ਖੂਬ ਨੇ ਇਹ ਝਾਂਜਰਾਂ ਛਣਕਣ ਲਈ…

-ਦਵਿੰਦਰ ਸਿੰਘ ਗਿੱਲ
ਫੋਨ: 91-98550-73018
ਪੰਜਾਬੀਆਂ ਨੂੰ ਖੁਸ਼ਦਿਲ ਤੇ ਨੱਚਣ-ਟੱਪਣ ਵਾਲੇ ਲੋਕਾਂ ਵਜੋਂ ਜਾਣਿਆ ਜਾਂਦਾ ਹੈ। ਇਹ ਹੈ ਵੀ ਠੀਕ। ਬੱਸਾਂ, ਕਾਰਾਂ ਅਤੇ ਬਜ਼ਾਰਾਂ ਵਿਚ ਇਹ ‘ਚੱਕ ਲੋ ਚੱਕ ਲੋ’ ਵਾਲੇ ਗੀਤ ਆਮ ਹੀ ਕੰਨੀਂ ਪੈ ਜਾਂਦੇ ਹਨ। ਇਹ ਗੁਣ ਪੰਜਾਬੀਆਂ ਦੇ ਹੀ ਹਿੱਸੇ ਆਇਆ ਹੈ ਕਿ ਉਹ ‘ਸੈਡ ਸੌਂਗ’ (ਉਦਾਸ ਗੀਤਾਂ) ਉਤੇ ਵੀ ਨੱਚ ਸਕਦੇ ਹਨ। ਖੈਰ, ਖਾਧੀ-ਪੀਤੀ ਵਿਚ ਤਾਂ ਅਸੀਂ ਜੈਨਰੇਟਰ ਦੀ ਆਵਾਜ਼ ‘ਤੇ ਵੀ ਨੱਚ ਲੈਂਦੇ ਹਾਂ। ਅੱਜ ਕੱਲ੍ਹ ਤਾਂ ਸਾਰਾ ਪੰਜਾਬ ਹੀ ਨੱਚਣ ਗਾਉਣ ‘ਤੇ ਹੋਇਆ ਪਿਆ ਹੈ। ਪੰਜਾਬ ਦਾ ਭਵਿੱਖ ਧੁੰਦਲਾ ਦਿਖਾਈ ਦੇ ਰਿਹਾ ਹੈ, ਪਰ ਪੰਜਾਬੀਆਂ ਨੂੰ ਇਸ ਦੀ ਕੋਈ ਬਹੁਤੀ ਪ੍ਰਵਾਹ ਨਹੀਂ ਹੈ। ਜਦੋਂ ਆਲੇ-ਦੁਆਲੇ ਦੇ ਹਾਲਾਤ ਨਾ-ਸਾਜ਼ ਹੋਣ ਤਾਂ ਨੱਚਣ ਦੀ ਦਲੇਰੀ ਕਰਨ ਵਾਲੇ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।
ਨੱਚਣ ਗਾਉਣ ਵਾਲੇ ਪੰਜਾਬੀ, ਇਮਤਿਹਾਨਾਂ ਵਿਚ ਪੇਪਰ ਔਖਾ ਆਉਣ ‘ਤੇ ਕਾਲਜ ਦੀਆਂ ਕੁਰਸੀਆਂ, ਖਿੜਕੀਆਂ ਤੇ ਦਰਵਾਜ਼ੇ ਤੋੜ ਕੇ ਆਪਣਾ ਪੱਖ ਰੱਖਦੇ ਹਨ। ਪੇਪਰ ਪਾਉਣ ਵਾਲਿਆਂ ਨੂੰ ਕੋਈ ਹੱਕ ਨਹੀਂ ਕਿ ਉਹ ਵਿਦਿਆਰਥੀਆਂ ਤੋਂ ਪੁੱਛੇ ਬਿਨਾਂ ਕੋਈ ਸਵਾਲ ਪੇਪਰ ਵਿਚ ਪਾਉਣ; ਬਲਕਿ ਚਾਹੀਦਾ ਤਾਂ ਇਹ ਹੈ ਕਿ ਵਿਦਿਆਰਥੀ ਖੁਦ ਹੀ ਪੇਪਰ ਸੈਟ ਕਰਨ ਅਤੇ ਖੁਦ ਹੀ ਚੈਕ ਕਰ ਲੈਣ। ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਬੌਧਿਕ ਪੱਖੋਂ ਮਜ਼ਬੂਤ ਲੋਕਾਂ ਦੀ ਕੋਈ ਲੋੜ ਨਹੀਂ ਹੈ। ਜੇ ਸਾਡੀ ਖੇਤੀ ਪਰਵਾਸੀ ਮਜ਼ਦੂਰ ਸਾਂਭ ਸਕਦੇ ਹਨ ਤਾਂ ਬਚੀ-ਖੁਚੀ ਇੰਡਸਟਰੀ ਅਤੇ ਪ੍ਰਸ਼ਾਸਨਿਕ ਸੇਵਾਵਾਂ ਵੀ ਉਹ ਆਪੇ ਸਾਂਭ ਲੈਣਗੇ। ਅੱਜ ਤੋਂ ਪੰਦਰਾਂ-ਵੀਹ ਸਾਲ ਪਹਿਲਾਂ ਵਿਦਿਆਰਥੀਆਂ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਪੇਪਰ ‘ਤੇ ਉਂਗਲ ਚੁੱਕ ਜਾਣ। ਇਹ ਸੱਚਾਈ ਹੈ ਕਿ ਆਮ ਤੌਰ ‘ਤੇ ਪੇਪਰ ਸਿਲੇਬਸ ਵਿਚੋਂ ਹੀ ਹੁੰਦਾ ਹੈ, ਪਰ ਜਿਨ੍ਹਾਂ ਨੇ ਪੜ੍ਹਿਆ ਹੀ ਨਹੀਂ, ਉਨ੍ਹਾਂ ਨੂੰ ਹਰ ਸਵਾਲ ਸਿਲੇਬਸ ਦੇ ਬਾਹਰੋਂ ਹੀ ਲੱਗਦਾ ਹੈ। ਹੈਰਾਨੀ ਹੁੰਦੀ ਹੈ ਜਦੋਂ ਸਿਵਲ ਸੇਵਾਵਾਂ ਵਰਗੀ ਮਹੱਤਵਪੂਰਨ ਮੁਕਾਬਲੇ ਦੀ ਪ੍ਰੀਖਿਆ ਵਿਚ ਬੈਠਣ ਵਾਲੇ ਵੀ ਸੌਖੇ ਪੇਪਰ ਦੀ ਉਮੀਦ ਕਰਦੇ ਹਨ।
ਪੜ੍ਹੇ ਲਿਖੇ ਨੌਜਵਾਨ ਹੱਥਾਂ ਵਿਚ ਥੱਬਾ-ਥੱਬਾ ਡਿਗਰੀਆਂ ਚੁੱਕੀ ਫਿਰਦੇ ਹਨ ਪਰ ਕਿਧਰੇ ਕੋਈ ਕੰਮ ਨਹੀਂ ਮਿਲਦਾ। ਸਰਕਾਰ ਸਾਰਿਆਂ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ। ਉਦਯੋਗ ਪੰਜਾਬ ਵਿਚ ਨਾਂ-ਮਾਤਰ ਹਨ। ਸਾਡਾ ਸਮਾਜ ਵੀ ਇਸ ਵਿਚ ਬਰਾਬਰ ਦਾ ਕਸੂਰਵਾਰ ਹੈ। ਅਸੀਂ ਅੱਜ ਤੱਕ ਕੰਮ ਸਭਿਆਚਾਰ ਵਿਕਸਤ ਕਰ ਹੀ ਨਹੀਂ ਸਕੇ। ਸਿਰਫ ਨੌਜਵਾਨਾਂ ਨੂੰ ਗਾਲ੍ਹਾਂ ਕੱਢ ਕੇ ਅਤੇ ਨਾਲਾਇਕ ਕਹਿ ਕੇ ਜ਼ਿੰਮੇਵਾਰੀ ਤੋਂ ਹੱਥ ਨਹੀਂ ਝਾੜੇ ਜਾ ਸਕਦੇ। ਨੌਜਵਾਨਾਂ ਨੂੰ ਅਕਸਰ ਨਸ਼ੇੜੀ ਕਹਿ ਕੇ ਨਿੰਦਿਆ ਜਾਂਦਾ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਖਰ ਨੌਜਵਾਨ ਨਸ਼ਾ ਕਰਦੇ ਕਿਉਂ ਹਨ? ਇਸ ‘ਕਿਉਂ’ ਵੱਲ ਕੋਈ ਵੀ ਝਾਕ ਕੇ ਰਾਜ਼ੀ ਨਹੀਂ। ਇਹ ਕੌੜੀ ਸੱਚਾਈ ਹੈ ਕਿ ਬਹੁ-ਗਿਣਤੀ ਨੌਜਵਾਨਾਂ ਕੋਲ ਵਿੱਦਿਆ ਦੇ ਨਾਮ ‘ਤੇ ਸਿਰਫ ਡਿਗਰੀਆਂ ਹਨ, ਉਹ ਕਿਸੇ ਵੀ ਤਕਨੀਕੀ ਜਾਂ ਹੋਰ ਕਾਬਲੀਅਤ ਤੋਂ ਕੋਰੇ ਹਨ, ਪਰ ਇਹ ਅੱਧਪੜ੍ਹੀ ਨਸਲ ਪੈਦਾ ਕਰਨ ਲਈ ਕਸੂਰਵਾਰ ਕੌਣ ਹੈ? ਨੌਜਵਾਨਾਂ ਦਾ ਬੇੜਾ ਗਰਕ ਕਰਨ ਵਿਚ ਬੇਹਿਸਾਬੇ ਅਤੇ ਬਿਨਾਂ ਕਿਸੇ ਵਿਉਂਤ ਦੇ ਖੁੱਲ੍ਹੇ ਇਨ੍ਹਾਂ ਅਖੌਤੀ ਤਕਨੀਕੀ ਕਾਲਜਾਂ ਦੀ ਵੀ ਅਹਿਮ ਭੂਮਿਕਾ ਹੈ।
ਘਟ ਰਹੀਆਂ ਜ਼ਮੀਨਾਂ ਅਤੇ ਕੰਮ ਦੀ ਅਣਹੋਂਦ ਵਾਲੇ ਦੌਰ ਵਿਚ ਨੌਜਵਾਨ ਆਖਰ ਕਿੱਧਰ ਜਾਣ? ਜਿਸ ਦੌਰ ਵਿਚ ਸਾਹਿਤ, ਰੰਗ-ਮੰਚ ਅਤੇ ਸਿਨੇਮਾ ਨੂੰ ਆਪਣੀ ਭੂਮਿਕਾ ਹੋਰ ਵੀ ਜ਼ੋਰਦਾਰ ਢੰਗ ਨਾਲ ਨਿਭਾਉਣੀ ਚਾਹੀਦੀ ਹੈ, ਸਾਡਾ ਸਿਨੇਮਾ ਕੁਰਾਹੇ ਪਿਆ ਹੋਇਆ ਹੈ। ਅਸਲ ਵਿਚ ਸਾਡਾ ਸਿਨੇਮਾ ਤਾਂ ਅਜੇ ਹੈ ਹੀ ਬਾਲ ਅਵਸਥਾ ਵਿਚ। ਗੱਲ ਕੌੜੀ ਲੱਗ ਸਕਦੀ ਹੈ ਪਰ ਅੱਜ ਦੇ ਸਮੇਂ ਵਿਚ ਰੰਗਮੰਚ ਤੋਂ ਬਿਨਾਂ ਹੋਰ ਕੋਈ ਵੀ ਮਾਧਿਅਮ ਆਪਣੀ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾ ਰਿਹਾ। ਸਮਾਜ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈ। ਸਰਕਾਰਾਂ ਬੇਵੱਸ ਨਜ਼ਰ ਆਉਂਦੀਆਂ ਹਨ। ਚੜ੍ਹਦੀ ਜਵਾਨੀ ਦਾ ਗੁੱਸਾ, ਤੋੜ-ਫੋੜ ਅਤੇ ਹੋਰ ਗੈਰ-ਸਮਾਜੀ ਕੰਮਾਂ ਦਾ ਖਮਿਆਜ਼ਾ ਆਖਰ ਸਮਾਜ ਨੂੰ ਹੀ ਭੁਗਤਣਾ ਪੈਂਦਾ ਹੈ। ਜਦੋਂ ਜਵਾਨੀ ਦਿਸ਼ਾਹੀਣ ਹੋ ਜਾਵੇ ਤਾਂ ਕਾਲੇ ਦੌਰ ਆਉਂਦੇ ਹਨ। ਕੁਝ ਨੌਜਵਾਨ ਭੰਨ-ਤੋੜ, ਚੋਰੀ-ਡਾਕੇ ਵੱਲ ਭੱਜਦੇ ਹਨ, ਤਾਂ ਕੁਝ ਦੀਨ-ਦੁਨੀਆਂ ਤੋਂ ਨਾਤਾ ਤੋੜ ਕੇ ਸੁਲਫੇ ਦੇ ਧੂੰਏ ਵਿਚ ਗਵਾਚ ਜਾਂਦੇ ਹਨ। ਜੇ ਹਾਲਾਤ ਇਹੀ ਰਹੇ ਤਾਂ ਕੋਈ ਹੈਰਾਨੀ ਨਹੀਂ ਕਿ ਸਾਨੂੰ ਸੜਕਾਂ ਉਤੇ ਘੁੰਗਰੂ ਬੰਨ੍ਹੀ ਨੱਚਦੇ ਹੋਏ ਨੌਜਵਾਨ ਦਿਸਿਆ ਕਰਨਗੇ।
ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ, ਪਰ ਅੱਜ ਇਹ ਸ਼ੀਸ਼ਾ ਕਿਹੜੇ ਸਮਾਜ ਦੀ ਤਸਵੀਰ ਪੇਸ਼ ਕਰ ਰਿਹਾ ਹੈ? ਨੌਜਵਾਨ ਮਨਾਂ ਵਿਚ ਝਾਕਣ ਦੀ ਸਮਰੱਥਾ ਸ਼ਾਇਦ ਕਿਸੇ ਵੀ ਲੇਖਕ ਵਿਚ ਨਹੀਂ ਹੈ। ਬਹੁਤੇ ਲੇਖਕ ਅੱਜ ਵੀ ਸੰਤਾਲੀ (ਦੇਸ਼ ਵੰਡ) ਵਾਲੇ ਦੌਰ ਵਿਚ ਜੀਅ ਰਹੇ ਹਨ। ਦੇਸ਼ ਵੰਡ ਅਤੇ ਇਸਤਰੀ-ਪੁਰਸ਼ ਦੇ ਠਰਕੀ ਸਬੰਧਾਂ ਤੋਂ ਇਲਾਵਾ ਪੰਜਾਬੀ ਵਿਚ ਬਾਕੀ ਵਿਸ਼ਿਆਂ ‘ਤੇ ਬਹੁਤ ਘੱਟ ਲਿਖਿਆ ਜਾ ਰਿਹਾ ਹੈ। ਪੰਜਾਬੀ ਕਵਿਤਾ ਖੁਦ ਲੇਖਕਾਂ ਦੀ ਵੀ ਸਮਝ ਤੋਂ ਬਾਹਰ ਹੈ। ਆਦਰਸ਼ਵਾਦੀ ਵਾਰਤਕ ਨੌਜਵਾਨਾਂ ਦੇ ਮੇਚ ਦੀ ਨਹੀਂ। ਅਜੋਕੇ ਸਮੇਂ ਵਿਚ ਨੌਜਵਾਨਾਂ ਕੋਲ ਕੋਈ ‘ਨਾਇਕ’ ਵੀ ਨਹੀਂ ਹੈ। ਸਾਹਿਤ, ਸਿਨੇਮਾ ਅਤੇ ਤਕਨਾਲੋਜੀ ਦਾ ਕਾਲਪਨਿਕ ਸੰਸਾਰ ਨੌਜਵਾਨਾਂ ਨੂੰ ਪੈਂਡੂਲਮ ਵਾਂਗ ਘੁਮਾਈ ਫਿਰਦਾ ਹੈ। ਅੰਤ ਜਵਾਨੀ ਦੀ ਹਾਲਤ ਖਲਾਅ ਵਿਚ ਟੁੱਟੇ ਤਾਰੇ ਵਰਗੀ ਹੋ ਜਾਂਦੀ ਹੈ।
ਪਿਛਲੇ ਦਿਨੀਂ ਪੰਜਾਬ ਦੇ ਕਿਸੇ ਵੱਡੇ ਕਾਲਜ ਵਿਚ ਕੋਈ ਗਾਇਕ ਗਾ ਰਿਹਾ ਸੀ। ਸੁਣਨ ਵਾਲੇ ਸਾਰੇ ਜਵਾਨ ਮੁੰਡੇ ਕੁੜੀਆਂ ਹੀ ਸਨ। ਫੁਕਰਪੁਣੇ ਦੀ ਸਿਖਰ ਕਰਦਾ ਹੋਇਆ ਉਹ ਸ਼ੂਕਾ ਗਾਇਕ ਚਾਰ-ਚਾਰ ਸਹੇਲੀਆਂ ਰੱਖਣ ਦੀਆਂ ਫੜ੍ਹਾਂ ਮਾਰ ਰਿਹਾ ਸੀ। ਆਪਣੇ ਗੀਤਾਂ ਅਤੇ ਸ਼ੇਅਰਾਂ ਵਿਚ ਉਹਨੇ ਕੁੜੀਆਂ ਦੀ ਮਿੱਟੀ ਰੱਜ ਕੇ ਪਲੀਤ ਕੀਤੀ, ਪਰ ਇਸ ਸਭ ਦੇ ਬਾਵਜੂਦ ਕੁੜੀਆਂ ਨੱਚ ਰਹੀਆਂ ਸਨ। ਉਂਜ ਤਾਂ ਕਿਸੇ ਦੇ ਨੱਚਣ ‘ਤੇ ਇਤਰਾਜ਼ ਕਰਨਾ ਨਹੀਂ ਬਣਦਾ, ਪਰ ਇਹ ਸਭ ਸਾਡੀ ਬੌਧਿਕ ਕੰਗਾਲੀ ਦੀ ‘ਲਾਈਵ’ ਤਸਵੀਰ ਪੇਸ਼ ਕਰਦਾ ਹੈ। ਜੇ ਸਾਡੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਨੇ ਇਸ ਵਰਤਾਰੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਬਾਕੀਆਂ ਨੂੰ ਵੀ ਚੁੱਪ ਕਰ ਕੇ ਬੇਸ਼ਰਮ ਹੋ ਜਾਣਾ ਚਾਹੀਦਾ ਹੈ। ਉਂਜ ਅੱਧੇ ਕੁ ਬੇਸ਼ਰਮ ਤਾਂ ਅਸੀਂ ਹੋ ਹੀ ਗਏ ਹਾਂ, ਹੋਰ ਅੱਠਾਂ-ਦਸਾਂ ਸਾਲਾਂ ਤੱਕ ਪੂਰੇ ਵੀ ਹੋ ਜਾਵਾਂਗੇ। ਬੇਸ਼ਰਮ ਹੋਣ ਦੇ ਆਪਣੇ ਫਾਇਦੇ ਹਨ। ਇੱਕ ਵਾਰ ਬੇਸ਼ਰਮ ਹੋਣ ਦੀ ਦੇਰ ਹੈ, ਪੂਰੀ ਦੁਨੀਆਂ ਹੁਸੀਨ ਲੱਗਣ ਲੱਗਦੀ ਹੈ।
