ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲੀ ਮੰਜ਼ਲ ‘ਤੇ ਹੋਈ ਪੁਰਾਤਨ ਕੰਧ ਕਲਾ ਦੀ ਸਾਂਭ ਸੰਭਾਲ ਲਈ ਚੱਲ ਰਹੀ ਮੁਰੰਮਤ ਦੀ ਸੇਵਾ ਆਖਰੀ ਪੜਾਅ ‘ਤੇ ਹੈ ਤੇ ਮਾਹਰਾਂ ਵੱਲੋਂ ਇਸ ਕੰਮ ਨੂੰ ਮੁਕੰਮਲ ਕਰਨ ਮਗਰੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ਵਿਖੇ ਖ਼ਰਾਬ ਹੋਈ ਕੰਧ ਕਲਾ ਤੇ ਕਾਲੇ ਹੋਏ ਸੋਨੇ ਦੇ ਪੱਤਰਿਆਂ ਨੂੰ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਮਿਲੇ ਵੇਰਵਿਆਂ ਮੁਤਾਬਕ ਪਹਿਲੀ ਮੰਜ਼ਲ ‘ਤੇ ਕੰਧ ਕਲਾ ਦੀ ਸਾਂਭ ਸੰਭਾਲ ਦਾ ਇਹ ਕੰਮ ਤਕਰੀਬਨ ਛੇ ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਇਹ ਕੰਮ ਕਾਰ ਸੇਵਾ ਵਾਲੇ ਬਾਬਿਆਂ ਦੀ ਥਾਂ ਕੰਧ ਕਲਾ ਦੀ ਸਾਂਭ ਸੰਭਾਲ ਕਰਨ ਦੇ ਮਾਹਿਰਾਂ ਰਾਹੀਂ ਹੀ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪਹਿਲੇ ਪੜਾਅ ਵਿਚ ਪਹਿਲੀ ਮੰਜ਼ਲ ‘ਤੇ ਕੰਮ ਸ਼ੁਰੂ ਕੀਤਾ ਗਿਆ। ਮਾਹਰਾਂ ਵੱਲੋਂ ਪਹਿਲੀ ਮੰਜ਼ਲ ਦੀ ਛੱਤ ਤੇ ਇਸ ਦੀਆਂ ਚਾਰ ਚੁਫੇਰੇ ਦੀਆਂ ਕੰਧਾਂ ‘ਤੇ ਹੋਈ ਕੰਧ ਕਲਾ ਨੂੰ ਠੀਕ ਕੀਤਾ ਗਿਆ ਹੈ, ਜਿਸ ਤਹਿਤ ਪਹਿਲਾਂ ਇਸ ਦੀ ਸਾਫ ਸਫਾਈ ਕੀਤੀ ਗਈ ਤੇ ਮਗਰੋਂ ਖ਼ਰਾਬ ਹੋਈ ਕੰਧ ਕਲਾ ਨੂੰ ਠੀਕ ਕਰਨ ਲਈ ਖਾਲੀ ਹੋ ਗਈ ਥਾਂ ਨੂੰ ਵਿਸ਼ੇਸ਼ ਸਮੱਗਰੀ ਰਾਹੀਂ ਭਰਿਆ ਗਿਆ ਹੈ।
ਇਸ ਦੇ ਉਪਰ ਪੁਰਾਤਨ ਰੰਗਾਂ ਰਾਹੀਂ ਪਹਿਲਾਂ ਵਾਂਗ ਹੀ ਕੰਧ ਕਲਾ ਕੀਤੀ ਗਈ। ਜਿਨ੍ਹਾਂ ਥਾਵਾਂ ‘ਤੇ ਸਿਰਫ਼ ਮੁਰੰਮਤ ਦੀ ਲੋੜ ਸੀ, ਉਥੇ ਮੁਰੰਮਤ ਹੀ ਕੀਤੀ ਗਈ ਹੈ ਤੇ ਜਿਨ੍ਹਾਂ ਥਾਵਾਂ ‘ਤੇ ਕੰਧ ਕਲਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਸੀ, ਸਿਰਫ਼ ਉਨ੍ਹਾਂ ਥਾਵਾਂ ‘ਤੇ ਪਹਿਲਾਂ ਵਰਗੀ ਕੰਧ ਕਲਾ ਕੀਤੀ ਗਈ ਹੈ। ਇਸ ਲਈ ਵਿਦੇਸ਼ੀ ਰੰਗਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵੇਲੇ ਇਸ ਕੰਮ ਨੂੰ 10 ਮੈਂਬਰੀ ਮਾਹਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਮਾਹਰਾਂ ਨੇ ਹਰਿ ਕੀ ਪਉੜੀ ਤੋਂ ਉਪਰਲੇ ਹਿੱਸੇ, ਜਿਥੇ ਪੁਰਾਤਨ ਵੱਡਾ ਸਰੂਪ ਪ੍ਰਕਾਸ਼ਮਾਨ ਹੈ, ਦੀ ਵੀ ਮੁਰੰਮਤ ਕੀਤੀ ਹੈ। ਇਥੇ ਹੀ ਕੰਧ ਕਲਾ ਦੇ ਨਾਲ ਛੱਤ ‘ਤੇ ਸੁਨਹਿਰੀ ਰੰਗ ਨਾਲ ਚਿੱਤਰਕਾਰੀ ਕੀਤੀ ਹੋਈ ਹੈ, ਜਿਸ ਨੂੰ ਹੁਣ ਪੜਾਅ ਦੇ ਅਖੀਰ ਵਿਚ ਮੁਕੰਮਲ ਕੀਤਾ ਜਾਵੇਗਾ।
ਇਸ ਬਾਰੇ ਪੁਰਾਤਨ ਕੰਧ ਕਲਾ ਦੀ ਸਾਂਭ ਸੰਭਾਲ ਦੇ ਮਾਹਰ ਤੇ ਨੈਸ਼ਨਲ ਮਿਊਜ਼ੀਅਮ ਦੇ ਸਾਬਕਾ ਮੁਖੀ ਐਸ਼ਪੀæ ਸਿੰਘ ਨੇ ਦੱਸਿਆ ਕਿ ਪਹਿਲੀ ਮੰਜ਼ਿਲ ‘ਤੇ ਚੱਲ ਰਿਹਾ ਕੰਮ ਅੰਤਿਮ ਪੜਾਅ ‘ਤੇ ਹੈ। ਇਸ ਵੇਲੇ ਕੀਤੇ ਗਏ ਕੰਮ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕੰਧਾਂ ‘ਤੇ ਹੋਈ ਕੰਧ ਕਲਾ ਦੀ ਮੁਰੰਮਤ ਦਾ ਕੰਮ ਤਕਰੀਬਨ ਮੁਕੰਮਲ ਹੋ ਚੁੱਕਿਆ ਹੈ ਅਤੇ ਛੱਤ ‘ਤੇ ਸੁਨਹਿਰੀ ਰੰਗ ਨਾਲ ਕੁਝ ਕੰਮ ਕਰਨਾ ਬਾਕੀ ਹੈ। ਉਨ੍ਹਾਂ ਆਖਿਆ ਕਿ ਮਾਹਰਾਂ ਦੀ ਦੇਖ ਰੇਖ ਹੇਠ ਇਸ ਅਸਥਾਨ ‘ਤੇ ਹੋਈ ਪੁਰਾਤਨ ਕੰਧ ਕਲਾ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਗਈ ਹੈ ਸਗੋਂ ਇਸ ਨੂੰ ਪੁਰਾਤਨ ਸਰੂਪ ਵਿਚ ਹੀ ਸੰਭਾਲਣ ਦਾ ਯਤਨ ਕੀਤਾ ਗਿਆ ਹੈ।
ਪਹਿਲੀ ਮੰਜ਼ਲ ਤੋਂ ਸਾਂਭ ਸੰਭਾਲ ਦਾ ਕੰਮ ਮੁਕੰਮਲ ਹੋਣ ਮਗਰੋਂ ਮਾਹਰਾਂ ਵੱਲੋਂ ਹੇਠਾਂ ਮੁੱਖ ਅਸਥਾਨ ‘ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਛੇਤੀ ਹੀ ਹੇਠਲੀ ਮੰਜ਼ਿਲ ‘ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਤੇ ਉਸ ਮੁਤਾਬਕ ਹੀ ਸਾਂਭ ਸੰਭਾਲ ਦਾ ਕੰਮ ਸ਼ੁਰੂ ਹੋਵੇਗਾ। ਹੇਠਲੀ ਮੰਜ਼ਿਲ ‘ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣ ਕਾਰਨ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਵਧੇਰੇ ਕੰਮ ਰਾਤ ਸਮੇਂ ਹੀ ਹੋਵੇਗਾ ਕਿਉਂਕਿ ਸਵੇਰ ਵੇਲੇ ਸ਼ਰਧਾਲੂਆਂ ਦੀ ਆਮਦ ਤੇ ਮਰਿਆਦਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਸਾਂਭ ਸੰਭਾਲ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਧ ਕਲਾ ਦੀ ਫੋਟੋਗ੍ਰਾਫੀ ਕੀਤੀ ਗਈ ਹੈ ਤਾਂ ਜੋ ਲੋੜ ਮੁਤਾਬਕ ਇਸ ਦੀ ਵਰਤੋਂ ਹੋ ਸਕੇ। ਉਨ੍ਹਾ ਆਖਿਆ ਕਿ ਹੇਠਲੀ ਮੰਜ਼ਿਲ ‘ਤੇ ਵੀ ਸਿਰਫ ਉਸ ਥਾਂ ਉਤੇ ਨਵਾਂ ਕੰਮ ਕੀਤਾ ਜਾਵੇਗਾ, ਜਿਥੇ ਪੁਰਾਤਨ ਕੰਧ ਕਲਾ ਜਾਂ ਸੋਨੇ ਦੇ ਪੱਤਰੇ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਹਨ। ਵਧੇਰੇ ਥਾਵਾਂ ‘ਤੇ ਖ਼ਰਾਬ ਹੋਈ ਕੰਧ ਕਲਾ, ਮੋਹਰਾਕਸ਼ੀ ਤੇ ਗੱਚ ਵਰਕ ਨੂੰ ਪਹਿਲਾਂ ਵਾਂਗ ਹੀ ਸੰਭਾਲਣ ਦਾ ਯਤਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਮੰਜ਼ਲ ‘ਤੇ ਖਰਾਬ ਹੋ ਰਹੀ ਕੰਧ ਕਲਾ ਨੂੰ ਬਚਾਉਣ ਲਈ ਇਸ ਉਤੇ ਸ਼ੀਸ਼ੇ ਲਾ ਦਿੱਤੇ ਗਏ ਸਨ ਤਾਂ ਜੋ ਇਸ ਨੂੰ ਸੰਗਤ ਦੇ ਹੱਥ ਲੱਗਣ ਨਾਲ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਇਸ ਉਪਰ ਸ਼ੀਸ਼ੇ ਲਾਏ ਜਾਣ ਕਾਰਨ ਹੇਠੋਂ ਨਮੀ ਆਉਣ ਨਾਲ ਇਹ ਕਈ ਥਾਵਾਂ ਤੋਂ ਖਰਾਬ ਹੋ ਗਈ ਸੀ। ਇਸੇ ਤਰ੍ਹਾਂ ਪੌੜੀਆਂ ਦੀਆਂ ਦੋਵੇਂ ਪਾਸੇ ਦੀਆਂ ਕੰਧਾਂ ‘ਤੇ ਹੋਈ ਕੰਧ ਕਲਾ ਵੀ ਸ਼ਰਧਾਲੂਆਂ ਦੇ ਹੱਥ ਲੱਗਣ ਕਾਰਨ ਤਕਰੀਬਨ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਪਰ ਇਨ੍ਹਾਂ ਦੀਆਂ ਛੱਤਾਂ ‘ਤੇ ਕੁਝ ਹਿੱਸਾ ਠੀਕ ਹੈ। ਹੇਠਲੀ ਮੰਜ਼ਲ ‘ਤੇ ਪ੍ਰਦੂਸ਼ਣ ਕਾਰਨ ਸੋਨੇ ਦੇ ਕੁਝ ਪੱਤਰੇ ਪੂਰੀ ਤਰ੍ਹਾਂ ਕਾਲੇ ਹੋ ਚੁੱਕੇ ਹਨ ਤੇ ਕਈ ਉਖੜ ਵੀ ਚੁੱਕੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਸ ਵਿਰਾਸਤ ਨੂੰ ਸੰਭਾਲਣ ਲਈ ਹਰ ਹੀਲਾ ਕੀਤਾ ਜਾਵੇਗਾ। ਇਸ ਸਬੰਧੀ ਮਾਹਿਰਾਂ ਦੀ ਰਾਏ ਗਈ ਹੈ।
Leave a Reply