ਸ਼ ਗੁਰਬਚਨ ਸਿੰਘ ਭੁੱਲਰ ਨੇ ਇਸ ਲੇਖ ਲੜੀ ਵਿਚ ਉਸ ਦੌਰ ਦਾ ਜ਼ਿਕਰ ਛੋਹਿਆ ਹੈ ਜਦੋਂ ਲੋਕ-ਸਰੋਕਾਰਾਂ ਨਾਲ ਜੁੜੇ ਲੋਕ ਘਰੋਂ ਨਿਕਲ ਤੁਰੇ ਸਨ ਅਤੇ ਤਨ, ਮਨ, ਧਨ ਲਾ ਕੇ ਨਿਸ਼ਕਾਮ ਸੇਵਾ ਵਿਚ ਜੁਟ ਗਏ ਸਨ। ਨੌਜਵਾਨਾਂ ਵਿਚ ਜਨੂੰਨ ਦਾ ਇਹ ਉਹ ਦੌਰ ਸੀ ਜਦੋਂ ਸੁਰਿੰਦਰ ਕੌਰ ਵਰਗੀ ਗਾਇਕਾ ਸੰਸਾਰ ਭਰ ਵਿਚ ਮਸ਼ਹੂਰ ਹੋ ਕੇ ਵੀ ਪਿੰਡਾਂ-ਸ਼ਹਿਰਾਂ ਦੇ ਸਾਧਾਰਨ ਘਰਾਂ ਵਿਚ ਰੁੱਖਾ-ਮਿੱਸਾ ਖਾ ਕੇ ਅਮਨ ਦਾ ਹੋਕਾ ਦੇਣ ਵਾਲਿਆਂ ਨਾਲ ਦਿਨ-ਰਾਤ ਤੁਰੀ ਫਿਰਦੀ ਸੀ। ਪੰਜਾਬੀ ਸਭਿਆਚਾਰ ਲਈ ਵਿਰਾਟ ਪੱਧਰ ਉਤੇ ਹੋਈ ਇਸ ਸੁੱਚੀ ਸਰਗਰਮੀ ਦੀਆਂ ਗੱਲਾਂ ਲੇਖਕ ਨੇ ਆਪਣੀ ਇਸ ਲੇਖ ਲੜੀ ਵਿਚ ਕੀਤੀਆਂ ਹਨ। -ਸੰਪਾਦਕ
ਗੁਰਬਚਨ ਸਿੰਘ ਭੁੱਲਰ
ਮੈਂ ਕੋਈ ਛੇ ਦਹਾਕੇ ਪਹਿਲਾਂ ਦੀ ਗੱਲ ਕਰਨ ਲਗਿਆ ਹਾਂ। ਉਹ ਨਿਸ਼ਕਾਮਤਾ ਦਾ ਦੌਰ ਸੀ, ਸਾਂਝੇ ਭਲੇ ਵਾਸਤੇ ਕੁਰਬਾਨੀ ਦਾ ਦੌਰ ਸੀ। ਇਹ ਉਹ ਦੌਰ ਸੀ ਜਦੋਂ ਕੁਛ ਕਰਨ ਦੇ ਸਮਰੱਥ ਲੋਕ ਆਪਣੀ ਕਰਨੀ ਦਾ ਮੁੱਲ ਵੱਟਣ ਬਾਰੇ ਨਹੀਂ ਸਨ ਸੋਚਦੇ। ਗਾਇਕ ਆਪਣੀ ਗਾਇਕੀ ਸਾਂਝੇ ਲੋਕ-ਹਿਤੈਸ਼ੀ ਮਨੋਰਥ ਦੇ ਨਮਿਤ ਕਰ ਦਿੰਦੇ ਸਨ। ਮੰਚ-ਕਲਾਕਾਰ ਆਪਣੀ ਕਲਾ ਜਨਤਕ ਮਸਲਿਆਂ ਨੂੰ ਸਮਰਪਿਤ ਕਰ ਦਿੰਦੇ ਸਨ। ਕਿਸੇ ਮਾਇਕ ਮੁਆਵਜ਼ੇ ਦੀ ਆਸ ਜਾਂ ਸੰਭਾਵਨਾ ਹੋਣੀ ਤਾਂ ਦੂਰ, ਇਹ ਸਮਾਜ-ਸੇਵਾ ਨੂੰ ਪ੍ਰਣਾਏ ਹੋਏ ਉਹ ਲੋਕ ਸਨ ਜੋ ਆਪਣੇ ਮਿਸ਼ਨ ਦੇ ਜਨੂੰਨ ਵਿਚ ਅਕਸਰ ਪੱਲਿਉਂ ਖਰਚ ਕਰਦੇ ਸਨ।
