ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਬਾਦਲ ਪਰਿਵਾਰ ਦੇ ਇਸ ਨੇੜਲੇ ਅਤੇ ਲਾਡਲੇ ਰਿਸ਼ਤੇਦਾਰ ਨੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਦੀ ਇਕ ਤੁਕ ਵਿਚ ਭਾਜਪਾ ਆਗੂ ਅਰੁਨ ਜੇਤਲੀ ਦਾ ਨਾਂ ਜੋੜ ਦਿੱਤਾ। ਚੋਣਾਂ ਦਾ ਮਾਹੌਲ ਹੋਣ ਕਰ ਕੇ ਇਹ ਮਾਮਲਾ ਖੂਬ ਭਖਿਆ ਜਿਸ ਦਾ ਖਮਿਆਜ਼ਾ ਅਕਾਲੀ-ਭਾਜਪਾ ਗੱਠਜੋੜ ਨੂੰ ਭੁਗਤਣਾ ਪੈ ਸਕਦਾ ਹੈ। ਉਧਰ, ਇਸ ਮਾਮਲੇ ਨਾਲ ਧਾਰਮਿਕ ਸੰਸਥਾਵਾਂ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਖੜ੍ਹੇ ਹੋ ਗਏ ਹਨ।
ਇਸ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਇਕ ਵੀ ਸ਼ਬਦ ਬੋਲਣਾ ਮੁਨਾਸਿਬ ਨਹੀਂ ਸਮਝਿਆ; ਨਾਲ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਵਾਰ-ਵਾਰ ਇਸ ਮੁੱਦੇ ‘ਤੇ ਸਿਆਸਤ ਨਾ ਕਰਨ ਦੇ ਜਾਰੀ ਕੀਤੇ ਫਰਮਾਨ ਵੀ ਕਈ ਸਵਾਲ ਖੜ੍ਹੇ ਕਰਦੇ ਹਨ। ਜਥੇਦਾਰ ਗੁਰਬਚਨ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਚਾਅ ਕਰਦਿਆਂ ਵਾਰ-ਵਾਰ ਕਿਹਾ ਕਿ ਗੁਰਬਾਣੀ ਨਾਲ ਛੇੜਛਾੜ ਦਾ ਮਾਮਲਾ ਬੜਾ ਨਾਜ਼ੁਕ ਹੈ। ਇਸ ਲਈ ਕੋਈ ਵੀ ਵਿਅਕਤੀ ਇਸ ਮਾਮਲੇ ਨੂੰ ਰਾਜਸੀ ਹਿੱਤਾਂ ਲਈ ਵਰਤਣ ਤੋਂ ਗੁਰੇਜ਼ ਕਰੇ। ਸ਼ੁਰੂ ਵਿਚ ਇਸ ਮਾਮਲੇ ‘ਤੇ ਕੋਈ ਵੀ ਧਾਰਮਿਕ ਆਗੂ ਬੋਲਣ ਲਈ ਤਿਆਰ ਨਹੀਂ ਸੀ, ਪਰ ਦੁਨੀਆਂ ਭਰ ਵਿਚ ਵਸੇ ਸਿੱਖਾਂ ਦੇ ਰੋਹ ਨੂੰ ਵੇਖਦਿਆਂ ਇਸ ਮਾਮਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਵਿਚ ਮਜੀਠੀਆ ਖ਼ਿਲਾਫ਼ ਵਿਆਪਕ ਰੋਸ ਪ੍ਰਦਰਸ਼ਨ ਹੋਏ ਅਤੇ ਉਸ ਦੇ ਪੁਤਲੇ ਵੀ ਸਾੜੇ ਗਏ। ਸਿੱਖ ਜਥੇਬੰਦੀਆਂ ਨੇ ਜਥੇਦਾਰ ਗੁਰਬਚਨ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਮਜੀਠੀਆ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਬਾਅਦ ਵਿਚ ਮਜੀਠੀਆ ਦੀ ਸ਼ਿਕਾਇਤ ਚੋਣ ਕਮਿਸ਼ਨ ਅਤੇ ਹਾਈਕੋਰਟ ਤੱਕ ਵੀ ਪਹੁੰਚ ਗਈ।
ਉਧਰ, ਇਸ ਮਾਮਲੇ ਨਾਲ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਦੀ ਹਾਲਤ ਕਸੂਤੀ ਬਣ ਗਈ। ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿਚ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਕੀਤੀ ਬਿਆਨਬਾਜ਼ੀ ਨੇ ਨਰੇਂਦਰ ਮੋਦੀ ਦੀਆਂ ਇਕੋ ਦਿਨ ਵਿਚ ਕੀਤੀਆਂ ਪੰਜ ਰੈਲੀਆਂ ਉਤੇ ਵੀ ਪਾਣੀ ਫੇਰ ਕੇ ਰੱਖ ਦਿੱਤਾ। ਚੋਣ ਪ੍ਰਚਾਰ ਜਦੋਂ ਸਿਖਰਾਂ ‘ਤੇ ਸੀ, ਤਾਂ ਪਹਿਲਾਂ ਹੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਚਲ ਰਹੇ ਬਿਕਰਮ ਸਿੰਘ ਮਜੀਠੀਆ ਵੱਲੋਂ ਗੁਰਬਾਣੀ ਵਿਚ ਅਰੁਣ ਜੇਤਲੀ ਦਾ ਨਾਂ ਜੋੜੇ ਜਾਣ ਦੇ ਮਾਮਲੇ ਨੇ ਵਿਰੋਧੀਆਂ ਦੇ ਹੱਥ ਜ਼ਬਰਦਸਤ ਮੁੱਦਾ ਫੜਾ ਦਿੱਤਾ।
ਬਿਕਰਮ ਸਿੰਘ ਮਜੀਠੀਆ ਦੀ ਇਹ ਬਿਆਨਬਾਜ਼ੀ ਦਾ ਜਿੱਥੇ ਆਮ ਸਿੱਖ ਨੇ ਬੁਰਾ ਮਨਾਇਆ, ਉਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਵੀ ਰੋਹ ਵੇਖਣ ਨੂੰ ਮਿਲਿਆ। ਅਕਾਲੀ ਹਲਕਿਆਂ ਦਾ ਮੰਨਣਾ ਹੈ ਕਿ ਮਜੀਠੀਆ ਦੇ ਇਕੋ ਬਿਆਨ ਨੇ ਮੋਦੀ ਦੀਆਂ ਪੰਜਾਬ ਵਿਚ ਕੀਤੀਆਂ ਪੰਜ ਚੋਣ ਰੈਲੀਆਂ ‘ਤੇ ਪਾਣੀ ਫੇਰ ਦਿੱਤਾ। ਇਸ ਵਾਰ ਸੱਤਾ ਵਿਰੋਧ ਲਹਿਰ ਕਰ ਕੇ ਅਕਾਲੀ-ਭਾਜਪਾ ਗੱਠਜੋੜ ਨੂੰ ਪਹਿਲਾਂ ਹੀ ਕਈ ਮੁੱਦਿਆਂ ਉਤੇ ਘੇਰਾ ਪਿਆ ਹੋਇਆ ਹੈ ਅਤੇ ਮਜੀਠੀਆ ਦੇ ਬਿਆਨ ਨੇ ਹਾਲਤ ਹੋਰ ਕਸੂਤੀ ਬਣਾ ਦਿੱਤੀ।
ਉਂਝ, ਬਿਕਰਮ ਸਿੰਘ ਮਜੀਠੀਆ ਨੇ ਮਾਮਲੇ ਨੂੰ ਸੰਭਲਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਅਗਲੇ ਹੀ ਦਿਨ ਚੁੱਪ-ਚੁਪੀਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਸੌਂਪ ਕੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਇਹ ਭੁੱਲ ਉਨ੍ਹਾਂ ਕੋਲੋਂ ਅਣਜਾਣੇ ਵਿਚ ਹੋਈ ਸੀ। ਇਹ ਮਾਮਲਾ ਉਸ ਵੇਲੇ ਹੋਰ ਤੂਲ ਫੜ ਗਿਆ ਜਦੋਂ ਤਖ਼ਤ ਹਜ਼ੂਰ ਸਾਹਿਬ ਦੇ ਜਥੇਦਾਰ ਭਾਈ ਕੁਲਵੰਤ ਸਿੰਘ ਸਮੇਤ ਪੰਜ ਪਿਆਰਿਆਂ ਨੇ ਹੁਕਮਨਾਮਾ ਜਾਰੀ ਕਰ ਕੇ ਮਜੀਠੀਆ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਪਰ ਬਾਅਦ ਵਿਚ ਮਜੀਠੀਆ ਦਾ ਮੁਆਫੀਨਾਮਾ ਕਬੂਲ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਸਰਕਾਰ ਵਿਚ ਇਸ ਵੇਲੇ ਬਿਕਰਮ ਮਜੀਠੀਆ ਦੀ ਤੂਤੀ ਬੋਲਦੀ ਹੈ। ਪੰਜਾਬ ਵਿਚ ਕੋਈ ਵੀ ਕੰਮ ਉਸ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਹੋ ਸਕਦਾ। ਟਕਸਾਲੀ ਆਗੂ ਵੀ ਬਾਦਲਾਂ ਦੇ ਇਸ ਰਿਸ਼ਤੇਦਾਰ ਦਾ ਪਾਣੀ ਭਰਦੇ ਹਨ। ਉਂਝ ਵੀ ਮਜੀਠੀਆ ਅਕਸਰ ਵਿਵਾਦਾਂ ਵਿਚ ਰਹਿੰਦਾ ਹੈ। ਉਸ ਦਾ ਨਾਂ ਨਸ਼ਾ ਤਸਕਰੀ ਵਿਚ ਗੁੰਜਿਆ ਸੀ ਪਰ ਬਾਦਲਾਂ ਦਾ ਰਿਸ਼ਤੇਦਾਰ ਹੋਣ ਕਰ ਕੇ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।
Leave a Reply