ਤੇ ਰੋ ਰਹੀ ਸੀ ਮਾਂ ਵੀ

ਕਾਨਾ ਸਿੰਘ ਦੀਆਂ ਲਿਖਤਾਂ ਦਾ ਬਿਰਤਾਂਤ ਕਿਸੇ ਬਾਤ ਤੋਂ ਘੱਟ ਨਹੀਂ ਹੁੰਦਾ। ਲਿਖਤ ਦੇ ਸ਼ੁਰੂ ਵਿਚ ਹੀ ਉਹ ਪਾਠਕ ਨੂੰ ਉਂਗਲ ਫੜਾ ਨਾਲ ਤੋਰ ਲੈਂਦੀ ਹੈ, ਤੇ ਫਿਰ ਪੂਰੀ ਲਿਖਤ ਪੜ੍ਹੇ ਬਗੈਰ ਕੋਈ ਚਾਰਾ ਨਹੀਂ ਬਚਦਾ! “ਤੇ ਰੋ ਰਹੀ ਸੀ ਮਾਂ ਵੀ” ਨਾਂ ਦੇ ਇਸ ਲੇਖ ਵਿਚ ਵੀ ਇਸੇ ਤਰ੍ਹਾਂ ਦੇ ਰੰਗ ਘੁਲੇ ਹੋਏ ਹਨ। ਉਸ ਦੀ ਲਿਖਤ ਵਿਚ ਸਾਧਾਰਨ ਤੋਂ ਸਾਧਾਰਨ ਘਟਨਾ ਵਿਚ ਵੀ ਆਸਾਧਰਨ ਰੰਗ ਭਰਨ ਦੀ ਤਾਕਤ ਹੈ। ਜਾਪਦਾ ਹੈ, ਉਹ ਪਾਠਕ ਨੂੰ ਸਹਿਜੇ-ਸਹਿਜੇ ਕਿਸੇ ਪਹਾੜੀ ਰਾਸਤੇ ਉਤੇ ਲਈ ਤੁਰੀ ਜਾਂਦੀ ਹੈ, ਪਾਠਕ ਨੂੰ ਟੀਸੀ ‘ਤੇ ਪੁੱਜ ਕੇ ਪਤਾ ਲੱਗਦਾ ਹੈ ਕਿ ਉਹ ਕਿਥੋਂ ਕਿਥੇ ਅੱਪੜ ਗਿਆ ਹੈ। ਉਥੇ ਹੀ ਫਿਰ ਲੇਖ ਦਾ ਸਿਖਰ ਹੁੰਦਾ ਹੈ। ਇਸ ਲੇਖ ਦਾ ਅੰਤ ਇਸੇ ਤਰ੍ਹਾਂ ਦੀ ਸਿਖਰ ਹੈ। -ਸੰਪਾਦਕ

ਕਾਨਾ ਸਿੰਘ
ਫੋਨ: 91-95019-44944
ਕੌਣ ਕਹਿੰਦਾ ਹੈ ਕਿ ਜਿਹੜੇ ਗੱਜਦੇ ਹਨ, ਉਹ ਵੱਸਦੇ ਨਹੀਂ, ਤੇ ਜਿਹੜੇ ਭੌਂਕਦੇ ਹਨ, ਉਹ ਵੱਢਦੇ ਨਹੀਂ?æææ ਉਹ ਭੌਂਕਦਾ-ਭੌਂਕਦਾ ਹੀ ਆਇਆ ਸੀ ਸਾਹਮਣੇ ਪਾਸਿਉਂ, ਤੇ ਬਿਨਾਂ ਕਿਸੇ ਕਾਰਨ ਮੈਨੂੰ ਜੰਘ ‘ਤੇ ਵੱਢ ਕੇ ਦੌੜ ਗਿਆ।
ਮਸਾਂ ਪੰਜ ਸੱਤ ਵਰ੍ਹਿਆਂ ਦੀ ਹੀ ਹੋਵਾਂਗੀ। ਖੇਡ-ਖੇਡ ਵਿਚ ਦੌੜ ਦਾ ਮੁਕਾਬਲਾ। ਪੂਰੇ ਦਰਜਨ ਬਾਲਕ, ਤੇ ਇਕੋ ਥਾਂ ਤੋਂ ਸ਼ੁਰੂ। ਨਵੇਂ ਮੁਹੱਲੇ ਦੀ ਪੁਰਾਣੀ ਗਲੀ ਵਿਚੋਂ ਦੌੜਦੀ ਨੂੰ ਉਸ ਅਚਾਨਕ ਹੀ ਆਣ ਵੱਢਿਆ ਸੀ। ਮਾਂ ਨੇ ਤਾਂਬੇ ਦੇ ਪੈਸੇ ਉਪਰ ਸੁਰਮਾ ਪਾ ਕੇ ਜ਼ਖ਼ਮ ਉਪਰ ਪੱਟੀ ਬੰਨ੍ਹ ਦਿੱਤੀ ਸੀ। ਉਦੋਂ ਰੁਪਏ ਦੇ ਸੋਲ੍ਹਾਂ ਆਨੇ ਹੁੰਦੇ ਸਨ ਤੇ ਚੌਂਠ ਪੈਸੇ। ਪੈਸੇ ਦਾ ਆਕਾਰ ਅੱਜ ਦੇ ਰੁਪਏ ਤੋਂ ਵੀ ਵੱਡਾ ਹੁੰਦਾ ਸੀ। ਮੋਰੀ ਵਾਲਾ ਪੈਸਾ ਵੀ ਉਸ ਤੋਂ ਕੁਝ ਸਾਲ ਬਾਅਦ ਵਿਚ ਪ੍ਰਚਲਿਤ ਹੋਇਆ ਸੀ। ਮੈਨੂੰ ਕੋਈ ਟੀਕੇ-ਟਾਕੇ ਨਹੀਂ ਸਨ ਲਵਾਏ ਗਏ। ਬੱਸ ਇਹੋ ਜਿਹੇ ਘਰੋਗੀ ਓੜ੍ਹ-ਤੋੜ੍ਹ ਹੀ ਕਾਫ਼ੀ ਹੁੰਦੇ ਸਨ ਉਦੋਂ।
ਉਸ ਮੈਨੂੰ ਕਿਉਂ ਵੱਢਿਆ, ਤੇ ਫਿਰ ਮੈਨੂੰ ਹੀ ਕਿਉਂ ਵੱਢਿਆ ਸੀ? ਸੋਚ-ਸੋਚ ਕੇ ਮੈਂ ਪ੍ਰੇਸ਼ਾਨ ਹੁੰਦੀ। ਬਾਅਦ ਵਿਚ ਸਕੂਲ ਦੀ ਪਾਠ-ਪੁਸਤਕ ਵਿਚ ਕਹਾਣੀ ਪੜ੍ਹੀ- ਲੇਲੇ ਤੇ ਬਘਿਆੜ ਦੀæææ Ḕਦ ਵੁਲਫ਼ ਐਂਡ ਦੀ ਲੈਂਬ।Ḕ ਭੇੜੀਏ ਨੇ ਲੇਲੇ ਨੂੰ ਖਾਣਾ ਸੀ, ਤੇ ਖਾ ਗਿਆ ਪਰ ਉਸ ਖਾਣ ਦੇ ਪੱਜ ਤਾਂ ਪਾਏ। ਅਖੇ, ਤੂੰ ਮੇਰਾ ਪਾਣੀ ਜੂਠਾ ਕਰ ਰਿਹੈਂæææ ਤੂੰ ਮੈਨੂੰ ਪਿਛਲੇ ਸਾਲ ਗਾਲ ਕੱਢੀ ਸੀæææ ਅੱਛਾ ਜੇ ਤੂੰ ਉਦੋਂ ਨਹੀਂ ਸੀ ਜੰਮਿਆ, ਤਾਂ ਫਿਰ ਤੇਰਾ ਕੋਈ ਪਿਉ-ਦਾਦਾ ਹੋਵੇਗਾ, ਵਗੈਰਾ ਵਗੈਰਾ! ਪਰ ਉਸ ਜ਼ਾਲਮ ਕੁੱਤੇ ਨੇ ਤਾਂ ਬਿਨਾਂ ਕਿਸੇ ਪੱਜ ਦੇ ਹੀ ਮੈਨੂੰ ਵਲੂੰਧਰ ਕੇ ਹਮੇਸ਼ਾਂ ਲਈ ਹੈਰਾਨ ਕਰ ਦਿੱਤਾ ਸੀ। ਅੱਖ ਪਲਕਾਰੇ ਵਿਚ ਹੀ।
ਉਹ ਕੁੱਤਾ ਸੀ ਭੌਂਕਣਹਾਰ, ਤੇ ਇਸ ਲਈ ਉਸ ਦੀ ਜਾਤ ਦੇ ਕਿਸੇ ਵੀ ਜੀਵ ਨਾਲ ਮੇਰੀ ਅੰਤਾਂ ਦੀ ਨਫਰਤ ਹੋ ਜਾਣੀ ਕੁਦਰਤੀ ਸੀ। ਭੈਅ ਤੋਂ ਉਪਜੀ ਘੋਰ ਘ੍ਰਿਣਾ! ਉਸ ਤੋਂ ਬਾਅਦ ਗਲੀ-ਮੁਹੱਲੇ ਵਿਚ ਜੇ ਦੂਰੋਂ ਕਿਤੋਂ ਵੀ ਮੈਨੂੰ ਕੋਈ ਕੁੱਤਾ ਨਜ਼ਰ ਆ ਜਾਂਦਾ ਤਾਂ ਮੈਂ ਰਸਤਾ ਵਲਾਅ ਕੇ ਲੰਘਦੀ। ਕੁੱਤੇ ਦੀ ਭੌਂਕ ਹੀ ਕਾਫੀ ਸੀ ਮੇਰੇ ਪਸੀਨੇ ਛੁਟਾਉਣ ਲਈ। ਵਕਤ ਦੇ ਨਾਲ-ਨਾਲ ਕੁੱਤਿਆਂ ਪ੍ਰਤੀ ਮੇਰੀ ਨਫਰਤ ਵੀ ਜੁਆਨ ਹੁੰਦੀ ਗਈ।
