ਇਸ ਜਿੰਦੜੀ ਦਾ ਇਕੋ-ਇਕ ਗੇੜ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਦੇਖ ਬਾਈ! ਆਪਾਂ ਬਚਪਨ ਇਕੱਠਿਆਂ ਬਿਤਾਇਆ, ਤੂੰ ਮੇਰਾ ਜਿਗਰੀ ਯਾਰ ਐਂ, ਇਸ ਕਰ ਕੇ ਤੈਨੂੰ ਇਹ ਸਲਾਹ ਦਿੰਨਾਂ, ਜ਼ਮੀਨ ਦੀ ਵੰਡ-ਵੰਡਾਈ ਵਿਚ ਨਾ ਪੈ। ਇਥੋਂ ਦੇ ਹਲਾਤ ਮਾੜੇ ਨੇ, ਅਗਲੇ ਦਸ ਹਜ਼ਾਰ ਰੁਪਏ ਲੈ ਕੇ ਬੰਦਾ ਮਾਰ ਦਿੰਦੇ। ਚੁੱਪ ਕਰ ਕੇ ਜਿੱਥੋਂ ਆਇਆਂ, ਮੁੜ ਜਾਹ। ਤੇਰੇ ਬੱਚੇ ਤੇਰੇ ਕੋਲ ਨੇ, ਉਨ੍ਹਾਂ ਨਾਲ ਆਪਣੀ ਜ਼ਿੰਦਗੀ ਬਤੀਤ ਕਰ।” ਪਾਲੀ ਨੇ ਜਗਦੇਵ ਨੂੰ ਸਮਝਾਉਂਦਿਆਂ ਪੈਗ ਮੂੰਹ ਨੂੰ ਲਾ ਲਿਆ।
“ਪਾਲੀ! ਮੈਂ ਇਹ ਜ਼ਮੀਨ ਖੂਨ-ਪਸੀਨਾ ਵਹਾ ਕੇ ਖਰੀਦੀ ਸੀ। ਹੁਣ ਇਸ ਤਰ੍ਹਾਂ ਕਿਵੇਂ ਛੱਡ ਸਕਦਾ ਹਾਂ। ਨਾਲੇ ਕਹਿੰਦੇ ਨੇ ਕਿ ਬਾਦਲ ਸਰਕਾਰ ਨੇ ਪਰਵਾਸੀ ਪੰਜਾਬੀਆਂ ਵਾਸਤੇ ਸਪੈਸ਼ਲ ਥਾਣੇ ਬਣਾਏ ਹੋਏ ਨੇ। ਆਪਾਂ ਉਥੇ ਦਰਖ਼ਾਸਤ ਦੇ ਦਿੰਨੇ ਆਂ ਕਿ ਸਾਡੇ ਨਾਲ ਸਾਡਾ ਵੱਡਾ ਭਰਾ ਧੱਕਾ ਕਰਦੈ, ਸਾਡੀ ਜ਼ਮੀਨ ਨਹੀਂ ਦਿੰਦਾ।” ਜਗਦੇਵ ਨੇ ਕਿਹਾ।
“ਬਾਈ! ਥਾਣੇ ਕਿਹੜੇ? ਤੈਨੂੰ ਲੁੱਟ ਕੇ ਖਾ ਜਾਣਗੇ। ਸਭ ਕਹਿਣ ਦੀਆਂ ਗੱਲਾਂ ਨੇ। ਕਦੇ ਥਾਣਿਆਂ ਵਿਚੋਂ ਵੀ ਹੱਕ ਮਿਲੇ ਨੇ। ਲੋਕ ਤਾਂ ਉਪਰਲੀਆਂ ਅਦਾਲਤਾਂ ਵਿਚੋਂ ਵੀ ਰੋਂਦੇ ਨਿਕਲਦੇ ਨੇ। ਇਹ ਤੇਰਾ ਅਮਰੀਕਾ ਨਹੀਂ ਕਿ ਸਭ ਨੂੰ ਬਰਾਬਰੀ ਦਾ ਹੱਕ ਮਿਲਦਾ ਹੈ। ਇਹ ਹੁਣ ਪੰਜਾਬ ਨਹੀਂ, ਬਿਹਾਰ ਬਣ ਗਿਆæææ ਜਿਥੇ ਕਹਿੰਦੇ ਨੇ ‘ਜਿਸ ਕੀ ਲਾਠੀ ਉਸ ਕੀ ਭੈਂਸ।’ ਅਗਲਿਆਂ ਤੇਰੇ ਉਤੇ ਉਲਟਾ ਕੋਈ ਕੇਸ ਪਾ ਦੇਣਾ। ਫਿਰ ਭੁਗਤੀ ਜਾਈਂ ਤਰੀਕਾਂ।” ਪਾਲੀ ਜਿਵੇਂ ਦਿਲੋਂ ਬੋਲਦਾ ਹੋਵੇ।