ਸਾਡਾ ਵਿਰਸਾ ਸਿਰਫ ਗਿੱਧਾ-ਭੰਗੜਾ ਪਾਉਣਾ ਹੀ ਨਹੀਂ, ਖੰਡੇ ਖੜਕਾਉਣਾ ਵੀ ਹੈ। ਹਾਲਾਤ ਦਾ ਖਿੜੇ ਮੱਥੇ ਦਾ ਟਾਕਰਾ ਕਰਨ ਵਾਲੇ ਪੰਜਾਬੀ ਅੱਜ ਬੇਵੱਸ ਕਿਉਂ ਹੋ ਗਏ ਹਨ? ਨੌਜਵਾਨਾਂ ਦੇ ਵਿਗੜਨ ਵਿਚ ਤਕਨਾਲੋਜੀ ਨੂੰ ਵੀ ਦੋਸ਼ੀ ਕਿਹਾ ਜਾ ਰਿਹਾ ਹੈ, ਪਰ ਸੰਸਾਰ ਵਿਚ ਤਕਰੀਬਨ ਹਰ ਚੀਜ਼ ਦੇ ਚੰਗੇ ਅਤੇ ਮਾੜੇ-ਦੋ ਪੱਖ ਜ਼ਰੂਰ ਹੁੰਦੇ ਹਨ। ਇਸੇ ਤਕਨਾਲੋਜੀ ਨੂੰ ਸਹੀ ਢੰਗ ਨਾਲ ਵਰਤ ਕੇ ਜਵਾਨੀ ਨੂੰ ਸਹੀ ਰਾਹੇ ਵੀ ਪਾਇਆ ਜਾ ਸਕਦਾ ਹੈ। ਇਸ ਸਭ ਲਈ ਦ੍ਰਿੜ ਇੱਛਾ ਸ਼ਕਤੀ ਅਤੇ ਬੌਧਿਕ ਸਰਮਾਏ ਦੀ ਲੋੜ ਹੈ। ਸਾਨੂੰ ਆਪਣਾ ਵਿਰਸਾ ਵੀ ਨਵੇਂ ਪ੍ਰਸੰਗਾਂ ਵਿਚ ਮੁੜ ਤੋਂ ਖੰਘਾਲਣਾ ਪਵੇਗਾ।
ਅੱਜ ਮਲਟੀਨੈਸ਼ਨਲ ਕੰਪਨੀਆਂ ਮੀਡੀਆ ਰਾਹੀਂ ਸਾਨੂੰ ਚਕਾਚੌਂਧ ਕਰ ਰਹੀਆਂ ਹਨ। ਵੱਡੇ-ਵੱਡੇ ‘ਮਾਲ’ ਬਰੈਂਡਡ ਚੀਜ਼ਾਂ ਨਾਲ ਭਰੇ ਪਏ ਹਨ। ਸਾਡੇ ਸਾਹਮਣੇ ਅਜੀਬ ਸੁਪਨ ਸੰਸਾਰ ਸਿਰਜਿਆ ਜਾ ਰਿਹਾ ਹੈ। ਇਸ ਸੰਸਾਰ ਵਿਚ ਪ੍ਰਵੇਸ਼ ਕਰਨ ਲਈ ਢੇਰਾਂ ਦੇ ਢੇਰ ਪੈਸਾ ਚਾਹੀਦਾ ਹੈ। ਦਸਾਂ ਨਹੁੰਆਂ ਦੀ ਕਿਰਤ ਨਾਲ ਅੱਯਾਸ਼ੀ ਕਰ ਸਕਣਾ ਲੱਗਭਗ ਅਸੰਭਵ ਹੈ। ਨੌਜਵਾਨਾਂ ਲਈ ਸਥਿਤੀ ਧੰਦੂਕਾਰੇ ਵਾਲੀ ਬਣੀ ਹੋਈ ਹੈ।
ਪੰਜਾਬ ਦੇ ਨੌਜਵਾਨ ਹੀ ਨਹੀਂ; ਮਿੱਟੀ, ਪਾਣੀ ਅਤੇ ਹਵਾ ਵੀ ਨਸ਼ੇੜੀ ਅਤੇ ਜ਼ਹਿਰੀਲੇ ਹੋ ਚੁੱਕੇ ਹਨ। ਕੈਂਸਰ, ਕਾਲਾ ਪੀਲੀਆ ਅਤੇ ਹੋਰ ਕਈ ਭਿਆਨਕ ਰੋਗਾਂ ਨੇ ਪੰਜਾਬ ‘ਤੇ ਹੱਲਾ ਬੋਲਿਆ ਹੋਇਆ ਹੈ। ਇਨ੍ਹਾਂ ਮੁਸੀਬਤਾਂ ਦਾ ਟਾਕਰਾ ਸਮੂਹ ਪੰਜਾਬੀਆਂ ਨੂੰ ਮਿਲ ਕੇ ਕਰਨਾ ਪੈਣਾ ਹੈ। ਵਾਢੀਆਂ ਦੇ ਦਿਨਾਂ ਵਿਚ ਵਾਤਾਵਰਨ ਪੱਖੋਂ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ। ਸਾਹ ਅਤੇ ਚਮੜੀ ਰੋਗਾਂ ਵਿਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ। ਕੁਝ ਕਰਨ ਦੀ ਚਾਹ ਰੱਖਣ ਵਾਲੇ ਨੌਜਵਾਨ ਧੜਾਧੜ ਬਾਹਰਲੇ ਦੇਸ਼ਾਂ ਨੂੰ ਭੱਜ ਰਹੇ ਹਨ। ਇਕੱਲੇ ਕਾਰੇ ਪੁੱਤ-ਧੀਆਂ ਬਾਹਰ ਤੋਰ ਕੇ ਪਿੱਛੇ ਮਾਪਿਆਂ ਦਾ ਬੁਰਾ ਹਾਲ ਹੋ ਜਾਂਦਾ ਹੈ। ਸਥਿਤੀ ਤੋਂ ਅੱਖਾਂ ਮੀਚ ਕੇ ਕਿੰਨੀ ਕੁ ਦੇਰ ਨੱਚਿਆ ਜਾ ਸਕਦਾ ਹੈ? ਅਸੀਂ ਭੁਲਾਵਿਆਂ ਵਿਚ ਜੀਅ ਰਹੇ ਹਾਂ।
ਲੇਖ ਦਾ ਸਿਰਲੇਖ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਸ਼ੇਅਰ ਦੀ ਇੱਕ ਸਤਰ ਹੈ। ਪੰਜਾਬੀਆਂ ਦੇ ਪੁਸਤਕ ਪ੍ਰੇਮੀ ਹੋਣ ਦੇ ਗੁਣ ਤੋਂ ਜਾਣੂ ਹੋਣ ਕਾਰਨ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਪੌਣੀ ਆਬਾਦੀ ਨੇ ਇਹ ਕਵਿਤਾ ਸ਼ਾਇਦ ਹੀ ਪੜ੍ਹੀ ਹੋਵੇ। ਸੋ, ਲੇਖ ਦੀ ਸਮਾਪਤੀ ‘ਤੇ ਪੂਰਾ ਸ਼ੇਅਰ ਹਾਜ਼ਰ ਹੈ,
ਖੂਬ ਨੇ ਇਹ ਝਾਂਜਰਾਂ ਛਣਕਣ ਲਈ।
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ।

Be the first to comment

Leave a Reply

Your email address will not be published.