ਬਾਈ-ਤੇਈ ਵਰ੍ਹਿਆਂ ਦੀ ਹੋਵਾਂਗੀ ਜਦੋਂ ਵਾਯੂ ਸੈਨਿਕ, ਭਗਤ ਵੀਰ ਆਪਣੀ ਅੰਡੇਮਾਨ ਤੇ ਨਿਕੋਬਾਰ ਦੀ ਬਦਲੀ ਦੌਰਾਨ ਛੁੱਟੀ ਉਤੇ ਦਿੱਲੀ ਆਇਆ, ਤੇ ਨਾਲ ਹੀ ਲੈ ਆਇਆ ਆਪਣੀ ਪਾਲੀ ਹੋਈ ਕਤੂਰੀ ਵੀ। ਜੋਤੀ ਸੀ ਉਸ ਦਾ ਨਾਂ। ਕੁਝ ਹੀ ਦਿਨਾਂ ਵਿਚ ਜੋਤੀ ਸਾਰੇ ਪਰਿਵਾਰ ਦੀ ਚਹੇਤੀ ਬਣ ਗਈ। ਜੇ ਵੈਰ ਸੀ ਉਸ ਦਾ ਤਾਂ ਸਿਰਫ਼ ਮੇਰੇ ਨਾਲ। ਘੜੇ ਵੱਟੇ ਦਾ ਵੈਰ! ਨੌਕਰੀਉਂ ਆਉਂਦੀ ਤਾਂ ਭੌਂਕਦੀ, ਯੂਨੀਵਰਸਿਟੀ ਤੋਂ ਆਉਂਦੀ ਤਾਂ ਭੌਂਕਦੀ। ਸੜ ਬਲ ਜਾਂਦੀ ਮੈਂ। ਜੋਤੀ ਨੂੰ ਗੁੱਸਾ ਚੜ੍ਹਦਾ ਕਿ ਮੈਂ ਹੋਰਨਾਂ ਵਾਂਗ ਉਸ ਦੇ ਨੇੜੇ ਢੁੱਕ ਕੇ ਉਸ ਨੂੰ ਕਿਉਂ ਨਹੀਂ ਪੁਚਕਾਰਦੀ; ਤੇ ਮੈਨੂੰ ਕੌਫਤ ਆਉਂਦੀ ਉਸ ਦੇ ਕੁੱਤੇਪਣ ਤੋਂ। ਉਹ ਕੁੱਤੀ ਸੀ, ਤੇ ਉਹ ਵੀ ਖੂੰਖ਼ਾਰ ਅਲਸੇਸ਼ੀਅਨ।
ਜੇ ਨਿੱਕੀ ਪੋਮਰੇਨੀਅਨ, ਖਰਗੋਸ਼ ਵਰਗੀ ਰੇਸ਼ਮੀ ਪਿਸਤੀ ਜਿਹੀ ਹੁੰਦੀ ਤਾਂ ਵੀ ਸ਼ਾਇਦ ਮੇਰੇ ਮਨ ਵਿਚ ਉਸ ਲਈ ਕੁਝ ਨਰਮੀ ਆ ਜਾਂਦੀ ਪਰ ਉਹ ਤਾਂ ਜਿਤਨਾ ਭੌਂਕਦੀ, ਉਤਨਾ ਹੀ ਮੈਨੂੰ ਯਾਦ ਆਉਂਦਾ ਉਸ ਦੀ ਕਿਸਮ ਦਾ ਉਹ ਜੀਵ, ਉਸ ਦਾ ਕੋਈ ਪੂਰਵਜ ਜੋ ਮੈਂ ਨਿਰਦੋਸ਼ ਦੀ ਲੱਤ ਉਤੇ ਸਦਾ ਲਈ ਨਿਸ਼ਾਨ ਛੱਡ ਗਿਆ ਸੀ।
#
‘ਉਹ ਤੇਰੇ ਲਾਡੇ ਕੀ ਤਰਸਨੀ ਐ, ਜ਼ਰਾ ਕੋਲ ਜਾ ਕੇ ਪਿਆਰ ਕਰੇਂ ਸੁ ਤਾਂ ਆਪੇ ਹੀ ਠੰਢਿਆਰ ਪੈ ਜਾਵੇ ਸੁ।’ ਮਾਂ ਆਖਦੀ। ਉਂਜ ਵੀ ਮਾਂ ਨੂੰ ਕੁੱਤਿਆਂ ਨਾਲ ਬੜਾ ਮੋਹ ਸੀ।
‘ਕੁੱਤਾ ਤੈ ਸਬਰ-ਸੰਤੋਖੀ ਜੀਵ ਹੋਨਾ ਵੈ, ਬੇਜ਼ੁਬਾਨ ਦਰਵੇਸ਼।’ ਮਾਂ ਕਹਿੰਦੀ ਹੁੰਦੀ ਸੀ।
ਰੋਜ਼ਾਨਾ ਜ਼ਿੰਦਗੀ ਵਿਚ ਗਲੀ-ਮੁਹੱਲੇ ਦੇ ਕੁੱਤਿਆਂ ਤੋਂ ਇਲਾਵਾ ਮਾਂ ਮਈ-ਜੂਨ ਦੀ ਭੱਠ ਗਰਮੀ ਦੇ ਮਹੀਨਿਆਂ ਵਿਚ ਰੋਟੀਆਂ ਦਾ ਟੋਕਰਾ ਤੇ ਪਾਣੀ ਦੀ ਗਾਗਰ ਸਾਡੇ ਘਰੋਗੀ ਕੰਮਾਂ ਦੇ ਸਹਾਇਕ, ਮਜਨੂੰ ਦੇ ਸਿਰ ‘ਤੇ ਚੁਕਾਈ ਦੂਰ-ਦੂਰ ਢੱਕੀਆਂ ਤੇ ਕੱਸੀਆਂ ਵਿਚ ਰਹਿੰਦੇ, ਭੁੱਖ ਤੇ ਤ੍ਰੇਹ ਨਾਲ ਹੌਂਕਦੇ-ਹਫਦੇ ਕੁੱਤਿਆਂ ਨੂੰ ਤ੍ਰਿਪਤਾਣ ਤੁਰ ਪੈਂਦੀ, ਪਰ ਮੇਰਾ ਕਠੋਰ ਮਨ ਕਦੇ ਤੇ ਕਿਸੇ ਵੀ ਕੁੱਤੇ ਲਈ ਨਾ ਪਸੀਜਦਾ। ਤੇ ਨਾ ਹੀ ਜੋਤੀ ਲਈ। ਨਾ ਮੈਂ ਜੋਤੀ ਦੇ ਨੇੜੇ ਫਟਕਦੀ ਤੇ ਨਾ ਉਹ ਮੈਨੂੰ ਭੌਂਕਣਾ ਬੰਦ ਕਰਦੀ।
ਸਾਡੀ ਨਫਰਤ ਦਾ ਕਾਰਨ ਦੁਵੱਲੀ ਹਉਮੈ ਵੀ ਸੀ। ਮੈਂ ਲਾਡਲੀ ਸਾਂ ਸਭ ਦੀ, ਤੇ ਜੋਤੀ ਮੇਰੇ ਲਈ ਰਾਖਵੀਂ ਤਵੱਜੋ ਆਪਣੇ ਵੱਲ ਖਿੱਚ ਰਹੀ ਸੀ। ਉਹ ਮੈਥੋਂ ਮੇਰਾ ਹੱਕ ਖੋਹ ਰਹੀ ਸੀ ਤੇ ਉਹ ਵੀ ਇਨਸਾਨ ਨਹੀਂ ਬਲਕਿ ਕੁੱਤੀ ਹੋ ਕੇ। ਜੇ ਜੋਤੀ ਆਪਣੇ ਮੂੰਹ ਨੂੰ ਠੱਪੀ ਲਾਂਦੀ, ਭੌਂਕ-ਭੌਂਕ ਕੇ ਕੰਨ ਨਾ ਖਾਂਦੀ, ਕਲੇਜਾ ਨਾ ਕੱਢਦੀ ਤਾਂ ਸ਼ਾਇਦ ਪਿਆਰ ਨਹੀਂ ਤਾਂ ਮੈਂ ਉਸ ਨੂੰ ਘੱਟੋ-ਘੱਟ ਬਰਦਾਸ਼ਤ ਤਾਂ ਕਰ ਹੀ ਲੈਂਦੀ, ਪਰ ਉਹ ਭੈੜ-ਭੜੱਥੀ ਤਾਂ ਭੌਂਕਦੀ ਹੀ ਰਹਿੰਦੀ। ਲਗਾਤਾਰ। ਮੈਨੂੰ ਸ਼ਿਸ਼ਤ ਲਾ ਕੇ। ਰੁਦਨ, ਘ੍ਰਿਣਾ ਤੇ ਵਿਦਰੋਹ ਨਾਲ ਬਿਫਰੀ ਹੋਈ ਸ਼ੇਰਨੀ ਜਿਹੀ, ਕਿਸ ਵੇਲੇ ਸੰਗਲੀ ਤੁੜਾ ਕੇ ਮੇਰੇ ਉਤੇ ਹਮਲਾ ਕਰ ਦਏਗੀ, ਮੈਨੂੰ ਬੋਟੀਓ-ਬੋਟੀ ਵੇਤਰ ਜਾਏਗੀ, ਇਸ ਆਤੰਕ ਨਾਲ ਸਹਿਮੀ ਘਬਰਾਈ, ‘ਭੌਂਕ ਕੁੱਤੀਏ ਭੌਂਕ, ਮੌਤ ਪਵੀ, ਬੇੜਾ ਗਰਕ ਹੋਵੀ, ਕਿਸੇ ਨੀ ਆਈ ਤੂੰ ਮਰੇਂ ਕੰਬਖ਼ਤੇ।’æææ ਮਨ ਹੀ ਮਨ ਬੁੜਬੁੜਾਂਦੀ, ਕਚੀਚੀਆਂ ਵੱਟਦੀ ਮੈਂ ਜੋਤੀ ਨੂੰ ਸੌ-ਸੌ ਗਾਲ੍ਹਾਂ ਕੱਢਦੀ। ਭਗਤ ਵੀਰ ‘ਤੇ ਵੀ ਡਾਢਾ ਗੁੱਸਾ ਆਉਂਦਾ ਜੋ ਆਫ਼ਤ ਦੀ ਇਸ ਪੰਡ ਨੂੰ ਘਰ ਛੱਡ ਗਿਆ ਸੀ।