ਇਹ ਆਪਣੀ ਕਲਾ ਨੂੰ ਸ਼ਹਿਰੀ ਇਲਾਕਿਆਂ ਤੱਕ, ਪੜ੍ਹੇ-ਲਿਖੇ ਲੋਕਾਂ ਤੱਕ ਵੀ ਸੀਮਤ ਨਹੀਂ ਸਨ ਰਖਦੇ। ਇਹ ਉਸੇ ਨਿਸਚੇ, ਲਗਨ ਅਤੇ ਉਤਸ਼ਾਹ ਨਾਲ ਪਿੰਡਾਂ ਵਿਚ ਜਾਂਦੇ ਸਨ। ਨਾ ਮੰਚ ਦਾ ਕੋਈ ਪ੍ਰਬੰਧ ਤੇ ਨਾ ਰੋਸ਼ਨੀ ਦਾ ਕੋਈ ਵਸੀਲਾ। ਕੋਈ ਵੀ ਚੌਂਤਰਾ ਜਾਂ ਉਚਾ ਥਾਂ ਮੰਚ ਬਣ ਜਾਂਦਾ ਸੀ ਅਤੇ ਲਾਲਟੈਣ ਰੋਸ਼ਨੀ ਦਾ ਸੋਮਾ ਹੁੰਦੀ ਸੀ। ਇਨ੍ਹਾਂ ਲੋਕਾਂ ਨੂੰ ਨਾ ਖਾਣ-ਪੀਣ ਦੀ ਕੋਈ ਸਮੱਸਿਆ ਸੀ ਅਤੇ ਨਾ ਸੌਣ ਦੀ। ਕਿਸੇ ਪੇਂਡੂ ਘਰ ਦਾ ਸਾਦਾ-ਸਾਧਾਰਨ ਰੋਟੀ-ਟੁੱਕ ਇਨ੍ਹਾਂ ਲਈ ਪਕਵਾਨ ਹੁੰਦਾ ਸੀ। ਗਰਮੀਆਂ ਵਿਚ ਤਾਂ ਸੌਣ ਦੀ ਕੋਈ ਸਮੱਸਿਆ ਹੀ ਨਹੀਂ ਸੀ, ਸਰਦੀਆਂ ਵਿਚ ਵੀ ਬੱਸ ਇਕ ਕੋਠੜੀ ਪੁਰਸ਼ਾਂ ਵਾਸਤੇ ਅਤੇ ਇਕ ਇਸਤਰੀਆਂ ਵਾਸਤੇ ਚਾਹੀਦੀ ਸੀ। ਕਲਾਕਾਰ ਬਹੁਤੇ ਹਨ ਤੇ ਬਿਸਤਰੇ ਘੱਟ ਰਹਿ ਗਏ ਹਨ, ਤਾਂ ਵੀ ਕੋਈ ਫ਼ਰਕ ਨਹੀਂ ਸੀ ਪੈਂਦਾ। ਇਕ ਇਕ ਜੁੱਬੜ ਵਿਚ ਦੋ ਦੋ ਜਣੇ ਵੜ ਕੇ ਮੌਜ ਨਾਲ ਸੌਂਦੇ ਹੋਏ ਮੈਂ ਆਪ ਦੇਖੇ ਸਨ। ਚਾਹਨਾ ਬੱਸ ਇਕੋ ਸੀ, ਲੋਕ-ਹਿਤੈਸ਼ੀ ਸੁਨੇਹਾ ਘਰ ਘਰ ਪੁੱਜਣਾ ਚਾਹੀਦਾ ਹੈ!
