ਅੰਨ ਜੰਮਿਆ ਬੋਹਲ ਲਾਇ

ਬਲਜੀਤ ਬਾਸੀ
ਅੱਜ ਕਲ੍ਹ ਵਾਢੀ ਦੀ ਰੁੱਤ ਹੈ, ਕਿਸਾਨ ਦੀ ਹੱਡ-ਭੰਨਵੀਂ ਮਿਹਨਤ ਦੀ ਕਮਾਈ ਨੂੰ ਬੋਹਲ ਦੇ ਰੂਪ ਵਿਚ ਘਰ ਲੈ ਜਾਣ ਦੇ ਦਿਨ। ਗਾਹੀ ਹੋਈ ਕਣਕ ਉੜਾ ਕੇ ਪਿੜ ਵਿਚ ਲਾਏ ਗਏ ਦਾਣਿਆਂ ਦੇ ਢੇਰ ਨੂੰ ਬੋਹਲ ਕਹਿੰਦੇ ਹਨ। ਪੰਜਾਬੀ ਲੋਕ-ਸਾਹਿਤ ਅਤੇ ਸਾਹਿਤ ਵਿਚ ਬੋਹਲ ਦਾ ਖੂਬ ਜ਼ਿਕਰ ਮਿਲਦਾ ਹੈ। ਬਲਕਾਰ ਸਿੰਘ ਬਾਜਵਾ ਦੇ ਇਕ ਲੇਖ ਵਿਚ ਇਸ ਦਾ ਬਲਾਂ ਸੁਹਣਾ ਚਿੱਤਰਣ ਮਿਲਦਾ ਹੈ,
“ਬੋਹਲ ਨੂੰ ਖੇਸਾਂ ਨਾਲ ਢੱਕ ਦਿੱਤਾ ਜਾਂਦਾ। ਉਸ ਦੇ ਪੱਛਮ ਵਾਲੇ ਪਾਸੇ ਇੱਕ ਮੰਜੀ ਹੀਅ ਭਾਰ ਟੇਢੀ ਕਰ ਉਸ ‘ਤੇ ਵੀ ਚਾਦਰ ਪਾ ਦਿੱਤੀ ਜਾਂਦੀ। ਬੋਹਲ ਦਾ ਮੂੰਹ ਪੂਰਬ ਵੱਲ ਹੁੰਦਾ। ਬੋਹਲ ਦੀ ਮਿਣਤੀ ਦੜੋਪੇ ਨਾਲ ਹੁੰਦੀ। ਦੜੋਪਾ ਦੋ ਸੇਰ ਦਾ ਹੁੰਦਾ ਤੇ ਟੋਪਾ ਇੱਕ ਸੇਰ ਦਾ। ਬੋਹਲ ਦੀ ਮਿਣਾਈ ਵਾਲੇ ਪਿੰਡ ਵਿਚ ਖਾਸ-ਖਾਸ ਬੰਦੇ ਹੁੰਦੇ। ਚੜ੍ਹਦੇ ਵੱਲ ਮੂੰਹ ਕਰ ਬੈਠਣ ਲਈ ਖੱਬੜ ਜਾਂ ਖੇਸ ਦਾ ਗੋਲ ਇੱਨੂੰ ਬਣਾ ਮਿਣਤੀ ਵਾਲਾ ਬੈਠ ਜਾਂਦਾ। ਚਿੜੀ- ਜਨੌਰ, ਸਾਧੂ-ਸੰਤਾਂ, ਪੀਰਾਂ-ਫਕੀਰਾਂ, ਮਲੰਗਾਂ ਆਦਿ ਦਾ ਇਸ਼ਟ ਧਿਆ ਕੇ ਬੋਹਲ ਦੀ ਮਿਣਤੀ ਸ਼ੁਰੂ ਹੋ ਜਾਂਦੀ। ਪਹਿਲੇ ਤੋਲ ਨੂੰ ਬਰਕਤ, ਦੂਜੇ ਨੂੰ ਵਾਹ ਦੇਹਿ ਤੇ ਤੀਜੇ ਨੂੰ ਤੇਰਾਂ ਕਹਿ ਗਿਣਤੀ ਦਾ ਅਮਲ ਚੱਲ ਪੈਂਦਾ। ਅਨਾਜ ਨੂੰ ਮਜ਼ਬੂਤ ਭਾਰੇ ਖੇਸਾਂ ‘ਚ ਬੰਨਿਆ ਜਾਂਦਾ। 25 ਦੜੋਪਿਆਂ (ਦੋ ਮਣ ਤੋਂ ਉਪਰ ਭਾਵ ਅੱਧਾ ਕੁਇੰਟਲ) ਦੀਆਂ ਪੰਡਾਂ ਬੰਨ੍ਹੀਆਂ ਜਾਂਦੀਆਂ।”
