ਪੰਜਾਬ ਵਿਚ ਬਦਲਣਗੇ ਸਿਆਸੀ ਸਮੀਕਰਨ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ 253 ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਈ ਹੈ। ਇਸ ਦਾ ਫੈਸਲਾ 16 ਮਈ ਨੂੰ ਐਲਾਨਿਆ ਜਾਵੇਗਾ। ਪੰਜਾਬ ਵਿਚ ਇਕ ਕਰੋੜ 95 ਲੱਖ 27 ਹਜ਼ਾਰ 114 ਵੋਟਰ ਹਨ। ਇਨ੍ਹਾਂ ਵਿਚ ਇਕ ਕਰੋੜ 26 ਲੱਖ 6 ਹਜ਼ਾਰ 743 ਮਰਦ ਤੇ 92 ਲੱਖ 60 ਹਜ਼ਾਰ 371 ਔਰਤ ਵੋਟਰ ਹਨ। ਇਸ ਵਾਰ ਚੋਣਾਂ ਦਾ ਮਾਹੌਲ ਕਾਫੀ ਰੌਚਕ ‘ਤੇ ਗਰਮ ਰਿਹਾ। ਇਸ ਕਰ ਕੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।
ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸ਼੍ਰੋਮਣੀ ਅਕਾਲੀ ਦਲ ਦੇ ਦੋ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ, ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ, ਪੀæਪੀæਪੀæ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦਾ ਵੱਕਾਰ ਦਾਅ ‘ਤੇ ਹੈ। ਹੁਕਮਰਾਨ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਦੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵਜੋਂ ਮੈਦਾਨ ਵਿਚ ਹੋਣ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਵੱਕਾਰ ਦਾਅ ‘ਤੇ ਹੈ। ਪਹਿਲੀ ਵਾਰੀ ਮੈਦਾਨ ਵਿਚ ਨਿੱਤਰੀ ਆਮ ਆਦਮੀ ਪਾਰਟੀ ਦੇ ਕੁਝ ਉਮੀਦਵਾਰ ਵੀ ਚਰਚਾ ਵਿਚ ਹਨ। ਇਨ੍ਹਾਂ ਵਿਚ ਕਾਮੇਡੀਅਨ ਭਗਵੰਤ ਮਾਨ, ਐਚæਐਸ਼ ਫੂਲਕਾ, ਡਾæ ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਡਾæ ਦਲਜੀਤ ਸਿੰਘ, ਪ੍ਰੋæ ਸਾਧੂ ਸਿੰਘ ਸ਼ਾਮਲ ਹਨ।
ਇਕ ਪਾਸੇ ਮੰਨਿਆ ਜਾ ਰਿਹਾ ਹੈ ਕਿ ਯੂæਪੀæਏæ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਵਧੀਆਂ ਸਮੱਸਿਆਵਾਂ ਕਰ ਕੇ ਦੇਸ਼ ਭਰ ਵਿਚ ਕਾਂਗਰਸ ਵਿਰੁੱਧ ਸੱਤਾ ਵਿਰੋਧੀ ਲਹਿਰ ਹੈ, ਦੂਜੇ ਪਾਸੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੀ ਪਿਛਲੇ ਸੱਤ ਸਾਲ ਤੋਂ ਸਰਕਾਰ ਹੋਣ ਕਰ ਕੇ ਲੋਕ ਇਸ ਨਜ਼ਾਮ ਤੋਂ ਵੀ ਖਫ਼ਾ ਨਜ਼ਰ ਆ ਰਹੇ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਮੈਦਾਨ ਵਿਚ ਨਿੱਤਰਨ ਕਰ ਕੇ ਚੋਣ ਮੁਕਾਬਲਾ ਕਾਫੀ ਤਿੱਖਾ ਰਿਹਾ। ਇਸ ਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ ਤੇ ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੂੰ ਮੈਦਾਨ ਵਿਚ ਉਤਾਰ ਕੇ ਹੁਕਮਰਾਨ ਗਠਜੋੜ ਨੂੰ ਵੱਡੀ ਟੱਕਰ ਦਿੱਤੀ ਗਈ। ਆਮ ਆਦਮੀ ਪਾਰਟੀ ਨੇ ਵੀ ਨਵੇਂ ਮੁੱਦੇ ਉਠਾ ਕੇ ਮੁਕਾਬਲੇ ਨੂੰ ਹੋਰ ਫਸਵਾਂ ਬਣਾ ਦਿੱਤਾ।
ਸ਼ਾਇਦ ਇਹੋ ਕਾਰਨ ਹੈ ਕਿ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਵੱਲੋਂ ਵੋਟਾਂ ਹਾਸਲ ਕਰਨ ਲਈ ਹਰ ਹੀਲਾ ਵਰਤਣ ਦੇ ਬਾਵਜੂਦ ਦੋਵੇਂ ਧਿਰਾਂ ਦੇ ਉਮੀਦਵਾਰਾਂ ਵਿਚ ਬੇਚੈਨੀ ਦਾ ਆਲਮ ਹੈ। ਦੋਵੇਂ ਧਿਰਾਂ ਦੇ ਵੱਡੇ ਆਗੂ ਤੇ ਉਮੀਦਵਾਰ ਭਾਵੇਂ ਆਪੋ-ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਪਰ ਇਸ ਵਾਰ ਆਮ ਆਦਮੀ ਪਾਰਟੀ (ਆਪ) ਦੇ ਉਭਾਰ, ਵੱਡੇ ਪੱਧਰ ‘ਤੇ ਹੋਈਆਂ ਦਲਬਦਲੀਆਂ ਤੇ ਵੋਟਰਾਂ ਦੇ ਖ਼ਾਮੋਸ਼ ਤੇਵਰਾਂ ਕਾਰਨ ਚੋਣ ਨਤੀਜੇ ਹੈਰਾਨੀਜਨਕ ਆਉਣ ਦੀ ਸੰਭਾਵਨਾ ਹੈ।
ਪੰਜਾਬ ਦੇ ਚੋਣ ਇਤਿਹਾਸ ਵਿਚ ਪਹਿਲੀ ਵਾਰ ਸਿਆਸੀ ਪਾਰਟੀਆਂ ਤੇ ਆਮ ਜਨਤਾ ਵੱਲੋਂ ਸੋਸ਼ਲ ਮੀਡੀਆ ਵੱਟਸਐਪ, ਫੇਸਬੁੱਕ, ਵਾਈਬਰ, ਐਸ਼ਐਮæਐਸ਼ ਤੇ ਈਮੇਲਜ਼ ਦੀ ਵਰਤੋਂ ਕਰਨ ਕਰ ਕੇ ਚੋਣਾਂ ਦੇ ਕਈ ਪਹਿਲੂਆਂ ‘ਤੇ ਭਖਵੀਆਂ ਬਹਿਸਾਂ ਦਾ ਦੌਰ ਚੱਲਿਆ। ਇਨ੍ਹਾਂ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਦੇ ਭਾਸ਼ਨ, ਫਿਲਮ ਸਟਾਰਾਂ ਦਾ ਗਲੈਮਰ, ਵੱਡੀਆਂ ਚੋਣ ਰੈਲੀਆਂ ਤੇ ਰੋਡ ਸ਼ੋਅ ਵੀ ਸੋਸ਼ਲ ਮੀਡੀਆ ਰਾਹੀਂ ਚੋਣ ਸੁਨੇਹਿਆਂ ਦੇ ਹੜ੍ਹ ਅੱਗੇ ਬੌਣੇ ਬਣੇ ਰਹੇ। ਅਕਾਲੀ-ਭਾਜਪਾ ਗੱਠਜੋੜ ਭਾਵੇਂ ਕੇਂਦਰ ਦੀ ਯੂæਪੀæਏæ ਸਰਕਾਰ ਦੀਆਂ ਨਾਕਾਮੀਆਂ ਨੂੰ ਚੋਣਾਂ ਵਿਚ ਕੈਸ਼ ਕਰ ਕੇ ਕਾਂਗਰਸ ਨੂੰ ਮਾਤ ਦੇਣ ਲਈ ਮੈਦਾਨ ਵਿਚ ਨਿੱਤਰਿਆ ਪਰ ਇਸ ਦੇ ਉਲਟ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਨਾਕਾਮੀਆਂ ਤੇ ਖਾਸ ਕਰ ਕੇ ਡਰੱਗ, ਬੇਰੁਜ਼ਗਾਰੀ, ਪੁਲਿਸ ਵਧੀਕੀਆਂ, ਭ੍ਰਿਸ਼ਟਾਚਾਰ, ਅਪ੍ਰੇਸ਼ਨ ਬਲੂ ਸਟਾਰ, ਸਿੱਖ ਕਤਲੇਆਮ ਦੇ ਮੁੱਦੇ ਚਰਚਾ ਦਾ ਅਹਿਮ ਵਿਸ਼ਾ ਬਣੇ ਜਿਸ ਕਰ ਕੇ ਸੱਤਾ ਧਿਰ ਦੀ ਹਾਲਤ ਕਸੂਤੀ ਬਣ ਗਈ। ਇਸ ਵਾਰ ਪੰਜਾਬ ਕਾਗਰਸ ਵੱਲੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਬਠਿੰਡਾ ਲੋਕ ਸਭਾ ਹਲਕੇ ਤੋਂ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਨਾਲ ਚੋਣ ਸਮਝੌਤਾ ਕਰ ਕੇ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ਵਿਚ ਉਤਾਰਨ ਦਾ ਦਾਅ ਖੇਡਿਆ ਗਿਆ। ਇਸ ਤੋਂ ਇਲਾਵਾ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨਾਲ ਵੀ ਚੋਣ ਸਮਝੌਤਾ ਕਰ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ। ਇਨ੍ਹਾਂ ਚੋਣਾਂ ਵਿਚ ਸੀæਪੀæਆਈæ ਵੱਲੋਂ ਬਠਿੰਡਾ ਤੋਂ ਮਨਪ੍ਰੀਤ ਬਾਦਲ ਦੀ ਹਮਾਇਤ ਕਰਨੀ ਵੀ ਨਵਾਂ ਸਿਆਸੀ ਸਮੀਕਰਨ ਬਣਿਆ।
ਇਸ ਸਭ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਤੀਜੀ ਧਿਰ ਵਜੋਂ ਵੋਟਰਾਂ ਨੇ ਵਿਆਪਕ ਸਮਰਥਨ ਦੇ ਕੇ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਦੀ ਨੀਂਦ ਉਡਾ ਦਿੱਤੀ ਹੈ। ‘ਆਪ’ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ, ਪਟਿਆਲਾ ਤੋਂ ਡਾæ ਧਰਮਵੀਰ ਗਾਂਧੀ, ਗੁਰਦਾਸਪੁਰ ਤੋਂ ਸੁੱਚਾ ਸਿੰਘ ਛੋਟੇਪੁਰ, ਫਰੀਦਕੋਟ ਤੋਂ ਪ੍ਰੋæ ਸਾਧੂ ਸਿੰਘ, ਲੁਧਿਆਣਾ ਤੋਂ ਐਚæਐਸ਼ ਫੂਲਕਾ, ਸ੍ਰੀ ਆਨੰਦਪੁਰ ਸਾਹਿਬ ਤੋਂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਤੇ ਫਤਿਹਗੜ੍ਹ ਸਾਹਿਬ ਹਲਕੇ ਤੋਂ ਹਰਿੰਦਰ ਸਿੰਘ ਖਾਲਸਾ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ।
ਸਾਲ 1989 ਵਿਚ ਜੇਲ੍ਹ ਵਿਚੋਂ ਹੀ ਤਰਨ ਤਾਰਨ ਹਲਕੇ ਵਿਚ ਚੋਣ ਲੜ ਕੇ ਵੋਟਾਂ ਹਾਸਲ ਕਰਨ ਦਾ ਰਿਕਾਰਡ ਸਥਾਪਤ ਕਰਨ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਹੁਣ ਖਡੂਰ ਸਾਹਿਬ ਹਲਕੇ ਵਿਚ ਹੀ ਚੋਣ ਲੜਨ ਕਾਰਨ ਇਹ ਚੋਣਾਂ ਉਨ੍ਹਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੀਆਂ। ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸਾਰੀਆਂ 13 ਸੀਟਾਂ ਉਤੇ ਆਪਣੇ ਪੱਧਰ ‘ਤੇ ਚੋਣ ਲੜੀ।

Be the first to comment

Leave a Reply

Your email address will not be published.