ਡਾæ ਗੁਰਨਾਮ ਕੌਰ, ਕੈਨੇਡਾ
ਇਹ ਸਲੋਕ ਗੁਰੂ ਨਾਨਕ ਸਾਹਿਬ ਦਾ ਹੈ ਜਿਸ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਅਸਲੀ ਮੁਸਲਮਾਨ ਕੌਣ ਹੁੰਦਾ ਹੈ ਜਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਸਲੋਕ ਸ਼ੁਰੂ ਇਸ ਗੱਲ ਤੋਂ ਕਰਦੇ ਹਨ ਕਿ ਅਸਲ ਮੁਸਲਮਾਨ ਬਣਨਾ ਅਤੇ ਅਖਵਾਉਣਾ ਬਹੁਤ ਮੁਸ਼ਕਿਲ ਹੈ ਜੇ ਕੋਈ ਅਸਲ ਮਾਅਨਿਆਂ ਵਿਚ ਮੁਸਲਮਾਨ ਬਣ ਸਕੇ ਤਾਂ ਆਪਣੇ ਆਪ ਨੂੰ ਮੁਸਲਮਾਨ ਅਖਵਾਏ। ਅਸਲੀ ਮੁਸਲਮਾਨ ਬਣਨ ਵਾਸਤੇ ਸਭ ਤੋਂ ਪਹਿਲਾਂ ਉਸ ਨੂੰ ਦੀਨ ਅਰਥਾਤ ਮਜ਼ਹਬ ਪਿਆਰਾ ਲੱਗੇ (ਮਜ਼ਹਬ ਪਿਆਰਾ ਲੱਗਣ ਤੋਂ ਇਥੇ ਭਾਵਨਾ ਇਹ ਹੈ ਕਿ ਮਜ਼ਹਬ ਦੀ ਅਸਲੀਅਤ ਨੂੰ ਸਮਝਣਾ ਅਤੇ ਅਪਨਾਉਣਾ)। ਫਿਰ ਜਿਸ ਤਰ੍ਹਾਂ ਮਿਸਕਲ (ਜੰਗਾਲ ਲਾਹੁਣ ਵਾਲਾ ਹਥਿਆਰ) ਨਾਲ ਜੰਗਾਲ ਲਾਹੀਦਾ ਹੈ, ਇਸੇ ਤਰ੍ਹਾਂ ਆਪਣੀ ਕਮਾਈ ਨੂੰ ਦੂਸਰੇ ਲੋੜਵੰਦਾਂ ਨਾਲ ਵੰਡ ਕੇ ਖਾਵੇ ਅਤੇ ਮਨ ਅੰਦਰੋਂ ਦੌਲਤ ਦਾ ਅਹੰਕਾਰ ਦੂਰ ਕਰੇ। ਮਜ਼ਹਬ ਦੇ ਦੱਸੇ ਚੰਗੇ ਅਸੂਲਾਂ ਦੀ ਅਗਵਾਈ ਵਿਚ ਆਪਣਾ ਜੀਵਨ ਬਸਰ ਕਰਦਿਆਂ ਮੁਸਲਮਾਨ ਬਣੇ ਅਤੇ ਸਾਰੀ ਉਮਰ ਦੀ ਭਟਕਣ ਨੂੰ ਖਤਮ ਕਰ ਦੇਵੇ। ਇਸ ਦਾ ਅਰਥ ਹੈ ਕਿ ਮਜ਼ਹਬ ਦੇ ਦੱਸੇ ਰਸਤੇ ਤੋਂ ਪਾਸੇ ਨਾ ਜਾਵੇ ਤਾਂ ਬਾਕੀ ਦੁਨਿਆਵੀ ਭਟਕਣ ਮੁੱਕ ਜਾਂਦੀ ਹੈ। ਰੱਬ ਦੀ ਰਜਾ ਵਿਚ ਤੁਰਨ ਦੀ ਜਾਚ ਸਿੱਖੇ ਅਰਥਾਤ ਰੱਬ ਦੀ ਕੀਤੀ ਨੂੰ ਸਵੀਕਾਰ ਕਰਦਿਆਂ ਉਸ ਦੇ ਹੁਕਮ ਵਿਚ ਚੱਲੇ, ਉਸ ਨੂੰ ਸਭ ਕੁਝ ਕਰਨ ਵਾਲਾ ਕਰਤਾ ਮੰਨਦੇ ਹੋਏ ਆਪਣੀ ਖੁਦੀ ਨੂੰ ਮਿਟਾ ਦੇਵੇ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਦੇਵੇ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਸ ਤਰ੍ਹਾਂ ਕਾਦਰ ਦੀ ਰਚੀ ਖਲਕਤ ਨਾਲ ਅਰਥਾਤ ਦੂਸਰੇ ਮਨੁੱਖਾਂ ਨਾਲ ਪ੍ਰੇਮ-ਪਿਆਰ ਸਹਿਤ ਵਿਚਰੇ ਅਤੇ ਦਇਆ ਦੀ ਭਾਵਨਾ ਰੱਖੇ, ਉਨ੍ਹਾਂ ਨੂੰ ਰੱਬ ਦੇ ਬੰਦੇ ਸਮਝਦਾ ਹੋਇਆ ਪਿਆਰ ਕਰੇ, ਇਸ ਤਰ੍ਹਾਂ ਦੇ ਵਿਅਕਤੀਤਵ ਦੀ ਘਾੜਤ ਵਾਲਾ ਬਣੇ, ਤਾਂ ਮੁਸਲਮਾਨ ਅਖਵਾਏ,
ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ॥
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ॥
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ॥
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ॥੧॥ (ਪੰਨਾ ੧੪੧)
ਅਗਲਾ ਸਲੋਕ ਚਉਥੀ ਨਾਨਕ ਜੋਤਿ ਗੁਰੂ ਰਾਮਦਾਸ ਜੀ ਦਾ ਹੈ ਜਿਸ ਵਿਚ ਉਹ ਮਨੁੱਖ ਨੂੰ ਕਾਮ, ਕ੍ਰੋਧ, ਝੂਠ, ਨਿੰਦਿਆ-ਚੁਗਲੀ ਅਤੇ ਹਉਮੈ ਆਦਿ ਵਿਕਾਰਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੰਦੇ ਹਨ। ਗੁਰੂ ਰਾਮਦਾਸ ਫਰਮਾਉਂਦੇ ਹਨ ਕਿ ਜੇ ਮਨੁੱਖ ਕਾਮ, ਗੁੱਸਾ, ਝੂਠ ਬੋਲਣਾ ਅਤੇ ਦੂਸਰਿਆਂ ਦੀ ਨਿੰਦਿਆ ਕਰਨੀ ਛੱਡ ਦੇਵੇ, ਜੇ ਆਪਣੇ ਮਨ ਵਿਚੋਂ ਮਾਇਆ ਦਾ ਮੋਹ, ਲਾਲਚ ਅਤੇ ਅਹੰਕਾਰ ਨੂੰ ਦੂਰ ਕਰ ਦੇਵੇ, ਜੇ ਵਿਸ਼ੇ-ਵਿਕਾਰਾਂ ਦਾ ਤਿਆਗ ਕਰਕੇ ਇਸਤਰੀ-ਮੋਹ ਛੱਡ ਦੇਵੇ ਤਾਂ ਮਨੁੱਖ ਇਸ ਮਾਇਆਵੀ ਸੰਸਾਰ ਵਿਚ ਰਹਿੰਦਾ ਹੋਇਆ ਵੀ ਉਸ ਨਿਰੰਜਨ, ਅਕਾਲ ਪੁਰਖ ਨੂੰ ਲੱਭ ਲੈਂਦਾ ਹੈ। ਜੇ ਮਨੁੱਖ ਆਪਣੇ ਮਨ ਦੇ ਮਾਣ ਅਤੇ ਅਹੰਕਾਰ ਛੱਡ ਦੇਵੇ, ਪਰਿਵਾਰਕ ਮੋਹ-ਮਾਇਆ ਅਰਥਾਤ ਪੁੱਤਰ ਅਤੇ ਪਤਨੀ ਮੋਹ ਤੋਂ ਉਪਰ ਉਠ ਜਾਵੇ ਅਤੇ ਦੁਨਿਆਵੀ ਪਦਾਰਥਾਂ ਦੀ ਆਸ ਅਤੇ ਤ੍ਰਿਸ਼ਨਾ ਨੂੰ ਛੱਡ ਕੇ ਅਕਾਲ ਪੁਰਖ ਵਿਚ ਸੁਰਤਿ ਜੋੜ ਲਵੇ ਤਾਂ ਕਰਤਾ ਪੁਰਖ ਮਨੁੱਖ ਦੇ ਮਨ ਅੰਦਰ ਨਿਵਾਸ ਕਰ ਲੈਂਦਾ ਹੈ। ਗੁਰੂ ਦੇ ਸਚੇ ਸ਼ਬਦ ਦੀ ਅਗਵਾਈ ਵਿਚ ਉਸ ਦਾ ਮਨ ਪਰਮਾਤਮ-ਨਾਮ ਵਿਚ ਲੀਨ ਹੋ ਜਾਂਦਾ ਹੈ,
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ॥
ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ॥
ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ॥
ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ॥੨॥ (ਪੰਨਾ ੧੪੧)
ਅੱਠਵੀਂ ਪਉੜੀ ਵਿਚ ਗੁਰੂ ਨਾਨਕ ਸਾਹਿਬ ਇਸ ਸੰਸਾਰ ਦੀ ਚਲਾਇਮਾਨਤਾ ਦੱਸਦੇ ਹਨ ਕਿ ਇਸ ਸੰਸਾਰ ‘ਤੇ ਕੁਝ ਵੀ ਸਥਿਰ ਨਹੀਂ ਹੈ। ਜੋ ਵੀ ਪੈਦਾ ਹੋਇਆ ਹੈ, ਉਸ ਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਜਾਣਾ ਹੈ, ਇਥੇ ਸਭ ਕੁਝ ਬਿਨਸਣਹਾਰ ਹੈ, ਜੋ ਉਸਰਿਆ ਹੈ, ਉਸ ਨੇ ਇੱਕ ਦਿਨ ਢਹਿ ਜਾਣਾ ਹੈ। ਗੁਰੂ ਸਾਹਿਬ ਮਨੁੱਖ ਨੂੰ ਆਗਾਹ ਕਰਦੇ ਹਨ ਕਿ ਇਸ ਸੰਸਾਰ ‘ਤੇ ਪੈਦਾ ਹੋਇਆ ਭਾਵੇਂ ਕੋਈ ਰਾਜਾ ਹੈ, ਪਰਜਾ ਹੈ ਜਾਂ ਚੌਧਰੀ ਹੈ-ਕੋਈ ਵੀ ਸਥਿਰ ਨਹੀਂ ਹੈ, ਕਿਸੇ ਨੇ ਵੀ ਇਥੇ ਸਦੀਵੀ ਨਹੀਂ ਬੈਠ ਰਹਿਣਾ। ਹੱਟ, ਸ਼ਹਿਰ, ਗਰਾਂ, ਬਾਜ਼ਾਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਇੱਕ ਦਿਨ ਸਭ ਢਹਿ-ਢੇਰੀ ਹੋ ਜਾਣੇ ਹਨ। ਮੂਰਖ ਇਨਸਾਨ ਸੋਹਣੇ ਪੱਕੇ ਦਰਵਾਜ਼ਿਆਂ ਵਾਲੇ ਬਣੇ ਹੋਏ ਸੁੰਦਰ ਘਰਾਂ ਨੂੰ ਆਪਣੇ ਸਮਝ ਬੈਠਦਾ ਹੈ। ਉਹ ਇਹ ਨਹੀਂ ਸਮਝਦਾ ਕਿ ਦੌਲਤ ਨਾਲ ਭਰੇ ਹੋਏ ਖਜ਼ਾਨੇ ਅੱਖ ਦੇ ਪਲਕਾਰੇ ਵਿਚ ਖਾਲੀ ਹੋ ਜਾਂਦੇ ਹਨ। ਐਸ਼ ਦਾ ਸਮਾਨ ਜਿਵੇਂ ਵਧੀਆ ਸੁੰਦਰ ਘੋੜੇ, ਰੱਥ, ਊਠ, ਹਾਥੀ, ਹਉਦੇ, ਬਾਗ਼, ਮਿਲਖ-ਜ਼ਮੀਨਾਂ ਘਰ-ਬਾਰ, ਤੰਬੂ, ਨਿਵਾਰੀ ਪਲੰਘ, ਸਜਾਵਟੀ ਸਮਾਨ ਕਨਾਤਾਂ, ਕੀਮਖਾਬ ਆਦਿ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ, ਕਿੱਥੇ ਚਲੇ ਜਾਂਦੇ ਹਨ, ਪਤਾ ਵੀ ਨਹੀਂ ਲੱਗਦਾ। ਸਦੀਵੀ ਰਹਿਣ ਵਾਲਾ ਉਹ ਅਕਾਲ ਪੁਰਖ ਦਾਤਾਰ ਹੈ ਜੋ ਇਸ ਸਭ ਕੁਝ ਦਾ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤ ਵਿਚੋਂ ਹੁੰਦੀ ਹੈ,
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ॥
ਹਟ ਪਟਣ ਬਾਜਾਰ ਹੁਕਮੀ ਢਹਸੀਓ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ॥
ਤਾਜੀ ਰਥ ਤੁਖਾਰ ਹਾਥੀ ਪਾਖਰੇ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ॥
ਨਾਨਕ ਸਚੁ ਦਾਤਾਰੁ ਸਿਨਾਖਤੁ ਕੁਦਰਤੀ॥੮॥ (ਪੰਨਾ ੧੪੧)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਸੰਸਾਰ ਦੇ ਸਭ ਤਰ੍ਹਾਂ ਦੇ ਸੁਖ-ਸਹੂਲਤਾਂ ਪਰਮਾਤਮਾ ਦੇ ਨਾਮ ਦੀ ਤੁਲਨਾ ਵਿਚ ਤੁੱਛ ਦੱਸਦੇ ਹਨ। ਕੋਈ ਵੀ ਸੁੱਖ-ਸਹੂਲਤ ਪਰਮਾਤਮਾ ਦੇ ਨਾਮ ਦੀ ਦਾਤ ਤੋਂ ਵੱਡਾ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਸਾਰੀਆਂ ਨਦੀਆਂ ਦੁੱਧ ਦੇਣ ਵਾਸਤੇ ਗਾਊਆਂ ਬਣ ਜਾਣ, ਪਾਣੀ ਦੇ ਚਸ਼ਮੇ ਦੁੱਧ ਅਤੇ ਘਿਉ ਦੇ ਚਸ਼ਮੇ ਬਣ ਜਾਣ ਅਤੇ ਸਾਰੀ ਜ਼ਮੀਨ ਸ਼ਕਰ ਬਣ ਜਾਵੇ ਅਰਥਾਤ ਸੰਸਾਰ ਦੇ ਵਧੀਆ ਪਦਾਰਥ ਬੇਸ਼ੁਮਾਰ ਹੋਣ ਜਿਨ੍ਹਾਂ ਨੂੰ ਦੇਖ ਦੇਖ ਕੇ ਜਿੰਦ ਖੁਸ਼ ਹੋਵੇ। ਜੇ ਸੋਨੇ ਅਤੇ ਚਾਂਦੀ ਦਾ ਪਹਾੜ ਬਣ ਜਾਵੇ ਅਰਥਾਤ ਅਥਾਹ ਦੌਲਤ ਆ ਜਾਵੇ ਤਾਂ ਵੀ ਇਨ੍ਹਾਂ ਮਾਇਕ ਪਦਾਰਥਾਂ ਵਿਚ ਮੇਰੀ ਜਿੰਦ ਉਸ ਅਕਾਲ ਪੁਰਖ ਨੂੰ ਭੁੱਲ ਨਾ ਜਾਵੇ, ਉਸ ਅਕਾਲ ਪੁਰਖ ਦੀ ਦਿਨ-ਰਾਤ ਸਿਫ਼ਤ-ਸਾਲਾਹ ਕਰੇ ਅਤੇ ਉਸ ਦੀ ਉਸਤਤ ਕਰਨ ਦਾ ਚਾਅ ਕਦੀ ਵੀ ਖਤਮ ਨਾ ਹੋਵੇ। ਕਹਿਣ ਤੋਂ ਭਾਵ ਹੈ ਕਿ ਸੰਸਾਰਕ ਸੁੱਖਾਂ ਦੀ ਬਹੁਲਤਾ ਅਤੇ ਅਨੰਤ ਖੁਸ਼ੀਆਂ ਵਿਚ ਇਸ ਜਿਉੜੇ ਨੂੰ ਆਪਣੇ ਦਾਤਾਰ ਅਕਾਲ ਪੁਰਖ ਦਾ ਨਾਮ ਚੇਤੇ ਰਹਿਣਾ ਚਾਹੀਦਾ ਹੈ,
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ॥
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ॥
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥੧॥ (ਪੰਨਾ ੧੪੨)
