ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਅਤੇ ਹੁਣ ਅਮਰੀਕਾ ਵਿਚ ਵਸਦੀ ਇਕ ਪਾਠਕ ਬੀਬੀ ਨੇ ਮੈਨੂੰ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਬਾਰੇ ਸਵਾਲ ਪੁੱਛਿਆ, ‘ਇਹ ਤਾਂ ਅਸੀਂ ਜਾਣਦੇ ਹਾਂ ਕਿ ਪੁਰਾਤਨ ਵੇਲਿਆਂ ਤੋਂ ਬਾਬਾ ਸੰਤੋਖ ਦਾਸ ਨਾਂ ਦੇ ਸਾਧੂ ਵੱਲੋਂ ਖੋਦੀ ਜ਼ਮੀਨਦੋਜ਼ ਹੰਸਲੀ ਰਾਹੀਂ ਉਸ ਸਰੋਵਰ ਵਿਚ ਜਲ ਪਾਇਆ ਜਾਂਦਾ ਹੈ, ਪਰ ਜਦੋਂ ਅਰੰਭ ਵਿਚ ਇਸ ਤਾਲ ਦੀ ਖੁਦਾਈ ਚੌਥੇ ਗੁਰੂ ਜੀ ਨੇ ਕਰਵਾਈ ਸੀ, ਉਦੋਂ ਇਸ ਵਿਚ ਜਲ ਕਿੱਥੋਂ ਤੇ ਕਿਵੇਂ ਪਾਇਆ ਗਿਆ ਹੋਵੇਗਾ?’ ਉਸ ਪਵਿੱਤਰ ਅਸਥਾਨ ਦੇ ਇਤਿਹਾਸ ਬਾਰੇ ਪੁਸਤਕਾਂ ਤਾਂ ਮੈਂ ਵੀ ਪੜ੍ਹਦਾ ਰਹਿੰਦਾ ਹਾਂ, ਪਰ ਇਹ ਪੱਖ ਤੋਂ ਕੋਈ ਸਿੱਕੇਬੰਦ ਜਾਣਕਾਰੀ ਨਾ ਹੋਣ ਕਾਰਨ, ਮੈਂ ਉਨ੍ਹਾਂ ਨਾਲ ਵਾਅਦਾ ਕਰ ਲਿਆ ਕਿ ਜਲਦੀ ਹੀ ਕਿਤਿਉਂ ਪਤਾ ਕਰ ਕੇ ਦੱਸ ਦਿਆਂਗਾ।
ਬੀਤੇ ਦਿਨੀਂ ਯੋਗ ਜਿਹਾ ਸਮਾਂ ਸਮਝ ਕੇ ਮੈਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਉਕਤ ਜਾਣਕਾਰੀ ਲੈਣ ਲਈ ਫੋਨ ਕੀਤਾ। ਫੋਨ ਚੁੱਕਣ ਵਾਲੇ ਨੇ ਮੇਰਾ ਨਾਂ ਸੁਣ ਕੇ ਮੈਨੂੰ ਪਛਾਣਦਿਆਂ, ਕੋਈ ਹੋਰ ਗੱਲ ਕਰਨ ਦੀ ਥਾਂ ਥੋੜ੍ਹੀ ਰੁੱਖੀ ਜਿਹੀ ਬੋਲੀ ਵਿਚ ਇਹ ‘ਆਦੇਸ਼’ ਦਿੱਤਾ, “ਹਾਂ ਜੀ, ਦਸਾਂ ਕੁ ਮਿੰਟਾਂ ਤੱਕ ਮੇਰੇ ਮੋਬਾਇਲ ‘ਤੇ ਫੋਨ ਕਰਿਉ ਗੁਰਮੁਖੋ!” ਸਿੱਖ ਸ਼ਬਦਾਵਲੀ ਦਾ ਇਹ ‘ਗੁਰਮੁਖੋ’ ਵਾਲਾ ਸੰਬੋਧਨੀ ਸ਼ਬਦ ਹੈ ਤਾਂ ਬਹੁਤ ਨਿਮਰਤਾ ਅਤੇ ਸਤਿਕਾਰ ਭਰਿਆ, ਪਰ ਅੰਬਰਸਰੀਆਂ, ਖਾਸ ਕਰ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਮੂੰਹੋਂ ਇਹ ਸ਼ਬਦ ਸੁਣ ਕੇ ਇਉਂ ਭਾਸਣ ਲੱਗ ਪੈਂਦਾ ਹੈ ਕਿ ਇਹ ਸਾਡੇ ਗਲ ਪਏ ਕਿ ਪਏ!
