ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਅਮਲ ਮੁਕੰਮਲ ਹੋ ਗਿਆ ਹੈ। ਹੁਣ ਸਭ ਦੀ ਨਿਗ੍ਹਾ 16 ਮਈ ਉਤੇ ਹੈ ਜਿਸ ਦਿਨ ਨਤੀਜਿਆਂ ਦਾ ਐਲਾਨ ਹੋਣਾ ਹੈ। ਇਸ ਵਾਰ ਚੋਣ ਮੁਹਿੰਮਾਂ ਵੀ ਬੜੀਆਂ ਦਿਲਚਸਪ ਰਹੀਆਂ ਹਨ ਅਤੇ ਐਤਕੀਂ ਨਤੀਜੇ ਵੀ ਅਲੋਕਾਰ ਰਹਿਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਕਾਂਗਰਸ ਦੇ ਦਸ ਸਾਲ ਦੇ ਰਾਜ ਤੋਂ ਆਮ ਬੰਦੇ ਦਾ ਇਕ ਵਾਰ ਫਿਰ ਮੋਹ-ਭੰਗ ਹੋਇਆ ਪਿਆ ਹੈ, ਪਰ ਕਾਂਗਰਸ ਦੀ ਥਾਂ ਜਿਹੜੀ ਭਾਰਤੀ ਜਨਤਾ ਪਾਰਟੀ ਅਗਾਂਹ ਵਧਣ ਦਾ ਯਤਨ ਕਰ ਰਹੀ ਹੈ, ਉਸ ਦੀ ਚੋਣ ਮੁਹਿੰਮ ਅਜਿਹੇ ਸ਼ਖਸ ਦੇ ਹੱਥ ਹੈ ਜਿਸ ਦੇ ਹੱਥ ਗੁਜਰਾਤ ਦੇ ਮੁਸਲਮਾਨਾਂ ਦੇ ਲਹੂ ਨਾਲ ਕਥਿਤ ਲਿਬੜੇ ਹੋਏ ਹਨ। ਇਸ ਤੋਂ ਵੀ ਵੱਡੀ ਗੱਲ, ਇਸ ਸ਼ਖਸ ਨੇ ਆਪਣੇ ਇਸ ਕਾਰੇ ਦਾ ਕਦੀ ਪਛਤਾਵਾ ਵੀ ਨਹੀਂ ਕੀਤਾ ਹੈ। ਇਹ ਸ਼ਖਸ ਨਰੇਂਦਰ ਮੋਦੀ ਹੈ ਜਿਸ ਨੇ ਗੁਜਰਾਤ ਦੇ ਸਿੱਖ ਕਿਸਾਨਾਂ ਨੂੰ ਉਜਾੜਨ ਲਈ ਵੀ ਕੋਈ ਕਸਰ ਨਹੀਂ ਛੱਡੀ ਹੈ। ਭਾਰਤ ਭਰ ਵਿਚ ਜਦੋਂ ਚੋਣ ਮੁਹਿੰਮ ਲਈ ਵੱਖ-ਵੱਖ ਪਾਰਟੀਆਂ ਅਜੇ ਉਡਾਣ ਭਰਨ ਦੀ ਕੋਸ਼ਿਸ਼ ਵਿਚ ਹੀ ਸਨ, ਐਨ ਉਸੇ ਵਕਤ ਕਾਂਗਰਸ ਨੇ ਪੈਰ ਪਿਛਾਂਹ ਖਿੱਚਣੇ ਅਰੰਭ ਕਰ ਦਿੱਤੇ ਸਨ। ਦਰਅਸਲ, ਅਰਬਾਂ-ਕਰੋੜਾਂ ਦੇ ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਨੇ ਪਾਰਟੀ ਅਤੇ ਪਾਰਟੀ ਲੀਡਰਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਸੀ ਛੱਡਿਆ। ਸੋ, ਇਨ੍ਹਾਂ ਹਾਲਾਤ ਵਿਚ ਇਸ ਪਾਰਟੀ ਨੇ ਇਨ੍ਹਾਂ ਚੋਣਾਂ ਵਿਚ ਇਕ ਤਰ੍ਹਾਂ ਨਾਲ ਆਪਣੀ ਹਾਰ ਹੀ ਸਵੀਕਾਰ ਕਰ ਲਈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਆਰæਐਸ਼ਐਸ਼ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਵਿਚ ਤਬਦੀਲ ਕਰਨ ਲਈ ਸਦਾ ਤਰਲੋ-ਮੱਛੀ ਹੋਈ ਰਹਿੰਦੀ ਹੈ, ਨੂੰ ਵੀ ਭਾਸਣ ਲੱਗ ਪਿਆ ਕਿ ਐਤਕੀਂ ਦਿੱਲੀ ਬਹੁਤੀ ਦੂਰ ਨਹੀਂ ਹੈ ਅਤੇ ਦਿੱਲੀ ਵਿਚ ਝਬਦੇ ਹੀ ਆਪਣੀ ਸਰਕਾਰ ਬਣਾਈ ਜਾ ਸਕਦੀ ਹੈ, ਪਰ ਭਾਰਤ ਦੇ ਸਿਆਸੀ ਪਿੜ ਵਿਚ ਆਮ ਆਦਮੀ ਪਾਰਟੀ (ਆਪ) ਦੀ ਅਚਾਨਕ ਆਮਦ ਨੇ ਇਨ੍ਹਾਂ ਦੋਹਾਂ ਮੁੱਖ ਪਾਰਟੀਆਂ ਦੀਆਂ ਸਭ ਗਿਣਤੀਆਂ-ਮਿਣਤੀਆਂ ਝੰਜੋੜ ਸੁੱਟੀਆਂ। ਪਹਿਲਾਂ-ਪਹਿਲ ਤਾਂ ‘ਆਪ’ ਨੂੰ ਬਹੁਤਾ ਗੌਲਿਆ ਹੀ ਨਹੀਂ ਗਿਆ, ਪਰ ਦਿੱਲੀ ਵਿਧਾਨ ਸਭਾ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿਸ ਤਰ੍ਹਾਂ ਲੋਕਾਂ ਨੇ ਕਿਸੇ ਵੇਲੇ ਸਮਾਜ-ਸੇਵੀ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਖਿਲਾਫ ਅੰਦੋਲਨ ਨੂੰ ਹੁੰਗਾਰਾ ਭਰਿਆ ਸੀ, ਐਨ ਉਸੇ ਤਰ੍ਹਾਂ ਆਮ ਲੋਕਾਂ ਨੇ ਚੋਣ ਮੁਹਿੰਮਾਂ ਵਿਚ ‘ਆਪ’ ਨੂੰ ਹੁੰਗਾਰਾ ਭਰਿਆ। ਥਾਂ-ਥਾਂ ਆਪ-ਮੁਹਾਰਾ ਅੰਦੋਲਨ ਰੂਪ ਅਖਤਿਆਰ ਕਰਨ ਲੱਗਾ। ‘ਆਪ’ ਦੇ ਇਸ ਆਪ-ਮੁਹਾਰੇ ਅੰਦੋਲਨ ਨੇ ਹੀ ਫਿਰ ਇਨ੍ਹਾਂ ਦੋਹਾਂ ਮੁੱਖ ਪਾਰਟੀਆਂ ਦੀ ਨੀਂਦ ਉਡਾਈ। ‘ਆਪ’ ਦੇ ਖਤਰੇ ਕਰ ਕੇ ਇਨ੍ਹਾਂ ਪਾਰਟੀਆਂ ਨੂੰ ਆਪਣੀਆਂ ਚੋਣ ਰਣਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਕਰਨੀਆਂ ਪਈਆਂ। ਹੁਣ ‘ਆਪ’ ਲਈ ਮੁੱਖ ਮਸਲਾ ਚੋਣਾਂ ਜਿੱਤਣਾ ਨਹੀਂ ਸੀ ਰਹਿ ਗਿਆ, ਬਲਕਿ ਲੋਕਾਂ ਨੂੰ ਵੱਖ-ਵੱਖ ਮਸਲਿਆਂ ਬਾਰੇ ਸੁਚੇਤ ਕਰ ਕੇ ਇਹ ਤਾਂ ਅਗਾਊਂ ਹੀ ਜਿੱਤਾਂ ਹਾਸਲ ਕਰ ਚੁੱਕੀ ਹੈ। ਅੱਜ ‘ਆਪ’ ਭਾਰਤੀ ਸਿਆਸਤ ਵਿਚ ਇਕ ਵਰਤਾਰਾ ਹੋ ਨਿਬੜੀ ਹੈ ਅਤੇ ਸਿਆਸੀ ਮਾਹਿਰਾਂ ਦੀ ਗਿਣਤੀ-ਮਿਣਤੀ ਮੁਤਾਬਕ ਇਹ ਪਾਰਟੀ ਸਿਆਸੀ ਪਿੜ ਵਿਚ ਨਵੀਆਂ ਪੈੜਾਂ ਪਾ ਸਕਦੀ ਹੈ।
