ਵਲੈਤ ਦੇ ਭੱਠੇ

ਪਹਿਲੀਆਂ ਵਿਚ ਪਰਦੇਸ ਪੁੱਜਣ ਵਾਲਿਆਂ ਨੂੰ ਬੇਅੰਤ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈਂਦਾ ਸੀ। ਕੰਮ ਵੀ ਭਾਰਾ ਮਿਲਦਾ ਸੀ। ਆਲੇ-ਦੁਆਲੇ ਦੀਆਂ ਹੋਰ ਔਕੜਾਂ ਵੀ ਬਥੇਰੀਆਂ ਹੁੰਦੀਆਂ ਸਨ। ਅਜਿਹੀਆਂ ਮੁਸ਼ਕਿਲਾਂ ਦਾ ਖੁਲਾਸਾ ਸਾਧੂ ਸਿੰਘ ਧਾਮੀ ਨੇ ਆਪਣੇ ਨਾਵਲ ‘ਮਲੂਕਾ’ ਵਿਚ ਬਾਖੂਬ ਕੀਤਾ ਸੀ। ਵਲੈਤ ਵੱਸਦੇ ਸੁਖਦੇਵ ਸਿੱਧੂ ਨੇ ਇਸ ਲੇਖ ਵਿਚ ਵਲੈਤ ਦੇ ਭੱਠਿਆਂ ਅਤੇ ਉਥੇ ਕੰਮ ਕਰਦੇ ਦੇਸੀ-ਪਰਦੇਸੀ ਕਾਮਿਆਂ, ਤੇ ਉਨ੍ਹਾਂ ਦੀ ਮਾਨਸਿਕਤਾ ਬਾਰੇ ਬਹੁਤ ਬਾਰੀਕੀ ਨਾਲ ਲਿਖਿਆ ਹੈ। ਅਸੀਂ ‘ਪੰਜਾਬ ਟਾਈਮਜ਼’ ਦੇ ਪਾਠਕਾਂ ਲਈ ਇਹ ਲੇਖ ਦੋ ਕਿਸ਼ਤਾਂ ਵਿਚ ਛਾਪ ਰਹੇ ਹਾਂ। ਇਸ ਵਾਰ ਪਹਿਲੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਸੁਖਦੇਵ ਸਿੱਧੂ
ਫੋਨ +44-1234214170
ਦੂਜੀ ਆਲਮੀ ਜੰਗ ਦੀ ਮਚਾਈ ਤਬਾਹੀ ਨਾਲ ਵਲੈਤ ਝੰਬਿਆ ਗਿਆ ਸੀ। ਕਾਮਿਆਂ ਦੀ ਭਾਰੀ ਤੋਟ ਆ ਗਈ ਸੀ। ਜੰਗ ਤੋਂ ਬਚ ਗਏ ਗੋਰੇ ਫੌਜੀ ਭੱਠਿਆਂ ਦਾ ਜਾਨ ਖੌਲਣ ਵਾਲਾ ਕੰਮ ਕਰਨ ਨੂੰ ਬਹੁਤੇ ਰਾਜ਼ੀ ਵੀ ਨਹੀਂ ਸੀ। ਕੁੱਲ ਵਲੈਤ ਵਿਚ ਹੀ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸੇ ਕਰ ਕੇ ਪਹਿਲੀਆਂ ਵਿਚ, ਸਿਰਫ਼ ਬੰਦਿਆਂ ਦੇ ਕਰਨ ਵਾਲੇ ਭਾਰੇ ਕੰਮਾਂ Ḕਤੇ ਅੰਗਰੇਜ਼ ਔਰਤਾਂ ਨੂੰ ਵੀ ਕੰਮੀਂ ਲੱਗਣਾ ਪਿਆ ਸੀ। ਇਕ ਦੋ ਬੀਬੀਆਂ ਤਾਂ ਮੈਂ ਆਪ ਵੀ ਭੱਠਿਆਂ Ḕਤੇ ਕੰਮ ਕਰਦੀਆਂ ਦੇਖੀਆਂ ਸਨ। ਕੁਝ ਜਾਨ ਮਾਰ ਕੇ ਕੰਮ ਕਰਨ ਵਾਲੀਆਂ ਵੀ ਸੀ। ਇਕ ਦੋ ਤਾਂ ਚੰਗੇ ਭਲੇ ਬੰਦਿਆਂ ਦੀਆਂ ਵੀ ਹੀਲਾਂ ਕਰਾ ਦੇਣ ਵਾਲੀਆਂ ਸਨ। ਗੱਲਾਂ ਸੁਣੀਆਂ ਨੇ ਕਿ ਆਪਣੇ ਭਾਈਬੰਦ ਵੀ ਉਨ੍ਹਾਂ ਨਾਲ ਕੰਮ ਕਰਨ ਤੋਂ ਕੰਨ ਭੰਨਦੇ ਜਾਂ ਸਿਰ ਸੁੱਟ ਕੇ ਹੇਠਾਂ ਲੱਗ ਕੇ ਕੰਮ ਕਰੀ ਜਾਂਦੇ।
ਭੱਠਿਆਂ Ḕਤੇ ਲੇਬਰ ਦੀ ਥੋੜ ਦੇ ਹੱਲ ਲਈ ਪਹਿਲਾਂ ਗੋਰਿਆਂ ਨੇ ਇਟਾਲੀਅਨ, ਯੂਗੋਸਲਾਵੀਏ, ਪੋਲਿਸ਼, ਯੁਕਰੇਨੀਏ ਕਾਮਿਆਂ ਨੂੰ ਵਰਤਿਆ। ਇਹ ਨੇੜੇ ਦੇ ਵੀ ਸੀ, ਨਾਲੇ ਯੂਰਪੀਨ ਵੀ ਪਰ ਕੰਮ ਇਨ੍ਹਾਂ ਨੂੰ ਵੀ ਉਹੀ ਦਿੱਤਾ ਜਾਂਦਾ ਸੀ ਜਿਹੜਾ ਵਲੈਤ ਦੇ ਬਾਸ਼ਿੰਦੇ-ਗੋਰਿਆਂ ਦੇ ਨੱਕ ਹੇਠ ਨਾ ਆਉਂਦਾ। ਇਨ੍ਹਾਂ ਦੀ ਵੀ ਅਗਲੀ ਪੀੜ੍ਹੀ ਭੱਠਿਆਂ Ḕਤੇ ਕੰਮ ਕਰਨ ਨੂੰ ਰਾਜ਼ੀ ਨਾ ਹੋਈ, ਤੇ ਉਪਰੋਂ ਨੇਟੋ ਤੇ ਵਾਰਸਾ ਪੈਕਟ ਦੀ ਨਿੱਤ ਤਿੱਖੀ ਹੁੰਦੀ ਖਿੱਚੋਤਾਣ ਨੇ ਸੋਵੀਅਤ ਬਲਾਕ ਦੀ ਲੇਬਰ ਬੰਦ ਕਰਵਾ ਦਿੱਤੀ ਸੀ। ਤਦ ਇਨ੍ਹਾਂ ਗੋਰਿਆਂ ਨੂੰ ਕਾਮਨਵੈਲਥ ਦਾ ਚੇਤਾ ਆ ਗਿਆ। ਜਾਣੋਂ, ਟੁੱਟੀ ਭੱਜੀ ਦਾ ਪੱਤਣ ਮੇਲਾ। ਕਾਮਨਵੈਲਥ ਮੁਲਕਾਂ ਵਿਚੋਂ ਵਾਊਚਰਾਂ ਤੇ ਬੰਦੇ ਸੱਦਣ ਲਈ ਵੱਡੇ ਵੱਡੇ ਸ਼ਹਿਰਾਂ ਵਿਚ ਨੁਮਾਇਸ਼ਾਂ ਲਾਈਆਂ ਗਈਆਂ ਸਨ। ਜਾਅਲੀ ਆਉਂਦੇ ਬੰਦਿਆਂ ਦੀਆਂ ਵੀ ਪੌਂ ਬਾਰਾਂ ਹੀ ਰਹੀਆਂ। ਨਾ ਕੋਈ ਪੁੱਛ ਨਾ ਪੜਤਾਲ। ਕਾਲੇ-ਭੂਸਲੇ ਬੰਦਿਆਂ ਦੇ ਧੜਾਧੜ ਗੋਰੀ ਧਰਤੀ Ḕਤੇ ਆਉਣ ਤੋਂ ਬਾਅਦ ਵਿਚ ਹੀ ਈਨੋਕ ਪਾਵੋਲ ਨੇ ਵਲੈਤ ਦੀਆਂ ਗਲੀਆਂ ਵਿਚ Ḕਲਹੂ ਦੀਆਂ ਨਦੀਆਂḔ ਵਗਣ ਵਾਲੀ ਬਦਨਾਮ ਤਕਰੀਰ ਕੀਤੀ ਸੀ। ਬਹੁਤੇ ਗੋਰੇ ਭੱਠਿਆਂ ਦਾ ਭਾਰਾ ਕੰਮ ਟਿਕ ਕੇ ਨਹੀਂ ਸੀ ਕਰਦੇ; ਜਾਂ ਤਾਂ ਛੇਤੀ ਛੱਡ ਜਾਂਦੇ ਜਾਂ ਛੇਤੀ ਕਿਸੇ ਹੋਰ ਰਤਾ ਹਲਕੇ ਕੰਮ ਵਾਲੇ ਪਾਸੇ ਬਦਲੀ ਕਰਵਾ ਲੈਂਦੇ, ਤੇ ਜਾਂ ਮਸਾਂ ਆਪਣੇ ਤੋਰੀ ਫੁਲਕੇ ਜੋਗਾ ਹੀ ਕੰਮ ਕਰਦੇ। ਦਫ਼ਤਰੀ ਬਾਬੂ ਦੀ ਤਾਂ ਗੱਲ ਹੀ ਛੱਡੋ, ਟਰਾਂਸਪੋਰਟ ਤੇ ਮਕੈਨਿਕਾਂ ਦੀਆਂ ਸਭ ਨੌਕਰੀਆਂ ਗੋਰਿਆਂ ਲਈ ਹੀ ਰਾਖਵੀਆਂ ਸੀ। ਬੜੀ ਦੇਰ ਬਾਅਦ ਬੈਡਫੋਰਡ ਦੀ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਭਾਰਤੀ ਮਜ਼ਦੂਰ ਸਭਾ) ਦੀ ਬਰਾਂਚ ਦੇ ਹੰਭਲੇ ਨੇ ਇਹ ਰੀਤ ਤੋੜੀ।
ਲੇਬਰ ਦੀ ਏਨੀ ਤੰਗੀ ਸੀ ਕਿ ਮੈਨੇਜਰ ਕਈ ਬੰਦਿਆਂ ਨੂੰ ਕੰਮ ਤੋਂ ਛੁੱਟੀ ਦੇ ਕੇ ਹੋਰ ਕੰਮ ਕਰਨ ਵਾਲੇ ਬੰਦੇ ਲੱਭ ਕੇ ਲਿਆਉਣ ਲਈ ਸ਼ਹਿਰ ਭੇਜ ਦਿਆ ਕਰਦੇ ਸੀ। ਭੱਠੇ Ḕਤੇ ਮੋਟੀ ਕਮਾਈ ਵਾਲ਼ਾ ਕੰਮ ਲੱਭਣ ਗਏ ਬੰਦਿਆਂ ਦੀਆਂ ਡਾਰਾਂ ਵਿਚੋਂ ਮੈਨੇਜਰ ਪਹਿਲਾਂ ਕਾਮਿਆਂ ਦੇ ਡੌਲ਼ੇ ਤੇ ਸਰੀਰ ਟੋਹ ਟੋਹ ਕੇ ਦੇਖਦੇ ਕਿ ਇਹ ਕੰਮ ਕਰਨ ਜੋਗੇ ਹੈਗੇ ਵੀ ਆ ਕਿ ਨਹੀਂ। ਮਾੜਕੂ ਸਰੀਰਾਂ ਵੱਲ ਤਾਂ ਉਹ ਝਾਕਦੇ ਵੀ ਨਾ। ਜਿਨ੍ਹਾਂ Ḕਤੇ ਮੈਨੇਜਰਾਂ ਦੀ ਤਸੱਲੀ ਹੋ ਜਾਂਦੀ, ਉਨ੍ਹਾਂ ਨੂੰ ਇਹ ਕਹਿੰਦੇ: ਯੂ, ਯੂ, ਯੂæææ, ਐਂਡ ਯੂ। ਬਾਕੀਆਂ ਨੂੰ ਪਤਾ ਲੱਗ ਜਾਂਦਾ ਕਿ ਉਨ੍ਹਾਂ ਦੀ ਐਤਕੀਂ ਗੱਲ ਨਹੀਂ ਬਣੀ। ਉਹ ਮੁੜ ਜਾਂਦੇ, ਤੇ ਅਗਲੇ ਹਫਤੇ ਫਿਰ ਆਉਂਦੇ। ਜੇ ਫਿਰ ਵੀ ਗੱਲ ਨਾ ਬਣਦੀ ਤਾਂ ਓਦੂੰ ਅਗਲੇ ਹਫਤੇ ਵੀ ਆਉਂਦੇ, ਤੇ ਫਿਰ ਵਿਚ ਵੀ ਆਈ ਜਾਂਦੇ ਜਿੰਨਾ ਚਿਰ ਗੱਲ ਨਾ ਬਣ ਜਾਂਦੀ। ਯੂ, ਯੂæææਯੂ, ਯੂæææ ਦਾ ਮਤਲਬ ਅਨਪੜ੍ਹ ਪੰਜਾਬੀਆਂ ਨੂੰ ਵੀ ਝੱਟ ਸਮਝ ਪੈ ਜਾਂਦਾ ਸੀ। ਇਹ ਖੁਸ਼ ਹੋ ਜਾਂਦੇ। ਮਨ ਵਿਚ ਪੁੱਠੀਆਂ ਛਾਲਾਂ ਮਾਰਦੇ। ਗੋਰਿਆਂ ਨੂੰ ਠੈਂਕੂ ਠੈਂਕੂ ਕਰਦੇ ਫਿਰਦੇ। ਬਹੁਤ ਸਾਰੇ ਕਾਮੇ ਪੰਜਾਬੀ ਸੀ-ਇੰਡੀਅਨ ਤੇ ਪਾਕਿਸਤਾਨੀ, ਜਾਂ ਇਟਾਲੀਅਨ। ਕੁਝ ਕਾਲੇ ਜਾਂ ਹੋਰ ਯੂਗੋਸਲਾਵੀਏ, ਪੋਲਿਸ਼, ਯੁਕਰੇਨੀ ਤੇ ਲੈਟਵੀਅਨ ਆਦਿ ਵੀ। ਭਾਰਤੀ ਤੇ ਪਾਕਿਸਤਾਨੀ ਤਾਂ ਦਿਸਣ ਨੂੰ ਵੀ ਇੱਕੋ ਜਿਹੇ ਹੀ ਸਨ। ਇਟਾਲੀਅਨ ਵੀ ਮਿਹਨਤੀ ਤੇ ਸਿਰੜੀ ਸਨ। ਗੋਰੇ ਤਾਂ ਹਿਸਾਬ ਦਾ ਹੀ ਕੰਮ ਕਰਦੇ-ਮਨ ਦੀ ਮੌਜ ਨਾਲ; ਬੱਸ ਲੋੜ ਜਿੰਨਾ ਹੀ। ਜਾਨ ਮਾਰ ਕੇ ਟੁੱਟ ਟੁੱਟ ਕੇ ਮਰਨ ਨੂੰ ਇੰਡੀਅਨ ਸੀ, ਇਕ ਅੱਧਾ ਪਾਕਿਸਤਾਨੀ ਜਾਂ ਕੁਝ ਕੁ ਇਟਾਲੀਅਨ ਸੀ।
