ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਸ ਨੂੰ ਬੁਰਾ ਜਾਂ ਮਾੜਾ ਤਾਂ ਨਹੀਂ ਕਹਿ ਸਕਦਾ, ਲੇਕਿਨ ਪੜ੍ਹਦਿਆਂ-ਪੜ੍ਹਦਿਆਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ। ਇਕ ਅੱਧ ਜਗ੍ਹਾ ‘ਤੇ ਹੀ ਅਜਿਹਾ ਕੁਝ ਹੁੰਦਾ, ਫਿਰ ਵੀ ਹੈਰਾਨੀ ਨਹੀਂ ਸੀ ਹੋਣੀ; ਪਰ ਇੱਥੇ ਸਭ ਥਾਂ ਇਕੋ ਹੀ ‘ਭਾਣਾ ਵਰਤਿਆ’ ਦੇਖ ਕੇ ਮੇਰਾ ਸੋਚੀਂ ਪੈਣਾ ਸੁਭਾਵਿਕ ਹੀ ਸੀ। ਕਈ ਅਜੀਬੋ-ਗਰੀਬ ਦ੍ਰਿਸ਼ ਜਾਂ ਘਟਨਾਵਾਂ ਤੁਹਾਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ। ਆਪੋ-ਆਪਣੀ ਫਿਤਰਤ ਹੈ। ਕੋਈ ਦੇਖ ਸੁਣ ਕੇ ‘ਹੋਊ ਪਰੇ-ਮੈਨੂੰ ਕੀ’ ਕਹਿ ਕੇ ਖਹਿੜਾ ਛੁਡਾ ਲੈਂਦੇ ਨੇ, ਪਰ ਕਈਆਂ ਦੀ ਆਦਤ ਹੁੰਦੀ ਹੈ ਕਿ ਉਨ੍ਹਾਂ ਨੂੰ ਵਾਲ ਦੀ ਖੱਲ ਲਾਹ ਕੇ ਹੀ ਸੰਤੁਸ਼ਟੀ ਹੁੰਦੀ ਹੈ। ਬਦਕਿਸਮਤੀ ਨੂੰ ਇਨ੍ਹਾਂ ਸਤਰਾਂ ਦਾ ਲਿਖਾਰੀ ਵੀ ਦੂਜੀ ਸ਼੍ਰੇਣੀ ਭਾਵ, ਹਰ ਨੁਕਤੇ ਦੀ ਖੋਜਾ-ਖਾਜੀ ਕਰਨ ਵਾਲੀ ‘ਖੋਟੀ ਨੇਚਰ’ ਦਾ ਮਾਲਕ ਹੈ।
ਜਿਵੇਂ ਕਦੀ-ਕਦੀ ‘ਗੁਆਚੀ ਹੋਈ’ ਚਾਬੀ ਪਹਿਨੇ ਹੋਏ ਕਿਸੇ ਕੱਪੜੇ ਦੀ ਜੇਬ ਵਿਚੋਂ ਹੀ ਅਚਾਨਕ ਲੱਭ ਪੈਂਦੀ ਹੈ, ਇਵੇਂ ਮੈਂ ਵੀ ਸਾਹਮਣੇ ਦਿਸ ਰਹੀ ਅੜਾਉਣੀ ਦਾ ਉਤਰ ਲੱਭਣ ਲਈ ਯਾਦਾਂ ਦੇ ਝਰੋਖੇ ਦੀ ਫੋਲਾ-ਫਾਲੀ ਕਰਨੀ ਸ਼ੁਰੂ ਕਰ ਦਿੱਤੀ। ਪੈਂਦੀ ਸੱਟੇ ਮੈਨੂੰ ਯਾਦ ਆਇਆ ਸਕੂਲ ਸਮੇਂ ਦੇਖਿਆ ਹੋਇਆ ਗਾਉਣ-ਵਜਾਉਣ ਵਾਲਿਆਂ ਦਾ ‘ਕੱਠ; ਜਿਸ ਨੂੰ ਅਜੋਕੀ ਭਾਸ਼ਾ ਵਿਚ ਸਭਿਆਚਾਰਕ ਮੇਲਾ ਕਹਿ ਸਕਦੇ ਹਾਂ। ਪੇਂਡੂ ਲੋਕਾਂ ਦੇ ਸ਼ੁਗਲ-ਮੇਲੇ ਲਈ ਕਾਫੀ ਸਾਰੇ ਨਵੇਂ-ਪੁਰਾਣੇ ਕਲਾਕਾਰ ਆਪੋ-ਆਪਣੇ ਫਨ ਦਾ ਮੁਜ਼ਾਹਰਾ ਕਰ ਰਹੇ ਸਨ। ਮੇਲਿਆਂ-ਮਸ੍ਹਾਵਿਆਂ ਵਿਚ ਪੁਰਾਣੇ ਸਟਾਈਲ ਨਾਲ ‘ਖਾੜੇ ਵਿਚ ਘੁੰਮ ਫਿਰ ਕੇ ਗਾਉਣ ਵਾਲੇ ਦੋ-ਤਿੰਨ ਵੱਡੀ ਉਮਰ ਦੇ ਗਵੱਈਏ, ਸਟੇਜ ਸੈਕਟਰੀ ਕੋਲੋਂ ਵਾਰ-ਵਾਰ ਟਾਈਮ ਮੰਗ ਰਹੇ ਸਨ।
ਪਤਾ ਨਹੀਂ ਕਿਉਂ, ਉਨ੍ਹਾਂ ਨਾਲ ਵਾਅਦਾ ਕਰ ਕੇ ਹਰ ਵਾਰ ਸਟੇਜ ਸੈਕਟਰੀ ਕਿਸੇ ਹੋਰ ਕਲਾਕਾਰ ਨੂੰ ਮਾਈਕ ‘ਤੇ ਬੁਲਾ ਲੈਂਦਾ। ਸਭ ਦੇ ਸਾਹਮਣੇ ਇੰਜ ਕਈ ਵਾਰ ਹੋਇਆ। ਉਹ ਵਿਚਾਰੇ ਤੂੰਬੇ-‘ਲਗੋਜ਼ੇ ਸੁਰ ਕਰਦੇ ਰਹਿ ਜਾਂਦੇ, ਸੈਕਟਰੀ ਕਿਸੇ ਹੋਰ ਦਾ ਨਾਂ ਬੋਲ ਦਿੰਦਾ। ਕਰਦਿਆਂ-ਕਰਦਿਆਂ ਜਦੋਂ ਸੈਕਟਰੀ ਨੇ ਗਾਉਣ ਵਾਲੀ ਕੁੜੀ ਨੂੰ ਟਾਈਮ ਦੇ ਦਿੱਤਾ, ਤਦ ਉਹ ਤਿੰਨੇ ਜਣੇ ਆਪਣੇ ਸਾਜ਼ ਕੱਪੜਿਆਂ ‘ਚ ਬੰਨ੍ਹ ਕੇ ਸਟੇਜ ਤੋਂ ਹੇਠਾਂ ਉਤਰ ਆਏ। ਉਨ੍ਹਾਂ ਨੂੰ ਤੁਰ ਚੱਲੇ ਦੇਖ ਕੇ ਸੈਕਟਰੀ ਨੇ ਹੱਥ ਬੰਨ੍ਹੇ ਕਿ ਭਰਾਵੋ ਜਾਇਓ ਨਾ, ਆਹ ਬੀਬੀ ਤੋਂ ਬਾਅਦ ਬੱਸ ਤੁਹਾਡੀ ਵਾਰੀ ਐ!
ਗੂੜ੍ਹੀ ਲਾਲ ਸੁਰਖੀ, ਧਾਰੀਦਾਰ ਕਜਲਾ, ਪਾਊਡਰ ਨਾਲ ਲਿੱਪੇ ਹੋਏ ਮੂੰਹ ਅਤੇ ਚਮਕੀਲੇ ਜਿਹੇ ਕੱਪੜਿਆਂ ਵਾਲੀ ਉਸ ਗਾਇਕਾ ਵੱਲ ਹੱਥ ਕਰ ਕੇ, ਉਨ੍ਹਾਂ ਤਿੰਨਾਂ ਗਾਇਕਾਂ ਦਾ ਮੁਖੀਆ ਉਚੀ ਦੇਣੀ ਬੋਲਿਆ, “ਸਰਦਾਰਾ, ਆਹ ਜਿਹੜੀ ਤੈਂ ਸਟੇਜ ‘ਤੇ ਚਾੜ੍ਹੀ ਹੋਈ ਐ, ਇਸ ਜਾਤ ਦੀਆਂ ਤਾਂ ਫੋਟੂਆਂ ਹੀ ਦੇਖ ਕੇ ਲੋਕੀਂ ਦਿਲ ਫੜ ਲੈਂਦੇ ਆ। ਐਥੇ ਇਹੀ ‘ਸਾਖਿਆਤ ਮੂਰਤੀ’ ਅੱਖਾਂ ਮਟਕਾ-ਮਟਕਾ ਕੇ ਗਾਉਣ ਡਹੀ ਆ। ਇਹਦੇ ਮਗਰੋਂ ਸਾਨੂੰ ਭਲਾ ਕੀਹਨੇ ਸੁਣਨੈ?æææਸਾਡੇ ਕਿੱਥੇ ਪੈਰ ਲੱਗਣੇ ਐਂ ਇਹਦੇ ਮਗਰੋਂ! ਅਸੀਂ ਚਲਦੇ ਈ ਭਲੇ ਆਂ ਹੁਣ।”
ਤਸੱਲੀ ਤਾਂ ਮੇਰੀ ਇਸੇ ਇਕ ਮਿਸਾਲ ਨੇ ਹੀ ਕਰ ਦਿੱਤੀ, ਪਰ ਮਨ ਸਮਝਾਉਣ ਲਈ ਇਕ ਗਵਾਹੀ ਹੋਰ ਸਾਹਮਣੇ ਆ ਗਈ ਜੋ ਬੈਂਕ ਮੁਲਾਜ਼ਮ ਦੋਸਤ ਮੂੰਹੋਂ ਸੁਣੀ ਹੋਈ ਹੈ। ਕਹਿੰਦੇ ਜਦੋਂ ਸ਼ ਇੰਦਰਜੀਤ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਚਾਲੂ ਕੀਤਾ, ਉਨ੍ਹਾਂ ਸਾਰੀਆਂ ਬ੍ਰਾਂਚਾਂ ਵਿਚ ਖੂਬਸੂਰਤ ਸਿੱਖ ਨੌਜਵਾਨ ਮੁੰਡੇ ਭਰਤੀ ਕੀਤੇ। ਪੜ੍ਹੇ-ਲਿਖੇ ਫੁਰਤੀਲੇ ਮੁੰਡਿਆਂ ਨੇ ਜੀਅ-ਜਾਨ ਨਾਲ ਕੰਮ ਕੀਤਾ, ਪਰ ਜਦੋਂ ਇਸ ਅਦਾਰੇ ਦਾ ਦੂਜੇ ਬੈਂਕਾਂ ਨਾਲ ਮੁਕਾਬਲਾ ਕੀਤਾ ਗਿਆ, ਤਦ ਇਹ ਫਾਡੀ ਰਹਿ ਗਿਆ। ਛੇ ਮਹੀਨੇ ਹੋਰ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਪਰ ਗੱਲ ਉਥੇ ਦੀ ਉਥੇ ਹੀ ਰਹੀ।
