ਅੰਮ੍ਰਿਤਸਰ: ਅਜਨਾਲਾ ਸਥਿਤ ਕਾਲਿਆਂ ਵਾਲਾ ਖੂਹ ਵਿਚੋਂ ਬਰਾਮਦ ਹੋਈਆਂ ਸ਼ਹੀਦ ਸੈਨਿਕਾਂ ਦੀਆਂ ਅਸਥੀਆਂ ਦੀ ਡੀæਐਨæਏ ਜਾਂਚ ਕਰਵਾਈ ਜਾਵੇਗੀ ਤਾਂ ਜੋ ਇਨ੍ਹਾਂ ਦੀ ਸਰੀਰਕ ਬਣਤਰ ਬਾਰੇ ਜਾਣਕਾਰੀ ਮਿਲ ਸਕੇ । ਭਾਰਤੀ ਪੁਰਾਤਤਵ ਵਿਭਾਗ, ਪੰਜਾਬ ਸਭਿਆਚਾਰਕ ਮਾਮਲੇ ਵਿਭਾਗ ਤੇ ਪੰਜਾਬ ਯੂਨੀਵਰਸਿਟੀ ਤੋਂ ਫੌਰੈਂਸਿਕ ਸਾਇੰਸ ਵਿਭਾਗ ਦੇ ਮਾਹਿਰਾਂ ਦੀ ਇਕ ਟੀਮ ਨੇ ਇਥੋਂ ਦਾ ਦੌਰਾ ਕੀਤਾ ਤੇ ਅਸਥੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੰਜਾਬ ਸਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਐਸ਼ਐਸ ਚੰਨੀ ਨੇ ਦੱਸਿਆ ਕਿ ਅਸਥੀਆਂ ਦੀ ਡੀæਐਨæਏ ਜਾਂਚ ਕਰਵਾਈ ਜਾਵੇਗੀ, ਜਿਸ ਰਾਹੀਂ ਸੈਨਿਕਾਂ ਦੀ ਉਮਰ, ਕੱਦ-ਕਾਠ ਤੇ ਸਰੀਰਕ ਬਣਤਰ ਬਾਰੇ ਪਤਾ ਲਾਇਆ ਜਾਵੇਗਾ। ਇਸ ਬਾਰੇ ਮੁੱਢਲੀ ਜਾਂਚ ਪੰਜਾਬ ਯੂਨੀਵਰਸਿਟੀ ਵਿਖੇ ਮਾਹਰਾਂ ਵੱਲੋਂ ਕੀਤੀ ਜਾਵੇਗੀ ਤੇ ਡੀæਐਨæਏ ਜਾਂਚ ਹੈਦਰਾਬਾਦ ਵਿਖੇ ਹੋਵੇਗੀ।
ਮਿਲੇ ਵੇਰਵਿਆਂ ਮੁਤਾਬਕ ਇਸ ਟੀਮ ਵੱਲੋਂ ਇਹ ਅਸਥੀਆਂ ਪੰਜਾਬ ਸਭਿਆਚਾਰਕ ਮਾਮਲੇ ਵਿਭਾਗ ਨੂੰ ਸੌਂਪੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਸਥੀਆਂ ਦੀ ਸਾਂਭ ਸੰਭਾਲ ਲਈ ਲੋੜੀਂਦਾ ਕੰਮ ਕੀਤਾ ਗਿਆ ਹੈ। ਟੀਮ ਵੱਲੋਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਵਿਚ ਅਸਥੀਆਂ ਨੂੰ ਰੱਖਣ ਤੇ ਜਾਂਚ ਕਰਨ ਵਾਸਤੇ ਲੋੜੀਂਦੀ ਥਾਂ ਮੁਹੱਈਆ ਕਰਵਾਈ ਜਾਵੇ। ਪੰਜਾਬ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾæ ਜਗਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਮੀਦ ਹੈ ਕਿ ਛੇਤੀ ਹੀ ਫੈਸਲਾ ਹੋ ਜਾਵੇਗਾ। ਖੂਹ ਵਿਚੋਂ ਕਾਹਲੀ ਨਾਲ ਅਸਥੀਆਂ ਆਦਿ ਕੱਢੇ ਜਾਣ ਕਾਰਨ ਤਕਨੀਕੀ ਤੌਰ ‘ਤੇ ਇਨ੍ਹਾਂ ਨੂੰ ਨੁਕਸਾਨ ਪੁੱਜਿਆ ਹੈ। ਜੇਕਰ ਵਿਗਿਆਨਕ ਢੰਗ ਨਾਲ ਇਹ ਅਸਥੀਆਂ ਤੇ ਹੋਰ ਸਾਮਾਨ ਬਾਹਰ ਕੱਢਿਆ ਜਾਂਦਾ ਤਾਂ ਇਸ ਤੋਂ ਵਧੇਰੇ ਜਾਣਕਾਰੀ ਪ੍ਰਾਪਤ ਹੋ ਸਕਦੀ ਸੀ। ਉਨ੍ਹਾਂ ਦੱਸਿਆ ਕਿ ਸਭਿਆਚਾਰਕ ਮਾਮਲੇ ਵਿਭਾਗ ਨੇ ਗੁਰਦੁਆਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ ਕੋਲੋਂ ਅਸਥੀਆਂ ਦੇ ਦੋ ਸੰਦੂਕ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿਚ ਸ਼ਹੀਦ ਸੈਨਿਕਾਂ ਦੀਆਂ ਹੱਡੀਆਂ ਤੇ ਦੰਦ ਆਦਿ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਚੰਗੀ ਹਾਲਤ ਵਿਚ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਲਈ ਯਤਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਬਾਕੀ ਅਸਥੀਆਂ ਤੇ ਹੋਰ ਸਾਮਾਨ ਵੀ ਛੇਤੀ ਹੀ ਪ੍ਰਾਪਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਗੁਰਦੁਆਰਾ ਸ਼ਹੀਦਗੰਜ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਤੌਰ ‘ਤੇ ਇਸ ਖੂਹ ਦੀ ਖੁਦਵਾਈ ਕਰਵਾਈ ਗਈ ਸੀ, ਜਿਸ ਵਿਚੋਂ 90 ਖੋਪੜੀਆਂ, 170 ਜਬਾੜੇ ਤੇ ਪੰਜ ਹਜ਼ਾਰ ਤੋਂ ਵੱਧ ਦੰਦ ਤੇ ਹੱਡੀਆਂ ਆਦਿ ਮਿਲੇ ਸਨ। ਇਸ ਤੋਂ ਇਲਾਵਾ ਈਸਟ ਇੰਡੀਆ ਕੰਪਨੀ ਦਾ ਸਿੱਕਾ, ਵਿਕਟੋਰੀਆ ਮੈਡਲ, ਤਿੰਨ ਲਾਕਟ ਤੇ ਕੁਝ ਗਹਿਣੇ ਵੀ ਮਿਲੇ ਸਨ। ਇਹ ਖੁਦਾਈ ਬੀਤੇ ਫਰਵਰੀ ਮਹੀਨੇ ਵਿਚ ਹੋਈ ਸੀ। ਜ਼ਿਕਰਯੋਗ ਹੈ ਕਿ ਅਜਨਾਲਾ ਸਥਿਤ ਕਾਲਿਆਂ ਵਾਲਾ ਖੂਹ ਉਹ ਸਥਾਨ ਹੈ, ਜਿਥੇ 1857 ਦੇ ਗਦਰ ਨਾਲ ਸਬੰਧਤ ਭਾਰਤੀ ਸੈਨਿਕਾਂ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਗੋਲੀਆਂ ਮਾਰ ਕੇ ਮਾਰਨ ਮਗਰੋਂ ਦੱਬ ਦਿੱਤਾ ਗਿਆ ਸੀ। ਗਦਰ ਵੇਲੇ ਲਾਹੌਰ ਦੀ ਮੀਆਂਮੀਰ ਛਾਉਣੀ ਵਿਚੋਂ 500 ਭਾਰਤੀ ਸੈਨਿਕਾਂ ਨੇ ਬਗਾਵਤ ਕੀਤੀ ਸੀ। ਇਹ ਸਾਰੇ ਸੈਨਿਕ ਪੂਰਬੀ ਭਾਰਤੀ ਨਾਲ ਸਬੰਧਤ ਸਨ। ਬਗਾਵਤ ਮਗਰੋਂ ਨਿਹੱਥੇ ਸੈਨਿਕ ਰਾਵੀ ਦਰਿਆ ਦੇ ਨਾਲ-ਨਾਲ ਚੱਲਦੇ ਹੋਏ ਅਜਨਾਲਾ ਤੱਕ ਪੁੱਜ ਗਏ ਸਨ। ਇਨ੍ਹਾਂ ਵਿਚੋਂ 218 ਸੈਨਿਕਾਂ ਨੂੰ ਦਰਿਆ ਤੋਂ ਪਾਰਲੇ ਪਾਸੇ ਪਿੰਡ ਡੱਡੀਆਂ ਸੋਫੀਆਂ ਨੇੜੇ ਮਾਰ ਦਿੱਤਾ ਗਿਆ ਜਦਕਿ ਬਾਕੀਆਂ ਨੂੰ ਗ੍ਰਿਫ਼ਤਾਰ ਕਰਕੇ ਅਜਨਾਲਾ ਵਿਚ ਜੇਲ੍ਹਨੁਮਾ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਗਰਮੀਆਂ ਦੇ ਦਿਨਾਂ ਵਿਚ ਕਈ ਸੈਨਿਕ ਸਾਹ ਘੁਟਣ ਨਾਲ ਮਾਰੇ ਗਏ ਤੇ ਬਾਕੀਆਂ ਨੂੰ ਅਗਲੇ ਦਿਨ ਸਵੇਰੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਨ੍ਹਾਂ ਦੀਆਂ ਲਾਸ਼ਾਂ ਨੂੰ ਇਸ ਖੂਹ ਵਿਚ ਦੱਬ ਦਿਤਾ ਗਿਆ ਸੀ।
Leave a Reply