ਅਗਲੇ ਸਲੋਕ ਵਿਚ ਵੀ ਸੰਸਾਰ ਦੇ ਪਦਾਰਥਕ ਸੁੱਖਾਂ ਦੀ ਗੱਲ ਕੀਤੀ ਹੈ ਕਿ ਜੇ ਸਾਰੀ ਬਨਸਪਤੀ ਮੇਵਾ ਬਣ ਜਾਵੇ, ਜਿਸ ਦਾ ਸੁਆਦ ਬਹੁਤ ਵਧੀਆ ਹੋਵੇ। ਇਥੇ ਰਹਿਣ ਦਾ ਸਥਾਨ ਸਦੀਵੀ ਹੋ ਜਾਵੇ, ਚੰਦਰਮਾ ਅਤੇ ਸੂਰਜ ਸੇਵਾ ਕਰਨ ਤਾਂ ਵੀ, ਗੁਰੂ ਸਾਹਿਬ ਕਹਿੰਦੇ ਹਨ ਕਿ ਇਨ੍ਹਾਂ ਪਦਾਰਥਕ ਸੁੱਖਾ ਵਿਚ ਪੈ ਕੇ ਪਰਮਾਤਮਾ ਦਾ ਨਾਮ ਨਾ ਵਿਸਰੇ, ਮਨ ਉਸ ਦੀ ਸਿਫ਼ਤ-ਸਾਲਾਹ ਕਰਨ ਦੇ ਚਾਉ ਤੋਂ ਰੁਕੇ ਨਾ,
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ॥
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ॥
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ॥੨॥ (ਪੰਨਾ ੧੪੨)
ਉਪਰ ਦਿੱਤੇ ਸਲੋਕਾਂ ਵਿਚ ਦੁਨਿਆਵੀ ਸੁੱਖ-ਸਹੂਲਤਾਂ ਅਤੇ ਪਦਾਰਥਕ ਬਹੁਲਤਾ ਵਾਲੇ ਹਾਲਾਤ ਦੱਸੇ ਹਨ ਜਿਨ੍ਹਾਂ ਦੀ ਅਨੰਤਤਾ ਵਿਚ ਵੀ ਅਕਾਲ ਪੁਰਖ ਨੂੰ ਨਾ ਭੁੱਲਣ ਦੀ ਗੁਜ਼ਾਰਸ਼ ਕੀਤੀ ਹੈ। ਅਗਲੇ ਸਲੋਕ ਵਿਚ ਬਹੁਤ ਦੁੱਖ ਵਾਲੇ ਹਾਲਾਤ ਦੀ ਗੱਲ ਕੀਤੀ ਹੈ ਕਿ ਦੁੱਖ ਦੀ ਇੰਤਹਾ ਵਿਚ ਵੀ ਅਕਾਲ ਪੁਰਖ ਦਾ ਨਾਮ ਨਾ ਵਿਸਰੇ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਸਰੀਰ ਨੂੰ ਦੁੱਖ ਲੱਗ ਜਾਵੇ ਭਾਵ ਸਰੀਰ ਰੋਗੀ ਹੋ ਜਾਵੇ, ਰਾਹੂ ਅਤੇ ਕੇਤੂ ਦੋਵੇਂ ਮਨਹੂਸ ਗ੍ਰਹਿ ਚੰਬੜ ਜਾਣ, ਜ਼ਾਲਮ ਰਾਜੇ ਮੇਰੇ ਸਿਰ ‘ਤੇ ਹੋਣ, ਜੇ ਅਕਾਲ ਪੁਰਖ ਦਾ ਪਿਆਰ ਇਸ ਕਿਸਮ ਦੇ ਦੁੱਖਾਂ ਦੀ ਸ਼ਕਲ ਵਿਚ ਹੀ ਪ੍ਰਗਟ ਹੋਵੇ ਤਾਂ ਵੀ ਹੇ ਅਕਾਲ ਪੁਰਖ ਇਹ ਜਿਉੜਾ ਤੇਰੀ ਸਿਫ਼ਤ-ਸਾਲਾਹ ਕਰਦਾ ਰਹੇ, ਤੇਰੇ ਨਾਮ ਨੂੰ ਸਿਮਰਨ ਦਾ ਚਾਅ ਖਤਮ ਨਾ ਹੋਵੇ, ਇਨ੍ਹਾਂ ਦੁੱਖਾਂ ਤੋਂ ਘਬਰਾ ਕੇ ਤੇਰਾ ਨਾਮ ਵਿਸਰ ਨਾ ਜਾਵੇ,
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ॥
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ॥
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ॥੩॥ (ਪੰਨਾ ੧੪੨)