ਜੋਤੀ ਨੂੰ ਵੱਡੀ ਤਕਲੀਫ ਇਹ ਸੀ ਕਿ ਜਦ ਤਕ ਮੈਂ ਘਰ ਹੋਵਾਂ, ਉਸ ਨੂੰ ਸੰਗਲੀ ਨਾਲ ਨੂੜੇ ਰਹਿਣਾ ਪੈਂਦਾ ਸੀ। ਮੈਂ ਸਵੇਰੇ ਨਵੀਨ ਸ਼ਾਹਦਰੇ ਦੇ ਸਕੂਲ ਪੜ੍ਹਾਉਣ ਜਾਂਦੀ ਸਾਂ, ਤੇ ਸ਼ਾਮੀ ਦਿੱਲੀ ਯੂਨੀਵਰਸਿਟੀ ਵਿਚ ਐਮæਏæ ਦੀ ਪੜ੍ਹਾਈ ਕਰਨ। ਵਿਚਕਾਰਲੇ ਦੋ-ਚਾਰ ਘੰਟੇ ਹੀ ਘਰ ਵਿਚ ਰਹਿਣ ਤੇ ਪੜ੍ਹਨ ਨੂੰ ਮਿਲਣ, ਤੇ ਉਹ ਵੀ ਜੋਤੀ ਨੂੰ ਬਰਦਾਸ਼ਤ ਨਾ ਹੋਣ, ਤੇ ਉਹ ਭੌਂਕ-ਭੌਂਕ ਕੇ ਘਰ ਦੀ ਸ਼ਾਂਤੀ ਵਿਚ ਵਿਘਨ ਪਾਏ, ਇਹ ਮੈਨੂੰ ਕਦੇ ਵੀ ਗਵਾਰਾ ਨਹੀਂ ਸੀ ਹੋ ਸਕਦਾ।
ਇਕ ਅੱਧ ਸਾਲ ਵਿਚ ਹੀ ਮੈਂ ਜੀਵਨ ਬੀਮਾ ਨਿਗਮ ਦੀ ਨੌਕਰੀ ਦੇ ਪ੍ਰਸੰਗ ਵਿਚ ਮੁੰਬਈ ਚਲੀ ਗਈ, ਤੇ ਫਿਰ ਉਥੇ ਝੱਟ ਮੰਗਣੀ ਤੇ ਪੱਟ ਵਿਆਹ।
#
ਸ਼ਾਦੀ ਮਗਰੋਂ ਜਦੋਂ ਵੀ ਮੈਂ ਪੇਕੇ ਆਉਂਦੀ, ਜੋਤੀ ਨੂੰ ਕਦੇ ਕੋਠੇ ਉਤੇ ਅਤੇ ਕਦੇ ਪਿਛਲੇ ਵਿਹੜੇ ਵਿਚ ਬੰਨ੍ਹ ਦਿੱਤਾ ਜਾਂਦਾ। ਉਹ ਭੌਂਕ-ਭੌਂਕ ਕੇ ਸਾਰਾ ਮੁਹੱਲਾ ਸਿਰ ‘ਤੇ ਚੁੱਕ ਲੈਂਦੀ, ਪਰ ਜੇ ਕੋਈ ਨਵੀਂ ਵਿਆਹੀ ਧੀ ਪੇਕੇ ਆਈ ਹੋਵੇ, ਉਹ ਵੀ ਕੁਝ ਦਿਨਾਂ ਲਈ, ਤਾਂ ਕਿਸੇ ਵੀ ਜੋਤੀ ਦੀ ਕਦਰ ਉਸ ਤੋਂ ਵੱਧ ਨਹੀਂ ਹੋ ਸਕਦੀ। ਉਸ ਨੂੰ ਆਪਣਾ ਦੂਜਾ ਦਰਜਾ ਪ੍ਰਵਾਨ ਕਰਨਾ ਹੀ ਪੈਣਾ ਸੀ। ਉਸ ਦੇ ਲਈ ਭੌਂਕਦੇ ਰਹਿਣ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਸੀ। ਆਂਢ-ਗੁਆਂਢ ਦੀ ਸ਼ਾਂਤੀ ਭੰਗ ਹੋਣ ਕਾਰਨ ਸਾਡਾ ਦੁਵੱਲਾ ਵੈਰ ਖਾਸੀ ਰੌਚਕ ਚਰਚਾ ਦਾ ਵਿਸ਼ਾ ਹੁੰਦਾ।
#
ਪਹਿਲਾ ਜਣੇਪਾ ਕੱਟਣ ਮੈਨੂੰ ਪੇਕੇ ਆਉਣਾ ਪਿਆ। ਹਸਪਤਾਲੋਂ ਲਿਆ ਕੇ ਮੈਨੂੰ ਪਿਛਲੇ ਤੋਂ ਵੀ ਪਿਛਲੇਰੇ ਕਮਰੇ ਵਿਚ ਟਿਕਾਇਆ ਗਿਆ, ਤਾਂ ਜੁ ਜੋਤੀ ਮੇਰੀ ਨਜ਼ਰ ਤੋਂ ਓਹਲੇ ਹੀ ਰਹੇ ਪਰ ਮਾਂ-ਭਾਬੀਆਂ ਅਤੇ ਸਾਕ ਸਬੰਧੀਆਂ ਦੀ ਮੇਰੇ ਕਮਰੇ ਵਿਚ ਲਗਾਤਾਰ ਆਵਾਜਾਈ ਕਾਰਨ ਉਹ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੀ ਤੇ ਲਗਾਤਾਰ ਭੌਂਕਦੀ।
‘ਹਾਇ ਮੇਰਾ ਬੱਚਾ ਡਰ ਜਾਸੀ, ਕਿਧਰੇ ਉਸ ਵਿਚ ਕੋਈ ਵਕਾਰ ਹੀ ਨਾ ਪੈ ਜਾਵੈ।’ ਮੈਂ ਘਬਰਾਂਦੀ।
‘ਭਾਵੇਂ ਕੋਈ ਕਿਤਨੇ ਢੋਲ ਪਿਆ ਖੜਕਾਵੈ, ਸੂਤਕੇ ਨੇ ਬੱਚੇ ਕੀ ਕੁਝ ਨਹੀਂ ਹੋਨਾ। ਨਾ ਉਹ ਸੁਣਨਾ ਵੈ ਤੈ ਨ੍ਹਾ ਹੀ ਘਬਰਾਨੇ ਵੈ।’ ਮਾਂ ਸ਼ਿਸ਼ੂ ਸੰਨੀ ਦੇ ਕੰਨਾਂ ਕੋਲ ਗਲਾਸੀ ਵਿਚ ਚਮਚਾ ਪਾ ਕੇ ਖੜਕਾਂਦੀ ਹੋਈ ‘ਪ੍ਰਤੱਖ ਕੀ ਪ੍ਰਮਾਣ ਕੇ ਆਖੇ’ ਕਹਿ ਕਹਿ ਕੇ ਮੈਨੂੰ ਦੱਸਦੀ ਤੇ ਸਮਝਾਂਦੀ।
‘ਜੇ ਕਿਧਰੇ ਸੰਗਲੀ ਤੁੜਾਅ ਕੇ ਜੋਤੀ ਮੇਰੇ ਸੁੱਤੇ ਪਏ ਬਾਲਕੇ ਕੀ ਵੇਤਰ ਛੋੜੇ ਤਾਂ?’ ਮੈਂ ਡਰ ਕਾਰਨ ਸੰਨੀ ਨੂੰ ਆਪਣੇ ਬਿਸਤਰੇ ਕੋਲ ਪਏ ਪੰਘੂੜੇ ਵਿਚ ਨਾ ਪਾਂਦੀ, ਸਗੋਂ ਆਪਣੇ ਨਾਲ ਮੰਜੇ ਉਤੇ, ਤੇ ਉਹ ਵੀ ਕੰਧ ਵਾਲੇ ਪਾਸੇ ਪਾ ਕੇ ਅੱਗੇ ਆਪ ਲੇਟਦੀ।æææ ਹਰ ਵੇਲੇ ਜੋਤੀ ਦਾ ਖ਼ੌਫ!
