ਮਾਂ ਨੂੰ ਪਹਿਲ

‘ਮਾਂ ਦਿਵਸ’ (ਮਦਰ’ਜ਼ ਡੇਅ) ਹਰ ਵਰ੍ਹੇ ਮਈ ਦੇ ਦੂਜੇ ਐਤਵਾਰ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਵਿਚ ਮਨਾਇਆ ਜਾਂਦਾ ਹੈ। ਇਸ ਵਾਰ ਅਸੀਂ ਆਪਣੇ ਪਾਠਕਾਂ ਲਈ ਬਿਲਕੁਲ ਵੱਖਰੀ ਜਿਹੀ ਰਚਨਾ ਪੇਸ਼ ਕਰ ਰਹੇ ਹਾਂ। ਇਹ ਰਚਨਾ ਮਨਜੀਤ ਕੌਰ ਸੇਖੋਂ ਦੀ ਹੈ ਜਿਸ ਵਿਚ ਉਨ੍ਹਾਂ ਆਪਣੀ ਮਾਂ ਨਾਲ ਗੱਲਾਂ ਕੀਤੀਆਂ ਹਨ। ਇਨ੍ਹਾਂ ਗੱਲਾਂ ਵਿਚ ਔਰਤ ਹੋਣ ਦਾ ਦਰਦ ਸਮੋਇਆ ਪਿਆ ਹੈ। ਇਨ੍ਹਾਂ ਗੱਲਾਂ ਵਿਚੋਂ ਹੀ ਪੰਜਾਬ ਦਾ ਉਹ ਜਗੀਰੂ ਯੁੱਗ ਬੋਲਦਾ ਸੁਣਦਾ ਹੈ ਜਿਸ ਨੇ ਔਰਤ ਨਾਲ ਬਹੁਤ ਵਧੀਕੀਆਂ ਕੀਤੀਆਂ। ਇਸ ਲੇਖ ਵਿਚ ਲੇਖਕਾ ਨੇ ਆਪਣੀ ਮਾਂ ਦੇ ਬਹਾਨੇ ਸ਼ਾਇਦ ਪੂਰੀ ਔਰਤ ਜਾਤ ਦੀਆਂ ਭਾਵਨਾਵਾਂ ਦੀ ਪੂਣੀ ਕੱਤ ਲਈ ਹੈ। -ਸੰਪਾਦਕ

ਮਨਜੀਤ ਕੌਰ ਸੇਖੋਂ
ਫੋਨ: 916-690-2379
ਮਾਂ ਅੱਜ ਆਖ਼ਰੀ ਹਿੱਸਾ ਵੀ ਦੁਨੀਆਂ ਤੋਂ ਟੁਰ ਗਈ ਸੀ। ਮੈਂ ਆਪਣੇ ਹੱਥੀਂ ਉਹਨੂੰ ਵਿਦਾ ਕੀਤਾ। ਮਾਂ ਦਾ ਸਾਰਾ ਜੀਵਨ ਮੇਰੇ ਨੈਣਾਂ ਸਾਹਮਣੇ ਫ਼ਿਲਮ ਵਾਂਗ ਉਧੜ ਰਿਹਾ ਹੈ। ਮਾਂ ਕਿਵੇਂ ਟੁਕੜੇ-ਟੁਕੜੇ ਹੋ ਕੇ ਦੁਨੀਆਂ ਤੋਂ ਗਈ। ਮਾਂ-ਬਾਪ, ਹੁਸਨ ਤੇ ਜਵਾਨੀ-ਆਂਹਦੇ ਨੇ, ਜ਼ਿੰਦਗੀ ਵਿਚ ਇਕੋ ਵਾਰੀ ਮਿਲਦੇ ਨੇ, ਪਰ ਤਾਂ ਵੀ ਮੈਨੂੰ ਸਕੂਨ ਏæææ ਚੰਗਾ ਹੋਇਆ ਵਿਚਾਰੀ ਟੁਰ ਗਈ, ਕੋਈ ਹੋਰ ਦੁਖਾਂਤ ਦੇਖਣ ਤੋਂ ਪਹਿਲਾਂ-ਪਹਿਲਾਂ। ਜ਼ਿੰਦਗੀ Ḕਚ ਕੀ ਪਤਾ, ਕਿਹੜੇ ਵੇਲੇ ਕੀ ਹੋ ਜਾਣਾ! ਮਾਂ ਨੂੰ ਤਾਂ ਬਿਧ ਮਾਤਾ ਨੇ ਜਿਵੇਂ ਜਨਮ ਵੇਲੇ ਹੀ ਸਰਾਪ ਦੇ ਦਿੱਤਾ ਸੀ ਕਿ ਜ਼ਿੰਦਗੀ ਵਿਚ ਬੱਸ ਭੋਰਾ-ਭੋਰਾ ਮੁੱਕੇਂਗੀ, ਪੋਟਾ-ਪੋਟਾ, ਕਤਰਾ-ਕਤਰਾ। ਹਰ ਵਾਰੀ ਜਦੋਂ ਮਾਂ ਕਿਸੇ ਨਜ਼ਦੀਕੀ ਦੇ ਸਸਕਾਰ ਤੋਂ ਆਉਂਦੀ, ਉਸ ਵੱਲ ਵੇਖ ਕੇ ਮੈਨੂੰ ਜਾਪਦਾ, ਅੱਜ ਮਾਂ ਦਾ ਕੁਝ ਹਿੱਸਾ ਮਰਨ ਵਾਲੇ ਦੇ ਨਾਲ ਹੀ ਮਰ ਗਿਆ। ਤੇ ਇੰਜ ਹੌਲੀ-ਹੌਲੀ ਗਿੱਲੇ ਮੁੱਢ ਵਾਂਗ ਸਾਰੀ ਜ਼ਿੰਦਗੀ ਧੁਖ-ਧੁਖ ਕੇ ਮਾਂ ਵਿਛੋੜੇ ਦੀ ਅੱਗ ਵਿਚ ਸੜਦੀ ਰਹੀ ਤੇ ਸੁੱਕਦੀ ਰਹੀ।
ਮਾਂ ਦੇ ਦੱਸਣ ਮੁਤਾਬਕ ਅੰਝਾਣੀ ਜਿਹੀ ਦਾ ਹੀ ਵਿਆਹ ਹੋ ਗਿਆ ਸੀ। ਤੇਰਾ ਕੁ ਸਾਲ ਦੀ ਸੀ ਜਦੋਂ ਭੂਆ ਆਪਣੇ ਦਿਉਰ ਵਾਸਤੇ ਮੰਗ ਕੇ ਰਿਸ਼ਤਾ ਲੈ ਗਈ ਸੀ। ਆਂਹਦੇ ਨੇ, ਦੇਖਣ ਤਾਂ ਮਾਂ ਦੀ ਵੱਡੀ ਭੈਣ ਨੂੰ ਗਏ ਸੀ ਜੋ ਉਸ ਤੋਂ ਸਾਲ ਕੁ ਵੱਡੀ ਸੀ, ਪਰ ਉਹ ਤਾਂ ਵੀਰ ਵਹੁਟੀ ਜਿਹੀ ਸ਼ਰਮਾਈ ਬੈਠੀ ਸੀ। ਬਾਲੜੀ ਜਿਹੀ ਮਾਂ, ਭੈਣ ਨੂੰ ਵੇਖਣ ਆਏ ਪ੍ਰਾਹੁਣਿਆਂ ਦੇ ਚਾਅ Ḕਚ ਤਿਤਲੀ ਵਾਂਗ ਉਡੀ ਫ਼ਿਰਦੀ ਸੀ, ਚਾਹ-ਪਾਣੀ ਤੇ ਮਿਠਾਈ ਦੀ ਸੇਵਾ ਕਰਦੀ। ਤੇ ਫਿਰ ਮਾਂ ਦੀ ਨਣਾਨ ਨੂੰ ਚੁੱਪ ਕੀਤੀ ਬੈਠੀ ਵੀਰ ਵਹੁਟੀ ਵਰਗੀ ਕੁੜੀ ਦੀ ਥਾਂ, ਉਡਦੀ ਫਿਰਦੀ ਤਿਤਲੀ ਪਸੰਦ ਆ ਗਈ, ਤੇ ਉਨ੍ਹਾਂ ਦੀ ਥਾਂ ਛੋਟੀ ਦਾ ਰਿਸ਼ਤਾ ਮੰਗ ਕੇ ਲੈ ਗਿਆ। ਭੂਆ ਆਂਹਦੀ ਸੀ, ਸਾਡਾ ਵੱਡਾ ਘਰ, ਵੱਡੇ ਪੱਧਰ ਦੀ ਖੇਤੀæææਛੋਟੀ ਉਥੇ ਜ਼ਿਆਦਾ ਕਾਮਯਾਬ ਰਹਿ ਸਕਦੀ ਏ।
ਇੰਜ ਮਾਂ ਦਾ ਭਗਤ ਜਿਹੇ ਪਿਤਾ ਨਾਲ ਵਿਆਹ ਹੋ ਗਿਆ। ਮਾਂ ਬਾਲੜੀ ਸੀ ਤੇ ਸ਼ੁਕੀਨ ਵੀ। ਵਿਆਹ ਬਾਅਦ ਜਦੋਂ ਸਜ-ਸੰਵਰ ਕੇ ਬੈਠੀ ਤਾਂ ਪਿਤਾ ਜੀ ਨੇ ਆਖ ਦਿਤਾ ਕਿ ਉਨ੍ਹਾਂ ਨੂੰ ਸਾਦਗੀ ਪਸੰਦ ਹੈ। ਫਿਰ ਮਾਂ ਨੇ ਸਾਰਾ ਹਾਰ-ਸ਼ਿੰਗਾਰ ਤੇ ਗਹਿਣੇ ਉਤਾਰ ਕੇ ਹਾਲਾਤ ਨਾਲ ਸਮਝੌਤਾ ਕਰ ਲਿਆ। ਇਹ ਸ਼ਾਇਦ ਮਾਂ ਦਾ ਸਮਝੌਤੇ ਦੇ ਮਾਰਗ Ḕਤੇ ਤੁਰਨ ਦਾ ਪਹਿਲਾ ਕਦਮ ਸੀ।
ਦਿੱਲੀ-ਅੰਬਾਲੇ ਵਰਗੇ ਵੱਡੇ ਸ਼ਹਿਰਾਂ Ḕਚ ਜੰਮੀ-ਪਲੀ ਸਟੇਸ਼ਨ ਮਾਸਟਰ ਦੀ ਧੀ ਦਾ ਵਿਆਹ ਵੱਡੇ ਪੱਧਰ ਦੀ ਖੇਤੀ ਵਾਲਿਆਂ ਦੇ ਹੋ ਗਿਆ ਜਿਨ੍ਹਾਂ ਦੀ ਜ਼ਮੀਨ ਵੀ ਚਾਰ-ਪੰਜ ਪਿੰਡਾਂ ਵਿਚ ਖਿੰਡੀ ਹੋਈ ਸੀ। ਸ਼ਹਿਰਨ ਜਿਹੀ ਮਾਂ ਨੇ ਆਪਣੇ-ਆਪ ਨੂੰ ਉਦਾਂ ਹੀ ਢਾਲ ਲਿਆ। ਮਾਂ ਨੇ ਸਾਰੀ ਜ਼ਿੰਦਗੀ Ḕਚ ਇਕੋ ਹੀ ਬਗਾਵਤ ਕੀਤੀ ਸੀ ਜਿਹਦੇ ਲਈ ਉਹ ਸਾਰੀ ਜ਼ਿੰਦਗੀ ਪਛਤਾਉਂਦੀ ਰਹੀ। ਆਖਦੀ ਸੀ, ਉਸ ਦੇ ਪਿਤਾ ਨੇ ਉਹਨੂੰ ਤੇ ਵੱਡੀ ਭੈਣ ਨੂੰ ਸਿੱਧਵਾਂ ਹੋਸਟਲ ਵਿਚ ਪੜ੍ਹਨ ਲਈ ਛੱਡ ਦਿਤਾ ਪਰ ਦੋਹਾਂ ਭੈਣਾਂ ਨੇ ਬਗਾਵਤ ਕਰ ਦਿਤੀ ਕਿ ਉਹ ਪਿਤਾ ਬਿਨਾਂ ਨਹੀਂ ਜੀਅ ਸਕਦੀਆਂ, ਤੇ ਹੋਸਟਲ ਛੱਡ ਕੇ ਆ ਗਈਆਂ। ਮੁੜ ਸਾਰੀ ਜ਼ਿੰਦਗੀ ਮਾਂ ਨੂੰ ਪੜ੍ਹਨ ਦਾ ਪਛਤਾਵਾ ਰਿਹਾ। ਆਂਹਦੀ ਸੀ, ਵਿਆਹ ਬਾਅਦ ਉਹ ਕੁੜੀਆਂ ਦੇ ਹਾਈ ਸਕੂਲ ਦਾਖਲ ਹੋ ਗਈ ਸੀ, ਤੇ ਬਾਹਰਵਾਰ ਦੀ ਸੜਕ ਤੋਂ ਘੁੰਡ ਕੱਢ ਕੇ ਸਕੂਲ ਜਾਂਦੀ ਰਹੀ, ਪਰ ਦਸਵੀਂ ਦਾ ਇਮਤਿਹਾਨ ਨਹੀਂ ਦੇ ਸਕੀ ਸੀ, ਕਿਉਂਕਿ ਉਸ ਦੇ ਵੱਡੇ ਬੇਟੇ ਦਾ ਜਨਮ ਹੋਣਾ ਸੀ। ਉਸ ਤੋਂ ਬਾਅਦ ਉਸ ਨੇ ਤਹੱਈਆ ਕਰ ਲਿਆ ਕਿ ਉਹ ਆਪਣੀਆਂ ਧੀਆਂ ਨੂੰ ਜ਼ਰੂਰ ਪੜ੍ਹਾ-ਲਿਖਾ ਦੇ ਨੌਕਰੀ ਦੇ ਕਾਬਿਲ ਕਰ ਕੇ ਵਿਆਹੇਗੀ।
