ਗੁਲਜ਼ਾਰ ਸਿੰਘ ਸੰਧੂ
ਜਦੋਂ 1950ਵਿਆਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਡਮੀ ਦੀ ਸਥਾਪਨਾ ਹੋਈ ਤਾਂ ਮੈਂ ਪੰਜਾਬ ਤੋਂ ਬੀ ਏ ਪਾਸ ਕਰਕੇ ਦਿੱਲੀ ਜਾ ਚੁੱਕਾ ਸਾਂ। ਸਾਹਿਤ ਅਕਾਡਮੀ ਨੂੰ ਦੂਰ ਨੇੜੇ ਦੀ ਸਰਕਾਰੀ ਸਰਪ੍ਰਸਤੀ ਪ੍ਰਾਪਤ ਹੋਣ ਕਾਰਨ ਲੇਖਕਾਂ ਦੀ ਆਪਣੀ ਤੇ ਅਸਲੀ ਜਥੇਬੰਦੀ ਲੇਖਕ ਸਭਾ ਨੂੰ ਹੀ ਮੰਨਿਆ ਜਾਂਦਾ ਸੀ। 50ਵਿਆਂ ਦੇ ਅੰਤ ਵਿਚ ਜਦੋਂ ਕੁਲਵੰਤ ਸਿੰਘ ਵਿਰਕ ਨਾਲ ਮਿੱਤਰਤਾ ਹੋਈ ਤਾਂ ਉਸ ਨੇ ਮੈਨੂੰ ਦੋਨਾਂ ਜਥੇਬੰਦੀਆਂ ਦਾ ਮੈਂਬਰ ਬਣਾ ਦਿੱਤਾ। 1963 ਵਿਚ ਮੇਰਾ ਕਹਾਣੀ ਸੰਗ੍ਰਿਹ Ḕਹੁਸਨ ਦੇ ਹਾਣੀḔ ਛਪਣ ਤੱਕ ਜਲੰਧਰ ਤੇ ਅੰਮ੍ਰਿਤਸਰ ਦੀਆਂ ਇਕਾਈਆਂ ਤੋਂ ਬਿਨਾਂ ਲੇਖਕ ਸਭਾ ਦੀਆਂ ਛੋਟੀਆਂ ਥਾਂਵਾਂ ਵਾਲੀਆਂ ਜਿਹੜੀਆਂ ਇਕਾਈਆਂ ਵਧੇਰੇ ਕਾਰਜਸ਼ੀਲ ਹੋਈਆਂ ਉਹ ਬਰਨਾਲਾ, ਰਾਮਪੁਰ ਤੇ ਜਗਤਪੁਰ ਦੀਆਂ ਸਨ। ਇਨ੍ਹਾਂ ਦੇ ਆਹੁਦੇਦਾਰ ਤਾਂ ਬਦਲਦੇ ਰਹਿੰਦੇ ਸਨ ਪਰ ਪ੍ਰਤੀਨਿਧਤਾ ਕ੍ਰਮਵਾਰ ਜਗੀਰ ਸਿੰਘ ਜਗਤਾਰ, ਰਾਮਪੁਰੀ ਜੋੜੀ (ਗੁਰਚਰਨ ਤੇ ਸੁਰਜੀਤ) ਅਤੇ ਰਵਿੰਦਰ ਰਵੀ ਦੇ ਹੱਥ ਹੀ ਰਹਿੰਦੀ ਸੀ।
ਇਹ ਉਹ ਦਿਨ ਸਨ ਜਦ ਉਸਾਰੂ ਰਚਨਾਕਾਰੀ ਦਾ ਬੋਲਬਾਲਾ ਸੀ। ਸਾਹਿਤ ਸਭਾਵਾਂ ਵਿਚ ਉਸਾਰੂ ਰਚਨਾਵਾਂ ਉਤੇ ਭਰਪੂਰ ਤੇ ਗੰਭੀਰ ਚਰਚਾ ਹੁੰਦੀ ਸੀ। ਨਵੇਂ ਤੇ ਹੋਣਹਾਰ ਲੇਖਕਾਂ ਨੂੰ ਹੋਰ ਲਿਖਣ ਲਈ ਉਤਸ਼ਾਹਤ ਕੀਤਾ ਜਾਂਦਾ ਸੀ। ਪੁਸਤਕ ਛਾਪਣ ਲਈ ਵੀ। ਜਿਹੜੇ ਨਹੀਂ ਸਨ ਛਪਵਾ ਸਕਦੇ ਉਨ੍ਹਾਂ ਦੀ ਚੰਗੀ ਰਚਨਾ ਨੂੰ ਮਿਲ ਕੇ ਪ੍ਰਕਾਸ਼ਤ ਕੀਤੇ ਸੰਗ੍ਰਿਹਾਂ ਵਿਚ ਥਾਂ ਦਿੱਤੀ ਜਾਂਦੀ ਸੀ। ਬੈਠਕਾਂ ਵਿਚ ਲੇਖਕ ਤੇ ਪਾਠਕ ਹੀ ਨਹੀਂ, ਆਮ ਲੋਕ ਵੀ ਭਾਗ ਲੈਂਦੇ ਸਨ।
1984 ਵਿਚ ਜਦੋਂ ਦਿੱਲੀ ਤੋਂ ਪੰਜਾਬ ਪਰਤਿਆ ਤਾਂ ਲੇਖਕ ਸਭਾ ਦੋਫਾੜ ਹੋ ਚੁੱਕੀ ਸੀ ਤੇ ਸਾਹਿਤ ਅਕਾਡਮੀ ਤਿੱਤਰ ਖੰਭੀ ਬਦਲੀ ਵਾਂਗ ਤਾਰੀਆਂ ਲਾ ਰਹੀ ਸੀ। ਰਵਿੰਦਰ ਰਵੀ ਅਫਰੀਕਾ ਰਾਹੀਂ ਕੈਨੇਡਾ ਜਾ ਚੁੱਕਿਆ ਸੀ ਤੇ ਰਾਮਪੁਰੀ ਜੋੜੀ ਵੀ ਉਥੇ ਹੀ ਜਾ ਵਸੀ ਸੀ। ਜਗੀਰ ਸਿੰਘ ਜਗਤਾਰ ਦੀ ਦੌੜ-ਭੱਜ ਤਾਂ ਪਹਿਲਾਂ ਵਾਂਗ ਹੀ ਕਾਇਮ ਸੀ ਪਰ ਬਰਨਾਲਾ ਦੀ ਸਭਾ ਵਿਚ ਪਹਿਲਾਂ ਵਾਲਾ ਦਮ ਖਮ ਨਹੀਂ ਸੀ ਰਿਹਾ। ਕਵਿਤਾ/ਕਹਾਣੀਆਂ ਸੁਣਨ ਦੇ ਸ਼ੌਕੀਨ ਆਪੋ ਆਪਣੇ ਘਰੀਂ ਪਏ ਰੇਡੀਓ ਤੇ ਟੀ ਵੀ ਲਾ ਛਡਦੇ ਸਨ। ਪੜ੍ਹਨ ਤੇ ਮਾਨਣ ਵਾਲਿਆਂ ਲਈ ਰੋਜ਼ਾਨਾ ਸਮਾਚਾਰ ਪੱਤਰ ਐਤਵਾਰੀ ਐਡੀਸ਼ਨਾਂ ਵਿਚ ਲੜੀਵਾਰ ਨਾਵਲ, ਕਹਾਣੀਆਂ, ਕਵਿਤਾਵਾਂ ਤੇ ਲੇਖਾਂ ਤੋਂ ਬਿਨਾਂ ਬੱਚਿਆਂ ਲਈ ਵਧੀਆ ਕੋਨਾ ਰਾਖਵਾਂ ਰਖਣ ਲਗ ਪਏ ਸਨ।
