂਦਾ ਹੈ, ਉਥੇ ਆਗੂ ਵੀ ਲੋਕਾਂ ਨੂੰ ਪੋਸਤ ਰਾਹੀਂ ਨਾਲ ਰੱਖਣ ਵਿਚ ਲੱਗੇ ਹੋਏ ਹਨ। ਅਜਿਹੇ ਵਿਚ ਪੰਜਾਬ ਦੇ ਵੱਖ-ਵੱਖ ਦੂਰ ਦੁਰਾਡੇ ਇਲਾਕਿਆਂ ਵਿਚੋਂ ਲੋਕ ਪੋਸਤ ਲੈਣ ਰਾਜਸਥਾਨ ਆ ਰਹੇ ਹਨ ਜੋ ਜਾਂਦੇ ਸਮੇਂ ਪੁਲਿਸ ਦੇ ਅੜਿੱਕੇ ਆਉਂਦੇ ਹਨ। ਸਥਾਨਕ ਪੁਲਿਸ ਵੱਲੋਂ ਹਰ ਰੋਜ਼ ਹੀ ਪੋਸਤ ਲਿਆ ਰਹੇ ਪੰਜਾਬੀ ਫੜੇ ਜਾ ਰਹੇ ਹਨ।
ਰਾਜਸਥਾਨ ਵਿਚ ਪੋਸਤ ਦੇ ਠੇਕੇਦਾਰ ਵੀ ਚਿੰਤਾ ਵਿਚ ਹਨ ਕਿਉਂਕਿ ਪਰਮਿਟਧਾਰੀਆਂ ਦੀ ਗਿਣਤੀ ਤਾਂ ਬਹੁਤ ਘੱਟ ਹੈ ਜਦੋਂ ਕਿ ਬਿਨਾਂ ਪਰਮਿਟ ਵਾਲੇ ਅਮਲੀ ਬਹੁਗਿਣਤੀ ਵਿਚ ਪੋਸਤ ਲਿਜਾਂਦੇ ਹਨ। ਸਖ਼ਤੀ ਕਾਰਨ ਉਨ੍ਹਾਂ ਨੂੰ ਪੋਸਤ ਵੀ ਸਰਕਾਰੀ ਰੇਟ ‘ਤੇ ਦੇਣਾ ਪੈ ਰਿਹਾ ਹੈ। ਪੋਸਤ ਦੀ ਕਿੱਲਤ ਤੇ ਸਖ਼ਤੀ ਕਾਰਨ ਜੁਗਾੜੀ ਇਸ ਦਾ ਪ੍ਰਬੰਧ ਕਿਤਿਓਂ ਵੀ ਕਰਕੇ ਇਸ ਦੀ ਬਲੈਕ ਕਰਨ ਵਿਚ ਵੀ ਰੁਚੀ ਲੈ ਰਹੇ ਹਨ।
__________________________________________________
ਅਮਲੀਆਂ ਨੇ ਲਾਏ ਕੰਦੂਖੇੜਾ ਵਿਚ ਡੇਰੇ
ਕੰਦੂਖੇੜਾ (ਰਾਜਸਥਾਨ): ਨਸ਼ੇ ਦੀ ਥੁੜ੍ਹ ਨੂੰ ਦੇਖਦੇ ਹੋਏ ਪੰਜਾਬ ਦੇ ਅਮਲੀਆਂ ਨੇ ਰਾਜਸਥਾਨ ਦੇ ਪਿੰਡ ਕੰਦੂਖੇੜਾ ਵਿਚ ਪੱਕੇ ਮੋਰਚੇ ਲਾਏ ਹੋਏ ਹਨ। ਇਹ ਪਿੰਡ ਪੰਜਾਬ ਦੇ ਉਨ੍ਹਾਂ ਲੋਕਾਂ ਦਾ ਬੇਸ ਕੈਂਪ ਬਣ ਗਿਆ ਹੈ, ਜੋ ਰਾਜਸਥਾਨ ਭੁੱਕੀ-ਅਫੀਮ ਖਰੀਦਣ ਜਾਂਦੇ ਹਨ। ਕਈਆਂ ਨੇ ਇਥੇ ਕਮਰੇ ਵੀ ਕਿਰਾਏ ‘ਤੇ ਲੈ ਲਏ ਹਨ। ਹਰੀਪੁਰ ਵਿਚ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ, ਇਕ ਛੋਟੀ ਜਿਹੀ ਭੁੱਕੀ ਦੀ ਦੁਕਾਨ ਦੇ ਬਾਹਰ ਅਮਲੀ ਹੀ ਅਮਲੀ ਤੁਰੇ ਫਿਰਦੇ ਹਨ।
ਪੰਜਾਬ ਦੇ ਦੁਰੇਡੇ ਪਿੰਡਾਂ ਤੋਂ ਅਮਲੀ ਆ ਕੇ ਇਸ ਦੁਕਾਨ ਦੇ ਬਾਹਰ ਡੇਰਾ ਲਾਈ ਬੈਠੇ ਹਨ ਕਿਉਂਕਿ ਸੂਬੇ ਵਿਚ ਪਿਛਲੇ ਕੁਝ ਦਿਨਾਂ ਤੋਂ ਇਹ ‘ਸੁਗਾਤਾਂ’ ਨਹੀਂ ਮਿਲ ਰਹੀਆਂ। ਇਸ ਦੇ ਭਾਅ ਵੀ ਚੜ੍ਹ ਗਏ ਹਨ। ਪਹਿਲਾਂ ਹੀ 150 ਰੁਪਏ ਦੀ 100 ਗ੍ਰਾਮ ਮਿਲ ਜਾਂਦੀ ਸੀ, ਪਰ ਹੁਣ 300-500 ਰੁਪਏ ਦੀ 100 ਗ੍ਰਾਮ ਹੈ।
ਰਾਜਸਥਾਨ ਦੇ ਲਾਇਸੈਂਸਸ਼ੁਦਾ ਨੂੰ ਇਹ 600 ਰੁਪਏ ਕਿੱਲੋ ਮਿਲਦੀ ਹੈ। ਇਹ ਹਫਤੇ ਵਿਚ ਦੋ ਵਾਰ ਮਿਲਦੀ ਹੈ। ਆਮ ਸਮਿਆਂ ਵਿਚ ਪੰਜਾਬ ਤੋਂ ਭੁੱਕੀ ਲੈਣ ਪੁੱਜਣ ਵਾਲਿਆਂ ਨੂੰ ਇਹ 1500-1800 ਰੁਪਏ ਕਿੱਲੋ ਮਿਲਦੀ ਰਹੀ ਹੈ। ਹੁਣ ਸਪਲਾਈ ਲਾਈਨ ਟੁੱਟਣ ਨਾਲ ਇਸ ਦੇ ਭਾਅ ਵਧ ਕੇ 4000 ਰੁਪਏ ਪ੍ਰਤੀ ਕਿਲੋ ਹੋਏ ਪਏ ਹਨ।
ਸਰਕਾਰੀ ਤੌਰ ‘ਤੇ ਇਸ ਦਾ ਕਾਰਨ ਦੁਕਾਨਦਾਰਾਂ, ਠੇਕੇਦਾਰਾਂ ਤੇ ਰਾਜਸਥਾਨ ਵਿਚ ਹਾਲ ਹੀ ਵਿਚ ਬਣੀ ਭਾਜਪਾ ਸਰਕਾਰ ਵਿਚਾਲੇ ਵਿਵਾਦ ਦੱਸਿਆ ਜਾ ਰਿਹਾ ਹੈ ਪਰ ਅਮਲੀ ਇਹ ਮੰਨਣ ਨੂੰ ਤਿਆਰ ਨਹੀਂ।
Leave a Reply