#
ਧਮਾਣ ਮਗਰੋਂ ਫਰਵਰੀ ਦੀ ਨਿੱਘੀ ਧੁੱਪ ਵਿਚ ਦੁਪਹਿਰ ਵੇਲੇ ਮਾਂ ਸੰਨੀ ਨੂੰ ਧੁੱਪੇ ਪਾ ਕੇ ਮਾਲਸ਼ ਕਰਨਾ ਚਾਹੁੰਦੀ, ਪਰ ਜੋਤੀ ਮੇਰੇ ਬੱਚੇ ਨੂੰ ਤੱਕ-ਤੱਕ ਕੇ ਘੂਰੇ ਤੇ ਭੌਂਕੇ, ਇਹ ਮੈਂ ਕਿਵੇਂ ਬਰਦਾਸ਼ਤ ਕਰ ਸਕਦੀ ਸਾਂ। ਜੋਤੀ ਤੋਂ ਓਹਲੇ ਆਪਣੇ ਕਮਰੇ ਵਿਚ ਹੀ ਮੈਂ ਸਾਰਾ ਵਿਅੰਮ ਕੱਟਿਆ। ਸੰਨੀ ਸੁਸਤ ਰਹਿੰਦਾ ਸੀ। ਖੂਨ ਦੀ ਕਮੀ ਕਾਰਨ ਪੀਲਾ ਭੂਕ, ਕਮਜ਼ੋਰ। ਮਹੀਨੇ ਦੇ ਅੰਦਰ-ਅੰਦਰ ਹੀ ਉਸ ਨੂੰ ਬੁਖ਼ਾਰ ਹੋਣ ਲੱਗ ਪਿਆ।
‘ਇਹ ਜ਼ਰੂਰ ਜੋਤੀ ਨੇ ਸਾੜੇ ਨਾ ਹੀ ਫਲ ਹੈ। ਜੇ ਹੋਰ ਕੁਝ ਦੇਰ ਹਿੱਥੇ ਰਹੀ ਤਾਂ ਸੰਨੀ ਨੇ ਨਹੀਂ ਬਚਣਾ।’ ਜੋਤੀ ਦੀ ਨਫ਼ਰਤ ਕਾਰਨ ਮੈਨੂੰ ਅਜਿਹਾ ਵਹਿਮ ਪਿਆ ਕਿ ਅਠੱਤੀ ਦਿਨਾਂ ਦਾ ਹੀ ਬਿਮਾਰ ਬਾਲਕ ਗੋਦ ਲੈ ਕੇ ਮੈਂ ਹਵਾਈ ਜਹਾਜ਼ ਚੜ੍ਹ ਗਈ, ਮੁੰਬਈ ਲਈ। ਮਾਂ ਉਸ ਘੜੀ ਲਈ ਪਛਤਾਂਦੀ ਜਦੋਂ ਉਸ ਜੋਤੀ ਨੂੰ ਕਬੂਲ ਕੀਤਾ ਸੀ।
‘ਜੇ ਪਹਿਲੇ ਪਤਾ ਹੋਨਾ ਤਾਂ ਕਿਸੇ ਕੀ ਦੇ ਹੀ ਛੋੜਨੇ, ਆਪ ਨਾ ਪਾਲਨੇ ਜੋਤੀ ਆਂ। ਹੁਣ ਕੇ ਕਰੀਏ? ਘਰੇ ਨਾ ਜੀਅ ਹੈ, ਕਿਹੜੇ ਫਾਹੇ ਲਾਈਏ ਸ਼ੋਹਦੀ ਆਂ।’ ਮਾਂ ਹੱਥ ਮਲਦੀ।
#
ਸੰਨੀ ਚਾਰ ਬਸੰਤਾਂ ਪਾਰ ਕਰ ਚੁੱਕਾ ਸੀ ਤੇ ਦੀਪੀ ਇਕ, ਜਦੋਂ ਮੇਰੇ ਦਿੱਲੀ ਦੌਰਾਨ ਜੋਤੀ ਗਰਭਵਤੀ ਸੀ। ਸ਼ਾਇਦ ਇਹ ਉਹਦੀ ਤੀਜੀ ਸੂ ਸੀ।
ਹੁਣ ਮੇਰੇ ਮਾਪੇ ਸ਼ਾਹਦਰੇ ਦਾ ਮਕਾਨ ਵੇਚ-ਵੱਟ ਕੇ ਜੰਗਪੁਰੇ ਆ ਟਿਕੇ ਸਨ। ਇਸ ਮਕਾਨ ਦੀ ਉਪਰਲੀ ਮੰਜ਼ਿਲ ਉਤੇ ਉਹ ਆਪ ਰਹਿੰਦੇ ਸਨ। ਇਕੋ ਤੇ ਇਕਹਿਰਾ ਛੱਤ ਹੋਣ ਕਾਰਨ ਇਥੇ ਜੋਤੀ ਨੂੰ ਤੇ ਮੈਨੂੰ ਇਕ-ਦੂਜੇ ਨੂੰ ਆਹਵੇਂ-ਸਾਹਵੇਂ ਬਰਦਾਸ਼ਤ ਕਰਨ ਬਗੈਰ ਹੋਰ ਕੋਈ ਚਾਰਾ ਨਹੀਂ ਸੀ। ਜੋਤੀ ਜ਼ਿਆਦਾ ਕਰ ਕੇ ਪੌੜੀਆਂ ਵਿਚਲੇ ਖੁੱਡੇ ਵਿਚ ਹੀ ਸੁਸਤਾਂਦੀ, ਤੇ ਜਾਂ ਫਿਰ ਮਈ-ਜੂਨ ਦੀ ਤਪਸ਼ ਤੋਂ ਘਾਬਰ ਕੇ ਬੈਠਕ ਦੇ ਦੀਵਾਨ ਕੋਲ ਪੱਖੇ ਹੇਠਾਂ ਆ ਪੈਂਦੀ।
ਪੂਰੇ ਸੂਰੇ ਦਿਨ। ਡਾਢਾ ਔਖਾ ਤੁਰਦੀ ਜੋਤੀ ਤੇ ਖਾਂਦੀ ਵੀ ਵੱਧ ਘੱਟ ਹੀ। ਔਖੇ ਸਾਹ ਲੈਂਦੀ, ਨਿਸੱਤੀ ਜਿਹੀ ਜੋਤੀ ਦੀਆਂ ਵੱਖੀਆਂ ਵੱਲ ਜਦੋਂ ਮੈਂ ਤੱਕਦੀ ਤਾਂ ਮੈਨੂੰ ਦੋਹਾਂ ਬੱਚਿਆਂ ਦੇ ਗਰਭਕਾਲ ਦੌਰਾਨ ਆਪਣੀ ਅਜਿਹੀ ਹਾਲਤ ਚੇਤੇ ਹੋ ਆਉਂਦੀ। ਨਿੱਕਾ ਵਜੂਦ ਤੇ ਵੱਡਾ ਪੇਟ, ਪੂਰੇ ਨੌਂ ਮਹੀਨੇ ਮੈਨੂੰ ਕੁਝ ਨਾ ਪਚਦਾ।
ਜੋਤੀ ਲਈ ਮੇਰੀ ਨਫ਼ਰਤ ਕੁਝ-ਕੁਝ ਹਮਦਰਦੀ ਦਾ ਰੰਗ ਪਕੜਨ ਲੱਗੀ। ਹੁਣ ਜੋਤੀ ਵੀ ਮੇਰੇ ਉਤੇ ਪਹਿਲਾਂ ਵਰਗੀ ਕੁਰੱਖਤੀ ਨਾਲ ਨਹੀਂ ਸੀ ਭੌਂਕਦੀ, ਫਿਰ ਵੀ ਉਸ ਦੀਆਂ ਅੱਖਾਂ ਵਿਚ ਸਿੱਧਾ ਤੱਕਣ ਜਾਂ ਉਸ ਦੇ ਨੇੜੇ ਫਟਕਣ ਦੀ ਹਿੰਮਤ ਮੈਨੂੰ ਅਜੇ ਵੀ ਨਹੀਂ ਸੀ ਹੋ ਰਹੀ।
ਪਿਛਲੇ ਚੰਦ ਸਾਲਾਂ ਵਿਚ ਵਿਆਹੇ-ਵਰੇ ਭਰਾਵਾਂ ਨੇ ਆਪੋ-ਆਪਣੇ ਵੱਖਰੇ ਘਰ ਵਸਾ ਲਏ ਸਨ। ਨਿੱਕਾ ਕੁਆਰਾ ਵੀਰ ਤੇ ਪਿਤਾ ਜੀ ਦਿਨ ਚੜ੍ਹੇ ਹੀ ਪਟਰੋਲ ਪੰਪ ਦਾ ਕਾਰੋਬਾਰ ਸੰਭਾਲਣ ਤੁਰ ਪੈਂਦੇ। ਪਿੱਛੇ ਘਰ ਵਿਚ ਅਕਸਰ ਬਿਮਾਰ ਰਹਿੰਦੀ ਮਾਂ ਦੀ ਇਕਮਾਤਰ ਸੰਗਣ ਜੋਤੀ ਹੀ ਸੀ।
