ਬਠਿੰਡਾ: ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬਠਿੰਡਾ ਤੇ ਫਰੀਦਕੋਟ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਜਿੱਥੇ ਗੁਜਰਾਤ ਦੇ ਸਿੱਖ ਕਿਸਾਨਾਂ ਦੇ ਮਾਮਲੇ ‘ਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ, ਉਥੇ ਉਨ੍ਹਾਂ ਨਸ਼ਿਆਂ ਦੇ ਮਾਮਲੇ ਵਿਚ ਰਾਜ ਦੀ ਅਕਾਲੀ-ਭਾਜਪਾ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ।
ਗੁਜਰਾਤ ਵਿਚ ਸਿੱਖ ਕਿਸਾਨਾਂ ਦੇ ਉਜਾੜੇ ਲਈ ਇਕ ਵਾਰ ਫਿਰ ਉਥੋਂ ਦੀ ਨਰਿੰਦਰ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀ ਸੱਤਾਧਾਰੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਾਰਟੀ ਨਾਲ ਭਾਈਵਾਲੀ ਹੈ ਜਿਸ ਨੇ ਗੁਜਰਾਤ ਵਿਚ ਹਜ਼ਾਰਾਂ ਸਿੱਖ ਕਿਸਾਨ ਪਰਿਵਾਰਾਂ ਨੂੰ ਸੜਕ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਉਜਾੜੇ ਗਏ ਸਿੱਖ ਕਿਸਾਨਾਂ ਨੂੰ ਉਨ੍ਹਾਂ ਨੇ ਆਪਣੇ ਅੱਖੀਂ ਰੋਂਦਿਆਂ ਦੇਖਿਆ ਹੈ ਜੋ ਉਨ੍ਹਾਂ ਨੂੰ ਉਚੇਚੇ ਤੌਰ ‘ਤੇ ਮਿਲਣ ਦਿੱਲੀ ਆਏ ਸਨ।
ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ‘ਤੇ ਨਫ਼ਰਤ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਜਿੱਥੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੀ ਹੈ, ਉਥੇ ਭਾਜਪਾ ਲੋਕਾਂ ਵਿਚ ਵੰਡੀਆਂ ਪਾਉਣ ਨੂੰ ਤਰਜੀਹ ਦਿੰਦੀ ਹੈ। ਸ੍ਰੀ ਰਾਹੁਲ ਗਾਂਧੀ ਨੇ ਪੰਜਾਬ ਵਿਚ ਨਸ਼ਿਆਂ ਦੀ ਗੱਲ ਕਰਦਿਆਂ ਦਿੜ੍ਹ ਵਿਸ਼ਵਾਸ ਨਾਲ ਕਿਹਾ ਕਿ ਕਾਂਗਰਸ ਸਰਕਾਰ ਆਉਣ ‘ਤੇ ਪੰਜਾਬ ਵਿਚੋਂ ਨਸ਼ਾ ਅਸੀਂ ਖਤਮ ਕਰਕੇ ਦਿਖਾਵਾਂਗੇ ਤੇ ਅਕਾਲੀ-ਭਾਜਪਾ ਸਰਕਾਰ ਵਾਂਗ ਇਸ ਦੀ ਜ਼ਿੰਮੇਵਾਰੀ ਕਿਸੇ ਹੋਰ ‘ਤੇ ਨਹੀਂ ਪਾਵਾਂਗੇ।
_____________________________________________
ਸੋਨੀਆ ਗਾਂਧੀ ਵੱਲੋਂ ਬਾਦਲਾਂ ‘ਤੇ ਤਾਬੜਤੋੜ ਹਮਲੇ