ਬੋਹਲ ਪ੍ਰਤੀ ਸਤਿਕਾਰ ਵਜੋਂ ਸਿਰ ਨੰਗਾ ਨਹੀਂ ਸੀ ਰੱਖਿਆ ਜਾਂਦਾ। ਬੋਹਲ ‘ਤੇ ਕਪੜਾ ਪਾ ਕੇ ਉਪਰ ਤੰਗਲੀ ਆਦਿ ਜਿਹੀ ਲੋਹੇ ਦੀ ਚੀਜ਼ ਰੱਖੀ ਜਾਂਦੀ ਹੈ। ਵਿਸ਼ਵਾਸ ਹੈ ਕਿ ਲੋਹਾ ਬਲਾਵਾਂ ਤੋਂ ਰਾਖੀ ਕਰਦਾ ਹੈ। ਬੋਹਲ ਦੀ ਸੰਤੁਸ਼ਟੀ ਤੋਂ ਅਕਸਰ ਹੀ ਕਿਸਾਨ ਬਾਟੀਆਂ ਭਰ ਕੇ ਕਣਕ ਦਾਨ ਕਰਦੇ ਹਨ। ਪਰ ਕਰਜ਼ਿਆਂ ਦੇ ਮਾਰੇ ਕਿਸਾਨ ਕਈ ਵਾਰੀ ਇਸ ਕਮਾਈ ਤੋਂ ਵੀ ਵੰਚਿਤ ਹੋ ਜਾਂਦੇ ਹਨ। ਮੇਰੇ ਪਿੰਡ ਦੇ ਕਵੀ ਗੁਰਦਾਸ ਰਾਮ ਆਲਮ ਦੀ ਇਕ ਕਵਿਤਾ ਦੇ ਬੋਲ ਹਨ,
ਜੇਠ ਹਾੜ ਦੀ ਗਰਮੀ ਝੱਲਾਂ
ਪੋਹ ਮਾਘ ਦਾ ਪਾਲਾ,
ਬੋਹਲ ਬਣੇ ਤਾਂ ਛੇਈ ਮਹੀਨੀਂ
ਚੁੱਕ ਲਿਜਾਵੇ ਲਾਲਾ।
ਸੰਤ ਰਾਮ ਉਦਾਸੀ ਵੀ ਕੁਝ ਅਜਿਹੇ ਭਾਵ ਪ੍ਰਗਟ ਕਰਦਾ ਹੈ,
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ
ਬੋਹਲਾਂ ਵਿਚੋਂ ਨੀਰ ਵਗਿਆ,
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ
ਤੂੜੀ ਵਿਚੋਂ ਪੁੱਤ ਜੱਗਿਆ।
ਅੰਮ੍ਰਿਤਾ ਪ੍ਰੀਤਮ ਦੀ ਵੀ ਸੁਣੋ,
ਰਾਖੀ ਰਖ ਰਖ ਮੈਂ ਮੁਈ
ਤੇ ਹੱਡ ਲਏ ਤੂੰ ਖੋਰ ਭਲਾ,
ਭਰ ਭਰ ਬੋਹਲ ਜੁ ਲਾ ਲਏ
ਉਤੋਂ ਪੈ ਗਏ ਚੋਰ ਭਲਾ।