ਉਚ ਅਧਿਕਾਰੀਆਂ ਨੇ ਬੈਂਕਿੰਗ ਪ੍ਰਣਾਲੀ ਦੇ ਕੌਮਾਂਤਰੀ ਮਾਹਰਾਂ ਦੀਆਂ ਸੇਵਾਵਾਂ ਲਈਆਂ ਕਿ ਸਾਡਾ ਬੈਂਕ ਦੂਜੇ ਬੈਂਕ ਦੀ ਬਨਿਸਬਤ ਤਰੱਕੀ ਕਿਉਂ ਨਹੀਂ ਕਰ ਰਿਹਾ? ਇਨ੍ਹਾਂ ਮਾਹਿਰਾਂ ਨੇ ਪੂਰੀ ਘੋਖ ਨਾਲ ਸਾਰੇ ਸਿਸਟਮ ਦੀ ਪੁਣ-ਛਾਣ ਕਰ ਕੇ ਬੈਂਕ ਦੇ ਪ੍ਰਬੰਧਕਾਂ ਨੂੰ ਇਹ ਸਲਾਹ ਦਿੱਤੀ ਕਿ ਹਰ ਸ਼ਾਖਾ ਵਿਚ ਘੱਟ ਤੋਂ ਘੱਟ ਦੋ-ਦੋ ਲੜਕੀਆਂ ਜ਼ਰੂਰ ਭਰਤੀ ਕੀਤੀਆਂ ਜਾਣ। ਕੋਈ ਵੀ ਬ੍ਰਾਂਚ ਅਜਿਹੀ ਨਾ ਰਹੇ, ਜਿਥੇ ਸਿਰਫ਼ ਲੜਕੇ ਹੀ ਮੁਲਾਜ਼ਮ ਹੋਣ। ਉਨ੍ਹਾਂ ਦੀਆਂ ਹਮ-ਉਮਰ ਕੁੜੀਆਂ ਵੀ ਸਟਾਫ ਵਿਚ ਸ਼ਾਮਲ ਕਰੋ। ਕਹਿੰਦੇ ਨੇ, ਜਦੋਂ ਉਚ ਮਾਹਿਰਾਂ ਵੱਲੋਂ ਸੁਝਾਈ ਗਈ ਸਲਾਹ ਨੂੰ ਅਮਲੀ ਰੂਪ ਦਿੱਤਾ ਗਿਆ, ਤਦ ਹੈਰਾਨੀਜਨਕ ਨਤੀਜੇ ਸਾਹਮਣੇ ਆਏ।
ਮੈਨੂੰ ਸੋਚਣ ਲਈ ਮਜਬੂਰ ਕਰਨ ਵਾਲੀ ਸਮੱਗਰੀ ਦੀ ਘੁੰਡੀ ਖੋਲ੍ਹਣ ਵਾਸਤੇ ਸਵੈ-ਵਿਚਾਰ-ਮੰਥਨ ਕਰਦਿਆਂ, ਕਿਸੇ ਮਹਾਤਮਾ ਪਾਸੋਂ ਸੁਣੀ ਕਥਾ ਵੀ ਯਾਦ ਆ ਗਈ। ਆਸਾ ਦੀ ਵਾਰ ਦੇ ਸ਼ਬਦ ‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ’ ਦੇ ਅਰਥ ਕਰਦਿਆਂ ਉਸ ਬਾਬੇ ਨੇ ਔਰਤ ਜਾਤ ਦੀ ਸੋਭਾ ਗਿਣਾਈ ਸੀ। ਜੀਵ ਉਤਪਤੀ ਵਿਚ ਮੁੱਖ ਰੋਲ ਅਦਾ ਕਰਨ ਵਾਲੀ ਔਰਤ ਦੀ ਪ੍ਰਿਅ-ਦਰਸ਼ਨੀ ਸ਼ਖ਼ਸੀਅਤ ਬਾਰੇ ਗੁਰੂ ਬਾਬਾ ਜੀ ਨੇ ਵੀ ਇਹ ਫਰਮਾਇਆ ਹੈ, ‘ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥’