ਦਸਾਂ ਨਹੁੰਆਂ ਦੀ ਕਿਰਤ ਦਾ ਫਲ਼ ਹਫਤੇ ਦੇ ਅਖ਼ੀਰ Ḕਤੇ ਮਿਲ ਜਾਂਦਾ ਸੀ। ਹੱਡ ਭੰਨਵੀਂ ਮਿਹਨਤ ਦਾ ਮੁੱਲ। ਰੂਹਾਂ ਖੁਸ਼ ਹੋ ਜਾਂਦੀਆਂ। ਹਫਤੇ ਭਰ ਦੀਆਂ ਸਭ ਥਕਾਵਟਾਂ ਉਡ ਪੁੱਡ ਜਾਂਦੀਆਂ। ਪੈਸਿਆਂ ਦੇ ਹੌਸਲੇ ਵਿਚ ਬੰਦੇ ਆਪ ਵੀ ਉਡੂੰ ਉਡੂੰ ਕਰਦੇ ਫਿਰਦੇ। ਕੰਮ ਏਨਾ ਭਾਰਾ ਸੀ ਕਿ ਭੱਠੇ Ḕਤੇ ਭਾਰਾ ਕੰਮ ਕਰਨ ਵਾਲੇ ਕਈ ਕਾਮਿਆਂ ਦੀ ਪੈਨਸ਼ਨ ਹੋਣ ਤੋਂ ਸਾਲ ਦੋ ਸਾਲ ਪਹਿਲਾਂ ਜਾਂ ਸਾਲ ਦੋ ਸਾਲ ਬਾਅਦ ਹੀ ਫੂਕ ਨਿਕਲ ਜਾਂਦੀ ਸੀ। ਉਦੋਂ ਹੀ ਪਤਾ ਲਗਦਾ ਜਦੋਂ ਕੋਈ ਹੋਰ ਜਣਾ ਅਗਲੇ ਦਿਨ ਕੰਮ Ḕਤੇ ਆ ਕੇ ਦੱਸਦਾ: ਲੈ ਬਈ, ਕੱਲ੍ਹ ਫਲਾਨਾ ਵੀ ਚੜ੍ਹਾਈ ਕਰ ਗਿਆ। ਚੰਗਾ ਭਲਾ ਸੀ; ਰਾਤ ਵਾਲ਼ੀ ਸ਼ਿਫਟ ਤੋਂ ਗਿਆ ਸੀ। ਠੀਕ ਠਾਕ ਤੰਦਰੁਸਤ ਸੀ; ਨਾ ਬਿਮਾਰ ਨਾ ਠਮਾਰ। ਬੱਸ ਸੁੱਤਾ ਮੁੜ ਕੇ ਉਠਿਆ ਹੀ ਨਹੀਂ। ਘਰਦਿਆਂ ਨੇ ਸ਼ਾਮ ਨੂੰ ਕੰਮਾਂ ਤੋਂ ਆ ਕੇ ਦੇਖਿਆ ਤਾਂ ਖੇਡ ਖਤਮ ਹੋਈ ਪਈ ਸੀ। ਕਈ ਕਈ ਵਾਰ ਤਾਂ ਸੋਚ ਕੇ ਏਦਾਂ ਵੀ ਲੱਗਣਾ ਕਿ ਭਲਾ ਹੱਡ ਮਾਸ ਦਾ ਇਹ ਪੁਤਲਾ ਆਦਮੀ, ਕਾਹਦੇ ਲਈ ਏਨੀ ਭੱਜ-ਦੌੜ ਕਰਦਾ ਫਿਰਦਾ ਹੈ ਪਰ ਤਮ੍ਹਾਂ ਤਾਂ ਬੰਦੇ ਵਿਚੋਂ ਕਦੇ ਨਹੀਂ ਮੁੱਕਦੀ; ਇਹੀ ਜੀਂਦੀ ਜਾਨ ਨੂੰ ਭਜਾਈ ਫਿਰਦੀ ਹੈ। ਲਾਲਚ ਵਿਚ ਪਤਾ ਹੀ ਨਾ ਲੱਗਦਾ। ਹਰ ਕੋਈ ਇਕ ਦੂਜੇ ਤੋਂ ਮੋਹਰੇ ਤੋਂ ਮੋਹਰੇ ਹੋ ਹੋ ਕੇ ਕੰਮ ਕਰਦੇ। ਸਾਰੀ ਉਮਰ ਕੰਮ ਕੰਮ ਵਿਚ ਹੀ ਨਿਕਲ ਜਾਂਦੀ। ਘਰੋਂ ਕੰਮ ਤੇ, ਕੰਮੋਂ ਘਰ, ਕੋਹਲੂ ਦੇ ਬੈਲ ਵਾਂਗੂੰ।
ਭੱਠਿਆਂ ਨਾਲ ਏਕੜਾਂ ਦੇ ਏਕੜ ਜ਼ਮੀਨ ਦੇ ਵੀ ਸੀ। ਇਸ ਇਲਾਕੇ ਦੀ ਚੀਕਣੀ ਮਿੱਟੀ ਇੱਟਾਂ ਲਈ ਮਸ਼ਹੂਰ ਸੀ ਔਕਸਫੋਰਡ ਕਲੇਅ। ਭੱਠਿਆਂ ਤੋਂ ਤਿੰਨ-ਤਿੰਨ, ਚਾਰ-ਚਾਰ ਮੀਲ ਦੂਰ ਕਰੇਨਾਂ, ਚੀਕਣੀ ਮਿੱਟੀ ਪੁੱਟ ਪੁੱਟ ਕੇ ਲਾਗੇ ਬਣਾਈ ਮਾਹਲ ਤੇ ਸੁੱਟੀ ਜਾਂਦੀਆਂ। ਇਸੇ ਛੱਤੀ ਹੋਈ ਮਾਹਲ ਤੋਂ ਮਿੱਟੀ ਦੇ ਢੇਲੇ ਵੱਡੇ ਵੱਡੇ ਕੋਹਲੂਆਂ ਵਿਚ ਆ ਆ ਕੇ ਪਈ ਜਾਂਦੇ। ਇਹ ਕੋਹਲੂ ਮਿੱਟੀ ਨੂੰ ਪੀਹ ਪੀਹ ਕੇ ਮੋਟੇ ਬੂਰੇ ਵਰਗੀ ਬਣਾਈ ਜਾਂਦੇ। ਪੀਹ ਹੁੰਦੀ ਮਿੱਟੀ ਵਿਚੋਂ ਵਿਚੋਂ ਨਿਕੰਮੇ ਪੱਥਰ ਬਾਹਰ ਕੱਢ ਦਿੱਤੇ ਜਾਂਦੇ। ਜਦੋਂ ਚਿਕਨਾਈ ਵਗੈਰਾ ਦੀ ਮਾਤਰਾ ਰੁਖ ਸਿਰ ਹੋ ਜਾਂਦੀ, ਤਾਂ ਇਹ ਅੱਗੇ ਵੱਡੇ ਢੇਰਾਂ ਵੱਲ ਨੂੰ ਘੱਲ ਦਿੱਤੀ ਜਾਂਦੀ। ਇਨ੍ਹਾਂ ਢੇਰਾਂ ਵਿਚੋਂ ਹੀ ਹੌਲੀ-ਹੌਲੀ ਇਹ ਮਿੱਟੀ ਇੱਟਾਂ ਬਣਾਉਣ ਵਾਲੀਆਂ ਪ੍ਰੈਸਾਂ ਨੂੰ ਛੱਡੀ ਜਾਂਦੀ ਸੀ। ਵੱਡੀਆਂ ਵੱਡੀਆਂ ਭਾਰੀ-ਭਰਕਮ ਪ੍ਰੈਸਾਂ, ਸੱਚੇ ਵਿਚ ਆਉਂਦੀ ਸਿੱਲ੍ਹੀ ਚੀਕਨੀ ਮਿੱਟੀ ਨੂੰ ਏਨੀ ਜ਼ੋਰ ਨਾਲ ਦਬਾ ਕੇ ਬਾਹਰ ਕੱਢਦੀਆਂ ਕਿ ਕੱਚੀਆਂ ਬਣੀਆਂ ਇੱਟਾਂ ਵੀ ਵਾਹਵਾ ਮਜ਼ਬੂਤ ਹੁੰਦੀਆਂ। ਇੰਨੀਆਂ ਸਖ਼ਤ ਕਿ ਮਾੜੇ-ਧੀੜੇ ਬੰਦੇ ਤੋਂ ਤਾਂ ਜ਼ੋਰ ਲਾਉਣ Ḕਤੇ ਵੀ ਨਾ ਟੁੱਟਦੀਆਂ। ਕੱਚੀਆਂ ਇੱਟਾਂ ਅੱਗਿਉਂ ਮਾਹਲਾਂ Ḕਤੇ ਆਉਂਦੀਆਂ, ਤੇ ਕਾਮੇ ਮਾਹਲਾਂ ਤੋਂ ਚੱਕ ਚੱਕ ਕੇ ਇਨ੍ਹਾਂ ਇੱਟਾਂ ਦੇ ਰੇੜ੍ਹੀਆਂ ‘ਤੇ ਚੱਕੇ ਲਾਈ ਜਾਂਦੇ। ਸਾਰਾ ਦਿਨ ਚੱਕੇ Ḕਤੇ ਚੱਕੇ ਲਾਈ ਜਾਂਦੇ। ਬਹੁਤੇ ਡੇਢ ਪ੍ਰੈਸ ਦੀਆਂ ਇੱਟਾਂ ਹੀ ਸਾਂਭਦੇ ਸੀ, ਤੇ ਕੋਈ ਤਕੜਾ ਦੋਂਹ ਦੀਆਂ ਵੀ ਚੱਕ ਲੈਂਦਾ। ਕੋਈ ਵਿਰਲਾ ਮਾਈ ਦਾ ਲਾਲ ਤਿੰਨਾਂ ਦੀਆਂ ਵੀ ਚੱਕਦਾ। ਤਿੰਨਾਂ ਪ੍ਰੈਸਾਂ ਦੀਆਂ ਇੱਟਾਂ ਸਾਂਭਣਾ ਮਸ਼ੀਨ ਨਾਲ ਮਸ਼ੀਨ ਹੋਣਾ ਸੀ, ਵੱਡੇ ਵੱਡੇ ਨਾਢੂ ਖਾਨਾਂ ਦੀ ਭੂਤਨੀ ਭੁਲਾਉਣ ਵਾਲਾ ਪਰ ਇਹ ਥੋੜ੍ਹੇ ਚਿਰ ਦਾ ਕੰਮ ਸੀ। ਬਹੁਤ ਵਾਰੀ ਨਾਲ ਦੇ ਸਾਥੀ ਨੂੰ ਸਾਹ ਦੁਆਉਣ ਲਈ ਹੀ ਜਾਂ ਸਿਗਰਟ ਬੱਤੀ ਦੀ ਬਰੇਕ ਲਈ ਪੰਜਾਂ ਸੱਤਾਂ ਮਿੰਟਾਂ ਲਈ ਹੀ ਕੀਤਾ ਜਾ ਸਕਦਾ ਸੀ। ਜਿਨ੍ਹਾਂ ਦੇ ਹੱਥੀਂ ਇਹ ਕੰਮ ਚੜ੍ਹ ਚੁੱਕਾ ਸੀ, ਉਹ ਤਾਂ ਮਸ਼ੀਨਾਂ ਵਾਂਗ ਚੱਲਦੇ। ਥੱਬੇ ਭਰ ਭਰ ਰੱਖੀ ਜਾਂਦੇ। ਕੱਚੀਆਂ ਇੱਟਾਂ ਦੇ ਚੱਕੇ, ਰੇੜ੍ਹੀਆਂ ‘ਤੇ ਲੱਦ ਕੇ ਚੈਂਬਰਾਂ ਵਿਚ ਲੈ ਜਾਏ ਜਾਂਦੇ, ਜਿੱਥੇ ਇਨ੍ਹਾਂ ਨੂੰ ਹੇਠੋਂ ਗੈਸ ਦੀ ਅੱਗ ਚੜ੍ਹਾਈ ਜਾਂਦੀ ਤੇ ਉਤੋਂ ਭੁਰਪੁਰਾ ਕੋਲਾ ਪਾ ਕੇ ਅੱਗ ਦਿੱਤੀ ਜਾਂਦੀ।
ਹਫ਼ਤੇ ਬਾਅਦ ਇਹ ਇੱਟਾਂ ਪੱਕ ਜਾਂਦੀਆਂ ਟਣ ਟਣ ਕਰਦੀਆਂ, ਛਣਕਦੀਆਂ। ਬਾਹਰ ਕੱਢ ਕੇ ਇਨ੍ਹਾਂ ਇੱਟਾਂ ਦੇ ਫਿਰ ਚੱਕੇ ਲਾਏ ਜਾਂਦੇ ਤੇ ਇਹ ਮਕਾਨ ਬਣਾਉਣ ਲਈ ਤਿਆਰ ਹੋ ਜਾਂਦੀਆਂ। ਅੱਗੇ ਲਾਰੀਆਂ Ḕਤੇ ਲੱਦ ਹੋ ਕੇ ਕਿਤੇ ਦੀ ਕਿਤੇ ਪਹੁੰਚ ਜਾਂਦੀਆਂ। ਸਾਫ਼ ਸਾਦੀਆਂ ਇੱਟਾਂ ਵੀ ਬਣਦੀਆਂ, ਤੇ ਪੰਦਰਾਂ ਵੀਹ ਕਿਸਮ ਦੀਆਂ ਰੰਗਦਾਰ ਇੱਟਾਂ ਵੀ। ਵਲੈਤ ਦੇ ਬਹੁਤ ਸਾਰੇ ਘਰਾਂ ਨੂੰ ਇਨ੍ਹਾਂ ਭੱਠਿਆਂ ਦੀਆਂ ਇੱਟਾਂ ਨੇ ਹੀ ਸਜਾਇਆ ਹੋਇਆ ਹੈ। ਕੱਚੀਆਂ ਦੇ ਵੀ, ਤੇ ਪੱਕੀਆਂ ਇੱਟਾਂ ਦੇ ਵੀ ਚੱਕੇ ਲਾਉਣ ਵਿਚ ਵੀ ਸਾਡੇ ਪੰਜਾਬੀ ਭਾਈਬੰਦਾਂ ਦੀ ਹੀ ਝੰਡੀ ਰਹੀ। ਕੱਚੀਆਂ ਇੱਟਾਂ ਦਾ ਕੰਮ ਕੁਝ ਘੱਟ ਮਿੱਟੀ ਘੱਟੇ ਦਾ ਸੀ, ਪਰ ਪੱਕੀਆਂ ਇੱਟਾਂ ਦੇ ਚੱਕੇ ਲਾਉਣ-ਬੰਨ੍ਹਣ ਦਾ ਬਹੁਤ ਮਿੱਟੀ ਘੱਟੇ ਦਾ ਤਾਂ ਸੀ ਹੀ, ਨਾਲ ਇਹ ਬੰਦੇ ਦੀਆਂ ਚੂਲਾਂ ਢਿੱਲੀਆਂ ਕਰ ਦੇਣ ਵਾਲਾ ਵੀ ਸੀ।
ਜੈਲ, ਗੁਰਮੇਲ, ਪਰਗਾਸ਼ ਤੇ ਪੋਲੋ ਪਹਿਲੇ ਪੁਰਾਣੇ ਮੰਨੇ ਦੰਨੇ ਕਾਮੇ ਸੀ। ਨਿੰਦਰ, ਤਾਰ, ਬਿੱਲਾ ਤੇ ਗਿੱਲ ਬਹੁਤ ਛੋਹਲੇ ਕਾਮੇ ਸੀ। ਨਿੰਦਰ ਤਾਂ ਸੁਭਾਅ ਦਾ ਵੀ ਸਿਰੇ ਦਾ ਠੰਢਾ ਸੀ ਅਤੇ ਇਹ ਦੇਖਣ ਨੂੰ ਵੀ ਸਹਿਜੇ ਸਹਿਜੇ ਕੰਮ ਕਰਦਾ ਲਗਦਾ ਸੀ ਪਰ ਉਦੋਂ ਹੀ ਪਤਾ ਲੱਗਦਾ ਜਦ ਇਹ ਚੱਕੇ ਲਾਉਂਦਾ-ਬੰਨ੍ਹਦਾ ਕਿਤੇ ਦੀ ਕਿਤੇ ਨਿਕਲ ਜਾਂਦਾ। ਮੀਂਹ ਹਨੇਰੀ ਵੀ ਇਹਨੂੰ ਰੋਕ ਨਾ ਸਕਦੇ; ਬੱਸ ਦੱਬੀ ਜਾਂਦਾ। ਲੰਮਾ ਸਮਾਂ ਵੱਧ ਚੱਕੇ ਲਾਉਣ ਦੀ ਇਹਦੀ ਹਮੇਸ਼ਾ ਝੰਡੀ ਰਹੀ। ਸਾਢੇ ਕੁ ਛੇ ਫੁੱਟੇ ਦਰਮਿਆਨੇ, ਭਰਵੇਂ ਸਰੀਰ ਦੇ ਨਿੰਦਰ ਨੂੰ ਸੰਗੀ-ਸਾਥੀ ਤਿਹੁ ਨਾਲ ਲੰਮਾ ਆਖਦੇ ਸੀ। ਇਹਦੇ ਕੰਮ ਤੇ ਸੁਭਾਅ ਦੀ ਸਿਫ਼ਤ ਕਰਦੇ ਲੋਕ ਲਾਡ ਨਾਲ ਕਹਿੰਦੇ: ਜਿੱਦਣ ਨਿੰਦਰ ਜੰਮਿਆਂ, ਆਪਣੇ ਵਰਗੇ ਕਿਸੇ ਹੋਰ ਤਕੜੇ ਕਾਮੇ ਦੇ ਜੰਮਣ ਲਈ ਬੂਹਾ ਢੋਅ ਕੇ ਆ ਗਿਆ। ਸਭ ਇਹਦਾ ਲੋਹਾ ਵੀ ਮੰਨਦੇ ਰਹੇ, ਤੇ ਇਹਦੇ ਭਾਰੇ ਪੇ ਪੈਕਟ (ਤਨਖਾਹ) ਦੀਆਂ ਗੱਲਾਂ ਕਰਦੇ ਰਹੇ। ਦੂਸਰੇ ਜ਼ੋਰ ਲਾ ਕੇ ਕੰਮ ਕਰਨ ਵਾਲੇ ਸੀ ਪਰ ਨਿੰਦਰ ਸਹਿਜ ਨਾਲ ਕਰਦਾ।