ਫਿਰ ਪਿਤਾ ਜੀ ਦੇ ਅਫ਼ਰੀਕਾ ਸੈਟਲ ਹੋਣ ਕਰ ਕੇ ਮਾਂ ਨੂੰ ਅਫ਼ਰੀਕਾ ਜਾਣਾ ਪੈ ਗਿਆ। ਵਰ੍ਹਿਆਂ ਦੇ ਵਰ੍ਹੇ ਮਾਂ ਨੇ ਅਫ਼ਰੀਕਾ ਦੀ ਧਰਤੀ Ḕਤੇ ਗੁਜ਼ਾਰੇ। ਉਥੇ ਤਿੰਨ ਬੱਚੇ ਪੈਦਾ ਹੋਏ। ਇਹ ਉਹ ਧਰਤੀ ਸੀ ਜਿਥੇ ਮਾਂ ਨੇ ਟਰੈਕਟਰ ਵੀ ਚਲਾਇਆ ਤੇ ਬੰਦੂਕ ਦੀ ਗੋਲੀ ਵੀ। ਕਦੀ-ਕਦੀ ਲਗਦਾ, ਮਾਂ ਦਾ ਮਰਦਾਂ ਵਾਲਾ ਜੇਰਾ ਸੀ। ਇਕ ਦਿਨ ਲੈਂਡਰੋਵਰ ਚਲਾਉਣ ਦੀ ਕੋਸ਼ਿਸ਼ ਕਰਨ ਲੱਗੀ। ਪਿਤਾ ਜੀ ਆਪਣੀ ਛੋਟੀ ਭੈਣ ਕੋਲ ਦਾਰਾਸਲਾਮ ਗਏ ਸਨ। ਸੋਚਿਆ, ਗੱਡੀ ਚਲਾਉਣ ਵੇਲੇ ਬੱਚੇ ਦੌੜ ਕੇ ਅੱਗੇ ਨਾ ਆ ਜਾਣ, ਉਹ ਵੀ ਨਾਲ ਹੀ ਬਿਠਾ ਲਏ ਤੇ ਗੱਡੀ ਸਟਾਰਟ ਕਰ ਲਈ। ਸਰਵੈਂਟ ਕੁਆਰਟਰਜ਼ ਵਿਚੋਂ ḔਬੋਈḔ ਦੌੜ ਕੇ ਆਏ ḔਬਾਨਾḔ (ਮਾਲਿਕਾ) ਤਾਂ ਘਰ ਨਹੀਂ, ਗੱਡੀ ਕਿਹਨੇ ਚਲਾਈ। ਗੱਡੀ ਸਟਾਰਟ ਤਾਂ ਕਰ ਲਈ, ਬੰਦ ਕਰਨੀ ਨਹੀਂ ਆਈ। ਇੰਨੇ ਨੂੰ ਸਾਮਹਣੇ ਟੋਏ Ḕਚ ਜਾ ਡਿੱਗੇ। Ḕਬੋਈਜ਼Ḕ ਨੇ ਬੜੀ ਮਿਹਨਤ ਨਾਲ ਉਨ੍ਹਾਂ ਨੂੰ ਟੋਏ ਵਿਚੋਂ ਕੱਢਿਆ। ਉਦਾਂ ਮਾਂ ਉਨ੍ਹਾਂ ਨਾਲ ਉਨ੍ਹਾਂ ਦੀ ਬੋਲੀ ḔਸਵਾਹੇਲੀḔ ਬੜੀ ਪ੍ਰਬਨੀਤਾ ਨਾਲ ਬੋਲ ਲੈਂਦੀ ਸੀ।
ਮਾਂ ਆਂਹਦੀ ਇਕ ਬੋਈ ਜ਼ਿਦ ਪੈ ਗਿਆ, ਜਦੋਂ ਵੀ ਪਤਾ ਲੱਗਣਾ ḔਬਾਨਾḔ (ਮਾਲਕ) ਵਾਂਢੇ ਗਿਆ, ਤਾਂ ਘਰ ਵਿਚੋਂ ਜ਼ਰੂਰ ਲੰਘਣਾ। ਫ਼ਾਰਮ ਹਾਊਸ ਹੋਣ ਕਰ ਕੇ ਖੁੱਲ੍ਹਾ-ਡੁੱਲ੍ਹਾ ਘਰ ਸੀ, ਚਾਰ-ਦੀਵਾਰੀ ਨਹੀਂ ਸੀ। ਮਾਂ ਆਖਦੀ, ਮੈਂ ਬੰਦੂਕ ਲੈ ਕੇ ਹਵਾਈ ਫ਼ਾਇਰ ਕਰ ਦੇਣਾ। ਇੰਜ ਉਹਦੇ Ḕਤੇ ਦਹਿਸ਼ਤ ਪੈ ਗਈ ਕਿ ਇਹ ਔਰਤ ਡਰਨ ਵਾਲੀ ਨਹੀਂ। ਫਿਰ ਉਹ ਆਪੇ ਹੀ ਖਹਿੜਾ ਛੱਡ ਗਿਆ।
ਮਾਂ ਜਦੋਂ ਇੰਡੀਆ ਤੋਂ ਵਾਪਸ ਆਈ ਤਾਂ ਪਾਣੀ ਵਾਲੇ ਜਹਾਜ਼ ਵਿਚ ਆਈ ਸੀ। ਲੰਚ ਟਾਈਮ Ḕਤੇ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਥੜ੍ਹੇ ਜਿਹੇ Ḕਤੇ ਬੈਠੀ ਸੀ ਕਿ ਭੀੜ ਨਿਕਲ ਲਵੇ, ਬਾਅਦ Ḕਚ ਆਰਾਮ ਨਾਲ ਬੱਚਿਆਂ ਨੂੰ ਖਾਣਾ ਖਿਲਾ ਲਵੇਗੀ। ਉਹਦੇ ਸਾਹਮਣੇ ਇਕ ਕਾਮਾ ਜਹਾਜ਼ ਨੂੰ ਪੇਂਟ ਕਰ ਰਿਹਾ ਸੀ, ਪੌੜੀ Ḕਤੇ ਖੜ੍ਹਾ ਸੀ। ਮਾਂ ਦੇ ਦੇਖਦਿਆਂ ਉਹ ਫਿਸਲ ਕੇ ਡਿੱਗ ਪਿਆ, ਤੇ ਥਾਂਏਂ ਮਰ ਗਿਆ। ਡਿੱਗਦੇ ਸਾਰ ਉਹਦੇ ਸਿਰ Ḕਚ ਲੋਹੇ ਦਾ ਪਾਈਪ ਵੱਜ ਗਿਆ ਸੀ। ਉਹਦੀ ਮੌਤ ਦੀ ਗਵਾਹ ਮਾਂ ਹੀ ਸੀ। ਕਈ ਗੁਜਰਾਤੀ ਅਤੇ ਹੋਰ ਯਾਤਰੂਆਂ ਨੇ ਸਲਾਹ ਦਿਤੀ ਕਿ ਮਾਂ ਗਵਾਹੀ ਨਾ ਦੇਵੇ, ਕਿਉਂ ਰਾਹ ਜਾਂਦੀ ਬਲਾ ਗਲ ਪਾਉਣੀ ਹੈ? ਇਹੋ ਜਿਹੇ ਝਮੇਲੇ ਤੋਂ ਅੱਖਾਂ ਮੀਟੀਆਂ ਚੰਗੀਆਂ ਪਰ ਮਾਂ ਨੇ ਕਿਸੇ ਦੀ ਨਹੀਂ ਸੁਣੀ। ਕਹਿੰਦੀ, ਮੈਂ ਤਾਂ ਜੋ ਦੇਖਿਆ, ਇੰਨ-ਬਿੰਨ ਉਦਾਂ ਹੀ ਦੱਸਾਂਗੀ। ਕੰਮ Ḕਤੇ ਮੌਤ ਹੋਈ ਹੈ, ਉਹਦੇ ਬੀਵੀ-ਬੱਚਿਆਂ ਨੂੰ ਕੋਈ ਇਵਜਾਨਾ ਮਿਲ ਜਾਵੇਗਾ। ਫਿਰ ਉਸ ਕਾਮੇ ਦੀ ਲਾਸ਼ ਸਾਡੇ ਸਾਹਮਣੇ ਹੀ ਭਾਰੇ ਜਿਹੇ ਗਦੈਲੇ ਵਿਚ ਲਪੇਟ ਕੇ ਸਮੁੰਦਰ Ḕਚ ਪ੍ਰਵਾਹ ਕ ਦਿੱਤੀ ਗਈ। ਤੇ ਇਹ ਗਵਾਹੀ ਵਾਲੀ ਗੱਲ ਮਾਂ ਦੇ ਪਾਸਪੋਰਟ Ḕਤੇ ਵੀ ਲਿਖ ਦਿੱਤੀ ਗਈ ਸੀ।
ਮਾਂ ਜਦੋਂ ਇੰਡੀਆ ਆਈ ਤਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਰਿਟਾਇਰ ਹੋ ਕੇ ਘਰ ਆਏ ਤਾਂ ਪਹਿਲੀ ਪੈਨਸ਼ਨ ਵੀ ਲੈਣੀ ਨਸੀਬ ਨਾ ਹੋਈ। ਵਰ੍ਹਿਆਂ ਤੋਂ ਵਿਛੜੀ ਮਾਂ ਦਾ ਬਾਪ ਨਾਲ ਮੇਲ ਨਾ ਹੋ ਸਕਿਆ। ਮਾਂ ਪੇਕਿਆਂ ਦੀਆਂ ਬਰੂਹਾਂ Ḕਤੇ ਜਾ ਧਾਹੀਂ ਰੋਂਦੀ, ਜਿਵੇਂ ਮਾਂ ਦਾ ਕੁਝ ਹਿੱਸਾ ਉਸ ਦੇ ਬਾਪ ਦੀ ਮੌਤ ਸੁਣ ਕੇ ਮੁੱਕ ਗਿਆ ਸੀ। ਮਾਂ ਹੁਣ ਪਰਿਵਾਰ ਸਮੇਤ ਇੰਡੀਆ ਸੈਟ ਹੋ ਗਈ। ਪਾਸਪੋਰਟ ਤਾਂ ਸਭ ਨੂੰ ਬ੍ਰਿਟਿਸ਼ ਮਿਲੇ ਸਨ, ਨਾਲ ਦੇ ਸਭ ਸੰਗੀ-ਸਾਥੀ ਇੰਗਲੈਂਡ ਜਾ ਕੇ ਸੈਟਲ ਹੋ ਗਏ ਸਨ। ਮਾਂ ਨੂੰ ਵੀ ਅੰਦਰੋਂ ਇੰਗਲੈਂਡ ਜਾਣ ਦਾ ਸ਼ੌਕ ਸੀ, ਪਰ ਪਿਤਾ ਨੇ ਹਾਮੀ ਨਹੀਂ ਭਰੀ। ਕਹਿੰਦੇ ਲੋਕ ਉਥੇ ਬੀਫ਼ ਖਾਂਦੇ ਨੇ, ਬੱਚੇ ਮੀਟ ਖਾਣ ਲੱਗ ਜਾਣਗੇ। ਇਉਂ ਮਾਂ ਨੇ ਇਕ ਸਮਝੌਤਾ ਹੋਰ ਕਰ ਲਿਆ।
ਫਿਰ ਮਾਂ ਭਈਆਂ, ਦਿਹਾੜੀਦਾਰਾਂ ਦੀਆਂ ਰੋਟੀਆ ਦੇ ਪੂਰਾਂ ਦੇ ਪੂਰ ਪਕਾਉਂਦੀ ਰਹੀ, ਕਦੀ ਤਲਖੀ Ḕਚ ਨਹੀਂ ਆਈ। ਉਂਜ ਮਜ਼ਾਜਣ ਬੜੀ ਸੀ, ਬਹੁਤਾ ਨਾ ਕਿਸੇ ਦੇ ਘਰ ਜਾਂਦੀ ਸੀ ਤੇ ਨਾ ਕਿਸੇ ਰਿਸ਼ਤੇਦਾਰੀ ਵਿਚ। ਪੇਕਿਆਂ ਦੇ ਘਰ ਵੀ ਕਦੀ-ਕਦੀ ਇਕ-ਅੱਧ ਰਾਤ ਜਾਂਦੀ। ਕਿਲ੍ਹੇ ਵਰਗੀ ਹਵੇਲੀ ਸੀ ਜਿਹਦੇ Ḕਚ ਧੁੱਪ ਹੀ ਕਰਮਾਂ ਨਾਲ ਆਉਂਦੀ ਸੀ। ਉਚੀਆਂ-ਉਚੀਆਂ ਕੰਧਾਂ, ਉਚੀਆਂ ਛੱਤਾਂ। ਅੰਦਰ ਠੰਢੇ ਪਾਣੀ ਦੀ ਖੂਹੀ ਸੀ। ਪਿੰਡਾਂ Ḕਚ ਬਿਜਲੀ ਤਾਂ ਬਹੁਤੀ ਵਾਰੀ ਗਈ ਹੁੰਦੀ। ਆਢਣਾਂ-ਗੁਆਢਣਾਂ ਠੰਢੇ ਪਾਣੀ ਦੇ ਬਹਾਨੇ ਆ ਕੇ ਬਹਿ ਜਾਂਦੀਆਂ। ਹਵੇਲੀਨੁਮਾ ਘਰ ਵੀ ਠੰਢਾ ਹੁੰਦਾ, ਆ ਕੇ ਸਾਹ ਲੈਂਦੀਆਂ ਤੇ ਗੱਲਾਂ-ਬਾਤਾਂ ਕਰ ਲੈਂਦੀਆਂ। ਕਈ ਸੱਸਾਂ ਦੇ ਰਾਜ਼, ਕਈ ਨੂੰਹਾਂ ਦੇ ਦੁੱਖ-ਸੁੱਖ ਉਹਨੇ ਆਪਣੇ ਅੰਦਰ ਸਮੋਏ ਹੋਏ ਸੀ। ਮਾਂ ਦੀ ਭੂਆ ਦਾ ਪੁੱਤਰ ਕਦੀ-ਕਦਾਈਂ ਪੀ ਲੈਂਦਾ, ਤੇ ਜਦੋਂ ਵੀ ਆ ਕੇ ਭੈਣ ਕੋਲੋਂ ਥੋੜ੍ਹੇ-ਬਹੁਤ ਪੈਸੇ ਮੰਗਦਾ, ਮਾਂ ਕਦੀ ਨਾਂਹ ਨਾ ਕਰਦੀ; ਹੌਲੀ ਕੁ ਦੇਣੇ ਸਭ ਦੀ ਅੱਖ ਬਚਾ ਕੇ ਦੇ ਜਾਂਦੀ।
ਮਾਂ ਦਿਲ ਦਰਿਆ ਵੀ ਬੜੀ ਸੀ, ਪਰ ਉਸੇ ਵਕਤ ਕਿਫ਼ਾਇਤੀ ਵੀ ਸੀ। ਘਰ ਆਏ ਮਹਿਮਾਨ ਨੂੰ ਰੱਬ ਵਰਗਾ ਸਮਝ ਕੇ ਸੇਵਾ ਕਰਦੀ। ਨੌਕਰਾਂ-ਚਾਕਰਾਂ, ਸਾਂਝੀਆਂ ਨੂੰ ਵਧੀਆ ਰੋਟੀ-ਪਾਣੀ ਦਿੰਦੀ, ਪਰ ਜਦੋਂ ਸਬਜ਼ੀ ਕੱਟਣ ਬੈਠਦੀ, ਤਾਂ ਆਲੂ ਦਾ ਛਿਲਕਾ ਇੰਨਾ ਪਤਲਾ ਉਤਾਰਦੀ ਕਿ ਆਲੂ ਦਾ ਭੋਰਾ ਨਾਲ ਨਾ ਚਲਾ ਜਾਵੇ। ਇਸੇ ਲਈ ਕਿਸੇ ਤੋਂ ਕਰਵਾਇਆ ਕੰਮ ਪਸੰਦ ਨਹੀਂ ਆਉਂਦਾ, ਕਿਉਂਕਿ ਅਸੀਂ ਇੰਨੀ ਬਰੀਕੀ ਨਾਲ ਨਹੀਂ ਸੀ ਕਰਦੇ। ਕੱਪੜੇ ਧੋਣ ਲਈ ਕੁੜੀ ਰੱਖੀ, ਪਰ ਉਹਨੂੰ ਲੱਗਦਾ ਰਹਿੰਦਾ ਸੀ, ਉਹ ਸਾਬਣ ਜ਼ਿਆਦਾ ਘਿਸਾਉਂਦੀ ਏ। ਉਹਦੇ ਕੱਪੜੇ ਧੋਂਦੀ ਦੇ ਸਿਰ Ḕਤੇ ਖੜ੍ਹੀ ਰਹਿੰਦੀ।
ਮਾਂ ਦੇ ਘਰ ਸਮਾਲ ਸੇਵਿੰਗ ਵਾਲਿਆਂ ਦਾ ਦਫ਼ਤਰ ਸੀ। ਮਹੀਨੇ ਵਿਚ ਇਕ ਦਿਨ ਕਲਰਕ ਕੁੜੀਆਂ ਲੁਧਿਆਣੇ ਤੋਂ ਆਉਂਦੀਆਂ ਤੇ ਬੈਂਕ ਲਾਉਂਦੀਆਂ। ਪਿੰਡ ਦੀਆਂ ਤ੍ਰੀਮਤਾਂ ਦਾ ਓਦਣ ਘਰ ਵਿਚ ਤਾਂਤਾ ਲੱਗਿਆ ਰਹਿੰਦਾ। ਦਸ-ਵੀਹ ਰੁਪਏ ਜਮ੍ਹਾਂ ਕਰਵਾਉਣ/ਕਢਵਾਉਣ ਵਾਲੀਆਂ ਦੀ ਰੌਣਕ ਲੱਗੀ ਰਹਿੰਦੀ। ਮਾਂ ਸਾਰਾ ਦਿਨ ਦੂਰੋਂ-ਨੇੜਿਉਂ ਆਈਆਂ ਦੀ ਚਾਹ, ਰੋਟੀ-ਪਾਣੀ ਨਾਲ ਵਿਤ ਮੂਜਬ ਸੇਵਾ ਕਰਦੀ ਰਹਿੰਦੀ। ਸਿਲਾਈ ਸੈਂਟਰ ਵਾਲੀਆਂ ਦਾ ਬਸਤਾ ਵੀ ਮਾਂ ਦੇ ਘਰ ਸੀ। ਹਰ ਮਹੀਨੇ ਉਹ ਵੀ ਆ ਕੇ ਕਾਗ਼ਜ਼ੀ ਕਾਰਵਾਈ ਕਰਦੀਆਂ ਰਹਿੰਦੀਆਂ।
ਸੱਤਰਵਿਆਂ ਦੇ ਪਹਿਲੇ ਅੱਧ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੀਆਂ ਸਰਗਰਮੀਆਂ ਜ਼ੋਰਾਂ Ḕਤੇ ਸਨ। ਨੈਕਸਲਾਈਟ ਲਹਿਰ ਦਾ ਵੀ ਜ਼ੋਰ ਸੀ। ਇਕ ਦਿਨ ਮਾਂ ਦਾ ਪੁੱਤਰ ਸਰਕਾਰ ਵਲੋਂ ਜ਼ਬਤ ਕੀਤੇ ਮੈਗਜ਼ੀਨ Ḕਹੇਮ ਜਯੋਤੀḔ ਦੀਆਂ ਕਾਪੀਆਂ ਲਈ ਜਾਂਦਾ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਉਦੋਂ ਹੀ ਪੰਜਾਬ ਪੁਲਿਸ ਵਲੋਂ ਮੋਗੇ ਦੇ ਦੋ ਮੁੰਡੇ ਮਾਰੇ ਜਾਣ Ḕਤੇ ਦੀਵਾਲੀ ਦੀ ਰਾਤ ਸਾਰੇ ਪਿੰਡ ਦੇ ਦੀਵੇ ਬੁਝਾ ਆਇਆ। ਮਸਾਣਾਂ, ਗੁਰਦੁਆਰਿਆਂ Ḕਚ ਜਾ ਕੇ ਵੀ ਦੀਵੇ ਬੁਝਾ ਦਿਤੇ। ਆਂਹਦਾ, ਜਿਥੇ ਹਰਜੀਤ, ਜਗਤਾਰ ਦੀਵੇ ਬੁਝ ਗਏ ਤਾਂ ਦੀਵਾਲੀ ਦੇ ਕੀ ਅਰਥ? ਕੁਝ ਦੇਰ ਬਾਅਦ ਮਾਂ ਦਾ ਇਹ ਪੁੱਤਰ ਅਣਹੋਣੀ ਮੌਤ ਮਰ ਗਿਆ, ਤਾਂ ਇਕ ਹਿੱਸਾ ਮਾਂ ਹੋਰ ਮਰ ਗਈ। ਸਾਲ ਭਰ ਗੁਰਮੀਤ ਦੇ ਕਮਰੇ ਦਾ ਦਰਵਾਜ਼ਾ ਖੜਕਾ ਕੇ ਕਾਲਜ ਜਾਣ ਲਈ ਜਗਾਉਂਦੀ ਰਹੀ, ਤੇ ਧਾਹੀਂ ਰੋਂਦੀ ਰਹੀ।