“ਤੇਰਾ ਮਤਲਬ ਹੁਣ ਮੈਂ ਚਾਰ ਕਰੋੜ ਦੀ ਜ਼ਮੀਨ ਭਰਾ ਨੂੰ ਛੱਡ ਕੇ ਵਾਪਸ ਮੁੜ ਜਾਵਾਂ। ਜੱਟ ਤਾਂ ਵੱਟ ਜਿੰਨੀ ਜ਼ਮੀਨ ਨਹੀਂ ਛੱਡਦਾ, ਇਹ ਤਾਂ ਫਿਰ ਛੇ ਕਿੱਲੇ ਐ। ਮੈਂ ਤਾਂ ਸਾਰਿਆਂ ਨੂੰ ਫੂਕ ਦੂੰ।” ਜਗਦੇਵ ਦਾ ਗੁੱਸਾ ਭੜਕ ਗਿਆ।
“ਤੂੰ ਇਨ੍ਹਾਂ ਨੂੰ ਫੂਕ ਦਏਂਗਾ, ਤੇ ਆਪ ਜਾਈਂ ਜੇਲ੍ਹ ਅੰਦਰ, ਤੇ ਪਿੱਛੇ ਬੱਚੇ ਬਾਪੂ ਲੱਭਦੇ ਰਹਿਣ। ਬੱਲੇ ਉਏ ਸਿਆਣਿਆ ਤੇਰੀ ਅਕਲ ਦੇ।” ਪਾਲੀ ਨੇ ਖਾਲੀ ਗਲਾਸ ਦੁਬਾਰਾ ਭਰ ਲਏ।
“ਪਾਲੀ! ਜੱਟ ਜ਼ਮੀਨ ਤਾਂ ਨਹੀਂ ਛੱਡਦਾ, ਕੁਝ ਮਰਜ਼ੀ ਹੋ ਜਾਵੇ। ਸਵੇਰੇ ਇਕ ਪਾਸਾ ਕਰ ਕੇ ਹੀ ਸਾਹ ਲਵਾਂਗਾ।” ਜਗਦੇਵ ਨੇ ਉਤਰ ਦਿੱਤਾ।
ਜਗਦੇਵ ਅਤੇ ਸੁਖਦੇਵ ਦੋ ਭਰਾ ਸਨ। ਦੋਵਾਂ ਤੋਂ ਵੱਡੀ ਭੈਣ ਬਚਨੋ ਮਾਝੇ ਦੇ ਮਸ਼ਹੂਰ ਪਿੰਡ ਵਿਚ ਵਿਆਹੀ ਹੋਈ ਸੀ। ਜਗਦੇਵ ਮਸਾਂ ਬਾਰਾਂ ਸਾਲਾਂ ਦਾ ਸੀ, ਜਦੋਂ ਉਸ ਦੀ ਭੂਆ ਵਿਧਵਾ ਹੋ ਗਈ ਸੀ। ਫੁੱਫੜ ਦਾ ਪਤਾ ਹੀ ਨਹੀਂ ਲੱਗਾ ਕਿ ਉਸ ਦੀ ਮੌਤ ਦੇ ਕੀ ਕਾਰਨ ਸਨ। ਭੂਆ ਦੇ ਕੋਈ ਬੱਚਾ ਨਹੀਂ ਸੀ ਹੋਇਆ। ਸਹੁਰਿਆਂ ਨੇ ਜ਼ਮੀਨ ਦਾ ਅੱਧਾ ਹਿੱਸਾ ਦੇ ਕੇ ਪੇਕਿਆਂ ਵੱਲ ਤੋਰ ਦਿੱਤਾ। ਸਮੇਂ ਚੰਗੇ ਸੀ, ਭੂਆ ਦੀ ਆਪਣੇ ਭਰਾ ਤੇ ਭਰਜਾਈ ਨਾਲ ਬਹੁਤ ਬਣਦੀ ਸੀ। ਭੂਆ ਨੇ ਵੀ ਭਾਣਾ ਮੰਨ ਕੇ ਆਪਣੇ ਭਤੀਜਿਆਂ ਨੂੰ ਹੀ ਆਪਣੇ ਬੱਚੇ ਸਮਝਿਆ। ਭਰਜਾਈ ਨਾਲ ਕੰਮ ਕਰਵਾਉਂਦੀ ਦਾ ਸਮਾਂ ਬੀਤਦਾ ਗਿਆ। ਪਹਿਲਾਂ ਸੁਖਦੇਵ ਦਾ ਵਿਆਹ ਕਰ ਦਿੱਤਾ। ਉਸ ਦੀ ਵਹੁਟੀ ਵੀ ਚੰਗੇ ਖਾਨਦਾਨ ਦੀ ਧੀ ਸੀ, ਤੇ ਸਹੁਰੇ ਵੀ ਸਿਆਣੇ ਬੰਦੇ ਸਨ। ਵਹੁਟੀ ਵੀ ‘ਭੂਆ ਜੀ ਭੂਆ ਜੀ’ ਕਰਦੀ ਰਹਿੰਦੀ। ਜਗਦੇਵ ਵੀ ਦਸ ਜਮਾਤਾਂ ਪਾਸ ਕਰ ਕੇ ਦੋਧੀ ਦਾ ਕੰਮ ਕਰਨ ਲੱਗ ਪਿਆ। ਪਿੰਡਾਂ ਵਿਚੋਂ ਦੁੱਧ ਚਵਾ ਕੇ ਸ਼ਹਿਰ ਪਾ ਆਉਂਦਾ। ਸੁਖਦੇਵ ਖੇਤੀ ਦਾ ਕੰਮ ਕਰੀ ਜਾਂਦਾ ਤੇ ਜਗਦੇਵ ਦੁੱਧ ਦਾ। ਕਬੀਲਦਾਰੀ ਦੀ ਗੱਡੀ ਰਾਹੇ ਤੁਰੀ ਜਾ ਰਹੀ ਸੀ। ਮੱਸਫੁੱਟ ਜਗਦੇਵ ਦਾ ਦਿਲ ਲਾਗਲੇ ਪਿੰਡ ਦੀ ਕੁੜੀ ਚਰਨੀ ਨਾਲ ਵਟਾਇਆ ਗਿਆ। ਹਨ੍ਹੇਰੀਆਂ ਰਾਤਾਂ ਦੀਆਂ ਮੁਲਾਕਾਤਾਂ ਇਕ ਦਿਨ ਸਿਖ਼ਰ ਦੁਪਹਿਰਾ ਬਣ ਗਈਆਂ, ਤੇ ਕੁੜੀ ਦੇ ਮਾਪਿਆਂ ਨੂੰ ਪਤਾ ਲੱਗ ਗਿਆ। ਕੁੜੀ ਕਹੇ, ਜਗਦੇਵ ਬਿਨਾਂ ਮੈਂ ਬਚਦੀ ਨਹੀਂ, ਤੇ ਜਗਦੇਵ ਕਹੇ, ਮੈਂ ਚਰਨੀ ਬਿਨਾਂ ਕੁਝ ਖਾ ਕੇ ਮਰ ਜਾਵਾਂਗਾ। ਛੇ ਮਹੀਨਿਆਂ ਦੇ ਰੋਲੇ ਤੋਂ ਬਾਅਦ ਜਗਦੇਵ ਤੇ ਚਰਨੀ ਵਿਆਹ ਦੇ ਬੰਧਨ ਵਿਚ ਬੱਝ ਗਏ। ਵਿਆਹ ਤੋਂ ਕੁਝ ਦਿਨ ਬਾਅਦ ਪਿੰਡ ਦਾ ਕੋਈ ਬਜ਼ੁਰਗ ਜਗਦੇਵ ਨੂੰ ਮਿਲ ਕੇ ਕਹਿੰਦਾ, “ਪੁੱਤਰਾ ਜਿਉਂਦਾ ਰਹਿ, ਤੂੰ ਪਿੰਡ ਦੀ ਇੱਜ਼ਤ ਰੱਖ ਲਈ। ਉਹ ਇਕ ਲੈ ਕੇ ਗਏ ਸੀ, ਜੋ ਤੂੰ ਮੋੜ ਲਿਆਇਆ ਹੈਂ।”
“ਬਾਬਾ ਜੀ, ਮੈਂ ਸਮਝਿਆ ਨਹੀਂ?” ਜਗਦੇਵ ਨੇ ਕਿਹਾ।
“ਪੁੱਤਰਾ! ਅੱਜ ਤੋਂ ਵੀਹ ਸਾਲ ਪਹਿਲਾਂ ਉਸ ਪਿੰਡ ਦਾ ਦੋਧੀ ਲੰਬੜਾਂ ਦੀ ਧੀ ਨੂੰ ਪਟਾ ਕੇ ਲੈ ਗਿਆ ਸੀ। ਉਦੋਂ ਸਾਰੇ ਪਿੰਡ ਦੀ ਨੱਕ ਵੱਢ ਹੋਈ ਸੀ, ਤੇ ਅੱਜ ਤੂੰ ਸਾਡੇ ਪਿੰਡ ਦੀ ਰੁਲੀ ਹੋਈ ਇੱਜ਼ਤ ਫਿਰ ਸਿਰ ਰੱਖ ਦਿੱਤੀ ਹੈ।” ਸ਼ਾਬਾਸ਼ੇ ਕਹਿੰਦਾ ਬਾਬਾ ਅਗਾਂਹ ਤੁਰ ਗਿਆ।