ਪਹਿਲੇ ਤਿੰਨ ਸਲੋਕਾਂ ਵਿਚ ਦੁਨਿਆਵੀ ਸੁੱਖਾਂ ਅਤੇ ਦੁੱਖਾਂ ਨਾਲ ਸਬੰਧਤ ਗੱਲ ਕੀਤੀ ਸੀ, ਜਿਨ੍ਹਾਂ ਕਰਕੇ ਵੀ ਸਿਰਜਣਹਾਰ ਨੂੰ ਨਾ ਭੁੱਲਣ ਲਈ ਅਰਦਾਸ ਕੀਤੀ ਹੈ। ਅਗਲੇ ਸਲੋਕ ਵਿਚ ਅਧਿਆਤਮਕ ਪ੍ਰਾਪਤੀਆਂ ਦੀ ਗੱਲ ਕੀਤੀ ਹੈ ਕਿ ਇਹ ਵੀ ਮਨੁੱਖ ਦੇ ਮਨ ਵਿਚ ਹਉਮੈ ਪੈਦਾ ਕਰ ਸਕਦੀਆਂ ਹਨ ਅਤੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦੇਣ ਦਾ ਕਾਰਨ ਬਣ ਸਕਦੀਆਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੇ ਗਰਮੀ ਦੀ ਰੁੱਤ ਦੀ ਧੁੱਪ ਅਤੇ ਸਰਦ ਰੁੱਤ ਦੀ ਠੰਢਕ ਪਹਿਨਣ ਦੇ ਕੱਪੜੇ ਹੋਣ ਅਰਥਾਤ ਗਰਮ ਰੁੱਤ ਵਿਚ ਧੁੱਪ ਵਿਚ ਅਤੇ ਸਰਦ ਰੁੱਤ ਦੀ ਠੰਢ ਵਿਚ ਨੰਗੇ ਪਿੰਡੇ ਤਪ ਕਰਾਂ (ਏਨੀ ਅਧਿਆਤਮਕ ਪ੍ਰਾਪਤੀ ਹੋਵੇ) ਅਤੇ ਹਵਾ ਮੇਰੀ ਖੁਰਾਕ ਹੋਵੇ ਅਰਥਾਤ ਹਵਾ ਆਸਰੇ ਹੀ ਜੀਵਨ ਜਿਉਂ ਰਿਹਾ ਹੋਵਾਂ ਤਾਂ ਵੀ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦੇ ਸਾਹਮਣੇ ਇਹ ਪ੍ਰਾਪਤੀਆਂ ਨਿਗੂਣੀਆਂ ਹਨ। ਜੇ ਸਵਰਗਾਂ ਦੀਆਂ ਸੁੰਦਰ ਇਸਤਰੀਆਂ ਵੀ ਮੇਰੇ ਘਰ ਵਿਚ ਹੋਣ ਤਾਂ ਇਹ ਸਭ ਵੀ ਨਸ਼ਟ ਹੋ ਜਾਣ ਵਾਲੀਆਂ ਚੀਜ਼ਾਂ ਹਨ, ਇਨ੍ਹਾਂ ਦੇ ਮੋਹ ਵਿਚ ਫਸ ਕੇ ਵੀ ਅਕਾਲ ਪੁਰਖ ਦਾ ਨਾਮ ਨਾ ਵਿਸਰੇ। ਮੇਰਾ ਮਨ ਉਸ ਦੀ ਸਿਫ਼ਤ-ਸਾਲਾਹ ਵਿਚ ਜੁੜਿਆ ਰਹੇ ਅਤੇ ਉਸ ਦੀ ਵਡਿਆਈ ਕਰਨ ਦਾ ਚਾਅ ਕਦੀ ਖਤਮ ਨਾ ਹੋਵੇ। ਨਾਮ ਸਿਮਰਨ ਦਾ ਚਾਅ ਸਦੀਵੀ ਬਣਿਆ ਰਹੇ,
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ॥
ਸੁਰਗੈ ਦੀਆ ਮੋਹਣੀਆ ਇਸਤ੍ਰੀਆ ਹੋਵਨਿ ਨਾਨਕ ਸਭੋ ਜਾਉ॥
ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ॥੪॥