ਹੌਲੀ-ਹੌਲੀ ਮਾਂ ਨੇ ਹਾਲਾਤ ਨਾਲ ਰਾਜ਼ੀਨਾਮਾ ਕਰ ਲਿਆ, ਪਰ ਇਕ ਗੰਢ ਉਹਦੇ ਦਿਲ ਵਿਚ ਬਣੀ ਰਹੀ ਕਿ ਉਹ ਪੜ੍ਹ ਕੇ ਨੌਕਰੀ ਕਿਉਂ ਨਾ ਲੱਗੀ। ਇਕ ਦਿਨ ਮਾਂ ਚੁੱਪ-ਚਾਪ Ḕਪ੍ਰੇਮਜੀਤ ਮੈਮੋਰੀਅਲ ਹਸਪਤਾਲḔ ਸੁਧਾਰ ਵਿਖੇ Ḕਮਿੱਡ ਵਾਇਫਰੀḔ ਦੀ ਟ੍ਰੇਨਿੰਗ ਲੈਣ ਚਲੀ ਗਈ। ਪਤਾ ਲੱਗਾ ਤਾਂ ਬੱਚਿਆਂ ਨੇ ਮਾਂ ਨਾਲ ਮੋਰਚਾ ਲਾ ਲਿਆ ਕਿ ਅਸੀਂ ਨਾ ਤੁਹਾਨੂੰ ਟ੍ਰੇਨਿੰਗ ਕਰਨ ਦੇਣੀ ਹੈ, ਤੇ ਨਾ ਨੌਕਰੀ। ਮਾਂ ਫੇਰ ਚੁੱਪ-ਚਾਪ ਮਨ ਨੂੰ ਸਮਝਾ ਕੇ ਬੈਠ ਗਈ। ਆਂਹਦੇ, ਟੇਲਰ ਮਾਸਟਰ ਤਾਂ ਭੂਆ ਜੀ ਨੂੰ ਘਰ ਸਿਲਾਈ ਸਿਖਾਉਣ ਆਉਂਦਾ। ਉਨ੍ਹਾਂ ਨੂੰ ਤਾਂ ਸਿਲਾਈ ਆਈ ਨਾ, ਮਾਂ ਨੇ ਨੇੜੇ ਫਿਰਦੀ ਨੇ ਦੇਖ-ਦੇਖ ਕੇ ਸਿੱਖ ਲਈ ਸੀ। ਸਾਰੀ ਉਮਰ ਪਰਿਵਾਰ ਨੇ ਮਾਂ ਦੇ ਸਿਲਾਈ ਕੀਤੇ ਕੱਪੜੇ ਪਾਏ। ਪਿਤਾ ਜੀ ਦੀਆਂ ਪੈਂਟਾਂ ਵੀ ਮਾਂ ਨੇ ਸਿਲਾਈ ਕੀਤੀਆਂ ਹੁੰਦੀਆਂ। ਬੱਚਿਆਂ ਦੀਆਂ ਫਰਾਕਾਂ ਇੰਨੇ ਸੋਹਣੇ ਫੁੱਲ, ਝਾਲਰਾਂ ਲਾ ਕੇ ਬਣਾਉਂਦੀ। ਵੱਡੇ ਭੈਣ ਜੀ ਦੀਆਂ ਸਹੇਲੀਆਂ ਪੁੱਛਦੀਆਂ, ਤੁਸੀਂ ਫਰਾਕਾਂ ਕਿਹੜੇ ਗਾਰਮੈਂਟਸ ਸਟੋਰ ਤੋਂ ਖਰੀਦਦੇ ਹੋ? ਮਠਿਆਈਆਂ, ਨਮਕੀਨ ਸਭ ਘਰ ਬਣਾ ਲੈਂਦੀ। ਅਫ਼ਰੀਕਾ Ḕਚ ਗੁਜਰਾਤੀਆਂ ਦੇ ਗੁਆਂਢ ਰਹੀ ਹੋਣ ਕਰ ਕੇ ਗੁਜਰਾਤੀ ਖਾਣੇ ਵੀ ਬਣਾ ਲੈਂਦੀ। ਗੁਜਰਾਤੀ ਬੋਲ ਵੀ ਬੜੀ ਸੋਹਣੀ ਲੈਂਦੀ।
ਫਿਰ ਮਾਂ ਦਾ ਇਕੋ ਇਕ ਭਰਾ 35-40 ਸਾਲ ਦੀ ਉਮਰ ਵਿਚ ਤੁਰ ਗਿਆ। ਲੁਧਿਆਣੇ ਆਪਣੇ ਬਿਮਾਰ ਥਾਣੇਦਾਰ ਚਾਚਾ ਜੀ ਦੀ ਸੇਵਾ ਵਾਸਤੇ ਗਿਆ, ਪਰ ਉਨ੍ਹਾਂ ਤੋਂ ਪਹਿਲਾਂ ਦਿਲ ਦੇ ਦੌਰੇ ਨਾਲ ਆਪ ਹੀ ਦੋ ਬਾਲੜੀਆਂ ਛੱਡ ਕੇ ਟੁਰ ਗਿਆ। ਮਾਂ ਲਈ ਪੇਕਿਆਂ ਦੀਆਂ ਜੂਹਾਂ ਸੁੰਨੀਆਂ ਹੋ ਗਈਆਂ। ਭਾਈ ਦਾ ਸਸਕਾਰ ਕਰ ਕੇ ਆਈ ਮਾਂ ਇਕ ਹਿੱਸਾ ਹੋਰ ਮਰ ਗਈ। ਹੁਣ ਤਾਂ ਮਾਂ ਦੇ ਮੂੰਹ ਤੋਂ ਰੌਣਕਾਂ ਹੀ ਉਡ ਗਈਆਂ। ਕਾਫ਼ੀ ਉਦਾਸ ਰਹਿਣ ਲੱਗੀ, ਪਰ ਦੜ ਵੱਟ ਕੇ ਗ੍ਰਹਿਸਥੀ ਦੇ ਫ਼ਰਜ਼ ਨਿਭਾਈ ਗਈ।
ਮਾਂ ਦੀਆਂ ਦੋ ਧੀਆਂ ਤਾਂ ਸਹੁਰੇ ਚਲੇ ਗਈਆਂ ਸਨ, ਤੀਜੀ ਦਾ ਵਿਆਹ ਧਰਿਆ ਹੋਇਆ ਸੀ ਤਾਂ ਬੜੇ ਚਾਅ ਨਾਲ ਕਹਿੰਦੀ, “ਐਤਕੀਂ ਧੀ-ਜੁਆਈ ਨੂੰ ਸ਼ਗਨ ਦੇਣ ਵੇਲੇ ਮੈਂ ਗੋਟੇ ਵਾਲੀ ਗੁਲਾਬੀ ਚੁੰਨੀ ਲੈਣੀ ਹੈ।” ਭਗਤ ਜਿਹੇ ਪਿਤਾ ਨਾਲ ਸ਼ਾਦੀ ਹੋਣ ਕਰ ਕੇ ਜੁਰਅਤ ਉਹਦੇ ਬੋਲਾਂ ਵਿਚ ਆ ਹੀ ਗਈ। ਕਿਸੇ ਨੇ ਵੀ ਉਸ ਦੀ ਜੁਰਅਤ ਦਾ ਵਿਰੋਧ ਨਾ ਕੀਤਾ। ਉਸ ਚੁੰਨੀ ਤਿਆਰ ਕਰ ਲਈ।