ਇਕਲਾਪੇ ਦੀ ਮਾਰੀ ਨੂੰ ਮੇਰੇ ਬੱਚਿਆਂ ਦੀ ਰੌਣਕ ਖੁਸ਼ਗਵਾਰ ਲੱਗੀ ਹੋਵੇਗੀ, ਸ਼ਾਇਦ ਇਸੇ ਕਰ ਕੇ ਜਾਂ ਮਾਤਰਤਾ ਦੇ ਅਨੁਭਵ ਕਰ ਕੇ ਹੀ ਸਹੀ, ਜੋਤੀ ਦੇ ਸੁਭਾਅ ਵਿਚ ਕੁਝ ਨਰਮੀ ਮੈਂ ਪ੍ਰਤੱਖ ਵੇਖ ਰਹੀ ਸਾਂ। ਸੰਨੀ ਉਸ ਦੀ ਪੂਛ ਨਾਲ ਖੇਡਦਾ, ਉਸ ਦੇ ਕੰਨ ਖਿੱਚਦਾ ਬਥੇਰਾ ਖਰਵਾ ਪਿਆਰ ਵੀ ਕਰ ਲੈਂਦਾ, ਪਰ ਉਹ ਉਸ ਅੱਗੇ ਰਤਾ ਨਾ ਕੁਸਕਦੀ ਸਗੋਂ ਮੇਮਣੀ ਜਿਹੀ ਬਣੀ ਨਿਸੱਲ ਪਈ ਰਹਿੰਦੀ। ਜੇ ਸੰਨੀ ਬਾਹਲਾ ਹੀ ਅੱਥਰਾ ਹੋ ਜਾਂਦਾ ਤਾਂ ਜੋਤੀ ਦੀ ਮਾੜੀ ਜਿਹੀ ਘੁਰਕੀ ਤੋਂ ਵੀ ਮੈਂ ਡਰ ਜਾਂਦੀ।
ਜਾਨਵਰ ਦਾ ਤੇ ਉਹ ਵੀ ਕੁੱਤੇ ਦਾ ਕੀ ਭਰੋਸਾ? ਸੰਸਕਾਰਾਂ ਵਿਚ ਪਏ ਵਿਸ਼ਵਾਸਾਂ ਦੀ ਪਕੜ ਬੜੀ ਪੀਢੀ ਹੁੰਦੀ ਹੈ। ‘ਕਾਂ ਕਰਾੜ ਕੁੱਤੇ ਨਾ, ਵਿਸਾਹ ਨਾ ਖਾਈਏ ਸੁੱਤੇ ਨਾ।’ ਦਾਦੀ ਕਹਿੰਦੀ ਹੁੰਦੀ ਸੀ।
#
ਕੁਝ ਦਿਨ ਪਾ ਕੇ ਇਕ ਸਵੇਰ ਪੌੜੀਆਂ ਵਿਚੋਂ ਮੱਧਮ ਤੇ ਔਖੀ ਜਿਹੀ ਚਲਊਂ-ਚਲਊਂ ਸੁਣਨ ਨੂੰ ਮਿਲੀ।
‘ਵਾਹਗੁਰੂ ਵਾਹਗੁਰੂ! ਰੱਬਾ ਖੈਰੀਂ ਮੇਰੀ ਘੜੀ ਕੱਢੀਂ।’ ਘਬਰਾਈ ਹੋਈ ਮਾਂ ਦੇ ਹੋਠ ਉਸੇ ਤਰ੍ਹਾਂ ਮੂਲਮੰਤਰ ਲਈ ਫਰਕਣ ਲੱਗੇ ਜਿਸ ਤਰ੍ਹਾਂ ਸੰਨੀ ਦੇ ਜਨਮ ਵੇਲੇ ਮੇਰੀਆਂ ਜਨਮ-ਪੀੜਾਂ ‘ਤੇ। ਦੁਪਹਿਰ ਵੇਲੇ ਵਾਰੋ-ਵਾਰ ਮੂੰਹ ਨਾਲ ਪਕੜੀ ਜੋਤੀ ਸਾਰੇ ਬੱਚਿਆਂ ਨੂੰ ਛੱਤ ‘ਤੇ ਲੈ ਆਈ। ਇਕ, ਦੋ, ਤਿੰਨ, ਚਾਰ-ਪੂਰੇ ਛੇ ਕਤੂਰੇ ਸਨ।
‘ਸੂਈ ਕੁੱਤੀ ਨਾ ਕੇ ਭਰੋਸਾ? ਨੇੜੇ ਨਾ ਜਾਈਂ। ਕੱਟ ਲੈਸੀ ਆ?’ ਮਾਂ ਸੰਨੀ ਨੂੰ ਬਾਹਾਂ ਵਿਚ ਲੈ ਕੇ ਕੁਝ ਮੇਰੇ ਸਹਿਮ ਕਾਰਨ ਤੇ ਕੁਝ ਆਪਣੇ ਵਲੋਂ ਪੱਕਿਆਂ ਕਰਦੀ।
ਹੁਣ ਤਾਂ ਮਾਲਕ ਸੀ ਜੋਤੀ ਸਾਰੇ ਘਰ ਦੀ। ਮਲਕਾ। ਜਿੱਥੇ ਜੀ ਆਵੇ, ਆਪਣੇ ਕਤੂਰਿਆਂ ਨੂੰ ਫਿਰਾਏ, ਲਡਿਆਏ, ਦੁੱਧ ਚੁੰਘਾਏ। ਸਾਡੀ ਕੀ ਮਜਾਲ ਜੁ ਉਸ ਵਲ ਅੱਖ ਚੁੱਕ ਕੇ ਵੀ ਤੱਕ ਜਾਈਏ। ਜੇ ਸੰਨੀ ਉਸ ਦੇ ਕਿਸੇ ਕਤੂਰੇ ਨੂੰ ਫੜਨ ਨੂੰ ਕਰਦਾ, ਤਾਂ ਇਸ ਤਰ੍ਹਾਂ ਮੈਨੂੰ ਬਿਫ਼ਰ ਕੇ ਪੈਂਦੀ ਮਾਨੋ ਆਖ ਰਹੀ ਹੋਵੇ, ਸੰਭਾਲ ਆਪਣੇ ਕੁਝ ਲੱਗਦੇ ਨੂੰ? ਮੇਰੇ ਸੋਤਰ ਸੁੱਕ ਜਾਂਦੇ। ਹੁਣ ਮੈਨੂੰ ਵੀ ਆਪਣਾ ਦੂਜਾ ਦਰਜਾ ਪ੍ਰਵਾਨ ਕਰਨਾ ਪੈ ਰਿਹਾ ਸੀ। ਜੋਤੀ ਇਕ-ਇਕ ਕਰ ਕੇ ਦੁਪਹਿਰੇ ਆਪਣੇ ਕਤੂਰੇ ਅੰਦਰ ਪੱਖੇ ਹੇਠਾਂ ਲੈ ਜਾਂਦੀ, ਤੇ ਸ਼ਾਮੀ ਬਾਹਰ ਵਾਓਲੇ।
ਦੋ-ਚਾਰ ਦਿਨਾਂ ਵਿਚ ਹੀ ਮਾਂ ਮਹਿਸੂਸ ਕਰਨ ਲੱਗੀ ਕਿ ਜੋਤੀ ਪਿਛਲੀ ਸੂ ਵਰਗਾ ਵਿਹਾਰ ਨਹੀਂ ਸੀ ਕਰ ਰਹੀ। ਕੁਝ ਸੁਸਤ, ਖਿਝੀ-ਖਿਝੀ, ਔਖੀ ਪਈ ਆਕੜਾਂ ਭੰਨਦੀ ਰਹਿੰਦੀ। ਖਾਂਦੀ ਪੀਂਦੀ ਵੀ ਕੁਝ ਨਾ। ਹੱਥ ਲਾਇਆ ਮਾਂ ਨੇ ਤਾਂ ਪਿੰਡਾ ਤਪੇ ਪਿਆ ਉਸ ਦਾ।
‘ਜੋਤੀ ਆਂ ਤੈ ਭੱਠ ਬੁਖਾਰ ਹੈ, ਹੁਣ ਕੇ ਬਣਸੀ।’ ਮਾਂ ਭਾਰੀ ਚਿੰਤਾਤੁਰ ਹੋਈ। ਜੋਤੀ ਨੂੰ ਦੁੱਧ ਵੀ ਬਰਾਬਰ ਨਹੀਂ ਸੀ ਉਤਰ ਰਿਹਾ। ਕਤੂਰੇ ਉਸ ਦੇ ਅੱਗੇ ਪਿੱਛੇ ਵਿਲੂੰ-ਵਿਲੂੰ ਕਰਦੇ।
‘ਮਾਂ ਜੀ ਕੇ ਪਤਾ ਇਸ ਨੇ ਥਣ ਵੀ ਚਿਰੇ ਪਏ ਹੋਣ।’ ਮੈਨੂੰ ਤੌਖਲਾ ਹੋਇਆ।