ਫਿਰ ਜਗਦੇਵ ਵੀ ਹੌਲੀ-ਹੌਲੀ ਕਬੀਲਦਾਰੀ ਦੀ ਪੌੜੀ ਚੜ੍ਹਦਾ ਗਿਆ। ਪਹਿਲਾਂ ਪਰਮਾਤਮਾ ਨੇ ਪੁੱਤ ਦੀ ਦਾਤ ਬਖ਼ਸ਼ੀ, ਫਿਰ ਦੋ ਸਾਲਾਂ ਬਾਅਦ ਧੀ ਹੋ ਗਈ। ਜਗਦੇਵ ਨੇ ਹੁਣ ਸਾਇਕਲ ‘ਤੇ ਦੁੱਧ ਢੋਣਾ ਛੱਡ ਕੇ ਬੁਲਟ ਮੋਟਰ ਸਾਈਕਲ ਲੈ ਲਿਆ। ਤਰੱਕੀ ਨਾਲ ਜਾਨ ਵੀ ਸੁਖਾਲੀ ਹੋ ਗਈ ਤੇ ਸਾਰੇ ਦਿਨ ਦਾ ਕੰਮ ਕੁਝ ਘੰਟਿਆਂ ਵਿਚ ਹੀ ਹੋ ਜਾਂਦਾ ਪਰ ਮਾੜੀ ਕਿਸਮਤ! ਇਕ ਦਿਨ ਜਗਦੇਵ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਕਿ ਸੇਮ ਦੇ ਪੁਲ ‘ਤੇ ਦੋ ਸਿੰਘਾਂ ਨੇ ਜਗਦੇਵ ਨੂੰ ਰੋਕ ਕੇ ਮੋਟਰ ਸਾਈਕਲ ਦੀ ਮੰਗ ਕੀਤੀ। ਜਗਦੇਵ ਨੇ ਜਵਾਬ ਦੇ ਦਿੱਤਾ ਤਾਂ ਉਨ੍ਹਾਂ ਕੰਬਲੀਆਂ ਚੁੱਕ ਕੇ ਅਸਾਲਟਾਂ ਦਿਖਾ ਦਿੱਤੀਆਂ। ਜਗਦੇਵ ਨੇ ਮੋਟਰ ਸਾਈਕਲ ਦੇ ਦਿੱਤਾ। ਸ਼ਾਮ ਨੂੰ ਉਨ੍ਹਾਂ ਸਿੰਘਾਂ ਦਾ ਪੁਲਿਸ ਨਾਲ ਮੁਕਾਬਲਾ ਹੋ ਗਿਆ। ਉਹ ਮੋਟਰ ਸਾਈਕਲ ਛੱਡ ਕੇ ਦੌੜ ਗਏ, ਤੇ ਪੁਲਿਸ ਜਗਦੇਵ ਨੂੰ ਚੁੱਕ ਕੇ ਲੈ ਗਈ। ਚਾਰ ਦਿਨ ਜਗਦੇਵ ਦਾ ਪਤਾ ਹੀ ਨਾ ਲੱਗਿਆ ਕਿ ਉਹ ਕਿਹੜੇ ਥਾਣੇ ਵਿਚ ਹੈ। ਫਿਰ ਸੂਹ ਮਿਲੀ ਕਿ ਉਸ ਨੂੰ ਲੱਢਾ ਕੋਠੀ ਲੈ ਗਏ ਹਨ ਜਿਥੇ ਉਸ ਤੋਂ ਖਾੜਕੂਆਂ ਦੇ ਪਤੇ-ਟਿਕਾਣੇ ਪੁੱਛਣ ਲਈ ਉਸ ਉਤੇ ਤਸ਼ੱਦਦ ਹੋ ਰਿਹਾ ਹੈ। ਇਕ ਹਫ਼ਤੇ ਪਿੱਛੋਂ ਜਗਦੇਵ ਨੂੰ ਰਿਸ਼ਵਤ ਅਤੇ ਸਿਫਾਰਸ਼ ਨਾਲ ਪੁਲਿਸ ਹੱਥੋਂ ਛੁਡਾਇਆ ਗਿਆ। ਪਿੱਛੇ ਦਿਨਾਂ ਵਿਚ ਹੀ ਉਸ ਦੀ ਕੰਮ ਵਾਲੀ ਰੂਪ-ਰੇਖਾ ਵੀ ਟੇਢੀ ਹੋ ਗਈ। ਸਾਰਾ ਪਰਿਵਾਰ ਤਾਂ ਉਸ ਨੂੰ ਛੁਡਾਉਣ ਦੇ ਚੱਕਰਾਂ ਵਿਚ ਖਾਣਾ-ਪੀਣਾ ਭੁੱਲ ਗਿਆ ਸੀ। ਦੁੱਧ ਦੇ ਕੰਮ ਦੀ ਕਿਸ ਨੂੰ ਸੋਝੀ ਰਹਿਣੀ ਸੀ!
