ਚੰਡੀਗੜ੍ਹ: ਪੰਜਾਬ ਦੀਆਂ ਕਈ ਸਿੱਖ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੇ ਲੋਕ ਸਭਾ ਚੋਣਾਂ ਦੇ ਭਖੇ ਮੈਦਾਨ ਦੌਰਾਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਕੋਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਪੰਥ ਰਤਨ ਫਖਰ-ਏ-ਕੌਮ ਦੇ ਖਿਤਾਬ ਨੂੰ ਵਾਪਸ ਲੈਣ ਦੀ ਮੰਗ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਬੁੱਧੀਜੀਵੀਆਂ ਵੱਲੋਂ ਸਾਂਝੇ ਤੌਰ ‘ਤੇ ਜਥੇਦਾਰ ਨੂੰ ਭੇਜੇ ਮੈਮੋਰੰਡਮ ਰਾਹੀਂ ਦੋਸ਼ ਲਾਇਆ ਹੈ ਕਿ ਸਿੱਖ ਧਰਮ ਨੂੰ ਪੌੜੀ ਵਜੋਂ ਵਰਤ ਕੇ ਸਿਆਸੀ ਖੇਡਾਂ ਖੇਡਣ ਵਾਲੇ ਸ਼ ਬਾਦਲ ਕੋਲੋਂ ਤੁਰੰਤ ਪੰਥ ਰਤਨ ਫਖਰ-ਏ-ਕੌਮ ਦਾ ਰੁਤਬਾ ਵਾਪਸ ਲਿਆ ਜਾਵੇ।
ਸ਼ ਬਾਦਲ ਦੇ ਮੁੱਖ ਮੰਤਰੀ ਦੇ ਦੌਰ ਦੌਰਾਨ ਸਿੱਖੀ ਜੀਵਨ ਤੇ ਕਦਰਾਂ-ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ ਤੇ ਸਿੱਖ ਕੌਮ ਦੀ ਆਜ਼ਾਦ ਹਸਤੀ ਉਪਰ ਇਕ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਦੇ ਵਕੀਲ ਅਮਰ ਸਿੰਘ ਚਾਹਲ, ਪੰਜਾਬ ਹਿਊਮਨ ਰਾਈਟਸ ਸੰਸਥਾ ਦੇ ਚੇਅਰਮੈਨ ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ, ਅਖੰਡ ਕੀਰਤਨੀ ਜਥੇ ਦੇ ਰਜਿੰਦਰਪਾਲ ਸਿੰਘ, ਗੁਰੂ ਆਸਰਾ ਟਰੱਸਟ ਦੀ ਬੀਬੀ ਕੁਲਬੀਰ ਕੌਰ ਧਾਮੀ, ਪੰਚ ਪ੍ਰਧਾਨੀ ਦੇ ਸਤਨਾਮ ਸਿੰਘ ਪਾਊਂਟਾ ਸਾਹਿਬ ਤੇ ਕਮਿਕਰ ਸਿੰਘ ਸਮੇਤ 16 ਸੰਸਥਾਵਾਂ ਵੱਲੋਂ ਭੇਜੇ ਮੈਮੋਰੰਡਮ ਵਿਚ ਦੋਸ਼ ਲਾਇਆ ਹੈ ਕਿ ਸ਼ ਬਾਦਲ ਨੇ ਆਪਣੇ ਕੁਨਬੇ ਦਾ ਰਾਜ ਬਰਕਰਾਰ ਰੱਖਣ ਲਈ ਪੰਜਾਬ ਦਾ ਸਭ ਕੁਝ ਦਾਅ ‘ਤੇ ਲਾ ਦਿੱਤਾ ਹੈ।
ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਿਆਂ ਨਾਲ ਭਾਈਵਾਲੀਆਂ ਪਾਲੀਆਂ ਜਾ ਰਹੀਆਂ ਹਨ। ਮੈਮੋਰੰਡਮ ਰਾਹੀਂ ਜਥੇਦਾਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਅੰਮ੍ਰਿਤਸਰ ਵਿਖੇ 13 ਅਪਰੈਲ, 1978 ਨੂੰ ਵਿਸਾਖੀ ਮੌਕੇ ਨਿਰੰਕਾਰੀ ਸਮਾਗਮ ਮੂਹਰੇ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ 13 ਸਿੰਘਾਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਸ਼ ਬਾਦਲ ਨੇ ਜਿਥੇ ਦਿੱਲੀ ਜਾਣ ਦਾ ਸੁਰੱਖਿਅਤ ਲਾਂਘਾ ਮੁਹੱਈਆ ਕੀਤਾ ਸੀ, ਉਥੇ ਇਸ ਕਾਂਡ ਵਿਚੋਂ ਬਰੀ ਹੋਏ ਮੁਲਜ਼ਮਾਂ ਵਿਰੁੱਧ ਸਰਕਾਰ ਵੱਲੋਂ ਹਾਈ ਕੋਰਟ ਵਿਚ ਅਪੀਲ ਵੀ ਨਹੀਂ ਪਾਈ ਗਈ। ਸ਼ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਹੋਈ ਬਹਿਸ ਦੌਰਾਨ ਅਕਾਲ ਤਖਤ ਵੱਲੋਂ 20ਵੀਂ ਸਦੀ ਦੇ ਮਹਾਨ ਸਿੱਖ ਕਰਾਰ ਦਿੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਕਾਂਗਰਸ ਦਾ ਬੰਦਾ ਕਰਾਰ ਦਿੱਤਾ ਸੀ।
ਮੈਮੋਰੰਡਮ ਵਿਚ ਗੰਭੀਰ ਦੋਸ਼ ਲਾਇਆ ਹੈ ਕਿ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਮੌਕੇ ਹਾਕਮਾਂ ਨੂੰ ਉਕਸਾਉਣ ਦੇ ਤੱਥ ਆਪਣੀ ਪੁਸਤਕ ਵਿਚ ਖੁਦ ਮੰਨਣ ਵਾਲੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਦਾ ਵੀ ਸ਼ ਬਾਦਲ ਸਵਾਗਤ ਕਰਦੇ ਰਹੇ ਹਨ। ਸ਼ ਬਾਦਲ ਦੇ ਰਾਜਕਾਲ ਦੌਰਾਨ ਪੰਜਾਬ ਵਿਚ ਡੇਰਾਵਾਦ ਵਿਆਪਕ ਪੱਧਰ ‘ਤੇ ਫੈਲ ਚੁੱਕਾ ਹੈ ਤੇ ਮੁੱਖ ਮੰਤਰੀ ਡੇਰਿਆਂ ਵਿਚ ਜਾ ਕੇ ਸਿੱਖੀ ਅਸੂਲਾਂ ਦੀ ਉਲੰਘਣਾ ਕਰਦੇ ਆ ਰਹੇ ਹਨ।
ਪੰਜਾਬ ਅੱਜ ਪੂਰੀ ਤਰ੍ਹਾਂ ਨਸ਼ਿਆਂ ਵਿਚ ਧੱਸ ਚੁੱਕਾ ਹੈ। ਇਥੋਂ ਤੱਕ ਕਿ ਜੇਲ੍ਹਾਂ ਵਿਚ ਵੀ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ ਜਦਕਿ ਸ਼ ਬਾਦਲ ਪੰਜਾਬ ਦੀ ਇਸ ਗੰਭੀਰ ਸਮੱਸਿਆ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਉਪਰ ਸੁੱਟ ਕੇ ਅੱਖਾਂ ਮੀਟ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰ ਵੀ ਸ਼ ਬਾਦਲ ਦੇ ਸਿਆਸੀ ਦਬਾਅ ਹੇਠ ਹੀ ਕੰਮ ਕਰ ਰਹੇ ਹਨ। ਜਸਟਿਸ ਬੈਂਸ ਨੇ ਦੋਸ਼ ਲਾਇਆ ਕਿ ਸ਼ ਬਾਦਲ ਨੇ ਪੰਜਾਬੀ ਜ਼ੁਬਾਨ ਨੂੰ ਵੀ ਨਾ ਅਪਣਾਉਣ ਵਾਲੀ ਭਾਜਪਾ ਨਾਲ ਸਾਂਝ ਪਾ ਕੇ ਬੇਅਸੂਲੀ ਕੀਤੀ ਹੈ ਤੇ ਸਰਕਾਰ ਨੂੰ ਆਪਣੇ ਪਰਿਵਾਰ ਦੀ ਮੁੱਠੀ ਵਿਚ ਹੀ ਬੰਦ ਕਰ ਲਿਆ ਹੈ। ਇਸ ਮੌਕੇ ਗੁਰਦਰਸ਼ਨ ਸਿੰਘ ਢਿੱਲੋਂ, ਵਕੀਲ ਤਜਿੰਦਰ ਸਿੰਘ, ਸੁਦਨ ਕਰਮਜੀਤ ਸਿੰਘ, ਭਾਈ ਮਨਜੀਤ ਸਿੰਘ ਵੀ ਮੌਜੂਦ ਸਨ।
Leave a Reply