ਦਰਅਸਲ ਮੈਨੂੰ ਨਿੱਕੇ ਦੀਪੀ ਦੇ ਜਨਮ ਵੇਲੇ ਦੀ ਆਪਣੀ ਹਾਲਤ ਯਾਦ ਆ ਰਹੀ ਸੀ ਜਦੋਂ ਮੇਰੇ ਨਿੱਪਲ ਪੱਕ ਗਏ ਸਨ। ਪੀਕ ਪੈ ਗਈ ਸੀ ਉਨ੍ਹਾਂ ਵਿਚ। ਫੱਟੇ, ਪੱਕੇ ਥਣ ਜਦੋਂ ਮੈਂ ਨਵਜੰਮੇ ਬਾਲਕ ਦੇ ਮੂੰਹ ਵਿਚ ਪਾਉਂਦੀ ਤਾਂ ਉਹ ਭੈੜਾ ਜਿਹਾ ਮੂੰਹ ਬਣਾ ਕੇ ਬਾਹਰ ਕੱਢ ਦਿੰਦਾ। ਪੀਂਦਾ ਹੀ ਨਾ। ਦੁੱਧ ਮੇਰੀਆਂ ਛਾਤੀਆਂ ਨੂੰ ਚੜ੍ਹ ਗਿਆ। ਸੈਪਟਿਕ ਹੋ ਜਾਣ ਕਾਰਨ ਤੇਜ਼ ਬੁਖਾਰ। ਡਾਕਟਰ ਨੂੰ ਦਵਾਈਆਂ ਤੇ ਟੀਕਿਆਂ ਨਾਲ ਮੇਰਾ ਦੁੱਧ ਸੁਕਾਣਾ ਪਿਆ। ਦੀਪੀ ਨਾ ਚੁੰਘ ਸਕਿਆ। ਉਹ ਓਪਰੇ ਦੁੱਧ ਉਤੇ ਹੀ ਪਲਿਆ। ਕਿਧਰੇ ਜੋਤੀ ਨੇ ਦੁੱਧ ਉਪਰ ਮੇਰੀ ਨਫ਼ਰਤ ਨਾ ਪ੍ਰਛਾਵਾਂ ਤਾਂ ਨਹੀਂ? ਮੈਨੂੰ ਆਪਣਾ ਆਪ ਦੋਸ਼ੀ ਲੱਗੇ।
ਮਾਂ ਰੂੰ ਦੇ ਫੰਬੇ ਨੂੰ ਦੁੱਧ ਵਿਚ ਡੁਬੋ ਡੁਬੋ ਕੇ ਕਤੂਰਿਆਂ ਦੇ ਮੂੰਹਾਂ ਵਿਚ ਨਿਚੋੜੇ, ਪਰ ਜੋਤੀ ਦੇ ਰਾਜਵੇਂ ਦੁੱਧ ਬਿਨਾਂ ਉਨ੍ਹਾਂ ਨੂੰ ਸਬਰ ਕਿਵੇਂ ਆਵੇ? ਪੰਜ ਤਾਂ ਔਖੇ ਸੌਖੇ ਕੁਝ ਪੀ ਹੀ ਲੈਂਦੇ ਪਰ ਛੇਵਾਂ ਪਿੱਛੇ-ਪਿੱਛੇ, ਸੁਸਤ ਹੀ ਪਿਆ ਰਹਿੰਦਾ। ਨਾ ਉਹ ਜੋਤੀ ਨੂੰ ਚੁੰਘਦਾ, ਤੇ ਨਾ ਹੀ ਫੰਬੇ ਨੂੰ ਚੂਸਦਾ। ਉਸ ਦਾ ਪਿੰਡਾ ਵੀ ਜੋਤੀ ਵਾਂਗ ਬੁਖ਼ਾਰ ਨਾਲ ਤਪੇ ਪਿਆ।
‘ਕੇ ਕਰੀਏ, ਡਾਕਟਰ ਕੋਲ ਕਿਸ ਤਰ੍ਹਾਂ ਖੜੀਏ? ਜੋਤੀ ਤੈ ਵਿਸਾਹ ਹੀ ਨਹੀਂ ਖਾਨੀ ਆਪਣੇ ਬੱਚਿਆਂ ਨਾ।’ ਮਾਂ ਪ੍ਰੇਸ਼ਾਨ ਹੁੰਦੀ। ਅੰਦਰ ਬਾਹਰ ਲਿਆਂਦਿਆਂ ਜੇ ਜੋਤੀ ਦਾ ਇਕ ਅੱਧ ਕਤੂਰਾ ਅੱਗੇ ਪਿੱਛੇ ਹੋ ਜਾਂਦਾ ਤਾਂ ਉਹ ਮੈਨੂੰ ਸ਼ਿਸ਼ਤ ਲਾ ਕੇ ਜ਼ਬਰਦਸਤ ਭੌਂਕਦੀ। ਜੇ ਛੇਵਾਂ ਕਤੂਰਾ ਦੁੱਧ ਨਾ ਪੀਵੇ ਤਾਂ ਵੀ ਬਿਫਰ-ਬਿਫਰ ਕੇ ਉਹ ਮੈਨੂੰ ਹੀ ਭੌਂਕਦੀ।
ਉਹ ਮਾੜੀ ਮੋਟੀ ਨਰਮੀ ਜਿਹੜੀ ਮੈਂ ਜੋਤੀ ਦੇ ਗਰਭਕਾਲ ਵਿਚ ਵੇਖੀ ਸੀ, ਹੁਣ ਮੈਨੂੰ ਸਭ ਕਾਫ਼ੂਰ ਹੁੰਦੀ ਜਾਪੀ। ਹੁਣ ਤਾਂ ਜਿਵੇਂ ਉਸ ਦੀ ਹਰ ਮੁਸੀਬਤ ਦੀ ਜੜ੍ਹ ਮੈਂ ਹੀ ਹੋਵਾਂ। ਮੇਰੇ ਛੋਟੇ ਭਰਾ ਨੇ ਜੋਤੀ ਨੂੰ ਪਿਆਰ, ਪੁਚਕਾਰ, ਖਿੱਚ-ਧੂਹ ਕੇ ਕਤੂਰੇ ਸਮੇਤ ਡਾਕਟਰ ਵਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਾ ਹੋਈ।
ਮਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਜੋਤੀ ਇਸੇ ਤਰ੍ਹਾਂ ਬਿਮਾਰ ਹੋਈ ਸੀ, ਤੇ ਉਸ ਨੂੰ ਡਾਕਟਰ ਨੇ ਟੀਕਾ ਲਾ ਦਿੱਤਾ ਅਤੇ ਅਗਲੇ ਦਿਨ ਵੀ ਲਿਆਉਣ ਲਈ ਕਿਹਾ ਪਰ ਜੋਤੀ ਮੁੜ ਕੇ ਜਾਣ ਲਈ ਰਾਜ਼ੀ ਨਾ ਹੋਈ। ਸੋ, ਉਸ ਨੂੰ ਹੁਣ ਤਕ ਯਾਦ ਸੀ ਕਿ ਬਿਮਾਰੀ ਵਿਚ ਉਸ ਨੂੰ ਘਰੋਂ ਬਾਹਰ ਲਿਜਾਣ ਦਾ ਮਤਲਬ ਟੀਕਾ ਲੁਆਉਣਾ ਹੀ ਹੋਵੇਗਾ। ਆਖ਼ਰ ਸਲੋਤਰੀ ਨੂੰ ਘਰ ਬੁਲਾ ਕੇ ਜੋਤੀ ਨੂੰ ਵਿਖਾਣਾ ਪਿਆ। ਉਸ ਨਿਰੀਖਣ ਕੀਤਾ, ਦਵਾਈ ਦਿੱਤੀ ਪਰ ਕਤੂਰੇ ਦੇ ਬਚਣ ਬਾਰੇ ਕੋਈ ਤਸੱਲੀ ਨਾ ਦਿੱਤੀ। ਉਹ ਤਾਂ ਬੱਸ ਕੁਝ ਘੜੀਆਂ ਦਾ ਹੀ ਮਹਿਮਾਨ ਜਾਪ ਰਿਹਾ ਸੀ।
‘ਜੇ ਇਹ ਬੱਚਾ ਜੋਤੀ ਨੀਆਂ ਅੱਖਾਂ ਸਾਹਮਣੇ ਮੋਇਆ, ਤਾਂ ਉਹ ਦਿਲੇ ਨਾਲ ਲੈ ਲੈਸੀ, ਤੇ ਅੱਗੇ ਆਪੂੰ ਵੀ ਬਿਮਾਰ ਹੈ ਵਿਚਾਰੀ। ਬਾਕੀ ਕਤੂਰਿਆਂ ਨੀ ਪਰਵਰਿਸ਼ ਨਾ ਕੇ ਬਣਸੀæææ।’ ਮਾਂ ਬੜੀ ਫ਼ਿਕਰਮੰਦ ਹੋਈ।