ਪ੍ਰੋæ ਨਿਰੰਜਣ ਸਿੰਘ ਮਾਨ ਉਨ੍ਹਾਂ ਹਸਤੀਆਂ ਦੀ ਪਹਿਲੀ ਪੰਗਤੀ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਆਜ਼ਾਦੀ ਤੋਂ ਇਕਦਮ ਬਾਅਦ ਪੰਜਾਬ ਦੇ ਸਾਹਿਤਕ-ਸਭਿਆਚਾਰਕ ਅਤੇ ਸਮਾਜਕ-ਰਾਜਨੀਤਕ ਖੇਤਰਾਂ ਵਿਚ ਵੱਡੀ ਦੇਣ ਦਿੱਤੀ। ਇਹ ਕੋਈ ਅਤਿਕਥਨੀ ਨਹੀਂ ਕਿ ਉਨ੍ਹਾਂ ਸਭਨਾਂ ਨੇ ਆਮ ਲੋਕਾਂ ਦੀ ਸੋਚ ਨੂੰ ਸਾਕਾਰਾਤਮਕ ਸੇਧ ਦੇਣ ਨੂੰ ਅਤੇ ਜੀਵਨ ਦੀਆਂ ਉਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨਾਲ ਜੋੜਨ ਨੂੰ ਆਪਣਾ ਮੁੱਖ ਮਨੋਰਥ ਬਣਾਇਆ ਅਤੇ ਬਦਲੇ ਵਿਚ ਕੁਛ ਵੀ ਨਾ ਚਾਹਿਆ। ਜ਼ਿਕਰ ਪੰਜਾਬ ਵਿਚ ਅਮਨ-ਲਹਿਰ ਦਾ ਹੋਵੇ ਜਾਂ ਇਪਟਾ ਦਾ, ਸੁੱਚੀ ਲੋਕ-ਪੱਖੀ ਗਾਇਕੀ ਦਾ ਹੋਵੇ ਜਾਂ ਖਰੇ ਨਿਰਮਲ ਸਭਿਆਚਾਰ ਦਾ, ਖੱਬੇਪੱਖੀ ਸੋਚ ਦਾ ਹੋਵੇ ਜਾਂ ਲੋਕ-ਹਿਤੈਸ਼ੀ ਰਾਜਨੀਤੀ ਦਾ, ਪ੍ਰੋæ ਮਾਨ ਦਾ ਨਾਂ ਉਸ ਵਿਚ ਆਉਣਾ ਹੀ ਹੁੰਦਾ ਹੈ।
ਉਹ ਸਾਊ-ਸਨਿਮਰ ਮਨੁੱਖ, ਰਸਭਰੇ ਗਾਇਕ, ਅਣਥੱਕ ਸਮਾਜ-ਸੇਵੀ, ਪ੍ਰਭਾਵਸ਼ਾਲੀ ਅਧਿਆਪਕ ਅਤੇ ਮੋਹਵੰਤੇ ਦੋਸਤ ਵਜੋਂ ਪੁਰਖ਼ਲੂਸ ਸ਼ਖ਼ਸੀਅਤ ਦੇ ਸੁਆਮੀ ਸਨ। ਮਿਲਣਾ-ਵਰਤਣਾ ਤਾਂ ਇਕ ਪਾਸੇ, ਜਿਸ ਕਿਸੇ ਨੇ ਉਨ੍ਹਾਂ ਨੂੰ ਇਕ ਵਾਰ ਦੇਖ-ਸੁਣ ਲਿਆ, ਉਹ ਉਸ ਦੇ ਚੇਤੇ ਵਿਚ ਆਪਣੀ ਪੱਕੀ ਥਾਂ ਬਣਾ ਲੈਂਦੇ ਸਨ। ਇਸ ਤੱਥ ਦੀ ਇਕ ਮਿਸਾਲ ਮੈਂ ਹਾਂ। ਮੈਂ ਚੜ੍ਹਦੀ ਉਮਰੇ, ਕੋਈ ਸੱਠ ਸਾਲ ਪਹਿਲਾਂ ਉਨ੍ਹਾਂ ਨੂੰ ਸਿਰਫ ਇਕ ਵਾਰ ਗਾਉਂਦਿਆਂ ਸੁਣਿਆ ਸੀ। ਫੇਰ ਸੰਪਰਕ ਉਨ੍ਹਾਂ ਦੇ ਵਿਛੋੜੇ ਤੋਂ ਕੁਛ ਸਾਲ ਪਹਿਲਾਂ ਬਣਿਆ। ਇਸ ਵਾਹ ਸਦਕਾ ਅਤੇ ਲੰਮੇ ਸਮੇਂ ਤੱਕ ਅਮਨ ਲਹਿਰ ਤੇ ਇਪਟਾ ਵਿਚ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਲਗਾਤਾਰ ਪੜ੍ਹਦੇ-ਸੁਣਦੇ ਰਹਿਣ ਸਦਕਾ ਉਨ੍ਹਾਂ ਦੀ ਬੜੀ ਗੂੜ੍ਹੀ ਅਤੇ ਸਪੱਸ਼ਟ ਤਸਵੀਰ ਮਨ ਵਿਚ ਉਕਰੀ ਗਈ।