ਜਗਦੇਵ ਮਸਾਂ ਮਹੀਨੇ ਬਾਅਦ ਤੁਰਨ ਵਾਲਾ ਹੋਇਆ। ਮਾੜੀ ਕਿਸਮਤ, ਪਿੰਡ ਵਿਚ ਫਿਰ ਸਿੰਘਾਂ ਨੇ ਇਕ ਮੁਖਬਰ ਨੂੰ ਗੱਡੀ ਚਾੜ੍ਹ ਦਿੱਤਾ। ਜਗਦੇਵ ਨੂੰ ਪੁਲਿਸ ਨੇ ਦੁਬਾਰਾ ਚੁੱਕ ਲਿਆ ਤੇ ਤਸ਼ੱਦਦ ਕੀਤਾ। ਚਾਰ ਦਿਨਾਂ ਬਾਅਦ ਜਗਦੇਵ ਫਿਰ ਘਰ ਮੁੜਿਆ। ਜਦੋਂ ਜਗਦੇਵ ਨੂੰ ਥਾਣੇ ਵਿਚੋਂ ਬਾਹਰ ਲਿਆਉਣ ਲੱਗੇ ਤਾਂ ਥਾਣੇਦਾਰ ਕਹਿੰਦਾ, “ਬਾਪੂ! ਹੁਣ ਪੁੱਤ ਨੂੰ ਪਿੰਡ ਨਾ ਰੱਖੀਂ। ਬਾਹਰ ਕੱਢ ਦੇ। ਨਹੀਂ ਤਾਂ ਅਗਲੀ ਵਾਰੀ ਪੁੱਤ ਦੀ ਥਾਂ ਪੁੱਤ ਦੇ ਕੱਪੜੇ ਹੀ ਮਿਲਣਗੇ।”
ਜਗਦੇਵ ਦੇ ਬਾਪੂ ਨੇ ਅੱਖਾਂ ਭਰਦਿਆਂ ਕਿਹਾ, “ਪੁੱਤ ਜਿਉਂਦਾ ਰਹਿæææਅਸੀਂ ਕੋਸ਼ਿਸ਼ ਕਰਾਂਗੇ।”
ਜਗਦੇਵ ਨੂੰ ਘਰ ਲਿਆ ਕੇ ਉਸ ਦਾ ਇਲਾਜ ਕਰਵਾਇਆ। ਫਿਰ ਬਾਹਰ ਤੋਰਨ ਦੀ ਵਿਉਂਤ ਸ਼ੁਰੂ ਹੋਈ। ਜੋ ਰੁਪਇਆ ਕਮਾਇਆ ਸੀ, ਉਹ ਜਗਦੇਵ ਦੇ ਚੱਕਰਾਂ ਵਿਚ ਪੁਲਿਸ ਲੈ ਗਈ ਸੀ। ਰੁਪਏ ਤਾਂ ਹੁਣ ਜ਼ਮੀਨ ਬੈਅ ਕਰ ਕੇ ਹੀ ਮਿਲ ਸਕਦੇ ਸਨ। ਜਦੋਂ ਜ਼ਮੀਨ ਵੇਚਣ ਦੀ ਗੱਲ ਤੁਰੀ ਤਾਂ ਸੁਖਦੇਵ ਨੇ ਰੌਲਾ ਪਾ ਲਿਆ ਕਿ ਮੈਂ ਜ਼ਮੀਨ ਨਹੀਂ ਵੇਚਣ ਦੇਣੀ। ਜ਼ਮੀਨ ਵੇਚਣ ਨਾਲ ਪਿੰਡ ਵਿਚ ਮਾਸਾ ਇੱਜ਼ਤ ਨਹੀਂ ਰਹਿਣੀ।
ਫਿਰ ਜਗਦੇਵ ਦੀ ਭੂਆ ਨੇ ਆਪਣੀ ਜ਼ਮੀਨ ਵੇਚ ਕੇ ਜਗਦੇਵ ਨੂੰ ਬਾਹਰ ਤੋਰਨ ਦਾ ਜ਼ਿੰਮਾ ਲਿਆ। ਜਗਦੇਵ ਤਿੰਨ ਮਹੀਨਿਆਂ ਵਿਚ ਅਮਰੀਕਾ ਆ ਗਿਆ। ਸਾਰੇ ਪਰਿਵਾਰ ਨੇ ਸ਼ੁਕਰ ਮਨਾਇਆ ਕਿ ਉਹਦੀ ਜਾਨ ਬਚ ਗਈ। ਜਗਦੇਵ ਦੇ ਹੱਡਾਂ ਵਿਚ ਪੁਲਿਸ ਦੀ ਕੁੱਟ ਰੜਕਦੀ ਰਹਿੰਦੀ। ਤਿੰਨ ਮਹੀਨੇ ਕਿਸੇ ਕੋਲ ਰਹਿ ਕੇ ਉਹ ਕਿਸੇ ਪੰਜਾਬੀ ਰੈਸਟੋਰੈਂਟ ‘ਤੇ ਲੱਗ ਗਿਆ। ਜੋ ਕੁਝ ਹੋਇਆ, ਉਸ ਨੂੰ ਭਾਣਾ ਮੰਨਦਾ ਹੋਇਆ ਜਗਦੇਵ ਕੰਮ ਵਿਚ ਜੁਟ ਗਿਆ। ਕਈ ਸਾਲ ਤਾਂ ਜਗਦੇਵ ਰੈਸਟੋਰੈਂਟ ‘ਤੇ ਹੀ ਕੰਮ ਕਰਦਾ ਰਿਹਾ। ਡਾਲਰ ਤਾਂ ਬਣਦੇ ਸੀ, ਪਰ ਉਹ ਪੇਪਰ ਬਣਾਉਣ ਲਈ ਵੀ ਕਾਹਲਾ ਪੈਣ ਲੱਗਿਆ। ਰਿਫਿਊਜੀ ਕੇਸ ਫਾਇਲ ਕਰ ਦਿੱਤਾ। ਵਰਕ ਪਰਮਿਟ ਮਿਲਣ ‘ਤੇ ਰੈਸਟੋਰੈਂਟ ਦੇ ਮਾਲਕ ਨੇ ਤਨਖਾਹ ਵਧਾਉਣ ਦੇ ਨਾਲ-ਨਾਲ ਉਸ ਨੂੰ ਕੁੱਕ ਵੀ ਬਣਾ ਦਿੱਤਾ। ਕੇਸ ਵੀ ਦਿਨਾਂ ਨਾਲ ਅਗਾਂਹ ਤੁਰਦਾ ਗਿਆ। ਜਗਦੇਵ ਨੇ ਪਿੱਛੇ ਵਧੀਆ ਕੋਠੀ ਪਾ ਦਿੱਤੀ ਸੀ ਅਤੇ ਛੇ ਕਿੱਲੇ ਜ਼ਮੀਨ ਬੈਅ ਖਰੀਦ ਲਈ ਸੀ। ਭੂਆ ਦੀ ਵੇਚੀ ਜ਼ਮੀਨ ਦੇ ਰੁਪਏ ਵੀ ਭੂਆ ਦੇ ਨਾਮ ਬੈਂਕ ਵਿਚ ਜਮ੍ਹਾਂ ਕਰਵਾ ਦਿੱਤੇ। ਜਗਦੇਵ ਨੂੰ ਪਿੰਡੋਂ ਆਇਆਂ ਦਸ ਸਾਲ ਹੋ ਗਏ ਸਨ, ਪਰ ਅਜੇ ਵਾਪਸ ਜਾਣ ਦਾ ਕੋਈ ਓਹੜ-ਪੁਹੜ ਨਹੀਂ ਸੀ ਬਣ ਸਕਿਆ।
ਪਰਿਵਾਰ ਨੂੰ ਵਿਛੋੜਾ ਤਾਂ ਪਿਆ ਸੀ, ਪਰ ਇਸ ਵਿਛੋੜੇ ਨੇ ਪਰਵਾਰ ਨੂੰ ਬਹੁਤ ਸੁਖਾਲਾ ਕਰ ਦਿੱਤਾ ਸੀ। ਹੁਣ ਤਾਂ ਸੁਖਦੇਵ ਵੀ ਨੀਲੀ ਪੱਗ ਬੰਨ੍ਹ ਕੇ ਜਥੇਦਾਰ ਬਣ ਗਿਆ ਸੀ। ਸੁਖਦੇਵ ਦੇ ਪੁੱਤ ਧੀ ਵੀ ਵੱਡੇ ਹੋ ਰਹੇ ਸੀ। ਬੱਸ, ਮਾਂ-ਬਾਪ ਜਗਦੇਵ ਨੂੰ ਮਿਲਣ ਲਈ ਤਰਸ ਰਹੇ ਸਨ। ਅਖੀਰ ਤੇਰਾ ਸਾਲਾਂ ਬਾਅਦ ਜਗਦੇਵ ਦੇ ਰੋਂਦੇ ਮੁੱਖ ‘ਤੇ ਖੁਸ਼ੀ ਨੱਚਣ ਲੱਗ ਪਈ, ਜਦੋਂ ਉਸ ਦਾ ਰਿਫਿਊਜੀ ਕੇਸ ਪਾਸ ਹੋ ਗਿਆ। ਇਕ ਸਾਲ ਬਾਅਦ ਚਰਨੀ ਦੋਵੇਂ ਬੱਚੇ ਲੈ ਕੇ ਨਿਊ ਯਾਰਕ ਏਅਰਪੋਰਟ ‘ਤੇ ਆ ਗਈ।
ਬੀਤਿਆ ਸਮਾਂ ਝੱਟ ਭੁੱਲ ਗਿਆ। ਪਰਿਵਾਰ ਦੇ ਮਿਲਾਪ ਨੇ ਵਿਛੋੜੇ ਦੇ ਜ਼ਖ਼ਮਾਂ ‘ਤੇ ਮਲ੍ਹਮ ਲਾ ਦਿੱਤੀ। ਜਗਦੇਵ ਖੁਸ਼ੀ ਵਿਚ ਜੈਕਾਰੇ ਲਾਉਣ ਲੱਗਿਆ। ਪਰਿਵਾਰ ਵਿਚ ਰਹਿੰਦਿਆਂ ਪਤਾ ਹੀ ਨਾ ਲੱਗਿਆ, ਕਦੋਂ ਪੰਜ ਸਾਲ ਹੋਰ ਬੀਤ ਗਏ। ਜਦੋਂ ਗਰੀਨ ਕਾਰਡ ਮਿਲਿਆ, ਤਾਂ ਜਗਦੇਵ ਨੂੰ ਇਥੇ ਆਇਆਂ ਵੀਹ ਸਾਲ ਹੋ ਗਏ ਸਨ। ਉਹ ਵੀਹ ਸਾਲਾਂ ਬਾਅਦ ਪਿੰਡ ਜਾਣ ਲੱਗਿਆ ਤਾਂ ਬਾਪੂ ਦੇ ਸੁਰਗਵਾਸ ਹੋਣ ਦੀ ਖਬਰ ਮਿਲ ਗਈ। ਜਗਦੇਵ ਬਾਪੂ ਨੂੰ ਮਿਲ ਨਾ ਸਕਿਆ। ਪਹਿਲੇ ਗੇੜੇ ਉਹ ਵੀਹ ਦਿਨ ਪਿੰਡ ਰਹਿ ਕੇ ਵਾਪਸ ਆ ਗਿਆ ਸੀ। ਅਗਲੇ ਸਾਲ ਫਿਰ ਪਿੰਡ ਗਿਆ ਤਾਂ ਭਰਾ ਨਾਲ ਜ਼ਮੀਨ ਵੰਡਣ ਦੀ ਗੱਲ ਕੀਤੀ। ਕਈ ਦਿਨ ਤਾਂ ਸੁਖਦੇਵ ਨੇ ਗੱਲ ਵੱਲ ਧਿਆਨ ਹੀ ਨਾ ਦਿੱਤਾ। ਫਿਰ ਭੂਆ ਰਾਹੀਂ ਅਖਵਾਇਆ। ਭੂਆ ਨੇ ਵੀ ਸੁਖਦੇਵ ਨੂੰ ਕਿਹਾ ਕਿ ਦੋਵਾਂ ਮੋਟਰਾਂ ਵਿਚੋਂ ਇਕ ਜਗਦੇਵ ਨੂੰ ਦੇ ਦੇ, ਪਰ ਸੁਖਦੇਵ ਦੋਵਾਂ ਮੋਟਰਾਂ ਤੋਂ ਕਬਜ਼ਾ ਨਹੀਂ ਸੀ ਛੱਡਣਾ ਚਾਹੁੰਦਾ। ਉਪਰੋਂ ਜ਼ਮੀਨਾਂ ਦੇ ਭਾਅ ਅਸਮਾਨੀ ਚੜ੍ਹ ਗਏ ਸਨ। ਫਿਰ ਇਕ ਦਿਨ ਦੋਵਾਂ ਭਰਾਵਾਂ ਦੀ ਤੂੰ-ਤੂੰ, ਮੈਂ-ਮੈਂ ਹੋ ਗਈ। ਕੰਮ ਖਰਾਬ ਹੁੰਦਾ ਦੇਖ ਸੁਖਦੇਵ ਨੇ ਜਗਦੇਵ ਦੇ ਬਚਪਨ ਦੇ ਯਾਰ ਪਾਲੀ ਨੂੰ ਸੱਦ ਕੇ ਸਮਝਾਇਆ ਕਿ ਆਪਣੇ ਯਾਰ ਨੂੰ ਸਮਝਾਵੇ।
ਪਾਲੀ ਹੁਣ ਜਗਦੇਵ ਨੂੰ ਸਮਝਾ ਰਿਹਾ ਸੀ, “ਬਾਈ! ਤੇਰੇ ਭਰਾ ਦੀ ਸਰਕਾਰੇ-ਦਰਬਾਰੇ ਬੜੀ ਪੁੱਛ-ਪ੍ਰਤੀਤ ਐ। ਹੋਰ ਨਾ ਕਿਸੇ ਕੇਸ ਵਿਚ ਤੈਨੂੰ ਫਸਾ ਦੇਵੇ।” ਪਾਲੀ ਨੇ ਪੈਗ ਖਾਲੀ ਕਰਦਿਆਂ ਕਿਹਾ।
ਜਗਦੇਵ ਨਾ ਮੰਨਿਆ। ਅਗਲੇ ਦਿਨ ਪਿੰਡ ਦੇ ਚਾਰ ਬੰਦੇ ਲੈ ਕੇ ਐਨæਆਰæਆਈæ ਥਾਣੇ ਵਿਚ ਰਿਪੋਰਟ ਦਰਜ ਕਰਵਾ ਆਇਆ। ਮੋਟੀ ਰਕਮ ਲੈ ਕੇ ਅਗਲਿਆ ਚਾਰ ਅੱਖਰ ਲਿਖੇ। ਜਦੋਂ ਪੁਲਿਸ ਵਾਲੇ ਸੁਖਦੇਵ ਸਿੰਘ ਘਰ ਆਏ ਤਾਂ ਸੁਖਦੇਵ ਨੇ ਕਿਸੇ ਮੰਤਰੀ ਦਾ ਕਾਰਡ ਦਿਖਾ ਦਿੱਤਾ। ਉਹ ਉਨ੍ਹੀਂ ਪੈਰੀਂ ਵਾਪਸ ਮੁੜ ਗਏ। ਹੁਣ ਸੁਖਦੇਵ ਨੇ ਵੀ ਚਾਲ ਚੱਲੀ। ਪੰਜ-ਚਾਰ ਪਾਸਪੋਰਟ ਇਕੱਠੇ ਕਰ ਕੇ ਜਗਦੇਵ ਦੇ ਕਮਰੇ ਵਿਚ ਰੱਖ ਦਿੱਤੇ, ਤੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਆਹ ਬੰਦਾ ਗੈਰ-ਕਾਨੂੰਨੀ ਢੰਗ ਨਾਲ ਬੰਦੇ ਬਾਹਰ ਲਿਜਾਂਦਾ ਹੈ। ਪੁਲਿਸ ਆਈ ਤਾਂ ਜਗਦੇਵ ਨੂੰ ਫੜ ਕੇ ਲੈ ਗਈ। ਉਹਨੂੰ ਛੁਡਾਉਣ ਚਰਨੀ ਦੇ ਮਾਪੇ ਥਾਣੇ ਪਹੁੰਚੇ। ਬਾਹਰ ਆਇਆ ਤਾਂ ਸੁਖਦੇਵ ਨਾਲ ਲੜਿਆ। ਸੁਖਦੇਵ ਕਹਿੰਦਾ, ‘ਇਹ ਤਾਂ ਤੈਨੂੰ ਟਰੇਲਰ ਹੀ ਦਿਖਾਇਆæææਜੇ ਤੂੰ ਨਾ ਸਮਝਿਆ ਤਾਂ ਪੂਰੀ ਫਿਲਮ ਦਿਖਾਊਂਗਾ। ਫਿਰ ਮੁੜ ਕੇ ਇੰਡੀਆ ਵੱਲ ਮੂੰਹ ਤਾਂ ਕੀ, ਪਿੱਠ ਵੀ ਨਹੀਂ ਕਰਦਾ।’ ਚਰਨੀ ਦੇ ਮਾਪਿਆਂ ਅਤੇ ਪਾਲੀ ਦੇ ਸਮਝਾਉਣ ‘ਤੇ ਜਗਦੇਵ ਮਾਂ ਅਤੇ ਭੂਆ ਨੂੰ ਆਖਰੀ ਫਤਹਿ ਬੁਲਾ ਕੇ ਘਰੋਂ ਨਿਕਲਦਾ ਬੋਲਿਆ, “ਮਾਂ! ਇਕ ਦਿਨ ਪਿੰਡ ਛੱਡਿਆ ਸੀ, ਬੇਗਾਨੇ ਪੁੱਤਾਂ ਦੀ ਕੁੱਟ ਤੋਂ ਬਚਣ ਲਈ; ਪਰ ਅੱਜ ਪਿੰਡ ਛੱਡਦਾ ਹਾਂ ਤੇਰੇ ਪੁੱਤ ਦੀ ਕੁੱਟ ਤੋਂ ਬਚਣ ਲਈ। ਹੁਣ ਆਖਰੀ ਵਾਰ ਦੇ ਮੇਲੇ ਆ।” ਜਗਦੇਵ ਦਿੱਲੀ ਤੱਕ ਰੋਂਦਾ ਆਇਆ।
ਜਗਦੇਵ ਨੂੰ ਇਥੇ ਆਇਆਂ ਅਜੇ ਅੱਠ ਮਹੀਨੇ ਹੋਏ ਸਨ ਕਿ ਪਿੰਡੋਂ ਕਿਸੇ ਨੇ ਫੋਨ ਕੀਤਾ ਕਿ ਸੁਖਦੇਵ ਦਾ ਮੁੰਡਾ ਨਸ਼ੇ ਦੀ ਵਾਧ-ਘਾਟ ਕਰ ਕੇ ਸੁਰਗਵਾਸ ਹੋ ਗਿਆ। ਸੁਖਦੇਵ ਆਪਣੇ ਵਾਲ ਆਪ ਹੀ ਪੁੱਟੀ ਜਾਂਦਾ ਹੈ। ਜਗਦੇਵ ਨੂੰ ਭਤੀਜੇ ਦੀ ਮੌਤ ਦਾ ਬਹੁਤ ਦੁੱਖ ਹੋਇਆ, ਪਰ ਕਈ ਵਾਰ ਤੀਰਾਂ ਦੇ ਦਿੱਤੇ ਜ਼ਖਮ ਤਾਂ ਭਰ ਜਾਂਦੇ ਹਨ, ਪਰ ਵੀਰਾਂ ਦੇ ਦਿੱਤੇ ਜ਼ਖ਼ਮ ਸਾਰੀ ਉਮਰ ਨਹੀਂ ਭਰਦੇ। ਜਗਦੇਵ ਨੇ ਅੱਖਾਂ ਗਿੱਲੀਆਂ ਕਰ ਕੇ ਭਤੀਜੇ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ। ਜਗਦੇਵ ਸੋਚਦਾ ਕਿ ਇਕ ਦਿਨ ਮੈਂ ਘਰੋਂ ਪੈਰ ਪੁੱਟਿਆ ਸੀ ਕਿ ਸਾਡਾ ਘਰ ਨਾ ਪੱਟ ਹੋ ਜਾਵੇ, ਤੇ ਅੱਜ ਬਾਈ ਸਾਲ ਬਾਅਦ ਵੀ ਉਹੀ ਹੋਇਆ। ਘਰੋਂ ਗੱਭਰੂ ਪੁੱਤ ਦੀ ਅਰਥੀ ਤੁਰ ਗਈ। ਜ਼ਮੀਨ-ਜਾਇਦਾਦਾਂ ਇਥੇ ਹੀ ਰਹਿ ਜਾਣਗੀਆਂ। ਜੋ ਨਾਲ ਜਾਣਾ ਹੈ, ਉਸ ਪਰਮਾਤਮਾ ਦਾ ਨਾਮ ਧਿਆਉਂਦੇ ਨਹੀਂ। ਹੰਕਾਰ ਦੀ ਝੱਗ ਖਿਲਾਰਦੇ ਰਹਿੰਦੇ ਹਾਂ।

Be the first to comment

Leave a Reply

Your email address will not be published.