ਜਦੋਂ ਵੀ ਜੋਤੀ ਸੂੰਦੀ, ਮਾਂ ਉਸ ਦੇ ਕਤੂਰਿਆਂ ਨੂੰ ਇਕ ਅੱਧ ਮਹੀਨਾ ਪਾਲ ਕੇ ਪਹਿਲਾਂ ਕੀਤੇ ਵਾਅਦਿਆਂ ਮੂਜਬ ਸਾਕਾਂ-ਮਿੱਤਰਾਂ ਵਿਚ ਵੰਡ ਦਿੰਦੀ ਸੀ। ਜੰਮਦੇ ਬੱਚਿਆਂ ਦਾ ਤਾਂ ਜੋਤੀ ਵਿਸਾਹ ਹੀ ਨਹੀਂ ਸੀ ਖਾਂਦੀ।
#
ਰਾਤ ਪੈਣ ਵਾਲੀ ਸੀ। ਜੋਤੀ ਇਕ-ਇਕ ਕਰ ਕੇ ਆਪਣੇ ਕਤੂਰੇ ਕਮਰੇ ਵਿਚ ਲਿਜਾਣ ਲੱਗੀ। ਇਹ ਸੋਚਦਿਆਂ ਕਿ ਰਾਤੀਂ ਹੀ ਉਸ ਦੀ ਲਾਸ਼ ਟਿਕਾਣੇ ਲਾ ਦਿਆਂਗੇ, ਮਾਂ ਨੇ ਅਛੋਪਲੇ ਹੀ ਉਹ ਬਿਮਾਰ ਕਤੂਰਾ ਗੁਸਲਖ਼ਾਨੇ ਵਿਚ ਬੰਦ ਕਰ ਦਿੱਤਾ। ਪੰਜਾਂ ਨੂੰ ਥਾਂ ਸਿਰ ਟਿਕਾ ਕੇ ਜੋਤੀ ਉਸ ਛੇਵੇਂ ਲਈ ਵਿਆਕੁਲ ਹੋਈ ਇਧਰ-ਉਧਰ ਭੱਜਣ ਲੱਗੀ।
‘ਇਸ ਨੂੰ ਤਾਂ ਗਿਣਤੀ ਵੀ ਆਉਂਦੀ ਹੈ।’ ਸੰਨੀ ਦੇ ਕਹਿਣ ਦੀ ਦੇਰ ਸੀ ਕਿ ਜੋਤੀ ਬਿਫਰ ਕੇ ਉਸ ਵੱਲ ਵਧਦੀ ਭੌਂਕਣ ਲੱਗੀ। ਮੈਂ ਸੰਨੀ ਨੂੰ ਆਪਣੇ ਨਾਲ ਘੁੱਟ ਲਿਆ। ਹੁਣ ਉਹ ਮੈਨੂੰ ਭੌਂਕਣ ਲੱਗੀ। ਬੇਜ਼ਾਰ! ਲਗਾਤਾਰ!
ਦੋਹਾਂ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਸਮੇਟੀ ਮੈਂ ਥਰ-ਥਰ ਕੰਬਣ ਲੱਗੀ। ਮਾਂ ਨੇ ਮੇਰੇ ਬੱਚਿਆਂ ਸਮੇਤ ਮੈਨੂੰ ਆਪਣੇ ਸਾਏ ਵਿਚ ਲੈ ਲਿਆ। ਸਾਰੇ ਹੀ ਸਹਿਮੇ-ਸਹਿਮੇ ਖੂੰਜੇ ਲੱਗੇ। ਜੋਤੀ ਸ਼ੂਟ ਵੱਟ ਕੇ ਅੰਦਰ ਬਾਹਰ ਬੇਚੈਨ ਦੌੜਨ ਲੱਗੀ। ਉਹ ਕਦੇ ਕਿਸੇ ਇਕ ਕੋਨੇ ਨੂੰ ਸੁੰਘੇ, ਤੇ ਕਦੇ ਕਿਸੇ ਦੂਜੀ ਗੁੱਠ ਨੂੰ। ਫਿਰ ਜਿਵੇਂ ਉਸ ਨੂੰ ਅੰਦਰੋਂ ਹੀ ਸੁੱਝ ਗਈ ਹੋਵੇ, ਉਹ ਗੁਸਲਖਾਨੇ ਦੇ ਬੰਦ ਦਰਵਾਜ਼ੇ ਉਪਰ ਲੱਤਾਂ ਮਾਰ-ਮਾਰ ਕੇ ਭੌਂਕਣ ਲੱਗੀ।
ਅੰਦਰੋਂ ਮਾੜੀ ਜਿਹੀ ਚੂੰ-ਚੂੰ ਸੁਣਾਈ ਦਿੱਤੀ। ਹੁਣ ਤਾਂ ਜੋਤੀ ਮੇਰੀਆਂ ਬਾਹਾਂ ਵਿਚ ਸਿਮਟੇ ਸੰਨੀ ਤੇ ਦੀਪੀ ਵੱਲ ਉਲ੍ਹਰ-ਉਲ੍ਹਰ ਕੇ ਸ਼ੇਰਨੀ ਵਾਂਗ ਦਹਾੜਨ ਲੱਗੀ, ਮਾਨੋਂ ਮੈਨੂੰ ਆਖ ਰਹੀ ਹੋਵੇ, ‘ਮੇਰਾ ਬੱਚਾ ਹਾਜ਼ਰ ਕਰæææਨਹੀਂ ਤਾਂ ਤੇਰਿਆਂ ਦੀ ਖ਼ੈਰ ਨਹੀਂ।’
ਕੁਝ ਦੇਰ ਪਹਿਲਾਂ ਅਖ਼ਬਾਰ ਵਿਚ ਕਿਸੇ ਬਾਹਰਲੇ ਦੇਸ਼ ਦੀ ਖਬਰ ਪੜ੍ਹੀ ਹੋਈ ਮੈਨੂੰ ਚੇਤੇ ਆ ਗਈ। ਕਿਸੇ ਬਿਰਧ ਔਰਤ ਦੇ ਚਿਰਾਂ ਤੋਂ ਪਾਲੇ ਹੋਏ ਚਾਰ ਅਲਸੇਸ਼ੀਅਨ ਕੁੱਤਿਆਂ ਨੇ ਉਸ ਨੂੰ ਬੋਟੀ-ਬੋਟੀ ਵੇਤਰ ਕੇ ਮਾਰ ਛੱਡਿਆ ਸੀ। ਉਹ ਉਨ੍ਹਾਂ ਸਾਹਵੇਂ ਖਾਣੇ ਦੇ ਮੇਜ਼ ‘ਤੇ ਬੈਠੀ ਮੁਰਗਾ ਚੱਬ ਰਹੀ ਸੀ ਕਿ ਉਹ ਚਾਰੇ ਉਸ ਉਤੇ ਟੁੱਟ ਪਏ। ਭੁੱਖ ਤੇ ਮਮਤਾ ਜੀਵ ਦੀਆਂ ਮੁੱਢਲੀਆਂ ਪ੍ਰੇਰਨਾਵਾਂ ਹਨ। ਉਨ੍ਹਾਂ ਦਾ ਸਤਾਇਆ ਹੋਇਆ ਉਹ ਕੁਝ ਵੀ ਕਰ ਸਕਦਾ ਹੈ। ਇਸ ਸੋਚ ਨਾਲ ਮੈਂ ਕੰਬ ਉਠੀ।
ਜੋਤੀ ਇਕ ਪਾਸੇ ਗੁਸਲਖਾਨੇ ਦੇ ਬੰਦ ਬੂਹੇ ਨਾਲ ਟੱਕਰਾਂ ਮਾਰੇ, ਤੇ ਦੂਜੇ ਪਾਸੇ ਮੇਰੇ ਉਤੇ ਉਲ੍ਹਰ-ਉਲ੍ਹਰ ਕੇ ਬੇਤਾਬ ਭੌਂਕੇ। ਮੇਰੀ ਗੋਦ ਵਿਚ ਸੁੰਗੜਿਆ ਦੀਪੀ ਡਰ ਨਾਲ ਚਿਚਲਾਅ ਉਠਿਆ। ਸੰਨੀ ਵੀ ਡਡਿਆ ਪਿਆ।
‘ਮਾਂ ਜੀ ਬਚਾਓ, ਕੁਝ ਕਰੋæææ।’ ਮੈਂ ਚੀਕੀ।