ਉਸ ਜ਼ਮਾਨੇ ਵਿਚ ਇਨ੍ਹਾਂ ਕਲਾ ਵਾਲਿਆਂ ਦੇ ਸੀਨੇ ਵਿਚ ਆਪਣੀ ਕਲਾ ਨੂੰ ਲੋਕਾਂ ਦੇ ਲੇਖੇ ਲਾਉਣ ਦੀ ਠਾਠਾਂ ਮਾਰਦੀ ਉਮੰਗ ਦੇਖਣ-ਜਾਣਨ ਵਾਸਤੇ ਪ੍ਰੋæ ਮਾਨ ਨਾਲ ਲੰਮਾ ਸਮਾਂ ਸਟੇਜ ਸਾਂਝੀ ਕਰਦੀ ਰਹੀ ਸਾਡੀ ਵੱਡੀ ਗਾਇਕਾ ਸੁਰਿੰਦਰ ਕੌਰ ਦੀ ਮਿਸਾਲ ਹੀ ਕਾਫ਼ੀ ਹੈ। ਪ੍ਰੋæ ਮਾਨ ਤੇ ਉਨ੍ਹਾਂ ਵਰਗੇ ਹੋਰ ਸਾਥੀ ਤਾਂ ਭਲਾ ਅਜਿਹੇ ਪੇਂਡੂ ਜੀਵਨ ਦੇ ਆਦੀ ਸਨ, ਪਰ ਜ਼ਰਾ ਸੋਚੋ, ਮਲੂਕੜੀ ਜਿਹੀ ਇਹ ਸ਼ਹਿਰਨ ਕੁੜੀ, ਜਿਸ ਦੀ ਪ੍ਰਸਿੱਧੀ ਉਸ ਸਮੇਂ ਤੱਕ ਰੇਡੀਓ ਅਤੇ ਤਵਿਆਂ ਰਾਹੀਂ ਘਰ ਘਰ ਪਹੁੰਚ ਚੁੱਕੀ ਸੀ, ਇਕ ਆਵਾਜ਼ ਦਿੱਤਿਆਂ ਝੱਟ ਦਿੱਲੀ ਤੋਂ ਪੰਜਾਬ ਆ ਪੁਜਦੀ। ਉਹ ਮਾਇਆ ਦਾ ਕੋਈ ਖਿਆਲ ਤੱਕ ਮਨ ਵਿਚ ਲਿਆਂਦੇ ਬਿਨਾਂ ਸਾਡੇ ਮਾਲਵੇ ਦੇ ਪਿੰਡਾਂ-ਸ਼ਹਿਰਾਂ ਵਿਚ ਵੀ ਸਾਧਾਰਨ ਘਰਾਂ ਵਿਚ ਰੁੱਖਾ-ਮਿੱਸਾ ਖਾ ਕੇ ਤੇ ਘਰੇਲੂ ਖੱਦਰ ਦੀਆਂ ਲੇਫ-ਤਲਾਈਆਂ ਵਿਚ ਰਾਤਾਂ ਕੱਟ ਕੇ ਅਮਨ ਦਾ ਹੋਕਾ ਦਿੰਦੀ ਫਿਰਦੀ ਰਹੀ।
ਮਨੁੱਖਜਾਤੀ ਦੀ ਰੂਹ ਉਤੇ ਦੂਜੀ ਸੰਸਾਰ ਜੰਗ ਦੇ ਲਾਏ ਗਹਿਰੇ ਜ਼ਖ਼ਮ ਅਜੇ ਭਰਨ ਵੀ ਨਹੀਂ ਸਨ ਲੱਗੇ ਕਿ ਤੀਜੀ ਸੰਸਾਰ ਜੰਗ ਦੇ ਚੰਦਰੇ ਬੱਦਲ ਗਾੜ੍ਹੇ ਹੋਣ ਲੱਗ ਪਏ ਸਨ। ਦੂਜੀ ਜੰਗ ਵਿਚ ਅਟੱਲ ਜਿੱਤ ਪ੍ਰਤੱਖ ਦਿਸਦੀ ਹੋਣ ਦੇ ਬਾਵਜੂਦ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਉਤੇ ਅਜਿਹਾ ਕਹਿਰ ਵਰਤਾ ਦਿੱਤਾ ਸੀ ਜਿਹੋ ਜਿਹਾ ਮਨੁੱਖਜਾਤੀ ਨੇ ਆਪਣੇ ਸਾਰੇ ਇਤਿਹਾਸ ਵਿਚ ਨਹੀਂ ਸੀ ਦੇਖਿਆ। 6 ਅਗਸਤ 1945 ਨੂੰ ਹੀਰੋਸ਼ੀਮਾ ਉਤੇ ਐਟਮ ਬੰਬ ਸੁੱਟ ਦਿੱਤਾ ਗਿਆ। ਬਰਬਾਦੀ ਦੀ ਭਿਆਨਕਤਾ ਦੇਖ-ਸੁਣ ਕੇ ਦੁਨੀਆਂ ਅਜੇ ਸੁੰਨ ਹੋਈ ਪਈ ਸੀ ਕਿ 9 ਅਗਸਤ ਨੂੰ ਨਾਗਾਸਾਕੀ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਹਿਸ਼ੀ ਕਾਰਵਾਈ ਨਾਲ ਮਨੁੱਖ ਤਾਂ ਕੀ, ਧਾਤਾਂ ਤੇ ਪੱਥਰ ਤੱਕ ਪੰਘਰ ਕੇ ਸਭ ਕੁਛ ਰਿਝਦਾ ਹੋਇਆ ਲਾਵਾ ਬਣ ਗਿਆ। ਮਿੰਟਾਂ ਵਿਚ ਡੇਢ ਲੱਖ ਤੋਂ ਵੱਧ ਬੇਦੋਸ਼ੇ ਲੋਕ ਮੌਤ ਦੇ ਮੂੰਹ ਪੈ ਗਏ ਅਤੇ ਉਨ੍ਹਾਂ ਨਾਲੋਂ ਵੱਧ ਲੋਕ ਨਰਕੀ ਜੀਵਨ ਦੇ ਵੱਸ ਪੈ ਗਏ ਜੋ ਮਰਨ ਵਾਲਿਆਂ ਨੂੰ ਖ਼ੁਸ਼ਕਿਸਮਤ ਕਹਿਣ ਲੱਗੇ ਤੇ ਹੌਲੀ ਹੌਲੀ ਮੌਤ ਦੇ ਮੂੰਹ ਪੈਂਦੇ ਰਹੇ।
ਅਮਰੀਕਾ ਦਾ ਉਦੇਸ਼ ਵਿਰੋਧੀਆਂ ਨੂੰ ਹਰਾਉਣਾ ਨਹੀਂ ਸੀ। ਉਹ ਤਾਂ ਪਹਿਲਾਂ ਹੀ ਹਾਰੇ ਹੋਏ ਸਨ। ਉਹ ਆਪਣੇ ਬੰਬਾਂ ਦੀ ਤਬਾਹਕਾਰ ਸਮਰੱਥਾ ਜਿਉਂਦੇ-ਵਸਦੇ ਲੋਕਾਂ ਉਤੇ ਪਰਖਣਾ ਚਾਹੁੰਦਾ ਸੀ। ਇਸੇ ਕਰਕੇ ਦੋਵੇਂ ਬੰਬ ਵੱਖ ਵੱਖ ਭਾਂਤ ਦੇ ਵਰਤੇ ਗਏ। ਅਮਰੀਕਾ ਦੇ ਵਹਿਸ਼ੀ ਇਰਾਦੇ ਦਾ ਪਤਾ ਇਕ ਹੋਰ ਗੱਲ ਤੋਂ ਵੀ ਲਗਦਾ ਹੈ। ਦੂਜਾ ਬੰਬ ਕੋਕੂਰਾ ਸ਼ਹਿਰ ਉਤੇ ਸੁੱਟਿਆ ਜਾਣਾ ਸੀ। ਪਰ ਹੀਰੋਸ਼ੀਮਾ ਦੇ ਉਲਟ ਉਸ ਉਤੇ ਸੰਘਣੀ ਧੁੰਦ ਛਾਈ ਹੋਈ ਸੀ। ਝੱਟ ਫ਼ੈਸਲਾ ਲੈ ਲਿਆ ਗਿਆ ਕਿ ਬੰਬ ਸਾਫ਼ ਮੌਸਮ ਵਾਲੇ ਸ਼ਹਿਰ ਨਾਗਾਸਾਕੀ ਉਤੇ ਸੁੱਟ ਦਿੱਤਾ ਜਾਵੇ। ਇਹ ਸਭ ਚੇਤੇ ਕਰਦਿਆਂ ਸੀਨੇ ਵਿਚ ਦਰਦਮੰਦ ਦਿਲ ਰੱਖਣ ਵਾਲੇ ਹਰ ਵਿਅਕਤੀ ਦਾ, ਉਹ ਚਾਹੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਰਹਿੰਦਾ ਸੀ, ਸਾਮਰਾਜੀਆਂ ਵਲੋਂ ਪੈਦਾ ਕੀਤੀ ਜਾ ਰਹੀ ਤੀਜੀ ਸੰਸਾਰ ਜੰਗ ਦੀ ਚੰਦਰੀ ਸੰਭਾਵਨਾ ਨਾਲ ਫ਼ਿਕਰਮੰਦ ਹੋਣਾ ਸੁਭਾਵਿਕ ਸੀ। ਹਰ ਕੋਈ ਸਮਝਦਾ ਸੀ ਕਿ ਹੋਰ ਜੰਗ ਦੀ ਸੂਰਤ ਵਿਚ ਮਨੁੱਖਜਾਤੀ ਦਾ ਕੁਛ ਵੀ ਬਾਕੀ ਨਹੀਂ ਰਹਿਣਾ।