ਬੇਟੀ ਦੀਆਂ ਲਾਵਾਂ ਤੋਂ ਤਿੰਨ ਕੁ ਦਿਨ ਪਹਿਲਾਂ ਉਹਦਾ ਭਗਤ ਜਿਹਾ ਸਿਰ ਦਾ ਸਾਈਂ ਤੁਰ ਗਿਆ। ਪਿਤਾ ਦੇ ਸਸਕਾਰ Ḕਤੇ ਗਈ ਮਾਂ ਸਿਵਿਆਂ ਵਿਚ ਆਪਣਾ ਕੁੱਝ ਹਿੱਸਾ ਸਤੀ ਕਰ ਆਈ। ਵਿਆਹ ਤਾਂ ਫਿਰ ਵੀ ਕੀਤਾ ਗਿਆ, ਪਰ ਦਲੇਰ ਮਾਂ ਨੇ ਧੀ ਦੇ ਸਾਹਮਣੇ ਅੱਖ ਨਹੀਂ ਭਰੀ। ਆਂਹਦੀ, ਮੇਰੀ ਧੀ ਦੀ ਬਦਸ਼ਗਨੀ ਨਾ ਹੋਵੇ, ਪਰ ਮਾਂ ਦੀ ਚੁੰਨੀ ਦਾ ਰੰਗ ਬਦਲ ਗਿਆ। ਮਾਂ ਚਿੱਟੀ ਚੁੰਨੀ ਲੈ ਕੇ ਦੂਰ ਖੜ੍ਹੀ ਆਪਣੀ ਧੀ ਦਾ ਸ਼ਗਨ ਵੇਂਹਦੀ ਰਹੀ, ਤੇ ਗੁਆਂਢਣ ਮਾਸੀ ਨੇ ਸ਼ਗਨ ਦੀ ਰਸਮ ਕੀਤੀ, ਕਿਉਂਕਿ ਇਹ ਰਸਮ ਸੁਹਾਗਣਾਂ ਕਰਦੀਆਂ ਨੇ। ਮੇਰੇ ਦਿਲ ਵਿਚੋਂ ਦੁਆ ਉਠੀ-ਰੱਬਾ! ਦੁਨੀਆਂ ਭਰ ਦੀਆਂ ਔਰਤਾਂ ਪਹਿਲਾਂ ਟੁਰ ਜਾਇਆ ਕਰਨ, ਕਿਉਂਕਿ ਮਰਦ ਨੂੰ ਵਿਆਹ ਦੀਆਂ ਰਸਮਾਂ ਕਰਨ Ḕਚ ਸਮਾਜ ਵਲੋਂ ਕੋਈ ਬੰਧਨ ਨਹੀਂ ਹੁੰਦਾ।
ਫਿਰ ਧੀ ਦੇ ਸੱਦੇ Ḕਤੇ ਮਾਂ ਕੈਨੇਡਾ ਆ ਗਈ। ਬਿਨਾਂ ਕਿਸੇ ਸ਼ਿਕਾਇਤ ਦੇ ਬੇਸਮੈਂਟ ਵਿਚ ਰਹਿਣਾ ਪਿਆ, ਉਥੇ ਰਹਿ ਲਈ। ਅਮਰੀਕਾ ਵਾਲੀ ਧੀ ਨੇ ਬੱਚਿਆਂ ਕਰ ਕੇ ਅਮਰੀਕਾ ਸੱਦ ਲਿਆ, ਉਥੇ ਟੁਰ ਗਈ। ਜਾਬ ਕਰਨ ਦਾ ਸ਼ੌਕ ਅਧੂਰਾ ਹੀ ਰਿਹਾ, ਕਿਉਂਕਿ ਹੁਣ ਸਿਹਤ ਵੱਲ ਨਹੀਂ ਸੀ ਰਹਿੰਦੀ। ਮਾਂ ਦੀ ਇੰਡੀਆ ਵਾਲੀ ਨੂੰਹ ਬਿਮਾਰ ਹੋ ਗਈ। ਡਾਕਟਰ ਤੋਂ ਸਰਜਰੀ ਵੇਲੇ ਕੋਈ ਗਲਤੀ ਹੋ ਗਈ, ਤੇ ਵਿਚਾਰੀ ਡੇਢ ਮਹੀਨਾ ਹਸਪਤਾਲ ਪੈ ਕੇ ਟੁਰ ਗਈ। ਮਾਂ ਤੋਂ ਇਹ ਗੱਲ ਛੁਪਾ ਲਈ ਗਈ, ਤੇ ਬਿਮਾਰ ਦਾ ਬਹਾਨਾ ਲਾ ਕੇ ਹੀ ਜਵਾਈ ਇੰਡੀਆ ਲੈ ਗਿਆ। ਇੰਡੀਆ ਘਰ ਪਹੁੰਚ ਕੇ ਮਾਂ ਵਾਰ-ਵਾਰ ਕਹੀ ਜਾਵੇ, ਚਲੋ ਪਹਿਲਾਂ ਹਸਪਤਾਲ ਜਸਵੀਰ ਨੂੰ ਮਿਲ ਆਈਏ, ਚਾਹ ਆ ਕੇ ਪੀ ਲਵਾਂਗੇ। ਉਹਨੂੰ ਕੀ ਪਤਾ ਸੀ ਕਿ ਨੂੰਹ ਰਾਣੀ ਦੀ ਤਾਂ ਮਿੱਟੀ ਵੀ ਮਾਂ ਦੇ ਦਰਸ਼ਨਾਂ ਲਈ ਨਹੀਂ ਸਾਂਭੀ ਜਾ ਸਕੀ। ਆਖ਼ਰ ਮਾਂ ਨੂੰ ਦੱਸਣਾ ਤਾਂ ਪੈਣਾ ਸੀ। ਇਹ ਖ਼ਬਰ ਸੁਣ ਕੇ ਮਾਂ ਇਕ ਹਿੱਸਾ ਹੋਰ ਮਰ ਗਈ। ਮੁਰਦਾ ਲਾਸ਼ ਵਾਂਗ ਹੀ ਉਹ ਨੂੰਹ ਦੀ ਅੰਤਮ ਅਰਦਾਸ ਵਿਚ ਸ਼ਾਮਲ ਹੋਈ। ਉਦੋਂ ਹੀ ਉਹਨੂੰ ਪਾਰਕਿਨਸਨ ਦੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ। ਉਸ ਬਾਅਦ ਇਹੀ ਵਿਰਾਗ ਕਰਦੀ ਰਹੀ, ਜੇ ਮੈਂ ਉਹ ਦੇ ਜਿਉਂਦੀ ਜਿਉਂਦੀ ਉਹਦੇ ਕੋਲ ਚਲੀ ਜਾਂਦੀ, ਤਾਂ ਉਹਨੇ ਨਹੀਂ ਮਰਨਾ ਸੀ। ਆਪਣੇ ਪੁੱਤਰ ਦੀ ਜਵਾਨ ਉਮਰ ਵੱਲ ਵੇਖ ਕੇ ਉਹਦਾ ਹਾਉਕਾ ਨਿਕਲ ਜਾਂਦਾ। ਉਹਦੇ ਜਵਾਨ ਹੋ ਰਹੇ ਬੱਚਿਆਂ ਵੱਲ ਵੇਖ ਕੇ ਸਬਰ ਦਾ ਘੁੱਟ ਭਰ ਲੈਂਦੀ।