ਉਹੀ ਗੱਲ ਹੋਈ! ਹੁਕਮ ਦੀ ਪਾਲਣਾ ਕਰਦਿਆਂ ਜਦੋਂ ਮੈਂ ਦਸ-ਪੰਦਰਾਂ ਮਿੰਟਾਂ ਬਾਅਦ ਸੈਲ ਫੋਨ ਖੜਕਾਇਆ ਤਾਂ ਅੱਗਿਉਂ ਸ੍ਰੀਮਾਨ ਜੀ ਮੇਰਾ ਨਾਂ ਲੈ ਕੇ ਕਹਿਣ ਲੱਗੇ, “æææ ਉਹ ਫਿਰੇ ਨੱਥ ਘੜਾਉਣ ਨੂੰ, ਤੇ ਅਗਲਾ ਫਿਰੇ ਨੱਥ ਵਢਾਉਣ ਨੂੰ! ਅਹੀਂ ਸਰੋਵਰ ਦਾ ਹੁਣ ਵਾਲਾ ਜਲ ਬਚਾਉਣ ਦੇ ਫਿਕਰਾਂ ‘ਚ ਸੁੱਕਣ ਡਹੇ ਆਂ, ਤੁਹੀਂ ‘ਬਾਹਰ ਬੈਠੇ’ ਮਾਹਰਾਜ ਜੀਆਂ ਦੇ ਵੇਲਿਆਂ ਦੇ ਜਲ ਬਾਰੇ ਪੁੱਛਣ ਡਹੇ ਜੇ!”
ਉਸ ਦੀ ‘ਇਸ਼ਾਰੇ ਮਾਤਰ’ ਕਹੀ ਇਸ ਗੱਲ ਤੋਂ ਮੈਂ ਥੋੜ੍ਹਾ-ਥੋੜ੍ਹਾ ਅੰਦਾਜ਼ਾ ਤਾਂ ਲਾ ਲਿਆ ਕਿ ਇਹ ‘ਕਿੱਥੇ’ ਤੀਰ ਮਾਰ ਰਿਹਾ ਹੈ, ਫਿਰ ਵੀ ਉਹਦੇ ਮੂੰਹੋਂ ਹੀ ਪੂਰੀ ਗੱਲ ਸੁਣਨ ਦੀ ਇੱਛਾ ਧਾਰਦਿਆਂ ਮੈਂ ਅਣਜਾਣ ਜਿਹਾ ਬਣ ਕੇ ਮੋੜਵਾਂ ਸਵਾਲ ਕੀਤਾ ਕਿ ‘ਇਹੋ ਜਿਹੀ ਕਿਹੜੀ ਆਫ਼ਤ ਆ ਗਈ ਅਚਾਨਕ! ਸਰੋਵਰ ਦੇ ਜਲ ਦਾ ਕਿਹੜਾ ਵੈਰੀ ਆ ਗਿਆ ਹੁਣ?’ ਮੇਰੇ ਮੂੰਹੋਂ ਨਿਕਲੇ ਇਸ ਸਵਾਲ ਵਿਚਲੇ ਕੁਝ ਸ਼ਬਦਾਂ ਨੂੰ ਹੀ ਜ਼ਰਾ ਘਰੋੜ ਕੇ ਬੋਲਦਿਆਂ ਉਹ ਇਕ ਤਰ੍ਹਾਂ ਨਾਲ ਮੇਰੇ ਉਤੇ ਟੁੱਟ ਕੇ ਹੀ ਪੈ ਗਿਆ!
“ਕੀ ਆਖਿਆ ਈ? ਅਚਾਨਕ?æææ ਹੁਣ?æææ ਕਿਹੜਾ ਵੈਰੀ? ਜਾਣ-ਬੁੱਝ ਕੇ ਅਣਜਾਣ ਬਣ ਰਹੇ ਜੇæææ!”
ਉਹ ਇੰਜ ਅੰਦਰੋਂ ਬੋਲਣ ਲੱਗਾ, ਜਿਵੇਂ ਕਿਤੇ ਮੇਰਾ ਫੋਨ ਹੀ ਉਡੀਕ ਰਿਹਾ ਹੁੰਦਾ ਹੈ। ਸੰਨ 1909 ਵਿਚ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤਾਂ ਰੱਖ ਦੇਣ ਤੋਂ ਸ਼ੁਰੂ ਕਰ ਕੇ, ਉਹ ਜੂਨ ਚੁਰਾਸੀ ਤੱਕ ਆਣ ਪਹੁੰਚਾ। ਸ੍ਰੀ ਅੰਮ੍ਰਿਤਸਰ ਦੇ ਗਲੀਆਂ ਬਜ਼ਾਰਾਂ ਵਿਚ ਲੰਬੇ ਡੰਡਿਆਂ ਉਤੇ ਸਿਗਰਟ ਬੀੜੀਆਂ ਦੀਆਂ ਡੱਬੀਆਂ ਬੰਨ੍ਹ ਕੇ ‘ਸਿਗਰਟ ਬੀੜੀ ਪੀਏਂਗੇ, ਸ਼ਾਨ ਨਾਲ ਜੀਏਂਗੇ’ ਦੇ ਨਾਅਰੇ ਮਾਰਦੇ ਜਲੂਸ ਅਤੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਲੱਗੀ ਹੋਈ ਸ੍ਰੀ ਗੁਰੂ ਰਾਮ ਦਾਸ ਜੀ ਦੀ ਤਸਵੀਰ ਨੂੰ ਭੰਨਣ-ਤੋੜਨ ਵਾਲੇ ਵਾਕਿਆਤ, ਇਕੋ ਸਾਹੇ ਬਿਆਨ ਕਰ ਕੇ ਉਹ ਅੱਜ ਬਾਰੇ ਦੱਸਣ ਲੱਗਾ, “ਸ੍ਰੀ ਦਰਬਾਰ ਸਾਹਿਬ, ਪਾਵਨ ਸਰੋਵਰ ਅਤੇ ਸਿੱਖੀ ਦੇ ਦੋਖੀ, ਉਪਰੋਕਤ ਫਾਸ਼ੀਵਾਦੀ ਲੋਕਾਂ ਦੀ ਵਿਚਾਰਧਾਰਾ ਦੇ ਗੁਲਾਮਾਂ ਪਾਸ ਅੱਜ ਸ਼੍ਰੋਮਣੀ ਕਮੇਟੀ ਦਾ ਰਾਜ-ਭਾਗ ਆਇਆ ਹੋਇਐ, ਉਹ ਆਪਣੇ ਮਾਲਕਾਂ ਨੂੰ ਚਾਈਂ-ਚਾਈਂ ਸ੍ਰੀ ਦਰਬਾਰ ਸਾਹਿਬ ਬਿਠਾ ਕੇ ਸਿਰੋਪਾਓ ਭੇਟ ਕੀਤੇ ਜਾ ਰਹੇ ਨੇ। ਉਨ੍ਹਾਂ ਦੀ ਚੋਣਾਂ ਵਿਚ ਜਿੱਤ ਹੋਣ ਦੀਆਂ ਅਰਦਾਸਾਂ ਕੀਤੀਆਂ-ਕਰਵਾਈਆਂ ਜਾ ਰਹੀਆਂ ਨੇ।æææ ਖੁਦਾ ਨਾ ਖਾਸਤਾ, ਜੇ ਇਹ ਲੋਕ ਪਾਵਰ ਵਿਚ ਆ ਗਏ ਤਾਂ ਆਪੇ ਸੋਚ ਲਵੋ ਕਿ ਇਹ ਸਿੱਖ ਫਲਸਫੇ, ਸ੍ਰੀ ਦਰਬਾਰ ਸਾਹਿਬ ਅਤੇ ਇਸ ਸਰੋਵਰ ਦੇ ਨਿਰਮਲ ਜਲ ਦੇ ਕਿੰਨੇ ਕੁ ਖ਼ੈਰ-ਖਵਾਹ ਹੋਣਗੇ!”
ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੋਈ ਹੋਰ ਸਵਾਲ ਕਰਦਾ, ਉਹ ਭਰਿਆ-ਫਿੱਸਿਆ ਪਿਆ ਮੈਨੂੰ ਹੀ ਪੁੱਛਣ ਲੱਗਾ ਕਿ ਪੰਜਾਬ ਵਿਚ ਸ਼ ਬਾਦਲ ਪਿਉ-ਪੁੱਤ ਤੋਂ ਦੂਜੀ ਥਾਂ, ਸਭ ਤੋਂ ਵੱਡੀ ਸੁਪਰ ਪਾਵਰ ਮਜੀਠੀਏ ਦੀ ਕਰਤੂਤ ਸੁਣ ਲਈ ਐ? ਉਸ ਵੇਲੇ ਤੱਕ ਮੈਂ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਏ ਦਾ ਸ਼ਹੀਦ ਊਧਮ ਸਿੰਘ ਹਾਲ ਅੰਮ੍ਰਿਤਸਰ ਵਾਲਾ ‘ਵੀਡੀਓ ਕਲਿਪਸ’ ਨਹੀਂ ਸੀ ਦੇਖਿਆ ਹਾਲੇ।
“ਤੁਸੀਂ ‘ਵਟਸ-ਐਪ’ ਉਤੇ ਹੈਗੇ ਓ ਨਾ?” ਮੇਰੇ ਵੱਲੋਂ ‘ਹਾਂ’ ਸੁਣ ਕੇ ਉਹ ਬੋਲਿਆ, “ਲਉ ਪਹਿਲਾਂ ਦਿਲ ‘ਤੇ ਹੱਥ ਰੱਖ ਕੇ ਅਹਿ ਵੇਖੋ, ਮੈਂ ਤੁਹਾਨੂੰ ‘ਸੈਂਡ’ ਕਰ ਰਿਹਾਂ।æææ ਐਥੇ ਵੇਖੋ ਕੀ ਕੁਫਰ ਹੋਣ ਡਿਹੈ! ਤੁਹੀਂ ਚਾਰ ਸਦੀਆਂ ਤੋਂ ਪਹਿਲਾਂ ਦੇ ਇਤਿਹਾਸ ਦਾ ਸਵਾਲ ਪੁੱਛ ਰਹੇ ਜੋ!”
ਸੱਚਮੁੱਚ ਜਦੋਂ ਮੈਂ ‘ਕਲਿਪ’ ਡਾਊਨਲੋਡ ਕਰ ਕੇ ਚਲਾਇਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸ੍ਰੀ ਮਜੀਠਿਆ ਸ਼ਾਹੀ ਅੰਦਾਜ਼ ਨਾਲ ਚਿੱਥ-ਚਿੱਥ ਕੇ ਭਾਸ਼ਣ ਦੇ ਰਹੇ ਨੇ। ਡਾਇਸ ਦੇ ਆਲੇ-ਦੁਆਲੇ ਨੀਲੀਆਂ-ਪੀਲੀਆਂ ਦਸਤਾਰਾਂ ਅਤੇ ਖੁੱਲ੍ਹੀਆਂ ਦਾੜ੍ਹੀਆਂ ਵਾਲੇ ਦਰਸ਼ਨੀ ਸਿੰਘਾਂ ਦੇ ਨਾਲ ਸਿਰੋਂ ਨੰਗੇ ਕਲੀਨ-ਸ਼ੇਵ ਵੀਰ ਵੀ ਖੜ੍ਹੇ ਹਨ। ਸਰੋਤਿਆਂ ਵਿਚ ਵੀ ਆਮ ਚੋਣ ਜਲਸਿਆਂ ਵਾਂਗ ਬਹੁਤੇ ਹਾਜ਼ਰੀਨ ਨੰਗੇ ਸਿਰ ਹੀ ਬੈਠੇ ਹਨ। ਜਾਹੋ-ਜਲਾਲ ਨਾਲ ਉਤਾਂਹ ਨੂੰ ਬਾਹਾਂ ਉਲਾਰ ਕੇ ਸ੍ਰੀ ਮਜੀਠੀਆ ਇਉਂ ਗਰਜਦੇ ਹਨ,