ਕਿਸੇ ਸਿਆਣੇ ਦਾ ਇਹ ਕਥਨ ਹਰ ਜਾਗ੍ਰਿਤ ਵਿਅਕਤੀ ਨੂੰ ਕੁਛ ਕਰਨ ਵਾਸਤੇ ਪ੍ਰੇਰਨ ਲਗਿਆ ਕਿ ਮੈਨੂੰ ਤੀਜੀ ਸੰਸਾਰ ਜੰਗ ਦਾ ਤਾਂ ਪਤਾ ਨਹੀਂ, ਚੌਥੀ ਸੰਸਾਰ ਜੰਗ ਜ਼ਰੂਰ ਪੱਥਰਾਂ ਅਤੇ ਟੰਬਿਆਂ ਨਾਲ ਲੜੀ ਜਾਵੇਗੀ। ਉਹਦਾ ਭਾਵ ਸੀ, ਤੀਜੀ ਸੰਸਾਰ ਜੰਗ ਮਨੁੱਖ ਨੂੰ ਉਸ ਜੰਗਲੀ ਪੜਾਅ ਉਤੇ ਪਹੁੰਚਦਾ ਕਰ ਦੇਵੇਗੀ ਜਿਥੋਂ ਉਹ ਲੱਖਾਂ ਸਾਲ ਪਹਿਲਾਂ ਸਭਿਅਤਾ ਵੱਲ ਦੇ ਰਾਹ ਉਤੇ ਤੁਰਿਆ ਸੀ! ਸੰਸਾਰ ਭਰ ਦੇ ਹੋਸ਼ਮੰਦ ਲੋਕ ਜਾਗੇ, ਜਥੇਬੰਦ ਹੋਏ ਅਤੇ ਆਮ ਲੋਕਾਂ ਨੂੰ ਜਾਗਣ ਦਾ ਹੋਕਾ ਦੇਣ ਵਿਚ ਜੁਟ ਗਏ।
15 ਮਾਰਚ 1950 ਨੂੰ ਸਟਾਕਹੋਮ ਤੋਂ ਇਕ ਮਾਨਵੀ ਆਵਾਜ਼ ਉਚੀ ਹੋਈ। ਫ਼ਰਾਂਸੀਸੀ ਵਿਗਿਆਨੀ ਫ਼ਰੈਡਰਿਕ ਜੂਲੀਓ-ਕਿਉਰੀ ਦੀ ਪਹਿਲਕਦਮੀ ਸਦਕਾ ਸੰਸਾਰ ਅਮਨ ਕੌਂਸਲ ਨੇ ਸਟਾਕਹੋਮ-ਅਪੀਲ ਜਾਰੀ ਕੀਤੀ ਜੋ ਅਮਨ-ਅਪੀਲ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸ ਵਿਚ ਐਟਮ ਬੰਬ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਦੀ ਅਤੇ ਇਸ ਦੀ ਵਰਤੋਂ ਕਰਨ ਵਾਲੀ ਸਰਕਾਰ ਨੂੰ ਮਨੁੱਖਜਾਤੀ ਵਿਰੁਧ ਜੰਗੀ ਅਪਰਾਧੀ ਸਮਝੇ ਜਾਣ ਦੀ ਮੰਗ ਕੀਤੀ ਗਈ ਸੀ। ਅਪੀਲ ਦੀ ਹਾਮੀ ਅਨੇਕ ਪ੍ਰਸਿੱਧ ਵਿਗਿਆਨੀਆਂ, ਲੇਖਕਾਂ, ਕਲਾਕਾਰਾਂ, ਅਕਾਦਮੀਸ਼ਨਾਂ ਅਤੇ ਹੋਰ ਵੱਖ ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਨੇ ਭਰੀ। ਨਤੀਜੇ ਵਜੋਂ ਸੰਸਾਰ ਭਰ ਵਿਚ ਅਮਨ ਕਮੇਟੀਆਂ ਹੋਂਦ ਵਿਚ ਆ ਗਈਆਂ। ਨਿਸਚਿਤ ਸਮੇਂ ਤੱਕ ਅਮਨ-ਅਪੀਲ ਉਤੇ ਹੋਏ 27,34,70,566 ਦਸਤਖਤ ਸੰਸਾਰ ਅਮਨ ਕੌਂਸਲ ਕੋਲ ਪੁੱਜ ਗਏ!
ਡਾæ ਸੈਫ਼ੁਦੀਨ ਕਿਚਲੂ ਦੀ ਪ੍ਰਧਾਨਗੀ ਵਿਚ ਕੁੱਲ-ਹਿੰਦ ਅਮਨ ਕਮੇਟੀ ਕਾਇਮ ਕੀਤੀ ਗਈ। ਪੰਜਾਬ ਅਮਨ ਕਮੇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਪ੍ਰੀਤਲੜੀ ਬਣੇ, ਜੋ ਕੁੱਲ-ਹਿੰਦ ਅਮਨ ਕਮੇਟੀ ਦੇ ਮੀਤ ਪ੍ਰਧਾਨ ਵੀ ਸਨ ਅਤੇ ਜਨਰਲ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਪ੍ਰੋæ ਨਿਰੰਜਣ ਸਿੰਘ ਮਾਨ ਨੇ ਆਪਣੇ ਮੋਢਿਆਂ ਉਤੇ ਲਈ। ਨਗਰ ਨਗਰ ਅਮਨ-ਅਪੀਲ ਉਤੇ ਦਸਤਖਤ ਕਰਵਾਏ ਜਾਣ ਲੱਗੇ ਅਤੇ ਜੰਗ ਦੇ ਵਿਰੁਧ ਆਵਾਜ਼ ਉਚੀ ਕਰਨ ਵਾਸਤੇ ਅਮਨ ਕਾਨਫ਼ਰੰਸਾਂ ਕੀਤੀਆਂ ਜਾਣ ਲੱਗੀਆਂ। ਪੰਜਾਬ ਵਿਚ ਦਸਤਖਤ ਇਕੱਤਰ ਕਰਨ ਦੀ ਮੁਹਿੰਮ ਨੂੰ ਜਥੇਬੰਦ ਕਰਨ ਵਿਚ ਪ੍ਰੋæ ਮਾਨ ਦੀ ਵੱਡੀ ਭੂਮਿਕਾ ਰਹੀ। ਅਮਨ ਲਹਿਰ ਦੇ, ਖਾਸ ਕਰਕੇ ਪੰਜਾਬੀਆਂ ਉਤੇ, ਪ੍ਰਭਾਵ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਅਮਨ-ਅਪੀਲ ਉਤੇ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਦਸਤਖਤ ਦਿਲਜੀਤ ਕੌਰ ਨੇ ਕਰਵਾਏ। ਉਹ ਪੰਜਾਬੀ ਦੇ ਵੱਡੇ ਪ੍ਰਕਾਸ਼ਕ ਭਾਪਾ ਪ੍ਰੀਤਮ ਸਿੰਘ ਦੀ ਜੀਵਨ-ਸਾਥਣ ਸੀ। ਉਹ ਦਸਤਖਤ ਇਕੱਠੇ ਕਰਨ ਲਈ ਹਫ਼ਤਿਆਂ-ਬੱਧੀ ਪੰਜਾਬ ਤੇ ਦਿੱਲੀ ਦੀਆਂ ਗਲੀਆਂ ਵਿਚ ਘੁੰਮਦੀ ਰਹੀ। ਸੰਸਾਰ ਅਮਨ ਕੌਂਸਲ ਨੇ ਉਹਨੂੰ ਵੀਆਨਾ ਬੁਲਾ ਕੇ ਸਨਮਾਨਿਤ ਕੀਤਾ। ਡਾæ ਕਿਚਲੂ ਦੀ ਅਗਵਾਈ ਵਿਚ ਗਏ ਡੈਲੀਗੇਸ਼ਨ ਵਿਚ ਗੁਰਬਖ਼ਸ਼ ਸਿੰਘ ਵੀ ਸ਼ਾਮਲ ਸਨ।