ਗੁਰੂ ਅਰਜਨ ਦੇਵ ਨੇ ਬੋਹਲ ਸ਼ਬਦ ਨੂੰ ਨਾਮ ਦੀ ਕਮਾਈ ਵਜੋਂ ਵਰਤਿਆ ਹੈ, “ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ॥” ਚੌਥੇ ਗੁਰੂ ਰਾਮ ਦਾਸ ਦੀ ਇਸ ਤੁਕ ਤੋਂ ਬੋਹਲ ਸ਼ਬਦ ਦੇ ਮੁਢਲੇ ਅਰਥਾਂ ਦਾ ਆਭਾਸ ਹੁੰਦਾ ਹੈ, “ਸਬ ਧਰਤਿ ਭਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਇ॥” Ḕਬੋਹਲ ਲਾਇḔ ਤੋਂ ਲਗਦਾ ਹੈ ਜਿਵੇਂ ਵੱਡਾ ਢੇਰ ਬਣਦਾ ਹੈ। ਸਹੀ ਗੱਲ ਹੈ, ਬੋਹਲ ਸ਼ਬਦ ਵਿਚ ਬਹੁਤਾਤ ਦਾ ਭਾਵ ਹੈ ਤੇ ਇਹ ਬਣਿਆ ਹੈ ਸੰਸਕ੍ਰਿਤ ਦੇ ਸ਼ਬਦ ਬਹੁਲ ਤੋਂ ਜਿਸ ਵਿਚ ਅਧਿਕਤਾ, ਬਹੁਤਾਤ ਦੇ ਭਾਵ ਹਨ। ਆਮ ਬੋਲਚਾਲ ਵਿਚ ਬਹੁਲ ਸ਼ਬਦ ਪੰਜਾਬੀ ਵਿਚ ਬਹੁਤਾ ਨਹੀਂ ਚਲਦਾ ਪਰ ਕੁਝ ਸਮੇਂ ਤੋਂ, ਘਟੋ ਘਟ ਲਿਖਤੀ ਰੂਪ ਵਿਚ ਇਸ ਦੀ ਵਰਤੋਂ ਹੋਣ ਲੱਗ ਪਈ ਹੈ। ਇਹ ਸ਼ਬਦ ਬਹੁ-ਗਿਣਤੀ ਦੇ ਅਰਥਾਂ ਵਿਚ ਵਰਤਿਆ ਜਾਣ ਲੱਗਾ ਹੈ ਜਿਵੇਂ, “ਜੰਮੂ ਕਸ਼ਮੀਰ ਦੇ ਤਿੰਨ ਆਂਚਲ ਹਨ, ਹਿੰਦੂ ਬਹੁਲ ਵਾਲਾ ਜੰਮੂ, ਮੁਸਲਮਾਨ ਬਹੁਲ ਵਾਲਾ ਕਸ਼ਮੀਰ ਅਤੇ ਬੋਧੀ ਬਹੁਲ ਵਾਲਾ ਲੱਦਾਖ।”
ਗੁਰੂ ਅਰਜਨ ਦੇਵ ਨੇ ਵੱਡਾ ਮਿਹਰਬਾਨ ਦੇ ਅਰਥਾਂ ਵਿਚ Ḕਬਹੁਲੋ ਕ੍ਰਿਪਾਲਾḔ ਉਕਤੀ ਵਰਤੀ ਹੈ। ਬਹੁਲ ਦੇ ਅਰਥ ਆਕਾਸ਼, ਅਗਨੀ, ਸ਼ਿਵ ਅਤੇ ਕ੍ਰਿਸ਼ਨ ਵੀ ਹਨ ਕਿਉਂਕਿ ਇਹ ਸਭ ਵਿਰਾਟ ਹਨ। ਪਰ ਸਾਡੇ ਲਈ ਅਹਿਮ ਅਰਥ ਹੈ ਇਸ ਦਾ ਮਹੀਨੇ ਦਾ ਹਨੇਰਾ ਪੱਖ ਵਾਲਾ ਅਰਥ। ਅਸੀਂ ਜਾਣਦੇ ਹਾਂ ਕਿ ਕ੍ਰਿਸ਼ਨ ਦਾ ਰੰਗ ਕਾਲਾ ਸੀ ਇਸ ਲਈ ਹਨੇਰ ਪੱਖ ਨੂੰ ਕ੍ਰਿਸ਼ਨ ਪੱਖ ਜਾਂ ਬਹੁਲ ਪੱਖ ਵੀ ਕਿਹਾ ਜਾਂਦਾ ਹੈ। ਸ਼ਾਇਦ ਬਹੁਤੇ ਪੰਜਾਬੀ ਇਸ ਗੱਲ ਨੂੰ ਨਾ ਜਾਣਦੇ ਹੋਣਗੇ ਇਸ ਲਈ ਮੈਂ ਉਨ੍ਹਾਂ ਨੂੰ ਦੋ ਹੋਰ ਵਰਤਣੀਆਂ ਚਿਤਾਰਨਾ ਚਾਹੁੰਦਾ ਹਾਂ। ਸੰਸਕ੍ਰਿਤ ਰਾਹੀਂ ਪੰਜਾਬੀ ਵਿਚ ਦੋ ਸੰਖੇਪ ਪ੍ਰਚਲਿਤ ਹਨ-ਸਦੀ ਤੇ ਵੁਦੀ। ਪੰਡਿਤਾਂ ਤੇ ਜੋਤਸ਼ੀਆਂ ਨੇ ਤਿਥੀਆਂ ਲਈ ਸ਼ੁਕਲ-ਪੱਖ ਦਿਵਸ (ਚਾਨਣ ਪੱਖ ਦਿਨ) ਲਈ ਸ਼ੁਦਿ ਸੰਖੇਪ ਬਣਾਇਆ ਮਤਲਬ ਸ਼ੁਕਲ ਤੋਂ Ḕਸ਼ੁḔ ਲਿਆ ਅਤੇ ਦਿਵਸ ਤੋਂ ḔਦਿḔ ਲਿਆ। ਇਹ ਸੰਖੇਪ ਪੰਜਾਬੀ ਵਿਚ ḔਸੁਦੀḔ ਬਣਿਆ। ਬਹੁਲ ਦਿਵਸ (ਹਨੇਰ ਪੱਖ ਦਿਨ) ਲਈ ḔਬਦੀḔ ਸੰਖੇਪ ਚਲਾਇਆ ਮਤਲਬ ਬਹੁਲ ਤੋਂ ḔਬḔ ਲਿਆ ਅਤੇ ਦਿਵਸ ਤੋਂ ḔਦਿḔ; ਅੱਜ ਕਲ੍ਹ ਸਮਾਜ-ਵਿਗਿਆਨ, ਰਾਜਨੀਤੀ, ਧਰਮ ਆਦਿ ਦੇ ਸੰਦਰਭਾਂ ਵਿਚ ਵਰਤਿਆ ਜਾਣ ਲੱਗਾ ਇਕ ਸ਼ਬਦ ਹੈ-ਬਹੁਲਵਾਦ। ਇਹ ਅੰਗਰੇਜ਼ੀ ਪਲੂਰਲਿਜ਼ਮ ਦਾ ਪੰਜਾਬੀ ਅਨੁਵਾਦਿਆ ਸ਼ਬਦ ਹੈ। ਬਹੁਲਵਾਦ ਉਹ ਸਥਿਤੀ ਜਾਂ ਵਿਚਾਰਧਾਰਾ ਹੈ ਜਿਸ ਅਨੁਸਾਰ ਵਿਭਿੰਨ ਸ਼੍ਰੇਣੀਆਂ, ਧਰਮ, ਨਸਲ ਆਦਿ ਆਪਣੀਆਂ ਰਵਾਇਤਾਂ ਕਾਇਮ ਰਖਦੇ ਹੋਏ ਅਤੇ ਇਕ ਦੂਜੇ ਦੀ ਵੱਖਰਤਾ ਨੂੰ ਸਵੀਕਾਰ ਕਰਦੇ ਹੋਏ ਸ਼ਾਂਤਮਈ ਢੰਗ ਨਾਲ ਵਿਚਰਦੇ ਹਨ। ਉਤਰ-ਆਧੁਨਕਿਤਾਵਾਦ ਦੇ ਅੰਤਰਗਤ ਇਸ ਸੰਕਲਪ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਪਰ ਪੰਜਾਬੀ ਵਿਚ ਇਸ ਸ਼ਬਦ ਦਾ ਸਭ ਤੋਂ ਪ੍ਰਚਲਿਤ ਰੂਪ ਹੈ ਬਾਹਲਾ, “ਮੈਨੂੰ ਭਗਵੰਤ ਮਾਨ ਬਾਹਲਾ ਨੇੜਿਓਂ ਵੀ ਨਹੀਂ ਤੇ ਬਾਕੀ ਉਮੀਦਵਾਰ ਬਾਹਲੇ ਦੂਰ ਵੀ ਨਹੀਂ।” “ਜੇ ਕਿਸੇ ਨੂੰ ਬਾਹਲਾ ਈ ਦਰਦ ਏ ਤਾਂ ਲੈ ਜੇ ਮੇਰੇ ਖਸਮ ਨੂੰ ਆਪਣੇ ਘਰੇ ਤੇ ਜਮਾ ਲੇ ਮੁੰਡਾ” (ਕਰਮਜੀਤ ਕੁੱਸਾ) ਮਾਲਵੇ ਵਿਚ ਬਾਹਲਾ ਸ਼ਬਦ ਦਾ ਇਕ ਸ਼ਬਦ ਰੁਪਾਂਤਰ ਵਰਤਿਆ ਜਾਂਦਾ ਹੈ, ਬਲਾਂ, ਜਿਸ ਦੀ ਵਰਤੋਂ ਇਸ ਲੇਖ ਵਿਚ ਵੀ ਮਿਲਦੀ ਹੈ।
ਬਹੁਲ ਤੋਂ ਹੀ ਬਣਿਆ ਇਕ ਹੋਰ ਅਹਿਮ ਸ਼ਬਦ ਹੈ ਬਹੁਲੀ। ਸੱਜਰ ਸੂਈ ਮੱਝ, ਗਾਂ ਦੇ ਪਹਿਲੇ ਤਿੰਨ ਚਾਰ ਦਿਨਾਂ ਦਾ ਦੁਧ ਉਬਾਲਣ ਤੇ ਫਟ ਜਾਂਦਾ ਹੈ, ਇਸ ਨੁੰ ਬਹੁਲੀ ਕਹਿੰਦੇ ਹਨ,
ਹੁਣ ਤਾਂ ਲੋਭ ਨੇ ਚੁੱਕੀਆ ਸਿਰੀਆਂ,
ਹੁਣ ਤਾ ਕੋਈ ਨਾ ਸਿਰ ਪਲੋਸੇ।
ਨਾ ਬਹੁਲੀ ਦਾ ਛੰਨਾ ਮਿਲਦਾ,
ਨਾ ਸੀਸਾ ਦੇ ਮਿਲਣ ਪਰੋਸੇ।
ਬਹੁਲ ਸ਼ਬਦ ਵਿਚ ਸੰਘਣੇਪਣ ਦੇ ਭਾਵ ਹਨ ਇਸੇ ਲਈ ਇਸ ਉਤਮ ਪਦਾਰਥ ਲਈ ਬਹੁਲੀ ਸ਼ਬਦ ਪ੍ਰਚਲਿਤ ਹੋਇਆ। ਕੁਝ ਇਲਾਕਿਆਂ ਵਿਚ ਬਹੁਲੀ ਬਣ ਜਾਣ ਵਾਲੇ ਦੁਧ ਨੂੰ ਬਹੁਲਾ ਕਹਿੰਦੇ ਹਨ। ਕਈ ਲੋਕ ਇਸ ਨੂੰ ਚਾਹ ਕੇ ਖਾਂਦੇ ਹਨ ਪਰ ਕਈ ਨੱਕ ਬੁਲ੍ਹ ਵੱਟਦੇ ਹਨ। ਬਹੁਲੀ ਨੂੰ ਧਾਰਮਕ ਸਥਾਨਾਂ ‘ਤੇ ਚੜ੍ਹਾਉਣ ਦਾ ਰਿਵਾਜ ਹੈ। ਰਵਾਇਤੀ ਤੌਰ ‘ਤੇ ਹਰ ਉਤਮ ਪਦਾਰਥ ਤੇ ਬ੍ਰਾਹਮਣਾਂ ਦਾ ਹੱਕ ਹੁੰਦਾ ਸੀ ਇਸ ਲਈ ਪਰੰਪਰਕ ਤੌਰ ‘ਤੇ ਇਹ ਬ੍ਰਾਹਮਣਾਂ ਨੂੰ ਭੇਟ ਕੀਤੀ ਜਾਂਦੀ ਸੀ।
ਇਨ੍ਹਾਂ ਸਾਰੇ ਸ਼ਬਦਾਂ ਦੇ ਪਿਛੇ ਅਸਲ ਵਿਚ ਸੰਸਕ੍ਰਿਤ ਦਾ ḔਬਹੁḔ ਸ਼ਬਦ ਬੋਲਦਾ ਹੈ ਜਿਸ ਦਾ ਅਰਥ ਹੁੰਦਾ ਹੈ ਬਹੁਤਾ, ਜ਼ਿਆਦਾ, ਅਨੇਕ। ਬਹੁਤ ਜਾਂ ਬਹੁਤਾ ਸ਼ਬਦ ਇਸੇ ਤੋਂ ਬਣੇ। ਇਸ ਸ਼ਬਦ ਬਾਰੇ ਬਹੁਤਾ ਕੀ ਬੋਲਣਾ, ਗੁਰੂ ਨਾਨਕ ਦੇਵ ਅਨੁਸਾਰ, “ਬਹੁਤਾ ਕਹੀਐ ਬਹੁਤਾ ਹੋਇ॥” ਅਤੇ “ਬਹੁਤਾ ਕਰਮੁ ਲਿਖਿਆ ਨਾ ਜਾਇ॥” ਬਹੁਤ ਤੋਂ ਦੂਜੀ ਡਿਗਰੀ ਦਾ ਸ਼ਬਦ ਬਣਿਆ ਬਹੁਤੇਰਾ ਜੋ ਅੱਗੋਂ ਮੁਖ-ਸੁਖ ਨਾਲ ਬਥੇਰਾ ਬਣ ਗਿਆ। ਬਹੁਤ ਸ਼ਬਦ ਦਾ ਸੰਸਕ੍ਰਿਤ ਰੂਪ ਸੀ, ਬਹੁਤਵ। ਪਰ ਬਹੁ-ਸੁਤੰਤਰ ਤੌਰ ‘ਤੇ ਵੀ ਵਰਤਿਆ ਜਾਣ ਵਾਲਾ ਸ਼ਬਦ ਹੈ, “ਬਹੁ ਸਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਢੰਡੋਲ॥” -ਗੁਰੂ ਅਰਜਨ ਦੇਵ।
ਅਖਾਣ ਹੈ, “ਬਹੁ ਪੁੱਤੀਂ ਬਹੁ ਬਿਹਣੇ ਮਿਹਣੇ, ਬਹੁ ਮੀਂਹੀਂ ਕਣ ਘਟ” ਮਤਲਬ ਬਹੁਤੀ ਔਲਾਦ ‘ਚੋਂ ਕੋਈ ਭੈੜਾ ਨਿਕਲ ਆਏ ਤਾਂ ਕੁਲ ਨੂੰ ਕਲੰਕਤ ਕਰ ਦਿੰਦਾ ਹੈ, ਇਵੇਂ ਹੀ ਬਹੁਤਾ ਮੀਂਹ ਪੈਣ ਨਾਲ ਬੂਟਾ ਤਾਂ ਵਧ ਜਾਂਦਾ ਹੈ ਪਰ ਦਾਣਾ ਨਹੀਂ ਵਧਦਾ। ਬਹੁ ਦਾ ਇਕ ਲਹਿੰਦੀ ਰੂਪ ਹੈ, Ḕਬਹੂੰ।Ḕ ਗੁਲਾਮ ਫਰੀਦ ਦੇ ਕਲਾਮ ਵਿਚ ਇਸ ਦੀ ਇਕ ਝਲਕ ਦੇਖੀਏ,