ਇਸੇ ਸੋਚ ਲੜੀ ਦੀ ਅਗਲੀ ਕੜੀ ਹੈ ਇਕ ਪ੍ਰਸਿੱਧ ਸ਼ਾਇਰ ਦੀ ਹੱਡਬੀਤੀ। ਕਵੀ ਜੀ ਨੇ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ ਕਿ ਸ਼ੁਰੂ-ਸ਼ੁਰੂ ਵਿਚ ਉਸ ਨੇ ਕਵਿਤਾ ਲਿਖ ਕੇ ਕਿਸੇ ਅਖ਼ਬਾਰ ਨੂੰ ਛਾਪਣ ਲਈ ਭੇਜੀ। ਉਸ ਅਖ਼ਬਾਰ ਦੇ ਸੰਪਾਦਕ ਨੇ ਖੋਟੇ ਪੈਸੇ ਵਾਂਗ ਕਵਿਤਾ ਵਾਪਸ ਮੋੜਦਿਆਂ ਲਿਖਿਆ ਕਿ ਇਹੋ ਜਿਹੀ ਨਿਕੰਮੀ ਕਵਿਤਾ ਅਸੀਂ ਨਹੀਂ ਛਾਪ ਸਕਦੇ। ਨਿਰਾਸ਼ ਜਿਹਾ ਹੋ ਕੇ ਸ਼ਾਇਰ ਨੇ ਇਹ ਗੱਲ ਆਪਣੇ ਕਿਸੇ ਹੋਰ ਕਵੀ ਮਿੱਤਰ ਨੂੰ ਦੱਸੀ। ਸਾਰੀ ਗੱਲ ਸੁਣ ਕੇ ਮੁਸ਼ਕੜੀਏਂ ਹੱਸਦਿਆਂ ਉਸ ਦਾ ਦੋਸਤ ਕਹਿੰਦਾ ਕਿ ਇਹੀ ਕਵਿਤਾ ਉਸੇ ਅਖ਼ਬਾਰ ਵਿਚ ਛਪਵਾਈ ਜਾ ਸਕਦੀ ਹੈ। ਇਹਦਾ ਢੰਗ ਮੈਥੋਂ ਸੁਣ ਲੈ। ਦੱਸਿਆ ਗਿਆ ਤਰੀਕਾ ਵਰਤਿਆ ਗਿਆ। ਇਕੱਲੀ ਕਵਿਤਾ ਹੀ ਅਖ਼ਬਾਰ ਵਿਚ ਨਹੀਂ ਛਪੀ, ਸਗੋਂ ਸੰਪਾਦਕ ਜੀ ਵੱਲੋਂ ਉਸੇ ਕਵਿਤਾ ਦੀ ਸੋਭਾ ਵਜੋਂ ਲਿਖਿਆ ਪ੍ਰਸ਼ੰਸਾ ਪੱਤਰ ਵੀ ਮੁੜਦੀ ਡਾਕ ਵਿਚ ਆਣ ਪਹੁੰਚਾ! ਸ਼ਾਇਰ ਨੇ ਇੰਟਰਵਿਊ ਵਿਚ ਉਕਤ ‘ਤਰੀਕੇ’ ਦਾ ਭੇਤ ਖੋਲ੍ਹਦਿਆਂ ਦੱਸਿਆ ਕਿ ਮੈਂ ਕਵਿਤਾ ਦੇ ਹੇਠਾਂ ਆਪਣਾ ਨਾਂ ਹਰਜਿੰਦਰ ਸਿੰਘ ਦੀ ਬਜਾਏ ਹਰਜਿੰਦਰ ਕੌਰ ਲਿਖ ਦਿੱਤਾ ਸੀ! ਇਸੇ ‘ਕਰਾਮਾਤ’ ਸਦਕਾ ਸੰਪਾਦਕ ਜੀ ਨੇ ਹਰਜਿੰਦਰ ਕੌਰ ਨੂੰ ਅਗਾਊਂ ਪੇਸ਼ਕਸ਼ ਵੀ ਕਰ ਦਿੱਤੀ ਕਿ ਆਇੰਦਾ ਤੁਹਾਡੀਆਂ ਆਹਲਾ ਦਰਜੇ ਦੀਆਂ ਕਵਿਤਾਵਾਂ ਛਾਪ ਕੇ ਸਾਨੂੰ ‘ਵੱਡੀ ਪ੍ਰਸੰਨਤਾ’ ਹੋਵੇਗੀ।