ਫਿਰ ਮਾਂ ਕੈਨੇਡਾ ਵਾਪਸ ਆਈ ਤਾਂ ਬੱਚਿਆਂ ਲਈ ਅਰਦਾਸ ਕਰਦੀ ਕਿ ਕਿਵੇਂ ਨਾ ਕਿਵੇਂ ਕੈਨੇਡਾ ਆ ਜਾਣ। ਫਿਰ ਰੱਬ ਨੇ ਉਹਦੀ ਖਾਮੋਸ਼ ਦੁਆ ਨੇੜੇ ਹੋ ਕੇ ਸੁਣ ਲਈ, ਤੇ ਦੋਵੇਂ ਬੱਚੇ ਕੈਨੇਡਾ ਆ ਕੇ ਸੈਟਲ ਹੋ ਗਏ। ਮਾਂ ਰਹਿੰਦੀ ਤਾਂ ਛੋਟੀ ਨੂੰਹ ਨਾਲ ਸੀ, ਪਰ ਗੱਲਾਂ ਵੱਡੀ ਦੀਆਂ ਕਰਦੀ ਰਹਿੰਦੀ। ਉਸ ਬਾਅਦ ਮਾਂ ਤਾਂ ਜਾਣੀ ਆਪਣੇ ਬੀਤੇ Ḕਚ ਹੀ ਜਿਉਂਦੀ ਰਹੀ। ਟੁਰ ਗਈਆਂ ਦਾ ਕੋਈ ਕਾਲਪਨਿਕ ਚਿੱਤਰ ਸਿਰਜ ਲੈਂਦੀ, ਤੇ ਉਨ੍ਹਾਂ ਨਾਲ ਜਿਉਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਕੋਈ ਮਿਲਣ ਜਾਂਦਾ ਤਾਂ ਉਹਦਾ ਢੇਰ ਸਾਰੀਆਂ ਗੱਲਾਂ ਕਰਨ ਦਾ ਜੀਅ ਕਰਦਾ। ਮਾਂ ਦੀਆਂ ਤਾਂ ਗੱਲਾਂ ਵੀ ਕਹਾਣੀਆਂ ਵਾਂਗ ਹੁੰਦੀਆਂ ਸਨ। ਬੱਸ, ਲਿਖਤ ਵਿਚ ਹੀ ਨਹੀਂ ਸਨ। ਇਕ ਵਾਰੀ ਅਮਰੀਕਾ ਆਈ ਨੇ (88-89) ਦੇ ਪੰਜਾਬ ਦੇ ਹਾਲਾਤ ਦੀਅ ਗੱਲਾਂ ਸੁਣਾਈਆਂ, ਤੇ ਸਾਡੇ ਗਰਾਂ Ḕਚ ਹੋਏ ਨੌਜਵਾਨ ḔਚੰਡੀḔ ਅਤੇ ਪੁਲਿਸ ਮੁਕਾਬਲੇ ਦਾ ਬਿਰਤਾਂਤ ਉਸ ਨੇ ਇੰਜ ਸੁਣਾਇਆ, ਜਿਵੇਂ ਅੱਖੀਂ ਹੀ ਦੇਖ ਲਿਆ। ਦ੍ਰਿਸ਼ ਵਰਣਨ Ḕਚ ਬੜੀ ਮਾਹਿਰ ਸੀ। ਅੱਜ ਤੱਕ ਕਈ ਵਾਰੀ ਮੈਨੂੰ ਇਹ ਵਖਰੇਵਾਂ ਨਹੀਂ ਕਰ ਹੁੰਦਾ ਕਿ ਉਹ ਦ੍ਰਿਸ਼ ਮੈਂ ਅੱਖੀਂ ਦੇਖਿਆ ਸੀ, ਜਾਂ ਮਾਂ ਤੋਂ ਸੁਣਿਆ ਸੀ।
ਸ਼ਾਇਦ ਆਲੋਚਕ ਨਹੀਂ ਜਾਣਦੇ, ਮਾਂ ਨੇ ਕਹਾਣੀ ਦੀ ਜੰਮਣ-ਘੁੱਟੀ ਦਿੱਤੀ ਸੀ। ਉਹ ਆਖਦੇ ਨੇ, ਨਵੀਂ ਕਹਾਣੀਕਾਰ ਹੈ। ਮਾਂ, ਇਹ ਤੇਰੀ ਦੇਣ ਏ, ਤੂੰ ਹੱਥ ਕਲਮ ਫੜਾ ਗਈ ਏਂ!
ਅੱਜ ਮੇਰੀ ਕਲਮ ਦੀ ਪ੍ਰੇਰਨਾ ਸ੍ਰੋਤ ਮਾਂ, ਆਖਰੀ ਹਿੱਸਾ ਵੀ ਟੁਰ ਗਈ। ਚੌਦਾਂ ਮੁਲਕਾਂ ਦੀ ਧਰਤੀ Ḕਤੇ ਪੈਰ ਟਿਕਾਉਣ ਵਾਲੀ ਮਾਂ ਅੱਜ ਲੱਕੜੀ ਦੇ ਬਕਸੇ ਵਿਚ ਸਿਮਟ ਕੇ ਟੁਰ ਗਈ ਏ। ਅੱਜ ਮਾਂ ਜਦੋਂ ਤੇਰਾ ਜਨਾਜਾ ਚੈਪਲ ਵਿਚੋਂ ਫਿਊਨਲ ਹੋਮ ਵੱਲ ਗਿਆ, ਤਾਂ ਚੈਪਲ ਵਾਲੇ ਗੋਰੇ ਨੇ ਇਕ ਪਾਸੇ ਹੱਥ ਦੇ ਕੇ ਸ਼ਹਿਰ ਦਾ ਟ੍ਰੈਫ਼ਿਕ ਰੋਕ ਰੱਖਿਆ ਸੀ ਤਾਂ ਜੁ ਸਭ ਤੋਂ ਮੂਹਰੇ ਮਾਂ ਵਾਲੀ ਲਿਮੋਜ਼ੀਨ ਵਰਗੀ ਕਾਰ ਅਤੇ ਦੁੱਖ Ḕਚ ਸ਼ਰੀਕ ਪਰਿਵਾਰਾਂ ਦੀ ਲੰਬੀ ਕਤਾਰ ਪਹਿਲਾਂ ਜਾ ਸਕੇ। ਅੱਜ ਮਾਂ ਤੇਰੇ ਲਈ ਬਿਗਾਨੇ ਦੇਸ਼ ਦਾ ਟ੍ਰੈਫਿਕ ਵੀ ਰੁਕ ਗਿਆ। ਜ਼ਿੰਦਗੀ Ḕਚ ਸਦਾ ਦੂਜਿਆਂ ਨੂੰ ਪਹਿਲ ਦਿੰਦੀ ਮਾਂ ਨੂੰ ਅੱਜ ਪਹਿਲੀ ਵਾਰੀ ḔਪਹਿਲḔ ਮਿਲ ਰਹੀ ਸੀ।

Be the first to comment

Leave a Reply

Your email address will not be published.