ਢੋਲਣ ਤੈਂਡੀ ਸਿਕ ਢੇਰ ਹਮ,
ਤਾਘਾਂ ਘਣੀਆ ਚਾਹੀਂ ਬਹੂੰ।
ਖਪ ਖਪ ਕਰਾਂ ਆਹੀਂ ਬਹੂੰ
ਤਪ ਤਪ ਉਠਣ ਭਾਈਂ ਬਹੂੰ।
ḔਬਹੁḔ ਦੀ ਅਗੇਤਰ ਵਜੋਂ ਬਹੁਤ ਵਰਤੋਂ ਹੁੰਦੀ ਹੈ ਜਿਸ ਵਿਚ ਅਨੇਕਤਾ ਦੇ ਭਾਵ ਹਨ ਜਿਵੇਂ ਬਹੁ-ਮਤ, ਬਹੁ-ਗਿਣਤੀ, ਬਹੁ-ਵਚਨ, ਬਹੁ-ਸੰਮਤੀ, ਬਹੁ-ਅਰਥਕ, ਬਹੁ-ਰੰਗੀ, ਬਹੁ-ਕਰੋੜੀ, ਬਹੁ-ਰੂਪੀਆ ਆਦਿ। ਬਹੁ-ਜਨ ਸ਼ਬਦ ਵੀ ਇਸੇ ਤੋਂ ਬਣਿਆ ਜਿਸ ਵਿਚ ਮੁਢਲੇ ਭਾਵ ਬਹੁਤੀ ਜਨ-ਸੰਖਿਆ ਵਾਲਾ ਹੈ। ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਵੇ, ਇਕ ਹੋਰ ਆਮ ਵਰਤੀਂਦੇ ਸ਼ਬਦ ਵਿਚ ਇਹ ਅਗੇਤਰ ਵਜੋਂ ਆਇਆ ਹੈ। ਉਹ ਹੈ ਬਹੁਕਰ ਅਰਥਾਤ ਸੁੰਬਰਨ ਵਾਲੀ ਬੁਹਾਰੀ। ਬਹੁਕਰ ਦੇ ਸ਼ਾਬਦਿਕ ਅਰਥ ਹਨ ਬਹੁਤੇ ਕੰਮ ਕਰਨ ਵਾਲਾ, ਕਈ ਤਰ੍ਹਾਂ ਲਾਭਕਾਰੀ। ਝਾੜੂ ਦੇਣ ਵਾਲੇ ਕਈ ਫੁਟਕਲ ਕੰਮ ਕਰਿਆ ਕਰਦੇ ਸਨ। ਇਹ ਝਾੜੂ ਦੇ ਅਰਥਾਂ ਵਜੋਂ ਰੂੜ੍ਹ ਹੋ ਗਿਆ ਹੈ। ਦਰਅਸਲ ਤਾਂ ਬੁਹਾਰੀ ਸ਼ਬਦ ਵੀ ਬਹੁਕਰ ਦਾ ਹੀ ਵਿਕਿਸਤ ਰੂਪ ਹੈ। ਪ੍ਰਾਕ੍ਰਿਤ ਵਿਚ ਇਸ ਦਾ ਰੂਪ ਸੀ ਬੌਹਾਰੀ ਤੇ ਹਿੰਦੀ ਵਿਚ ਹੈ ਬਹਾਰੂ।

Be the first to comment

Leave a Reply

Your email address will not be published.