ਨੌਂਵੀਂ ਪਉੜੀ ਵਿਚ ਗੁਰੂ ਨਾਨਕ ਸਾਹਿਬ ਨੇ ਉਸ ਅਕਾਲ ਪੁਰਖ ਦੀ ਸਰਬੱਗਤਾ ਦਾ ਬਿਆਨ ਕੀਤਾ ਹੈ ਕਿ ਉਹ ਸਰਬ-ਵਿਆਪਕ ਸ਼ਕਤੀ ਸਭ ਕੁਝ ਜਾਣਦੀ ਹੈ, ਉਸ ਕੋਲੋਂ ਇਸ ਸੰਸਾਰ ਦਾ ਕੁਝ ਵੀ ਛੁਪਿਆ ਹੋਇਆ ਨਹੀਂ ਹੈ। ਮਨੁੱਖ ਜੋ ਵੀ ਕਰਮ ਕਰਦਾ ਹੈ, ਉਸ ਸਭ ਦੀ ਜਾਣਕਾਰੀ ਉਸ ਸਰਬ-ਸ਼ਕਤੀਮਾਨ ਨੂੰ ਹੁੰਦੀ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜਾ ਮਨੁੱਖ ਲੁਕ-ਛਿਪ ਕੇ ਪਾਪ ਕਰਦਾ ਹੈ, ਬੁਰਾ ਕੰਮ ਕਰਦਾ ਹੈ ਅਤੇ ਪਰਮਾਤਮਾ ਨੂੰ ਸਰਬ-ਵਿਆਪਕ ਅਤੇ ਜਾਣੀ-ਜਾਣ ਨਹੀਂ ਮੰਨਦਾ, ਉਸ ਨੂੰ ਇੱਕ ਤਰ੍ਹਾਂ ਨਾਲ ਪਾਗਲ ਹੀ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਅਸਲੇ ਨੂੰ ਨਹੀਂ ਪਛਾਣਦਾ। ਸੰਸਾਰ ਵਿਚ ਵਿਕਾਰਾਂ ਦਾ ਝਮੇਲਾ ਬਹੁਤ ਬੁਰਾ ਹੈ ਜਿਨ੍ਹਾਂ ਵਿਚ ਫਸਿਆ ਹੋਇਆ ਮਨੁੱਖ ਖਪਦਾ ਰਹਿੰਦਾ ਹੈ, ਅਕਾਲ ਪੁਰਖ ਦੇ ਨਾਮ ਨੂੰ ਛੱਡ ਕੇ ਉਹ ਮਾੜੇ ਕੰਮਾਂ ਅਤੇ ਭਟਕਣਾ ਵਿਚ ਖੁਆਰ ਹੁੰਦਾ ਰਹਿੰਦਾ ਹੈ। ਮਨੁੱਖ ਲਈ ਜੀਵਨ ਜਿਉਣ ਦੇ ਦੋ ਰਸਤੇ ਹਨ-ਇੱਕ ਮਾਇਆਵੀ ਅਤੇ ਦੂਜਾ ਨਾਮ-ਸਿਮਰਨ ਦਾ। ਜਿਹੜਾ ਮਨੁੱਖ ਇਨ੍ਹਾਂ ਦੋ ਰਸਤਿਆਂ ਵਿਚੋਂ ਪਰਮਾਤਮਾ ਨੂੰ ਯਾਦ ਰੱਖਦਾ ਹੈ ਅਤੇ ਨਾਮ-ਸਿਮਰਨ ਦਾ ਰਸਤਾ ਚੁਣਦਾ ਹੈ, ਉਹ ਜੀਵਨ ਵਿਚ ਸਫ਼ਲ ਹੁੰਦਾ ਹੈ। ਨਾਮ ਸਿਮਰਨ ਦੇ ਰਸਤੇ ਤੋਂ ਬਿਨਾ ਉਹ ਝੂਠ ਵਿਚ ਖਚਤ ਹੋ ਕੇ ਸੜਦਾ ਰਹਿੰਦਾ ਹੈ। ਜਿਹੜਾ ਮਨੁੱਖ ਉਸ ਸਦੀਵੀ ਕਾਇਮ ਹਸਤੀ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ, ਉਸ ਲਈ ਇਹ ਸੰਸਾਰ ਸੁੰਦਰ ਹੈ। ਉਹ ਆਪਣੀ ਹਉਂ ਅਰਥਾਤ ਖੁਦੀ ਨੂੰ ਮਿਟਾ ਕੇ ਪਰਮਾਤਮਾ ਦੇ ਦਰ ਤੇ ਪ੍ਰਵਾਨਗੀ ਪਾ ਕੇ ਸੁਰਖਰੂ ਹੋ ਜਾਂਦਾ ਹੈ,
ਬਦਫੈਲੀ ਗੈਬਾਨਾ ਖਸਮ ਨ ਜਾਣਈ॥
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ॥
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ॥
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ॥æææ (ਪੰਨਾ ੧੪੨)