ਮਾਂ ਨੇ ਦੌੜ ਕੇ ਗੁਸਲਖਾਨੇ ਦੀ ਕੁੰਡੀ ਖੋਲ੍ਹ ਦਿੱਤੀ। ਜੋਤੀ ਧਾਅ ਕੇ ਅੰਦਰ ਵੜ ਗਈ, ਤੇ ਆਖਰੀ ਦਮਾਂ ‘ਤੇ ਸਾਹ ਲੈਂਦੇ ਛੇਵੇਂ ਕਤੂਰੇ ਨੂੰ ਬਾਹਰ ਕੱਢ ਲਿਆਈ। ਉਸ ਨੂੰ ਖੁੱਲ੍ਹੇ ਛੱਤ ‘ਤੇ ਰੱਖ ਕੇ ਉਹ ਵਾਹੋਦਾਹੀ ਚੱਟਣ ਲਗੀ। ਉਹ ਕਤੂਰੇ ਦੇ ਮੂੰਹ ਨਾਲ ਮੂੰਹ ਜੋੜ ਕੇ ਇਸ ਤਰ੍ਹਾਂ ਫੂਕਾਂ ਮਾਰੇ ਜਿਸ ਤਰ੍ਹਾਂ ਕਿਸੇ ਡੁੱਬੇ ਬੰਦੇ ਨੂੰ ਪਾਣੀਉਂ ਬਾਹਰ ਕੱਢ ਕੇ ਮੂੰਹ ਰਾਹੀਂ ਆਕਸੀਜਨ ਦੇ ਰਹੇ ਹੋਈਏ।
ਪੰਜਵੇਂ ਛੇਵੇਂ ਸਾਹ ਉਤੇ ਹੀ ਕਤੂਰੇ ਦੇ ਪ੍ਰਾਣ ਪੰਖੇਰੂ ਉਡ ਗਏ। ਜੋਤੀ ਨੇ ਲੋਥ ਨੂੰ ਮੂੰਹ ਵਿਚ ਲੈ ਲਿਆ। ਫਿਰ ਭੁੰਜੇ ਰੱਖ ਦਿੱਤਾ। ਫਿਰ ਉਸ ਨੂੰ ਸੁੰਘਣ ਲੱਗੀ।
ਮਾਂ ਜੋਤੀ ਨੂੰ ਸਹਾਰਾ ਦੇਣ ਲਈ ਉਸ ਵਲ ਵਧੀ। ਜੋਤੀ ਮਾਂ ਨੂੰ ਬਿਫਰ ਕੇ ਪਈ। ਫਿਰ ਉਹ ਮੈਨੂੰ ਭੌਂਕਣ ਲੱਗੀ। ਬੜੀ ਭਿਅੰਕਰ ਭੌਂਕ!
ਮੈਨੂੰ ਆਪਣਾ ਅੰਤ ਸਾਹਮਣੇ ਨਜ਼ਰ ਆਇਆ। ਮੈਨੂੰ ਜਾਪਿਆ ਕਿ ਜੋਤੀ ਮੇਰੀ ਅਰਸੇ ਦੀ ਨਫਰਤ ਦਾ ਪੁੱਜ ਕੇ ਬਦਲਾ ਲੈਣ ‘ਤੇ ਤੁਲ ਗਈ ਹੈ। ਮੈਂ ਦੀਪੀ ਨੂੰ ਹੋਰ ਆਪਣੇ ਨਾਲ ਘੁੱਟ ਲਿਆ। ਮੇਰੀਆਂ ਅੱਖਾਂ ਵਿਚ ਕਿਹੋ ਜਿਹਾ ਖ਼ੌਫ਼ ਹੋਵੇਗਾ ਕਿ ਸੰਨੀ ਮੇਰੇ ਨਾਲ ਲਿਪਟ ਕੇ ਦੁਹਰਾਉਣ ਲੱਗਾ, ‘ਨਹੀਂ ਮਾਮਾ, ਨਾ ਡਰੋ। ਕੁਝ ਨਹੀਂ ਕਰੇਗੀ ਜੋਤੀ। ਪਲੀਜ਼ ਮਾਮਾ, ਪਲੀਜ਼ ਨਾ ਡਰੋæææ ਨਹੀਂ ਜੋਤੀ ਨਹੀਂæææ ਤੂੰ ਗੁੱਡ ਏਂ ਜੋਤੀæææ ਵੈਰੀ ਗੁੱਡ, ਪਲੀਜ਼ ਜੋਤੀæææ।’
ਸੰਨੀ ਇਕ ਪਾਸੇ ਮੈਨੂੰ ਸਹਾਰਾ ਦੇਈ ਜਾਵੇ ਤੇ ਦੂਜੇ ਪਾਸੇ ਜੋਤੀ ਦੀ ਮਿੰਨਤ ਕਰੀ ਜਾਵੇ। ਇਕ ਜ਼ੋਰ ਦੀ ਰੁਦਨ ਭਰੀ ਰੂੜ ਨਾਲ ਜੋਤੀ ਫਿਰ ਡਿੱਗ ਪਈ। ਮੂਧੀ, ਸਾਹ-ਸਤਹੀਣ, ਨਿਰਜਿੰਦ ਜਿਹੀ।
‘ਕਿਧਰੇ ਮਰਨ ਤਾਂ ਨਹੀਂ ਲੱਗੀ?’ ਮਾਂ ਘਬਰਾਈ।
‘ਜੋਤੀæææਜੋਤੀ।’ ਮਾਂ ਉਸ ਦੇ ਕਤੂਰੇ ਫੜ-ਫੜ ਕੇ ਉਸ ਦੇ ਮੂੰਹ ਨਾਲ ਛੁਹਾਣ ਲੱਗੀ, ਪਰ ਉਹ ਉਸੇ ਤਰ੍ਹਾਂ ਪਈ ਰਹੀ। ਨਾ ਹਿੱਲੀ ਨਾ ਡੁੱਲੀ।
ਅਚਾਨਕ ਪਤਾ ਨਹੀਂ ਕਿਹੜੀ ਦੈਵੀ ਸ਼ਕਤੀ ਨਾਲ ਮੈਂ ਆਪਣੀ ਥਾਂ ਤੋਂ ਉਠੀ, ਤੇ ਧਾ ਕੇ ਬੇਸੁਰਤ ਜਿਹੀ ਪਈ ਜੋਤੀ ਦੇ ਸਿਰ ਉਤੇ, ਪਿੰਡੇ ਉਤੇ ਹੱਥ ਫੇਰਨ ਲੱਗੀ। ਜੋਤੀ ਦੇ ਤਪਦੇ ਜਿਸਮ ਉਤੇ ਮੇਰੇ ਹੰਝੂ ਤ੍ਰਿਪ-ਤ੍ਰਿਪ ਡਿੱਗਣ ਲੱਗੇ। ਮੇਰੇ ਭਿੱਜੇ ਹੋਠ ਆਪ ਮੁਹਾਰੇ ਜੋਤੀ ਦਾ ਮੂੰਹ-ਮੱਥਾ ਚੁੰਮਣ ਲੱਗੇ।
‘ਜੋਤੀæææਜੋਤੀæææ।’ ਮੈਂ ਡਸਕੋਰੇ ਭਰ ਰਹੀ ਸਾਂ।æææਜੋਤੀ ਨੇ ਅੱਖਾਂ ਖੋਲ੍ਹੀਆਂ। ਉਹ ਕੁਝ ਦੇਰ ਮੇਰੀਆਂ ਅੱਖਾਂ ਵਿਚ ਤੱਕਦੀ ਰਹੀ। ਇਕ ਟੱਕ। ਜਿਵੇਂ ਪਛਾਣਨ ਦੀ ਕੋਸ਼ਿਸ਼ ਕਰ ਰਹੀ ਹੋਵੇ। ਫਿਰ ਆਪਣੀਆਂ ਦੋਵੇਂ ਅਗਲੀਆਂ ਲੱਤਾਂ ਲਮਿਆਰ ਕੇ ਉਸ ਆਕੜ ਭੰਨੀ ਅਤੇ ਇਕ ਵੇਰਾਂ ਫੇਰ ਜ਼ੋਰ ਨਾਲ ਚੰਘਾੜੀ।
ਫ਼ਿਜ਼ਾ-ਕੰਬਵੀਂ ਦਰਦਨਾਕ ਚਿੰਘਾੜ!
ਹੁਣ ਜੋਤੀ ਦੀ ਬੂਥੀ ਮੇਰੇ ਹੱਥਾਂ ਵਿਚ ਸੀ, ਤੇ ਨੈਣ ਨੈਣਾਂ ਵਿਚ।æææ ਛਮ ਛਮ ਅਥਰੂ।æææ ਪਰਨਾਲੇ ਵਹਿ ਤੁਰੇ। ਜੋਤੀ ਰੋ ਰਹੀ ਸੀ।æææ ਮੈਂ ਰੋ ਰਹੀ ਸਾਂ।æææ ਤੇæææਰੋ ਰਹੀ ਸੀ ਮਾਂ ਵੀ।
***

Be the first to comment

Leave a Reply

Your email address will not be published.