ਕਈ ਵਰ੍ਹੇ ਏਧਰ ਓਧਰ ਹੱਥ ਪੈਰ ਮਾਰਨ ਉਪਰੰਤ ਹੁਣ ਜਗੀਰ ਸਿੰਘ ਜਗਤਾਰ ਨੇ ਬਰਨਾਲਾ ਖੇਤਰ ਦੀਆਂ ਵਿਦਿਅਕ ਸੰਸਥਾਵਾਂ ਤੇ ਆਮ ਪਾਠਕਾਂ ਦੀ ਤ੍ਰਿਸ਼ਨਾ ਪੂਰਤੀ ਲਈ Ḕਸਮਾਜ ਤੇ ਪੱਤਰਕਾਰḔ ਨਾਂ ਦਾ ਸਪਤਾਹਿਕ ਪਰਚਾ ਕਢ ਲਿਆ ਹੈ। ਪੰਨੇ ਅਖਬਾਰੀ ਤੇ ਸਮਗਰੀ ਰਸਾਲਾ ਰੂਪੀ। ਜਿਵੇਂ ਦੁਨੀਆਂ ਹਰ ਰੋਜ਼ ਕਿੰਨੇ ਅਰਬ ਕੱਪ ਚਾਹ ਪੀਂਦੀ ਹੈ;
ਮਹਾਰਾਣੀ ਜਿੰਦਾਂ ਦੀ 19ਵੀਂ ਸਦੀ ਦੀ ਪੇਂਟਿੰਗ ਦਾ ਕਿੰਨੇ ਲੱਖ ਮੁਲ ਪਿਆ; ਕਲਕੱਤਾ ਦੀ ਕਿਸ ਔਰਤ ਨੇ ਸਬਜ਼ੀਆਂ ਵੇਚ ਕੇ ਹਸਪਤਾਲ ਚਲਾਇਆ; ਕਰਜ਼ੇ ਥੱਲੇ ਦੱਬੇ ਇਟਲੀ ਵਲੋਂ ਇਕ ਟਾਪੂ ਦੀ ਨਿਲਾਮੀ; ਅਮਰੀਕਾ ਵਿਚ ਭਾਰੀ ਬਰਫਬਾਰੀ ਕਾਰਨ ਭਾਰਤੀ ਸ਼ਹਿਦ ਦੀ ਮੰਗ ਵਿਚ ਵਾਧਾ; ਜੁੜਵੇਂ ਬੱਚੇ ਪੈਦਾ ਕਰਨ ਵਿਚ ਦੁਨੀਆਂ ਭਰ ਵਿਚੋਂ ਮੱਲ ਮਾਰਨ ਵਾਲਾ ਕੇਰਲ ਦਾ ਇਕ ਪਿੰਡ, ਬਰਨਾਲਾ ਦਾ ਬਾਜ਼ਾਰ, ਧਨੌਲਾ ਦਾ ਰੇਲਵੇ ਫਾਟਕ ਤੇ ਗੰਧਲੇ ਯੁਗ ਦੇ ਬਾਵਜੂਦ ਬਰਨਾਲੇ ਦੀਆਂ ਸਾਹਿਤ ਸੁਗੰਧੀਆਂ।
ਦੋਵਾਂ ਜਥੇਬੰਦੀਆ ਦੀ ਕਾਰਜ ਸ਼ੈਲੀ ਆਪੋ-ਆਪਣੀ ਹੈ। ਅੱਜ ਅਕਾਡਮੀ ਦੇ ਨਵੇਂ ਅਹੁਦੇਦਾਰ ਚੁਣੇ ਜਾਣੇ ਹਨ। ਦੇਖੀਏ ਤਿਤਰ-ਬਿਤਰ ਹੋ ਰਹੀ ਰਚਨਾਕਾਰੀ ਨੂੰ ਕਿਹੋ ਜਿਹੀ ਨੱਥ ਪੈਂਦੀ ਹੈ।
ਦੋ ਪੱਤਰ ਪ੍ਰੇਰਕਾਂ ਦੇ ਅੰਗ-ਸੰਗ: ਪੰਜਾਬੀ ਦੇ ਦੋ ਸਮਾਚਾਰ ਪੱਤਰਾਂ ਦੀ ਸੰਪਾਦਕੀ ਕਰਦੇ ਸਮੇਂ ਜਿਨ੍ਹਾਂ ਦੋ ਦਰਜਣ ਤੋਂ ਵੱਧ ਪੱਤਰਕਾਰਾਂ ਦੀ ਨਿਯੁਕਤੀ ਮੇਰੇ ਹੱਥੀਂ ਹੋਈ ਉਨ੍ਹਾਂ ਵਿਚੋਂ ਦੋ ਅੱਜ-ਕਲ ਖਬਰਾਂ ਵਿਚ ਹਨ। ਉਸਾਰੂ ਤੇ ਸਿੱਕੇਬੰਦ ਕੰਮ ਸਦਕਾ। ਬਠਿੰਡਾ ਦੇ ਚਰਨਜੀਤ ਭੁੱਲਰ ਨੂੰ ਮੈਂ 1986 ਵਿਚ ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਲਾਇਆ ਸੀ। ਉਸ ਨੇ ਪਿਛਲੇ ਦਿਨੀਂ ਪੰਜਾਬ ਦੇ ਆਬਕਾਰੀ ਮਹਿਕਮੇ ਵਲੋਂ ਮਨਜ਼ੂਰਸ਼ੂਦਾ ਦੇਸੀ ਸ਼ਰਾਬ ਦੇ ਗਦਰ ਸਪੈਸ਼ਲ ਬਰਾਂਡ ਨੂੰ ਇਸ ਤਰ੍ਹਾਂ ਉਧੇੜਿਆ ਹੈ ਕਿ ਦੇਸ਼ ਭਗਤ ਯਾਦਗਾਰ ਕਮੇਟੀ-ਜਲੰਧਰ ਨੇ ਅੱਧੀ ਦਰਜਨ ਸਵੈ-ਸੇਵੀ ਸੰਸਥਾਵਾਂ ਦਾ ਸਮਰਥਨ ਲੈ ਕੇ ਇਸ ਉਤੇ ਪਾਬੰਦੀ ਲਾਉਣ ਦੀ ਸਥਿਤੀ ਪੈਦਾ ਕਰ ਦਿੱਤੀ। ਗਦਰ ਪਾਰਟੀ ਨੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਨੀਂਹ ਨੂੰ ਪੱਕਿਆਂ ਕੀਤਾ ਸੀ। ਇਸ ਦੇ ਨਾਂ ਉਤੇ ਸ਼ਰਾਬ ਦਾ ਨਾਂ ਰੱਖਣਾ ਇਸ ਦਾ ਅਪਮਾਨ ਕਰਨਾ ਹੈ। ਭੁੱਲਰ ਦੀ ਖਬਰ ਨੇ ਅਜਿਹੀ ਤਰਥੱਲੀ ਮਚਾਈ ਹੈ ਕਿ ਯਾਦਗਾਰ ਕਮੇਟੀ ਦੀ ਸਕੱਤਰ ਰਘਬੀਰ ਕੌਰ ਦੇ ਦੱਸਣ ਅਨੁਸਾਰ ਇਹ ਵਾਲੀ ਸ਼ਰਾਬ ਹੁਣ ਲਗਭਗ ਸਾਰੀ ਹੀ ਚੁੱਕੀ ਗਈ ਹੈ।
1996 ਵਿਚ Ḕਦੇਸ਼ ਸੇਵਕḔ ਦਾ ਨਿਯੁਕਤ ਕੀਤਾ ਪੱਤਰ ਪ੍ਰੇਰਕ ਦੇਵਿੰਦਰਪਾਲ ਹੁਣ ਟ੍ਰਿਬਿਊਨ ਸਮਾਚਾਰ ਸਮੂਹ ਨਾਲ ਕੰਮ ਕਰਦਾ ਹੈ। ਉਸ ਨੇ ਪਿਛਲੇ ਦਿਨੀਂ ਬਾਦਲ-ਕੈਰੋਂ-ਮਜੀਠਾ ਪਰਿਵਾਰਾਂ ਵਲੋਂ ਕੀਤੀ ਜਾ ਰਹੀ ਧਾਂਦਲੇਬਾਜ਼ੀ ਦਾ ਲੜੀਵਾਰ ਲੇਖਾਂ ਰਾਹੀਂ ਪਰਦਾ ਫਾਸ਼ ਕੀਤਾ ਹੈ। ਉਸ ਦੀਆਂ ਰਿਪੋਰਟਾਂ ਤੋਂ ਘਬਰਾ ਕੇ ਪ੍ਰਭਾਵਿਤ ਸਮੂਹ ਦੇ ਹਿਤੈਸ਼ੀਆਂ ਨੇ ਉਸ ਦੀ ਤਬਾਹੀ ਕਰਨ ਲਈ ਉਸ ਦੇ ਘਰ ਪੈਟਰੋਲ ਬੰਬ ਸੁੱਟਿਆ ਹੈ ਜਿਸ ਦੀ ਹਰ ਪਾਸੇ ਤੋਂ ਨਿਖੇਧੀ ਹੋ ਰਹੀ ਹੈ। ਸਿਆਸਤਦਾਨਾਂ ਤੇ ਮੀਡੀਆ ਦੇ ਗੁੱਸੇ ਨੂੰ ਵੇਖ ਕੇ ਚੰਡੀਗੜ੍ਹ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋਵੇਂ ਪੱਤਰਕਾਰ ਬਠਿੰਡਾ-ਬਰਨਾਲਾ ਦੇ ਉਸ ਖੇਤਰ ਤੋਂ ਹਨ ਜਿਸ ਨੂੰ ਸੌ ਸਾਲ ਪਹਿਲਾਂ ਜੰਗਲੀ ਕਿਹਾ ਜਾਂਦਾ ਸੀ। ਇਸ ਖੇਤਰ ਤੋਂ ਮੇਰਾ ਇਕ ਵਿਦਿਆਰਥੀ ਅਜਿਹਾ ਵੀ ਸੀ ਜਿਸ ਨੇ ਪੰਜਾਬ ਦੇ ਕਾਲੇ ਦਿਨਾਂ ਵਿਚ ਇਕ ਅਤਿਵਾਦੀ ਨੂੰ ਮੇਰੇ ਪੰਜਾਬੀ ਯੂਨੀਵਰਸਿਟੀ ਵਾਲੇ ਦਫਤਰ ਵਿਚ ਜ਼ਬਰਦਸਤੀ ਦਾਖਲ ਹੋਣ ਤੋਂ ਰੋਕ ਲਿਆ ਸੀ। ਉਸ ਦੇ Ḕਤੂੰ ਸਾਨੂੰ ਜਾਣਦਾ ਨਹੀਂḔ ਕਹਿਣ ਦਾ ਉਤਰ ਇਹ ਸੀ, Ḕਜਾਣਦਾ ਹਾਂ, ਤੁਸੀਂ ਗੋਲੀ ਨਾਲ ਬੰਦਾ ਮਾਰਦੇ ਹੋ, ਅਸੀਂ ਗੰਡਾਸੀ ਨਾਲ ਟੁਕੜੇ ਕਰਕੇ।Ḕ ਬੰਬ ਸੁੱਟਣ ਵਾਲੇ ਫੜੇ ਗਏ ਤਾਂ ਜਾਂਗਲੀ ਪਿਛੋਕੜ ਵਾਲਿਆਂ ਵਲੋਂ ਉਨ੍ਹਾਂ ਦਾ ਹਸ਼ਰ ਕੀ ਹੋਵੇਗਾ ਉਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਦੋਵੇਂ ਪੱਤਰਕਾਰ ਦਮ ਖਮ ਵਾਲੇ ਹਨ।
ਅੰਤਿਕਾ: (ਫੈਜ਼ ਅਹਿਮਦ ਫੈਜ਼)
ਜਿਸ ਧਜ ਸੇ ਕੋਈ ਮਕਤਲ ਮੇਂ ਗਿਆ
ਵੁਹ ਸ਼ਾਨ ਸਲਾਮਤ ਰਹਿਤੀ ਹੈ
ਯੇਹ ਜਾਨ ਤੋਂ ਆਨੀ ਜਾਨੀ ਹੈ
ਇਸ ਜਾਨ ਕੀ ਤੋ ਕੋਈ ਬਾਤ ਨਹੀਂ।
Leave a Reply