“æææਮੈਂ ਜਿਹੜੀ ਗੱਲ ਕਹਿਣ ਲੱਗਿਆਂæææ ਸਾਰਿਆਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਮੇਰੇ ਨਾਲ਼ææਇਨ੍ਹਾਂ ਸ਼ਬਦਾਂ ਨੂੰ ਪੜ੍ਹਨੈ-ਦੇਹਿ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੋਂ ਕਬਹੂੰ ਨਾ ਡਰੂੰ, ਨਾ ਡਰੂੰ ਅਰਿ ਸਿਉਂ ਜਬ ਜਾਏ ਲੜੂੰ, ਨਿਸ਼ਚੈ ਕਰ ‘ਅਰੁਣ ਜੇਤਲੀ’ ਕੀ ਜਿੱਤ ਕਰਉਂ।” ਸਰੋਤਿਆਂ ਵੱਲੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਛੱਡੇ ਜਾਂਦੇ ਹਨ।
ਦਸਮ ਗ੍ਰੰਥ ਵਿਚਲੇ ਇਸ ਪ੍ਰਸਿੱਧ ਸਵੱਈਏ ਵਿਚ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਦਾ ਨਾਂ ਜੋੜ ਦਿੱਤਾ ਗਿਆ। ਬੇਸ਼ੱਕ ਸਿੱਖ ਪੰਥ ਵਿਚ ਦਸਮ ਗ੍ਰੰਥ ਦੀਆਂ ਰਚਨਾਵਾਂ ਬਾਰੇ ਮੱਤਭੇਦ ਹਨ ਅਤੇ ਉਪਰੋਕਤ ਸਵੱਈਏ ਬਾਰੇ ਵੀ ਬਹੁਤੇ ਸਿੱਖ ਇਸ ਨੂੰ ਸ੍ਰੀ ਦਸਮੇਸ਼ ਗੁਰੂਕ੍ਰਿਤ ਨਹੀਂ ਸਵੀਕਾਰਦੇ, ਪਰ ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਇਸ ਦੀਆਂ ਰਚਨਾਵਾਂ ਨੂੰ ਤੋੜ-ਮਰੋੜ ਕੇ ਬੋਲਿਆ, ਪੜ੍ਹਿਆ ਜਾਂ ਲਿਖਿਆ ਜਾਵੇ। ਪਾਠਕਾਂ ਨੂੰ ਯਾਦ ਹੋਵੇਗਾ ਕਿ ਗਾਇਕ ਸਤਿੰਦਰ ਸਰਤਾਜ ਨੇ ਸ਼ਾਇਰ ਤ੍ਰਿਲੋਕ ਜੱਜ ਦੀ ਕੋਈ ਗਜ਼ਲ ਭੰਨ-ਤੋੜ ਕੇ ਗਾਈ ਸੀ। ਤਦ ਸ੍ਰੀ ਜੱਜ ਨੇ ਸਰਤਾਜ ‘ਤੇ ਮੁਕੱਦਮਾ ਠੋਕ ਦਿੱਤਾ ਸੀ। ਸਰਤਾਜ ਨੇ ਮੁਆਫ਼ੀ ਮੰਗ ਕੇ ਜਾਨ ਛੁਡਾਈ ਸੀ।
ਇਹ ਵੀ ਸਭ ਨੂੰ ਪਤਾ ਹੈ ਕਿ ਹਰ ਛੋਟੀ ਬੜੀ ਕਿਤਾਬ ਦੇ ਆਰੰਭਲੇ ਪੰਨਿਆਂ ਉਤੇ ਇਹ ਸੂਚਨਾ ਜ਼ਰੂਰ ਛਪੀ ਹੁੰਦੀ ਹੈ ਕਿ ਸਭ ਹੱਕ ਲੇਖਕ/ਪ੍ਰਕਾਸ਼ਕ ਦੇ ਰਾਖਵੇਂ ਹਨ। ਕੀ ਸਿੱਖ ਸਾਹਿਤ ਦੇ ਹੱਕਾਂ ਦਾ ਕੋਈ ਵਾਲੀ-ਵਾਰਿਸ ਨਹੀਂ? ਕੋਈ ਵੀ ਉਠ ਕੇ ਪੁਰਾਤਨ ਰਚਨਾਵਾਂ ਵਿਚ ਮਨ-ਮਰਜ਼ੀ ਦੀ ਭੰਨ-ਤੋੜ ਕਰ ਸਕਦਾ ਹੈ? ਅੱਜ ਇਕ ਸਰਕਰਦਾ ‘ਅਕਾਲੀ’ ਨੇ ਇਸ ਸਵੱਈਏ ਵਿਚ ਅਰੁਣ ਜੇਤਲੀ ਦਾ ਨਾਂ ਜੋੜ ਕੇ ਬੋਲਿਆ ਹੈ, ਕੱਲ੍ਹ ਨੂੰ ਕੋਈ ਜੇਤਲੀ ਦੇ ਨਾਂ ਵਾਲੇ ਸਵੱਈਏ ਨੂੰ ਵੱਡੇ ਹੋਰਡਿੰਗ ‘ਤੇ ਲਿਖਵਾ ਦੇਵੇਗਾ! ਹੌਲੀ-ਹੌਲੀ ਕਿਤਾਬਾਂ ਵਿਚ ਵੀ ਛਪ ਸਕਦਾ ਹੈ। ਸਿੱਖ ਸਾਹਿਤ ਵਿਚ ਬੀਜੇ ਹੋਏ ਪਹਿਲੇ ਕੰਡੇ ਚੁਗਣ ਦਾ ਕੋਈ ਹੀਲਾ-ਵਸੀਲਾ ਬਣਦਾ ਦਿਖਾਈ ਨਹੀਂ ਦਿੰਦਾ, ਤੇ ਨਵਿਆਂ ਦੀ ਬਿਜਾਈ ਸ਼ੁਰੂ!
ਜੇ ਕਿਤੇ ਇਹੀ ਹਿਮਾਕਤ ਕਿਸੇ ਕਾਂਗਰਸੀ ਸਿੱਖ ਆਗੂ ਨੇ ਕੀਤੀ ਹੁੰਦੀ, ਫਿਰ ਵੱਖਰਾ ਹੀ ਨਜ਼ਾਰਾ ਹੋਣਾ ਸੀ। ਚਹੁੰ ਕੂੰਟਾਂ ‘ਚੋਂ ਉਸ ਨੂੰ ‘ਤਲਬ ਕਰੋ-ਤਲਬ ਕਰੋ’ ਦੀ ਘੂਕਰ ਮਚਣੀ ਸੀ। ਸਿੰਘ ਸਾਹਿਬਾਨ ਦੀਆਂ ਫੌਰਨ ਹੰਗਾਮੀ ਮੀਟਿੰਗਾਂ ਹੋ ਜਾਣੀਆਂ ਸਨ। ਪੁਤਲਾ ਸਾੜੂ ਬ੍ਰਿਗੇਡ ਨੇ ਧੂੰਆਂ-ਰਾਲੀ ਮਚਾ ਦੇਣੀ ਸੀ। ਪਾਵਨ ਬਾਣੀ ਨੂੰ ਤੋੜਨ-ਮਰੋੜਨ ਦਾ ਬੱਜਰ ਪਾਪ ਹੋਇਆ ਐਲਾਨਿਆ ਜਾਣਾ ਸੀ। ਪੰਥ ਵਿਚੋਂ ਛੇਕਣ ਤੱਕ ਦੀ ਨੌਬਤ ਲਿਆ ਦਿੱਤੀ ਜਾਣੀ ਸੀ।
ਪਰ ਹੁਣ ਕੀ ਹੋਵੇਗਾ? ਦੰਦੀਆਂ ਕਰੀਚਦੀਆਂ ਕੁਝ ਕੁ ਜਥੇਬੰਦੀਆਂ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ, ਮਜੀਠੀਏ ਖ਼ਿਲਾਫ਼ ਮੈਮੋਰੰਡਮ ਲੈ ਕੇ ਜਾਣਗੇ। ਹੋ ਸਕਦਾ ਹੈ ਕਿ ਸਿੰਘ ਸਾਹਿਬ ਜੀ ਦੀ ‘ਗੈਰ-ਹਾਜ਼ਰੀ’ ਵਿਚ ਉਨ੍ਹਾਂ ਦਾ ਕੋਈ ਸਹਾਇਕ ਮੈਮੋਰੰਡਮ ਫੜਨ ਦਾ ਦਲੇਰਾਨਾ ਕਾਰਜ ਕਰੇ। ਇਹ ਵੀ ਹੋ ਸਕਦਾ ਹੈ ਕਿ ਸਿੰਘ ਸਾਹਿਬ ਕੁੱਛੜ ਵਿਚੋਂ ਮੂੰਗਲੀ ਕੱਢਣ ਵਾਂਗ ਇਹ ਆਖ ਦੇਣ ਕਿ ਮਜੀਠੀਆ ਸਾਹਬ ਦਾ ਮੁਆਫ਼ੀਨਾਮਾ ਤਾਂ ਮੇਰੇ ਪਾਸ ਕਦੋਂ ਦਾ ਹੀ ਪਹੁੰਚ ਚੁੱਕਾ ਹੈ। ਫਿਰ ਵੀ ਸਿੱਖ ਜਥੇਬੰਦੀਆਂ ਦੇ ਰੋਹ ਦੀਆਂ ਅੱਖਾਂ ਪੂੰਝਣ ਵਾਸਤੇ ਉਹ ਵਾਅਦਾ ਕਰਨਗੇ ਕਿ ਬਹੁਤ ਜਲਦ ਹੀ ਪੰਜਾਂ ਜਥੇਦਾਰਾਂ ਦੀ ਹੰਗਾਮੀ ਮੀਟਿੰਗ ਸੱਦੀ ਜਾਵੇਗੀ ਜਿਸ ਵਿਚ ਇਸ ਗੰਭੀਰ ਮਸਲੇ ਬਾਰੇ ਸੋਚ-ਵਿਚਾਰ ਕੀਤੀ ਜਾਵੇਗੀ।
ਜਦੋਂ ਵੀ ਕਿਤੇ ਹੋਈ, ਇਸ ਸੋਚ-ਵਿਚਾਰ ਦਾ ਇਹ ਹੀ ਸਿੱਟਾ ਨਿਕਲੇਗਾ, ‘ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸ਼ ਮਜੀਠੀਏ ਵਾਲੇ ਮਾਮਲੇ ਦੀ ਜਾਂਚ ਪੜਤਾਲ ਵਾਸਤੇ ਸਬ ਕਮੇਟੀ ਦਾ ਗਠਨ ਕਰੇ!’ ਬਾਦਲ ਦਲ ਦੇ ਹਿੱਤਾਂ ਖਿਲਾਫ ਉਠੇ ਕਿਸੇ ਵੀ ਮਾਮਲੇ ‘ਤੇ ਸਬ ਕਮੇਟੀ ਬਣਾਉਣ ਦਾ ਅਸਲ ਅਰਥ ਹੁੰਦਾ ਹੈ, ‘ਸਭ ਕਾਸੇ ਉਤੇ ਮਿੱਟੀ ਪਾਉ!’
ਗ਼ੈਰ-ਸਿੱਖ ਹੁੰਦਿਆਂ ਵੀ ਸੱਚਾ ਪੰਜਾਬੀ ਹੋਣ ਨਾਤੇ ਮੁਦਕੀ ਸਭਰਾਵਾਂ ਦੀਆਂ ਜੰਗਾਂ ਵੇਲੇ ਗੱਜ-ਵੱਜ ਕੇ ਸਿੱਖਾਂ ਦੇ ਸੋਹਲੇ ਗਾਉਣ ਵਾਲਾ ਸ਼ਾਹ ਮੁਹੰਮਦ ਕਹਿ ਉਠਿਆ ਸੀ, ‘ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ!’ ਪਰ ਅੱਜ ਖੂਨ ਦੇ ਅੱਥਰੂ ਰੋ ਰਹੇ ਖਾਲਸਾ ਪੰਥ ਦੀ ਬੇਵਸੀ ਦੇਖਦਿਆਂ ਸ਼ਾਹ ਮੁਹੰਮਦ ਵੀ ਰੋ ਰਿਹਾ ਹੋਵੇਗਾ!
Leave a Reply