ਬਰਨਾਲਾ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੰਗਰੂਰ ਹਲਕੇ ਤੋਂ ਪਾਰਟੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਜਾਬੀਆਂ ਨੇ ਸਰਹੱਦਾਂ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਤੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ, ਉਹ ਅੱਜ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਸ਼ਿਆਂ ਦੇ ਗੁਲਾਮ ਹੋ ਕੇ ਰਹਿ ਗਏ ਹਨ। ਸੋਨੀਆ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਤਾਂ ਛੱਡੋ ਸਗੋਂ ਪਿੰਡਾਂ ਵਿਚ ਵੀ ਬਿਜਲੀ ਨਹੀਂ ਦਿੱਤੀ ਜਾ ਰਹੀ। ਖ਼ਜ਼ਾਨੇ ਦੀ ਖ਼ਰਾਬ ਹਾਲਤ ਦਾ ਮਸਲਾ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਮੁਲਾਜ਼ਮਾਂ ਨੂੰ ਤਿੰਨ-ਤਿੰਨ ਮਹੀਨਿਆਂ ਬਾਅਦ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਭਾਜਪਾ ਵਾਲਿਆਂ ਨੇ ਮਿਲ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ। ਕਿਸਾਨ ਕਣਕ ਦੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿਚ ਰੁਲ ਰਿਹਾ ਹੈ। ਅਕਾਲੀ-ਭਾਜਪਾ ਗਠਜੋੜ ਸਰਕਾਰ ਸਿਰਫ਼ ਹਵਾਈ ਗੱਲਾਂ ਹੀ ਕਰ ਸਕਦੀ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਨਰਿੰਦਰ ਮੋਦੀ ‘ਤੇ ਤਾਬੜਤੋੜ ਹਮਲੇ ਕਰਦਿਆਂ ਸੋਨੀਆ ਗਾਂਧੀ ਨੇ ਗੁਜਰਾਤ ਮਾਡਲ ਦੀ ਵੀ ਨੁਕਤਾਚੀਨੀ ਕੀਤੀ। ਕਾਂਗਰਸ ਦੇ ਚੋਣ ਮੈਨੀਫੈਸਟੋ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਯੂæਪੀæਏæ ਸਰਕਾਰ ਨੇ ਆਪਣੇ ਪਿਛਲੇ ਸਾਰੇ ਵਾਅਦੇ ਪੂਰੇ ਕੀਤੇ ਤੇ ਹੁਣ ਵੀ ਸਰਕਾਰ ਬਣਨ ‘ਤੇ ਦਲਿਤਾਂ, ਘੱਟ ਗਿਣਤੀਆਂ, ਬਜ਼ੁਰਗਾਂ ਨੂੰ ਹੋਰ ਸੁਵਿਧਾਵਾਂ ਤੇ ਨੌਜਵਾਨਾਂ ਲਈ ਰੁਜ਼ਗਾਰ ਦੇਣ ਲਈ ਠੋਸ ਕਦਮ ਚੁੱਕੇਗੀ। ਸੋਨੀਆ ਗਾਂਧੀ ਨੇ ਪੰਜਾਬ ਸਰਕਾਰ ਵੱਲੋਂ ਮੋਦੀ ਦੇ ਗੁਜਰਾਤ ਵਾਲਾ ਵਿਕਾਸ ਮਾਡਲ ਪੰਜਾਬ ਵਿਚ ਲਾਗੂ ਕਰਨ ਦੇ ਅਲਾਪੇ ਜਾ ਰਹੇ ਜਾਪ ਮੰਤਰ ‘ਤੇ ਕਟਾਖ਼ਸ਼ ਕਰਦਿਆਂ ਕਿਹਾ ਕਿ ਜਿਥੇ ਪੰਜਾਹ ਸਾਲਾਂ ਤੋਂ ਖੇਤੀਬਾੜੀ ਕਰ ਰਹੇ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਖੁੱਸ ਰਹੀਆਂ ਹਨ। ਜਿਥੇ ਰੋਜ਼ਾਨਾ ਗਿਆਰਾਂ ਰੁਪਏ ਕਮਾਉਣ ਵਾਲਾ ਗਰੀਬੀ ਰੇਖਾ ਤੋਂ ਉਪਰ ਮੰਨਿਆ ਜਾ ਰਿਹਾ ਹੈ।
Leave a Reply