ਅਗਲੇ ਸਲੋਕ ਵਿਚ ਗੁਰੂ ਨਾਨਕ ਸਾਹਿਬ ਇਸ ਸੰਸਾਰ ‘ਤੇ ਸਵੈਮਾਣ ਵਾਲਾ ਜੀਵਨ ਜਿਉਣ ਦੀ ਪ੍ਰੇਰਨਾ ਕਰਦੇ ਹਨ ਕਿ ਇੱਜ਼ਤ ਤੋਂ ਬਿਨਾ ਜਿਉਣਾ ਬੇਕਾਰ ਅਤੇ ਅਰਥਹੀਣ ਹੈ। ਇਹ ਸਤਿਕਾਰਤ ਜੀਵਨ, ਇੱਜ਼ਤ ਵਾਲਾ ਜੀਵਨ ਮਨੁੱਖ ਨੂੰ ਅਕਾਲ ਪੁਰਖ ਦੇ ਨਾਮ ਸਿਮਰਨ ਰਾਹੀਂ ਪ੍ਰਾਪਤ ਹੁੰਦਾ ਹੈ। ਗੁਰਬਾਣੀ ਮਨੁੱਖ ਦੇ ਸਾਹਮਣੇ ਦੋਵੇਂ ਸੰਦਰਭ ਰੱਖਦੀ ਹੈ-ਸੰਸਾਰਕ ਵੀ ਅਤੇ ਅਧਿਆਤਮਕ ਵੀ। ਇਹ ਸਲੋਕ ਮਨੁੱਖ ਨੂੰ ਅਧਿਆਤਮਕ ਅਤੇ ਸੰਸਾਰਕ-ਦੋਵੇਂ ਤਰ੍ਹਾਂ ਨਾਲ ਸਵੈਮਾਣ ਵਾਲਾ ਜੀਵਨ, ਪਤ ਸਹਿਤ ਜੀਵਨ ਜਿਉਣ ਦੀ ਪ੍ਰੇਰਨਾ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਮਨੁੱਖ ਨੂੰ ਹੀ ਅਸਲ ਵਿਚ ਜੀਵਤ ਸਮਝਣਾ ਚਾਹੀਦਾ ਹੈ ਜਿਸ ਨੇ ਆਪਣੇ ਅੰਦਰ ਉਸ ਪਰਮਾਤਮ-ਜੋਤਿ ਦੇ ਨਿਵਾਸ ਨੂੰ ਅਨੁਭਵ ਕਰ ਲਿਆ ਹੈ ਅਰਥਾਤ ਉਹੀ ਮਨੁੱਖ ਜਿਉਂਦਾ ਹੈ ਜਿਸ ਦੇ ਮਨ ਅੰਦਰ ਵਾਹਿਗੁਰੂ ਵੱਸ ਰਿਹਾ ਹੈ। ਉਸ ਦੇ ਸਿਮਰਨ ਤੋਂ ਬਿਨਾ ਕੋਈ ਹੋਰ ਜਿਉਂਦਾ ਨਹੀਂ ਹੈ। ਜੇ ਮਨੁੱਖ ਇੱਜ਼ਤ-ਵਿਹੂਣਾ ਪਤਿ-ਹੀਣ ਜੀਵਨ ਜਿਉਂਦਾ ਹੈ ਤਾਂ ਉਸ ਦਾ ਖਾਣਾ-ਪੀਣਾ ਸਭ ਹਰਾਮ ਹੈ। ਜਿਸ ਮਨੁੱਖ ਨੂੰ ਰਾਜ ਨਾਲ ਮੋਹ ਹੈ, ਧਨ-ਮਾਲ ਨਾਲ ਮੋਹ ਹੈ, ਉਹ ਇਸ ਮੋਹ ਵਿਚ ਗ਼ਲਤਾਨ ਹੋਇਆ ਬੇਸ਼ਰਮ ਹੋ ਕੇ ਨੱਚਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਵਿਹੂਣਾ ਮਨੁੱਖ ਠੱਗਿਆ ਅਤੇ ਲੁੱਟਿਆ ਜਾ ਰਿਹਾ ਹੈ ਅਤੇ ਆਪਣੀ ਇੱਜ਼ਤ ਗੁਆ ਕੇ ਇੱਥੋਂ ਜਾਂਦਾ ਹੈ,
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥
ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥
ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ ਮਾਲਿ ਰੰਗੁ ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥
ਵਿਣੁ ਨਾਵੈ ਪਤਿ ਗਇਆ ਗਵਾਇ॥੧॥ (ਪੰਨਾ ੧੪੨)
Leave a Reply