ਹੋਰ ਵੀ ਕਈ ਛੋਹਲਾ ਕੰਮ ਕਰਦੇ ਸੀ ਪਰ ਉਹ ਕੰਮ ਤੋਂ ਸਿੱਕ (ਮੈਡੀਕਲ ਗੈਰਹਾਜ਼ਰੀ) ਵੀ ਮਾਰ ਲੈਂਦੇ ਸੀ। ਹੁਣ ਤਾਂ ਬੈਂਕਾਂ ਵਿਚ ਸਿੱਧੇ ਪੈਸੇ ਜਾਣ ਲੱਗ ਪਏ, ਪਹਿਲੀਆਂ ਵਿਚ ਹਫਤੇ ਦੀ ਹਫਤੇ ਸ਼ੁਕਰਵਾਰ ਵਾਲ਼ੇ ਦਿਨ ਤਨਖ਼ਾਹ ਦੇ ਭਰੇ ਲਿਫ਼ਾਫ਼ੇ ਮਿਲਦੇ ਹੁੰਦੇ ਸੀ। ਤਕੜੇ ਕਾਮਿਆਂ ਦੇ ਪੇਅ ਪੈਕਟ ਤੁੰਨ ਤੁੰਨ ਕੇ ਮਸਾਂ ਬੰਦ ਕੀਤੇ ਹੁੰਦੇ ਸੀ। ਆਪਣੇ ਭਾਈਬੰਦਾਂ ਵਿਚੋਂ ਕਈ ਹਫ਼ਤੇ ਦੀ ਥਕਾਵਟ ਲਾਹੁਣ ਲਈ ਕੰਮ ਤੋਂ ਹਟ ਕੇ ਸ਼ੁਕਰਵਾਰ ਨੂੰ ਸਿੱਧੇ ਬੀਅਰ ਪੀਣ ਜਾਂਦੇ। ਪੱਬਾਂ-ਕਲੱਬਾਂ ਵਿਚ ਬਹਿ ਕੇ ਜਦੋਂ ਇਹ ਤਨਖ਼ਾਹਾਂ ਵਾਲੇ ਪੈਕਟ ਖੋਲ੍ਹ ਕੇ ਬੀਅਰ ਦੇ ਪੈਸੇ ਦੇਣ ਲਗਦੇ, ਤਾਂ ਉਥੇ ਬੈਠੇ ਆਪਣੇ ਦੇਸੀ ਭਾਈਬੰਦ ਇਨ੍ਹਾਂ ਦੇ ਪੈਸਿਆਂ ਵਾਲੇ ਲਿਫਾਫੇ ਦੇਖ ਕੇ ਪੱਟੇ ਜਾਂਦੇ। ਕਈਆਂ ਦੀਆਂ ਕੌਡੀਆਂ ਹਿੱਲ ਜਾਂਦੀਆਂ। ਹਾਂਝ ਉਭਰਦੀ ਤਾਂ ਉਹ ਵੀ ਦਬਾ ਸੱਟ ਪੈਸਿਆਂ ਦੀ ਲੁੱਟ ਕਰਨ ਭੱਠਿਆਂ Ḕਤੇ ਜਾ ਲਗਦੇ। ਕਈ ਮਸਾਂ ਦਿਹਾੜੀ ਹੀ ਕੱਢਦੇ, ਤੇ ਕਈ ਦੋ ਦਿਨ। ਕੁਝ ਤਾਂ ਸ਼ਰਮ ਦੇ ਮਾਰੇ ਦਿਹਾੜੀ ਜਾਂ ਦੋਹ ਦਿਨਾਂ ਦੇ ਪੈਸੇ ਵੀ ਲੈਣ ਨਾ ਜਾਂਦੇ।
ਸਿਰੜ ਨਾਲ ਜਾਨ ਤੋੜ ਕੇ ਕੰਮ ਕਰਨਾ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ। ਪੱਕੀਆਂ ਇੱਟਾਂ ਦੀ ਸ਼ਿਫਟ ਤਾਂ ਭਾਵੇਂ ਸਵੇਰੇ ਛੇ ਵਜੇ ਸ਼ੁਰੂ ਹੁੰਦੀ ਸੀ, ਪਰ ਕਈ ਲਾਲਚੀ ਵਾਹਵਾ ਮੂੰਹ ਹਨੇਰੇ ਵੀ ਜਾ ਲਗਦੇ ਸੀ। ਤੜਕੇ ਚਾਰ ਕੁ ਵਜੇ ਹੀ। ਵਧੀਆ ਇੱਟਾਂ ਸਾਂਭ ਲੈਂਦੇ; ਚੰਗੇ ਪੈਸੇ ਬਣਾ ਲੈਂਦੇ। ਫਿਰ ਜ਼ਿੱਦ ਜਾਂ ਲਾਲਚ ਵੱਸ ਹੋਰ ਕਈ ਅਗਲੇ ਦਿਨ ਇਨ੍ਹਾਂ ਨਾਲੋਂ ਵੀ ਤੜਕੇ ਜਾ ਲੱਗਦੇ। ਇਹ ਜ਼ਿਦੋ ਜ਼ਿਦੀ ਦਾ ਕੰਮ ਓਨਾ ਚਿਰ ਚਲਦਾ ਰਹਿੰਦਾ, ਜਿੰਨਾ ਚਿਰ ਮੈਨੇਜਰ ਸਖ਼ਤੀ ਕਰ ਕੇ ਇਨ੍ਹਾਂ ਨੂੰ ਨਾ ਡੱਕਦੇ। ਕਈ ਵਾਰ ਪੱਕੀਆਂ ਇੱਟਾਂ ਏਨੀਆਂ ਤੱਤੀਆਂ ਹੁੰਦੀਆਂ ਕਿ ਸਰਦੀਆਂ ਦੀ ਬਰਫ਼ਬਾਰੀ ਵਿਚ ਵੀ ਕਾਮੇ ਜੇਠ-ਹਾੜ੍ਹ ਵਾਂਗ ਮੁੜ੍ਹਕਿਓ-ਮੁੜ੍ਹਕੀ ਹੋ ਜਾਂਦੇ। ਕਈ ਠੰਢੇ-ਤੱਤੇ ਵੀ ਹੋ ਜਾਂਦੇ। ਕਾਹਲ਼ੀ ਕਾਹਲ਼ੀ ਚੱਕਦਿਆਂ ਕਈ ਵਾਰੀ ਦੋਂਹ ਇੱਟਾਂ ਵਿਚ ਉਂਗਲਾਂ ਜਾਂ ਨਹੁੰ ਆ ਜਾਂਦੇ। ਬੜਾ ਦਰਦ ਹੁੰਦਾ। ਉਂਗਲਾਂ ਟੱਸ ਟੱਸ ਕਰੀ ਜਾਂਦੀਆਂ। ਨਾ ਬੰਦਾ ਕੰਮ ਕਰਨ ਜੋਗਾ ਰਹਿੰਦਾ, ਨਾ ਬਹਿਣ ਜੋਗਾ। ਚੱਤੇ ਪਹਿਰ ਦੀ ਚੀਸ ਪ੍ਰੇਸ਼ਾਨ ਕਰਦੀ। ਨਹੁੰਆਂ ਵਿਚ ਲਹੂ ਜੰਮਣ ਲੱਗਦਾ, ਜਾਂ ਇਹ ਉਪਰੋਂ ਕਾਲੇ ਹੋ ਜਾਂਦੇ। ਫਿਰ ਹਸਪਤਾਲ ਜਾ ਕੇ ਨਹੁੰ ਵਿਚ ਦੋ ਛੇਕ ਕਰਵਾਉਣੇ ਪੈਂਦੇ। ਡਾਕਟਰ ਲੋਹੇ ਦੀ ਸੂਈ ਨੂੰ ਅੱਗ ਦੀ ਲਾਟ Ḕਤੇ ਗਰਮ ਕਰਦਾ, ਤੇ ਲਾਲ ਸੁਰਖ਼ ਹੋਈ ਸੂਈ ਨੂੰ ਕਾਹਲੀ ਨਾਲ ਨਹੁੰ ਵਿਚ ਖੁਭੋ ਕੇ ਦੋ ਮੋਰੀਆਂ ਕਰ ਦਿੰਦਾ। ਇਉਂ ਜੰਮਿਆ ਖ਼ੂਨ ਨਿਕਲ ਜਾਂਦਾ, ਤਾਂ ਕਿਤੇ ਜਾ ਕੇ ਆਰਾਮ ਆਉਂਦਾ। ਨਹੀਂ ਤਾਂ ਇਹ ਟੱਸ ਟੱਸ ਮਹੀਨਾ ਭਰ ਝੱਲਣੀ ਪੈਂਦੀ। ਹਰ ਵੇਲੇ ਜਲ੍ਹਾਂਦ ਹੁੰਦੀ ਰਹਿੰਦੀ; ਨੀਂਦ ਨਾ ਆਉਣ ਦਿੰਦੀ। ਜਿੰਨਾ ਚਿਰ ਹੇਠੋਂ ਨਵਾਂ ਨਹੁੰ ਨਾ ਫੁੱਟ ਆਉਂਦਾ, ਇਹਦਾ ਬਚਾਅ ਰੱਖਣਾ ਪੈਂਦਾ ਪਰ ਦੁਖਦੇ ਥਾਂ ‘ਤੇ ਸੱਟ ਆਹਟਾ ਲੱਗਦੀ। ਕਈ ਵਾਰੀ ਲੱਤਾਂ ਜਾਂ ਪੈਰਾਂ Ḕਤੇ ਇੱਟਾਂ ਡਿੱਗ ਪੈਂਦੀਆਂ। ਹੋਰ ਕਈ ਤਰ੍ਹਾਂ ਦੀਆਂ ਸੱਟਾਂ ਫੇਟਾਂ ਵੀ ਲੱਗਦੀਆਂ ਰਹਿੰਦੀਆਂ। ਸਾਰਾ ਦਿਨ ਮੁੜ ਮੁੜ ਕੋਡੇ ਹੋ ਹੋ ਕੇ ਭਾਰ ਚੁੱਕਣਾ ਔਖਾ ਕੰਮ ਸੀ। ਲੰਮੇ ਬੰਦੇ ਲਈ ਹੋਰ ਵੀ ਔਖਾ ਹੁੰਦਾ ਸੀ। ਰੋਜ਼ ਦਿਹਾੜੀ ਦੇ ਇਸ ਕੰਮ ਨਾਲ ਕਾਮਿਆਂ ਦੇ ਤਿੱਗ ਦੁਖਣ ਲੱਗ ਪੈਂਦੇ, ਤੇ ਕਈ ਵਿਚਾਰਿਆਂ ਦੇ ਤਾਂ ਸਾਰੀ ਸਾਰੀ ਉਮਰ ਦੁਖਦੇ ਹੀ ਰਹਿੰਦੇ। ਕਈ ਲੱਤਾਂ ਧੂਹ ਧੂਹ ਕੇ ਤੁਰਦੇ। ਅੱਖਾਂ ਵਿਚ ਮਿੱਟੀ ਘੱਟਾ ਰੋੜ ਪੈਂਦੇ। ਦੀਦੇ ਖ਼ਰਾਬ ਹੋ ਜਾਂਦੇ। ਜਿੰਨਾ ਚਿਰ ਬੇਵਾਹ ਨਾ ਹੋ ਜਾਂਦੀ, ਸਾਡੇ ਭਾਈਬੰਦ ਕੰਮ ਨੂੰ ਦੱਬੀ ਜਾਂਦੇ। ਉਦੋਂ ਹੀ ਹਟਦੇ, ਜਦੋਂ ਨੱਕੋਂ ਚੋ ਕੇ ਮੂੰਹ ਨੂੰ ਆ ਪੈਦੀਂ।
ਨਸਲਵਾਦ ਉਦੋਂ ਜ਼ੋਰਾਂ Ḕਤੇ ਸੀ। ਕਾਲੀ-ਭੂਸਲੀ ਚਮੜੀ ਵਾਲੇ ਬੰਦੇ ਗੋਰੇ ਵਸਾਰ ਰੰਗੇ ਨਸਲਵਾਦੀਆਂ ਨੂੰ ਨਾ ਭਾਉਂਦੇ। ਕੰਮਾਂ ਕਾਰਾਂ Ḕਤੇ ਇਹ ਵਿਤਕਰਾ ਗੁੱਝੇ ਤੇ ਕਈ ਵਾਰੀ ਨੰਗੇ ਚਿੱਟੇ ਰੂਪ ਵਿਚ ਦਿਸ ਪੈਂਦਾ ਸੀ। ਭੱਠੇ Ḕਤੇ ਬਹੁਤੇ ਬੰਦੇ ਅੰਗਰੇਜ਼ੀ ਤੋਂ ਕੋਰੇ ਸੀ। ਕਈਆਂ ਨੂੰ ਤਾਂ ਕੁਝ ਵੀ ਪਤਾ ਨਾ ਲੱਗਦਾ: ਇਹ ਮੋਹਰਿਓਂ, ਐਵੇਂ ਯਾਅ ਯਾਅ ਯਾਅ ਕਰੀ ਜਾਂਦੇ, ਤੇ ਕੁਝ ਯੂ ਨੋਅ ਮੀ ਨੋਅ ਕਰਨ ਜੋਗੇ ਵੀ ਸੀ। ਜਦੋਂ ਅੰਗਰੇਜ਼ੀ ਬੋਲਣ ਵਾਲਾ ਪਹਿਲਾ ਮੁੰਡਾ ਕੰਮ Ḕਤੇ ਲੱਗਣ ਗਿਆ, ਤਾਂ ਕਿਸੇ ਭਲੇ ਗੋਰੇ ਨੇ ਕਿਹਾ: ਤੈਨੂੰ ਬਾਤ ਆਉਂਦੀ ਹੈ, ਤੂੰ ਮਸ਼ੀਨਾਂ ਵਾਲੀ ਵਰਕਸ਼ਾਪ ਵਿਚ ਅਪਰੈਂਟਿਸਸ਼ਿਪ ਕਰ ਲੈ। ਮੁੰਡੇ ਨੂੰ ਗੱਲ ਭਾ ਗਈ। ਉਹ ਮੰਨ ਗਿਆ, ਮਿੱਟੀ ਨਾਲ ਮਿੱਟੀ ਹੋਣ ਨਾਲੋਂ ਚੰਗਾ ਕੰਮ ਸੀ। ਸਾਫ਼ ਸੁਥਰਾ। ਇਹਨੂੰ ਵਰਕਸ਼ਾਪ ਵੀ ਦਿਖਾ ਦਿੱਤੀ ਗਈ। ਅਗਲੇ ਦਿਨ ਕੰਮ Ḕਤੇ ਲੱਗਣ ਲਈ ਵੀ ਕਹਿ ਦਿੱਤਾ ਗਿਆ। ਜਦੋਂ ਦੂਜੇ ਦਿਨ ਗਿਆ, ਤਾਂ ਕਹਿੰਦੇ ਇੱਥੇ ਵਾਲੀ ਜਗ੍ਹਾ ਤਾਂ ਹੋਰ ਕਿਸੇ ਨੂੰ ਦੇ ਦਿੱਤੀ ਹੈ, ਅਜੇ ਤੂੰ ਕੱਚੀਆਂ ਇੱਟਾਂ ਵਾਲੇ ਪਾਸੇ ਹੀ ਲੱਗ ਜਾਹ। ਮਗਰੋਂ ਪਤਾ ਲੱਗਾ ਕਿ ਇਹਦਾ ਭੂਸਲਾ ਰੰਗ ਦੇਖ ਕੇ ਵਰਕਸ਼ਾਪ ਦੇ ਗੋਰੇ ਸੁਪਰਵਾਈਜ਼ਰ ਨੇ ਮੈਨੇਜਰ ਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਇਹਨੂੰ ਇੱਥੇ ਲਾਉਣਾ ਹੈ, ਤਾਂ ਗੋਰੇ ਮਕੈਨਿਕਾਂ ਨੇ ਮੈਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਕੱਲ੍ਹ ਨੂੰ ਕੰਮ Ḕਤੇ ਨਹੀਂ ਆਉਣਾ।
ਪੁਰਾਣੇ ਬੰਦੇ ਨਵਿਆਂ ਨੂੰ ਅਕਸਰ ਇਹੀ ਦੱਸਦੇ-ਸਮਝਾਉਂਦੇ ਕਿ ਭਾਈ, ਤੁਸੀਂ ਤਾਂ ਕੋਈ ਪੁੰਨ ਕੀਤਾ ਹੋਇਆ; ਹੁਣ ਤਾਂ ਕੰਮ ਬਹੁਤਾ ਹੀ ਸੁਖਾਲ਼ਾ ਹੋ ਗਿਆ ਹੈ। ਕਿਤੇ ਪਹਿਲੀਆਂ ਵਿਚ ਦੇਖਦੇ, ਫਿਰ ਤੁਹਾਨੂੰ ਵਲੈਤ ਦੇ ਰੰਗਾਂ ਦਾ ਪਤਾ ਲੱਗਦਾ। ਉਦੋਂ ਕੱਚੀਆਂ ਇੱਟਾਂ ਆਪ ਹੀ ਛੋਟੇ ਛੋਟੇ ਠੇਲ੍ਹਿਆਂ Ḕਤੇ ਲਿਜਾ ਕੇ ਚੈਂਬਰਾਂ ਵਿਚ ਖ਼ੁਦ ਹੀ ਚਿਣਨੀਆਂ ਪੈਂਦੀਆਂ ਸੀ। ਪੱਕਣ Ḕਤੇ ਏਦਾਂ ਆਪ ਹੀ ਅੰਦਰ ਜਾ ਕੇ ਤੰਦੂਰ ਵਾਂਗੂੰ ਤਪਦੇ ਭੱਠਿਆਂ (ਚੈਂਬਰਾਂ) ਵਿਚੋਂ ਬਾਹਰ ਕੱਢਣੀਆਂ ਪੈਂਦੀਆਂ ਸਨ। ਸਰਦੀਆਂ ਨੂੰ ਤਾਂ ਸਰ ਜਾਂਦਾ ਸੀ, ਕਿਉਂਕਿ ਬਾਹਰ ਠੰਢ ਹੁੰਦੀ ਸੀ। ਉਦੋਂ ਠੰਢ ਪੈਂਦੀ ਵੀ ਬਹੁਤ ਹੁੰਦੀ ਸੀ, ਪਰ ਗਰਮੀਆਂ ਨੂੰ ਬੜਾ ਔਖਾ ਹੁੰਦਾ ਸੀ। ਏਦਾਂ ਦੀਆਂ ਗਰਮੀਆਂ ਨੂੰ ਪੰਜਾਬ ਵਿਚ ਲੋਕਾਂ ਨੂੰ ਧੱਕੇ ਹੋ ਜਾਂਦੇ ਸਨ; ਜਿਨ੍ਹਾਂ ਤੋਂ ਡਰਦਿਆਂ ਲੋਕਾਂ ਦੇ ਸਾਧ ਹੋ ਜਾਣ ਦੀਆਂ ਗੱਲਾਂ ਬਣੀਆਂ-ਸੁਣੀਆਂ ਹੋਈਆਂ ਨੇ।
ਏਸੇ ਤਰ੍ਹਾਂ ਉਦੋਂ ਪੱਕੀਆਂ ਇੱਟਾਂ ਦੇ ਵੀ ਚੱਕੇ ਨਹੀਂ ਸੀ ਲਾਈਦੇ, ਸਿੱਧੀਆਂ ਹੀ ਮਾਲ ਗੱਡੀ ਦੀਆਂ ਵੈਗਨਾਂ ‘ਤੇ ਲੱਦੀ ਦੀਆਂ ਸਨ। ਬਾਅਦ ਵਿਚ ਜਦੋਂ ਲਾਰੀਆਂ ਆ ਗਈਆਂ ਤਾਂ ਫਿਰ ਸਿੱਧੀਆਂ ਲਾਰੀਆਂ Ḕਤੇ ਹੀ ਲੱਦਣ ਲੱਗ ਪਏ। ਕਦੇ ਕਦੇ ਲਾਰੀ ਇੱਟਾਂ ਤੋਂ ਦੂਰ ਖੜ੍ਹੀ ਹੁੰਦੀ ਸੀ, ਜਾਂ ਰਤਾ ਕੁ ਫਰਕ ਨਾਲ ਲਾਈ ਲਾਰੀ ਤੇ ਇੱਕ ਲੱਤ ਉਤੇ, ਤੇ ਇੱਕ ਥੱਲੇ ਹੋਣੀ ਤਾਂ ਕਈਆਂ ਦੇ ਚੱਡੇ ਖਿੱਚੇ ਜਾਂਦੇ। ਫਿਰ ਕਈ ਕਈ ਦਿਨ ਕਾਮਿਆਂ ਤੋਂ ਸਿੱਧਾ ਵੀ ਨਾ ਤੁਰਿਆ ਜਾਂਦਾ। ਹਵਾ ਵਗਦੀ ਹੋਣੀ ਤਾਂ ਅੱਖਾਂ ਦੀ ਸ਼ਾਮਤ ਆ ਜਾਂਦੀ ਸੀ। ਲਾਲਚ ਵਿਚ ਲੋਕਾਂ ਅੱਖਾਂ ਚੁੰਨ੍ਹੀਆਂ ਕਰ ਕੇ ਹੀ ਬੁੱਤਾ ਸਾਰੀ ਜਾਣਾ। ਕਈ ਵਾਰੀ ਹੇਠੋਂ ਲਾਰੀ Ḕਤੇ ਇੱਟਾਂ ਰੱਖਦੇ ਬੰਦੇ ਦੇ ਮੂੰਹ Ḕਤੇ ਪਹਿਲੀਆਂ ਉਪਰ ਰੱਖੀਆਂ ਇੱਟਾਂ ਵਿਚੋਂ ਆ ਕੇ ਵੱਜਣੀ। ਥੋੜ੍ਹਾ ਚਿਰ ਹਾਲ ਪਾਹਰਿਆ ਹੋਣੀ, ਫਿਰ ਉਸੇ ਚਾਲੇ-ਚੱਲ ਸੋ ਚੱਲ। ਸਿਆਣਿਆਂ ਦੀ ਗੱਲਾਂ ਸੁਣ ਕੇ ਇਨ੍ਹਾਂ ਦੀ ਪਹਿਲੀ ਝੱਲੀ ਔਖ ਅੱਖਾਂ ਸਾਹਵੇਂ ਨਜ਼ਰ ਆਉਣ ਲੱਗ ਪੈਂਦੀ।
ਬਲੈਚਲੀ, ਰਿੱਜਮੌਂਟ, ਮਿੱਲਬਰੁਕ, ਲਿਡਲਿੰਗਟਨ, ਮਾਰਸਟਨ, ਸਟਿਓਟਰਬੀ, ਕੈਮਪਸਟੰਨ ਹਾਰਡਵਿਕ, ਐਲਸਟੋਅ, ਚਿਮਨੀ ਕਾਰਨਰ ਆਦਿਕ। ਭੱਠਿਆਂ ਦੇ ਇਹ ਸਭ ਨਾਂ ਨਾਲ ਲਗਦੇ ਪਿੰਡਾਂ ਦੇ ਨਾਂਵਾਂ Ḕਤੇ ਹੀ ਰੱਖੇ ਹੋਏ ਸਨ। ਇਨ੍ਹਾਂ ਵਿਚੋਂ ਤਿੰਨ ਚਾਰ ਤਾਂ ਮੈਂ ਵੀ ਚਲਦੇ ਦੇਖੇ, ਤੇ ਤਿੰਨਾਂ Ḕਤੇ ਕੰਮ ਵੀ ਕੀਤਾ। ਪਹਿਲੀਆਂ ਵਿਚ ਤਾਂ ਇਹ ਸਾਰੀਆਂ ਨਿੱਕੀਆਂ ਨਿੱਕੀਆਂ ਕੰਪਨੀਆਂ ਹੀ ਸਨ। ਫਿਰ ਇਨ੍ਹਾਂ ਵਿਚੋ ਦੋਂਹ ਨੇ ਰਲ ਕੇ ਵੱਡੀ ਲੰਡਨ ਬਰਿੱਕ ਕੰਪਨੀ ਬਣਾ ਲਈ। ਮਗਰੋਂ ਏਸੇ ਕੰਪਨੀ ਨੇ ਹੌਲੀ ਹੌਲੀ ਸਾਰੇ ਭੱਠੇ ਖਰੀਦ ਕੇ ਹੋਰ ਵੱਡੀ ਲੱਠਮਾਰ ਫਰਮ ਬਣਾ ਲਈ-ਇੱਟਾਂ ਦੀ ਸਰਦਾਰ ਕੰਪਨੀ। ਲਾਗੇ ਦੇ ਪੀਟਰਬਰੋਅ, ਆਰਲਸੀ ਤੇ ਕੈਲਵਰਟ ਹੋਰ ਭੱਠੇ ਖਰੀਦ ਕੇ ਭੱਠਿਆਂ ਦੀ ਮਾਲਕੀ ਦੀ ਕਲਗੀ ਵੀ ਸਜਾ ਲਈ। ਬਾਅਦ ਵਿਚ ਇਹੋ ਕੰਪਨੀ ਕਿਸੇ ਲਾਰਡ ਹੈਨਸਨ ਨੇ ਮੁੱਲ ਲੈ ਲਈ ਸੀ। ਕੰਪਨੀ ਦਾ ਪਸਾਰ ਏਨਾ ਵੱਡਾ ਸੀ ਕਿ ਹੈਨਸਨ ਨੇ ਹੌਲੀ-ਹੌਲੀ ਇਹਦੀ ਭੰਨ ਤੋੜ ਕਰ ਕੇ ਅੱਧ ਪਚੱਧੀ ਵੇਚ ਵੱਟ ਲਈ ਜਾਂ ਭੱਠੇ ਬੰਦ ਕਰ ਦਿੱਤੇ। ਨਵੀਂ ਤਕਨੀਕ ਦੇ ਮਕਾਨ ਬਣਨ ਨਾਲ ਇੱਟਾਂ ਦੀ ਖ਼ਪਤ ਵੀ ਘੱਟ ਹੋਣ ਲੱਗ ਪਈ ਸੀ। ਵਾਤਾਵਰਣ ਨੂੰ ਸਹੀ ਰੱਖਣ ਲਈ ਧੂੰਆਂ ਤੇ ਗੈਸ ਘਟਾਉਣ ਲਈ ਸਰਕਾਰੀ ਦਬਾਅ ਵੀ ਵਧਣਾ ਸ਼ੁਰੂ ਹੋ ਗਿਆ। ਨਹੀਂ ਤਾਂ ਭਾਰੀ ਜੁਰਮਾਨੇ ਹੋਣ ਦੇ ਆਸਾਰ ਵਧੀ ਜਾ ਰਹੇ ਸਨ। ਇਉਂ ਭੱਠੇ ਬੰਦ ਹੀ ਹੁੰਦੇ ਗਏ। ਬਾਅਦ ਵਿਚ ਤਾਂ ਨਾਂ ਨਿਸ਼ਾਨ ਵੀ ਮਿਟ ਗਿਆ। ਹੁਣ ਇੱਥੇ ਕੋਈ ਵੀ ਭੱਠਾ ਨਹੀਂ ਰਿਹਾ; ਪਰ ਦੇਸੀ ਭਾਈਬੰਦਾਂ ਲਈ ਇਹਦੀ ਅੱਲ ਅਜੇ ਵੀ ਭੱਠਿਆਂ ਵਾਲੇ ਬੈਡਫੋਰਡ ਦੀ ਹੀ ਹੈ।