ਪੰਜਾਬ ਦਾ ਦ੍ਰਿਸ਼ ਵੀ ਭਾਰਤ ਦੇ ਸਮੁੱਚੇ ਦ੍ਰਿਸ਼ ਤੋਂ ਕੋਈ ਬਹੁਤਾ ਵੱਖਰਾ ਨਹੀਂ। ਪੰਜਾਬ ਵਿਚ ਤਾਂ ਸਗੋਂ ‘ਆਪ’ ਨੇ ਸਿਆਸੀ ਸਮੀਕਰਨ ਉਕਾ ਹੀ ਉਲਟਾ ਕੇ ਰੱਖ ਦਿੱਤੇ ਹਨ। ਚੋਣਾਂ ਦੇ ਐਲਾਨ ਵੇਲੇ, ਪੰਜਾਬ ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਨਿਸੱਤੀ ਹੋਈ ਪਈ ਸੀ। ਧੜੇਬੰਦੀ ਨੇ ਪਾਰਟੀ ਨੂੰ ਖੋਖਲੀ ਕਰ ਛੱਡਿਆ ਸੀ। ਕਾਂਗਰਸ ਦੀ ਇਸੇ ਕਮਜ਼ੋਰੀ ਕਰ ਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਾਘੀਆਂ ਪਾ ਰਹੇ ਸਨ, ਪਰ ਕਾਂਗਰਸ ਹਾਈ ਕਮਾਂਡ ਦੇ ਇਕ ਹੀ ਫੈਸਲੇ ਨੇ ਪੈਂਦੀ ਸੱਟੇ ਸਭ ਹਾਲਤ ਬਦਲ ਦਿੱਤੇ। ਕਾਂਗਰਸ ਹਾਈ ਕਮਾਂਡ ਨੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਅਤੇ ਇਨ੍ਹਾਂ ਆਗੂਆਂ, ਖਾਸ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੈਦਾਨ ਵਿਚ ਡਟਣ ਸਾਰ ਦਿਨਾਂ ਵਿਚ ਹੀ ਪੰਜਾਬ ਕਾਂਗਰਸ ਦੀ ਕਾਇਆ-ਕਲਪ ਹੋ ਗਈ। ਕੁਝ ਹੀ ਸਮੇਂ ਵਿਚ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਬਰਾਬਰ ਦੀ ਟੱਕਰ ਦਿਸਣ ਲੱਗ ਪਈ। ਸਿਆਸੀ ਵਿਸ਼ਲੇਸ਼ਣਕਾਰ ਵੀ ਇਨ੍ਹਾਂ ਦੋਹਾਂ ਪਾਰਟੀਆਂ ਵਿਚਕਾਰ ਕਰੜੇ ਮੁਕਾਬਲੇ ਬਾਰੇ ਭਵਿੱਖਵਾਣੀ ਕਰਨ ਲੱਗੇ। ਇਸ ਦੌਰਾਨ ਹੀ ‘ਆਪ’ ਦੇ ਉਮੀਦਵਾਰਾਂ ਦੀ ਚਰਚਾ ਸ਼ੁਰੂ ਹੋਈ ਅਤੇ ਪੜ੍ਹੇ-ਲਿਖੇ ਮੱਧ-ਵਰਗ ਨੇ ਇਸ ਪਾਰਟੀ ਨੂੰ ਇਸ ਕਦਰ ਹੁੰਗਾਰਾ ਭਰਿਆ ਕਿ ਸਮੁੱਚੇ ਸੂਬੇ ਦਾ ਚੋਣ ਦ੍ਰਿਸ਼ ਹੀ ਬਦਲ ਗਿਆ। ਦੇਖਦਿਆਂ-ਦੇਖਦਿਆਂ ਪੰਜਾਬ ਦੇ ਕੁੱਲ 13 ਵਿਚੋਂ ਬਹੁਤੇ ਹਲਕਿਆਂ ਉਤੇ ਮੁਕਾਬਲਾ ਤਿਕੋਣਾ ਜਾਂ ਚਾਰਕੋਣਾ ਹੋ ਗਿਆ। ਅਸਲ ਵਿਚ ਪੰਜਾਬ ਦੇ ਲੋਕਾਂ ਨੂੰ ‘ਆਪ’ ਦੇ ਰੂਪ ਵਿਚ ਤੀਜਾ ਬਦਲ ਦਿਸ ਪਿਆ ਸੀ। ਇਸ ਤਰ੍ਹਾਂ ਦਾ ਕ੍ਰਿਸ਼ਮਾ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਹੋਇਆ ਸੀ ਜਦੋਂ ਸ਼ ਮਨਪ੍ਰੀਤ ਸਿੰਘ ਬਾਦਲ ਨੇ ਬਾਦਲਾਂ ਨੂੰ ਵੰਗਾਰਨ ਦਾ ਜੇਰਾ ਕੀਤਾ ਸੀ। ਉਦੋਂ ਉਸ ਦੀ ਸਭ ਤੋਂ ਵੱਧ ਮਦਦ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਪਰਵਾਸੀਆਂ ਨੇ ਕੀਤੀ ਸੀ। ਇਸ ਵਾਰ ਵੀ ਪਰਵਾਸੀਆਂ ਨੇ ਉਹੀ ਇਤਿਹਾਸ ਦੁਹਰਾਇਆ ਹੈ। ਕਈ ਪਰਵਾਸੀ ਤਾਂ ਪ੍ਰਚਾਰ ਖਾਤਰ ਉਚੇਚੇ ਪੰਜਾਬ ਵੀ ਗਏ। ਜਿਹੜੇ ਆਪਣੇ ਕੰਮਾਂ-ਕਾਰਾਂ ਦੇ ਰੁਝੇਵਿਆਂ ਕਰ ਕੇ ਨਹੀਂ ਜਾ ਸਕੇ, ਉਨ੍ਹਾਂ ਨੇ ਵਿਦੇਸ਼ਾਂ ਤੋਂ ਹੀ ਬਣਦੀ-ਸਰਦੀ ਇਮਦਾਦ ਕੀਤੀ। ਪੰਜਾਬ ਦੀਆਂ 13 ਲੋਕ ਸਭਾ ਦੇ ਨਤੀਜੇ ਜੋ ਮਰਜ਼ੀ ਆਉਣ, ਪਰ ‘ਆਪ’ ਦੀ ਆਮਦ ਨੇ ਇਹ ਆਸ ਬਣਾ ਦਿੱਤੀ ਹੈ ਕਿ ਹੰਭਲਾ ਮਾਰ ਕੇ ਅਸਲੀ ਅਤੇ ਨਿੱਗਰ ਤੀਜਾ ਸਿਆਸੀ ਫਰੰਟ ਖੋਲ੍ਹਿਆ ਜਾ ਸਕਦਾ ਹੈ। ਹੁਣ ਮੁੱਖ ਮਸਲਾ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਜਥੇਬੰਦ ਕਰ ਕੇ ਲੀਹ ਉਤੇ ਪਾਉਣ ਦਾ ਹੈ। ‘ਆਪ’ ਦੇ ਕਰਤਾ-ਧਰਤਾ ਜੇ ਇਸ ਅਗਨੀ ਪ੍ਰੀਖਿਆ ਵਿਚੋਂ ਪਾਸ ਹੋ ਗਏ ਤਾਂ ਉਹ ਦਿਨ ਦੂਰ ਨਹੀਂ, ਜਦੋਂ ਲੀਹੋਂ ਲੱਥਾ ਨਿਜ਼ਾਮ ਲੀਹ ਉਤੇ ਚੜ੍ਹਨ ਲਈ ਅਹੁਲੇਗਾ ਅਤੇ ਇਸ ਤਰੱਦਦ ਵਿਚ ਆਮ ਲੋਕਾਂ ਵੱਲੋਂ ਭਰੇ ਆਪ-ਮੁਹਾਰੇ ਹੁੰਗਾਰੇ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ। ਫਿਰ ਇਹੀ ‘ਆਪ’ ਦੀ ਜਿੱਤ ਹੋਵੇਗੀ।
Leave a Reply