ਹਥਲੇ ਲੇਖ ਦਾ ‘ਗਲੋਟਾ’ ਲਾਹੁਣ ਲਈ, ਲੇਖ ਦੇ ਪਹਿਲੇ ਪਹਿਰੇ ਦੀ ਪੂਣੀ ਦੇ ਕੁਝ ਤੰਦ ਹੋਰ ਕੱਤ ਲਈਏ। ਅਸਲ ਵਿਚ ਸੋਲ੍ਹਵੀਂ ਲੋਕ ਸਭਾ ਦੇ ਗਠਨ ਲਈ ਪੰਜਾਬ ਵਿਚ ਹੋਈਆਂ ਚੋਣਾਂ ਤੋਂ ਦੂਜੇ ਦਿਨ, ਪਹਿਲੀ ਮਈ ਨੂੰ ਮੈਂ ਪੰਜਾਬ ਤੋਂ ਛਪਦੀਆਂ ਅਖ਼ਬਾਰਾਂ ਪੜ੍ਹਨ ਬੈਠਿਆ। ਦਿਲ ਵਿਚ ਧੁੜਕੂ ਤਾਂ ਇਹ ਲੱਗਾ ਹੋਇਆ ਸੀ ਕਿ ਮਾਦਰੇ-ਵਤਨ ਵਿਚ ਵੋਟਾਂ ਅਮਨ-ਅਮਾਨ ਨਾਲ ਪੈ ਗਈਆਂ ਹੋਣ! ਖ਼ੈਰ ਸੁੱਖ ਹੋਵੇ! ਇਸ ਪੱਖੋਂ ਤਾਂ ਚੈਨ ਮਿਲੀ ਕਿ ਇੱਕਾ-ਦੁੱਕਾ ਘਟਨਾਵਾਂ ਛੱਡ ਕੇ ਕੋਈ ਖਾਸ ਘਟਨਾ ਨਹੀਂ ਵਾਪਰੀ, ਪਰ ਇਹ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਸਾਰੀਆਂ ਅਖ਼ਬਾਰਾਂ ਦੇ ਮੁੱਖ ਪੰਨਿਆਂ ਉਪਰ ਬੀਬੀਆਂ ਦੀਆਂ ਕਤਾਰਾਂ ਹੀ ਨਜ਼ਰੀ ਆ ਰਹੀਆਂ ਸਨ। ਜਿਵੇਂ ਕਿਤੇ ਪੰਜਾਬ ਵਿਚ ਮਰਦ ਵੋਟਰ ਵੋਟ ਪਾਉਣ ਹੀ ਨਾ ਆਏ ਹੋਣ! ਮਜਾਲ ਐ ਕਿਸੇ ਅਖ਼ਬਾਰ ਨੇ ਇਹ ਸਹੁੰ ਤੋੜੀ ਹੋਵੇ। ਹੋਰ ਤਾਂ ਹੋਰ, ਕਈ ਅਖ਼ਬਾਰਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਐਡੀਸ਼ਨਾਂ ਵਿਚ ਵੀ ਵੋਟਰ ਬੀਬੀਆਂ ਦੀਆਂ ਹੀ ਲੰਮੀਆਂ-ਲੰਮੀਆਂ ਕਤਾਰਾਂ ਦਿਖਾਈ ਦੇ ਰਹੀਆਂ ਸਨ। ਲਗਭਗ ਨੌਂ ਕੁ ਅਖ਼ਬਾਰਾਂ ਮੈਂ ਦੇਖੀਆਂ, ਇਹ ਸਾਰੇ ਬੀਬੀਆਂ ‘ਤੇ ਹੀ ਮਿਹਰਵਾਨ ਹੋਏ ਪਏ ਸਨ। ਇਉਂ ਜਾਪਦਾ ਸੀ ਜਿਵੇਂ ਸਾਰੇ ਪੱਤਰਕਾਰ ਭਰਾ ਪੰਜਾਬ ਦੇ ਮਰਦ ਵੋਟਰਾਂ ਨਾਲ ਨਾਰਾਜ਼ ਹੋਏ ਹੋਣ; ਜਾਂ ਖੌਰੇ ਮਰਦਾਨਾ ਵੋਟਰਾਂ ਦੀਆਂ ਫੋਟੋਆਂ ਨਾਲ ਅਖ਼ਬਾਰਾਂ ਦੀ ਸ਼ਾਨ ਘਟਦੀ ਹੋਵੇ! ਸ਼ਾਇਦ ਪੱਤਰ ਪ੍ਰੇਰਕ ਭਰਾ ਡੈਮੋਕਰੇਸੀ ਨੂੰ ਵੀ ‘ਜਨਾਨੀ’ ਹੀ ਸਮਝਦੇ ਨੇ,
‘ਡੈਮੋਕਰੇਸੀ ਇਕ ਐਸੀ ਅਲਬੇਲੀ ਦੁਲਹਨ ਹੈ
ਜਿਸ ਕਾ ਘੂੰਘਟ ਅਬ ਤਕ ਹਮ ਸੇ ਖੋਲ੍ਹ ਨਹੀਂ ਹੋਤਾ!
ਇਹ ਤਾਂ ਸੀ ਵੋਟਾਂ ਦੀ ਗੱਲ। ਵੈਸੇ ਵੀ ਜਦੋਂ ਕਦੇ ਗਰਮੀ ਦੀ ਰੁੱਤ ਮੁੱਕਣ ਵੇਲੇ ਪਹਿਲੀ ਫੁਹਾਰ ਪੈ ਜਾਂਦੀ ਹੈ ਤਾਂ ਪ੍ਰੈਸ ਫੋਟੋਗ੍ਰਾਫਰ ਕੁੜੀਆਂ ਦੇ ਕਾਲਜ ਵੱਲ ਦਬੀੜਾਂ ਚੁੱਕ ਲੈਂਦੇ ਨੇ। ਹੱਥਾਂ ‘ਚ ਰੰਗ-ਰੰਗੀਲੀਆਂ ਛਤਰੀਆਂ ਫੜ ਕੇ ਪੱਕੀ ਸੜਕ ‘ਤੇ ਤੁਰੀਆਂ ਜਾ ਰਹੀਆਂ ਕੁੜੀਆਂ ਨੂੰ ਝੱਟ ਕੈਮਰੇ ਵਿਚ ਕੈਦ ਕਰਦੇ ਨੇ। ਦੂਜੇ ਦਿਨ ਅਖ਼ਬਾਰ ‘ਚ ਛਪੀ ਇਸ ਫੋਟੋ ਦੀ ਕੈਪਸ਼ਨ ਹੁੰਦੀ ਹੈ, ‘ਮਾਨਸੂਨ ਪੌਣਾਂ ਪੰਜਾਬ ਪਹੁੰਚੀਆਂ!’ ਮੀਂਹ ਵਿਚ ਭਿੱਜਦੇ ਸੈਂਕੜੇ ਰਿਕਸ਼ਿਆਂ ਵਾਲੇ ਮਰਦ, ਕਦੇ ਇਨ੍ਹਾਂ ਕੈਮਰਿਆਂ ਵਾਲਿਆਂ ਨੂੰ ਦਿਖਾਈ ਨਹੀਂ ਦਿੰਦੇ!
ਘੱਟ ਤੋਂ ਘੱਟ ਪਹਿਲੀ ਮਈ ਦੀਆਂ ਪੰਜਾਬੀ ਅਖ਼ਬਾਰਾਂ ਪੜ੍ਹ ਕੇ ਤਾਂ ਇਉਂ ਹੀ ਲਗਦਾ ਹੈ ਕਿ ਪ੍ਰੈਸ ਵਾਲਾ ਭਾਈਚਾਰਾ, ਵਕਾਲਤ ਬਾਬਤ ਬੀਬੀਆਂ ਕੀ ਵਡਿਆਈ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ।
Leave a Reply