ਬੈਡਫੋਰਡ ਤੋਂ ਬਲੈਚਲੀ ਤੀਕ, ਇਨ੍ਹਾਂ ਭੱਠਿਆਂ ਨੂੰ ਮੇਲ਼ਦੀ ਰੇਲਵੇ ਲਾਈਨ ਵੀ ਚਲਾਈ ਹੋਈ ਸੀ, ਜਿਹਦਾ ਪਹਿਲੀਆਂ ਵਿਚ ਤਾਂ ਮੁੱਖ ਮਕਸਦ ਭੱਠਿਆਂ ਤੋਂ ਇੱਟਾਂ ਚੁੱਕ ਕੇ ਅਗਾਂਹ ਹੋਰ ਸ਼ਹਿਰਾਂ ਪਹੁੰਚਦੀਆਂ ਕਰਨਾ ਹੀ ਹੁੰਦਾ ਸੀ; ਪਰ ਵਿਚ-ਵਿਚ, ਵਿਰਲੇ-ਵਿਰਲੇ ਸਵਾਰੀਆਂ ਢੋਣ ਲਈ ਟਾਈਮ ਵੀ ਲਾਏ ਹੋਏ ਸੀ। ਛੋਟੀ ਜਿਹੀ ਰੇਲ ਗੱਡੀ, ਸਿਰਫ਼ ਦੋਂਹ ਡੱਬਿਆਂ ਦੀ ਏਧਰੋਂ ਓਧਰ ਨੱਠੀ ਭੱਜੀ ਫਿਰਦੀ। ਵਿਚੇ ਹੀ ਗਲ ਵਿਚ ਝੋਲਾ ਪਾਈ ਟਿਕਟਾਂ ਦੇਣ ਵਾਲਾ ਕੰਡਕਟਰ ਤੁਰਿਆ ਫਿਰਦਾ, ਪੰਜਾਬ ਦੀਆਂ ਬੱਸਾਂ ਵਾਂਗੂੰ। ਇਨ੍ਹਾਂ ਵਿਚ ਭੱਠਿਆਂ ਵਾਲੇ ਪਿੰਡਾਂ ਦੇ ਬਾਸ਼ਿੰਦੇ ਸਫਰ ਕਰਦੇ। ਕਦੇ ਕਦਾਈਂ ਕੰਮ ਕਰਨ ਵਾਲੇ ਵੀ ਸਫਰ ਕਰ ਲੈਂਦੇ। ਜਾਂ ਇਨ੍ਹਾਂ ਪਿੰਡਾਂ ਦੇ ਨਿਆਣੇ ਰੇਲ ਗੱਡੀ ਤੇ ਚੜ੍ਹ ਕੇ ਬੈਡਫੋਰਡ ਦੇ ਸਕੂਲੀਂ ਆਉਂਦੇ-ਜਾਂਦੇ। ਹੁਣ ਕਾਰਾਂ ਦਾ ਹੜ੍ਹ ਆ ਜਾਣ Ḕਤੇ, ਅਤੇ ਭੱਠਿਆਂ ਦਾ ਨਾਂ ਨਿਸ਼ਾਨ ਮਿਟ ਜਾਣ ਦੇ ਬਾਵਜੂਦ ਇਹ ਰੇਲ ਗੱਡੀ ਮਾਰੋ ਮਾਰ ਚੱਲੀ ਜਾਂਦੀ ਹੈ; ਬੈਡਫ਼ੋਰਡ ਨੂੰ ਮਿਲਟਨ ਕੀਨਜ਼ ਨਾਲ ਮੇਲਦੀ।
ਪਹਿਲੀ ਪੀੜ੍ਹੀ ਦੇ ਪੁਰਾਣੇ ਬੰਦੇ ਮੋਟਰਵੇਅ ਤੋਂ ਘਰ ਆਉਣ ਦੀ ਨਿਸ਼ਾਨੀ ਵੀ ਭੱਠਿਆਂ ਦੀ ਹੀ ਰੱਖਦੇ ਸੀ। ਉੱਚੀਆਂ ਲੰਮੀਆਂ ਚਿਮਨੀਆਂ ਦਿਸ ਪੈਣੀਆਂ ਤਾਂ ਐਮ ਵੰਨ ਮੋਟਰਵੇਅ ਤੋਂ ਉਤਰ ਕੇ ਘਰ ਪਹੁੰਚ ਜਾਂਦੇ। ਪੁਰਾਣਿਆਂ ਵਿਚੋਂ ਬਹੁਤੇ ਭਾਈਬੰਦ ਅਧਪੜ੍ਹ ਸੀ, ਤੇ ਕਈ ਅੰਗੂਠਾ ਛਾਪ ਵੀ। ਸੜਕਾਂ Ḕਤੇ ਲਿਖੇ ਸਾਈਨ ਉਠਾਲਣ ਜੋਗੇ ਵੀ ਨਹੀਂ ਸੀ। ਕਈਆਂ ਦੀ ਨਿਗ੍ਹਾ ਵੀ ਕਮਜ਼ੋਰ ਸੀ, ਪਰ ਪੈਸੇ ਬਚਾਉਣ ਦੇ ਲਾਲਚ ਵਿਚ ਜਾਂ ਤਾਂ ਐਨਕ ਹੀ ਨਹੀਂ ਸੀ ਲੁਆਉਂਦੇ ਜਾਂ ਸੁਸਤੀ ਕਰ ਕੇ ਇਹ ਮੁੜ ਕੇ ਅੱਪਡੇਟ ਨਹੀਂ ਸੀ ਕਰਵਾਉਂਦੇ। ਘੱਟ ਨਜ਼ਰ ਵਾਲਿਆਂ ਨੂੰ ਤਾਂ ਨਿਗ੍ਹਾ ਸਾਲ ਦੀ ਸਾਲ ਚੈਕ ਕਰਾਉਣ ਦੀ ਲੋੜ ਹੁੰਦੀ ਹੈ। ਉਦੋਂ ਸੜਕਾਂ Ḕਤੇ ਟ੍ਰੈਫਿਕ ਵੀ ਘੱਟ ਸੀ, ਤੇ ਨਿਯਮ ਵੀ ਘੱਟ ਸਖਤ ਹੋਣ ਕਰ ਕੇ ਸਰਦਾ ਗਿਆ; ਅੱਜ ਕੱਲ੍ਹ ਹੁੰਦਾ ਤਾਂ ਬੜੀਆਂ ਦਿੱਕਤਾਂ ਆਉਣੀਆਂ ਸਨ। ਕਈ ਵਿਚਾਰੇ ਸਾਊਥਾਲ ਜਾਂ ਹੀਥਰੋ ਏਅਰਪੋਰਟ ਤੋਂ ਆਉਂਦੇ ਬਹੁਤੀ ਵਾਰ ਹਨੇਰੇ ਵਿਚ ਭੱਠਿਆਂ ਦੀਆਂ ਚਿਮਨੀਆਂ ਉਡੀਕਦੇ ਉਡੀਕਦੇ ਹੀ ਕਿਤੇ ਦੀ ਕਿਤੇ ਨਿਕਲ ਜਾਂਦੇ। ਕਈ ਗੱਲਾਂ ਕਰਦੇ ਕਰਦੇ ਅਗਾਂਹ ਹੀ ਚਲੇ ਜਾਂਦੇ। ਨੌਰਥਹੈਂਪਟਨ, ਕਵੈਂਟਰੀ ਜਾਂ ਲੈਸਟਰ ਤੋਂ ਫਿਰ ਪਿੱਛੇ ਨੂੰ ਮੁੜਦੇ। ਕਈ ਚੌਕਸੀ ਵਰਤਦਿਆਂ ਨਾਲ਼ਦਿਆਂ ਨੂੰ ਪਹਿਲਾਂ ਹੀ ਕਹਿ ਦਿੰਦੇ: ਬਈ ਭੱਠੇ ਆਉਣ ਤੋਂ ਪੰਜ ਸੱਤ ਮਿੰਟ ਪਹਿਲਾਂ ਹੀ ਮੈਨੂੰ ਖ਼ਬਰਦਾਰ ਕਰ ਦਿਓ, ਕਿਤੇ Ḕਗਾਂਹ ਹੀ ਨਾ ਨਿਕਲ ਜਾਈਏ।
(ਬਾਕੀ ਅਗਲੇ ਅੰਕ ਵਿਚ)

Be the first to comment

Leave a Reply

Your email address will not be published.