ਇਸ ਤੋਂ ਕੁਛ ਸਮਾਂ ਪਹਿਲਾਂ ਰੰਗਮੰਚ ਨੂੰ ਲੋਕ-ਹਿਤ ਵਿਚ ਭੁਗਤਾਉਣ ਵਾਸਤੇ ਅਤੇ ਜਨਤਾ ਵਿਚ ਸਭਿਆਚਾਰਕ ਜਾਗ੍ਰਤੀ ਲਿਆਉਣ ਵਾਸਤੇ ਇਪਟਾ, ਭਾਵ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਹੋਂਦ ਵਿਚ ਆ ਚੁੱਕੀ ਸੀ। ਇਸ ਦਾ ਜਨਮ ਬੰਗਾਲ ਵਿਚ ਅੰਗਰੇਜ਼ ਦੇ ਪਾਏ ਆਦਮਖੋਰ ਕਾਲ ਦੀ ਢਾਹੀ ਬਰਬਾਦੀ ਦੇ ਪੈਦਾ ਕੀਤੇ ਅਥਾਹ ਜਨਤਕ ਰੋਹ ਵਿਚੋਂ ਹੋਇਆ। ਦੂਜੀ ਸੰਸਾਰ ਜੰਗ ਦੇ ਢਾਹੇ ਕਹਿਰ ਨੇ, ਅਮਨ ਲਹਿਰ ਦੇ ਦੇਸ਼-ਵਿਆਪੀ ਪਸਾਰ ਵਾਂਗ, ਬੰਗਾਲ ਤੋਂ ਬਾਹਰ ਦੇਸ਼ ਭਰ ਵਿਚ ਇਪਟਾ ਦੇ ਪਸਾਰ ਨੂੰ ਵੀ ਜ਼ਰੂਰੀ ਬਣਾ ਦਿੱਤਾ। ਇਸੇ ਕਰਕੇ ਭਾਵੇਂ ਇਸ ਦਾ ਮੁੱਢ ਬੰਗਾਲ ਵਿਚ ਬੱਝਿਆ ਸੀ, ਛੇਤੀ ਹੀ ਪੂਰਾ ਦੇਸ਼ ਇਸ ਦੀ ਕਰਮਭੂਮੀ ਬਣ ਗਿਆ। ਇਸ ਦੇ ਮੋਢੀਆਂ ਦੇ ਨਾਂ ਉਸ ਸਮੇਂ ਦੇ ਸਭਿਆਚਾਰਕ ਮਹਾਂਰਥੀਆਂ ਦੀ ਸੂਚੀ ਪੜ੍ਹਨ ਵਾਂਗ ਹਨ। ਪ੍ਰਿਥਵੀਰਾਜ ਕਪੂਰ, ਰਿਤਵਿਕ ਘਟਕ, ਉਤਪਲ ਦੱਤ, ਬਿਜਨ ਭੱਟਾਚਾਰੀਆ, ਸ਼ੰਭੂ ਮਿੱਤਰਾ, ਤ੍ਰਿਪਤੀ ਮਿੱਤਰਾ, ਸ਼ੋਭਾ ਸੇਨ, ਮਾਨਿਕੁੰਤਲਾ ਸੇਨ, ਬਲਰਾਜ ਸਾਹਨੀ, ਖ਼ਵਾਜਾ ਅਹਿਮਦ ਅੱਬਾਸ, ਸਲਿਲ ਚੌਧਰੀ, ਪੰਡਿਤ ਰਵੀ ਸ਼ੰਕਰ, ਸਫ਼ਦਰ ਮੀਰ, ਗੋਪਾਲ ਹਾਲਦਰ ਅਤੇ ਹੋਰ ਅਨੇਕ ਵੱਡੇ ਐਕਟਰ, ਲੇਖਕ, ਗਾਇਕ, ਸੰਗੀਤਕਾਰ, ਨਿਰਦੇਸ਼ਕ ਇਸ ਸੂਚੀ ਵਿਚ ਸ਼ਾਮਲ ਸਨ।
(ਚਲਦਾ)
Leave a Reply