ਚੰਡੀਗੜ੍ਹ: ਜਲੰਧਰ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਬਿਲਗਾ ਕਦੇ ਗ਼ਦਰੀ ਬਾਬਿਆਂ ਦੀ ਭੂਮੀ ਵਜੋਂ ਜਾਣਿਆ ਜਾਂਦਾ ਸੀ ਪਰ ਅੱਜ ਨਸ਼ਿਆਂ ਦੇ ਵਪਾਰ ਵਿਚ ਅੱਗੇ ਜਾਣ ਕਰਕੇ ਬਦਨਾਮੀ ਖੱਟ ਰਿਹਾ ਹੈ। ਵੱਖ-ਵੱਖ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਬਿਲਗਾ ਥਾਣੇ ਵਿਚ ਪੈਂਦੇ 35 ਪਿੰਡਾਂ ਵਿਚ ਪਿਛਲੇ ਇਕ ਸਾਲ ਦੌਰਾਨ 70 ਦੇ ਤਕਰੀਬਨ ਨੌਜਵਾਨ ‘ਚਿੱਟਾ’ ਖਾਣ ਦੇ ਆਦੀ ਹੋਣ ਕਾਰਨ ਮੌਤ ਦੇ ਮੂੰਹ ਜਾ ਪਏ ਹਨ।
ਸੂਚਨਾ ਮੁਤਾਬਕ ਇਕੱਲੇ ਪਿੰਡ ਬਿਲਗਾ ਵਿਚ ਹੀ ਪਿਛਲੇ ਅੱਠ ਮਹੀਨਿਆਂ ਦੌਰਾਨ 18 ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਏ ਹਨ। ‘ਚਿੱਟਾ’ ਇਕ ਨਸ਼ੀਲਾ ਪਾਊਡਰ ਹੈ ਜਿਸ ਦੇ ਖਾਣ ਨਾਲ ਇਕ ਵਾਰ ਨਸ਼ਾ ਤਾਂ ਆਉਂਦਾ ਹੈ ਪਰ ਇਹ ਨਸ਼ਾ ਏਨਾ ਮਾਰੂ ਹੈ ਕਿ ਇਕ ਵਾਰ ਜਿਸ ਨੂੰ ਇਸ ਦੀ ਲਤ ਲੱਗ ਗਈ, ਫਿਰ ਉਸ ਲਈ ਖਹਿੜਾ ਛੁਡਾਉਣਾ ਮੁਸ਼ਕਲ ਹੈ ਤੇ ਦੂਜਾ ਇਸ ਨੂੰ ਖਾਣ ਵਾਲਾ ਛੇ ਕੁ ਮਹੀਨੇ ਦਾ ਪ੍ਰਾਹੁਣਾ ਹੁੰਦਾ ਹੈ।
ਪਿੰਡ ਦੇ ਲੋਕ ਕਹਿ ਰਹੇ ਸਨ ਕਿ ਪਹਿਲਾਂ ਲੋਕ ਅਫੀਮ, ਪੋਸਤ ਜਾਂ ਭੁੱਕੀ ਆਦਿ ਖਾਂਦੇ ਸਨ। ਇਹ ਨਸ਼ਾ ਕਰਨ ਨਾਲ ਲੋਕਾਂ ਵਿਚ ਜਾਨ ਲਾ ਕੇ ਕੰਮ ਕਰਨ ਦੀ ਸ਼ਕਤੀ ਵਧਦੀ ਸੀ ਤੇ ਇਹ ਨਸ਼ੇ ਜਿਸਮਾਨੀ ਤੌਰ ‘ਤੇ ਇਕਦਮ ਵੱਡਾ ਨੁਕਸਾਨ ਨਹੀਂ ਸਨ ਕਰਦੇ ਪਰ ਹੁਣ ਜਿਹੜੇ ਕੈਮੀਕਲ ਨਸ਼ੇ ਖਾਸ ਤੌਰ ‘ਤੇ ਚਿੱਟਾ ਪਾਊਡਰ ਆ ਗਿਆ ਹੈ, ਪਹਿਲੀ ਗੱਲ ਤਾਂ ਇਸ ਦਾ ਸੇਵਨ ਕਰਨ ਵਾਲਾ ਕੰਮ ਕਰਨ ਦੇ ਯੋਗ ਹੀ ਨਹੀਂ ਰਹਿੰਦਾ ਤੇ ਦੂਜਾ ਕੁਝ ਸਮੇਂ ਵਿਚ ਹੀ ਇਹ ਨਸ਼ਾ ਕਿਡਨੀ ਤੇ ਲੀਵਰ ਉੱਪਰ ਅਸਰ ਕਰਨ ਲੱਗ ਜਾਂਦਾ ਹੈ ਤੇ ਇਹੀ ਕਾਰਨ ਹੈ ਕਿ ਛੇ ਮਹੀਨਿਆਂ ਵਿਚ ਹੀ ਨਸ਼ੇ ਦੇ ਆਦੀ ਰੱਬ ਨੂੰ ਪਿਆਰੇ ਹੋਣ ਲੱਗਦੇ ਹਨ।
ਬਿਲਗਾ ਵਾਸੀ 75 ਸਾਲਾ ਬਜ਼ੁਰਗ ਔਰਤ ਕ੍ਰਿਸ਼ਨਾ ਨੇ ਦੱਸਿਆ ਕਿ ਉਸ ਦਾ 23 ਸਾਲ ਦਾ ਪੋਤਰਾ ਦੁਬਈ ਤੋਂ ਆਇਆ ਸੀ ਤੇ ਇਥੇ ਆ ਕੇ ਅਜਿਹੀ ਮਾੜੀ ਸੰਗਤ ਵਿਚ ਪਿਆ ਕਿ ਜਾਨ ਤੋਂ ਹੱਥ ਧੋ ਬੈਠਾ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਕ ਕਲਾਸ ਵਨ ਅਧਿਕਾਰੀ ਦਾ ਇਕਲੌਤਾ ਲੜਕਾ ਵੀ ਅਜਿਹਾ ‘ਚਿੱਟੇ’ ਦੇ ਮਗਰ ਲੱਗਾ ਕਿ ਇਕ ਦਿਨ ਵਿਲਕਦੇ ਮਾਪਿਆਂ ਨੂੰ ਉਸ ਦੀ ਲਾਸ਼ ਖੇਤਾਂ ਵਿਚ ਪਈ ਮਿਲੀ। ਇਕ-ਇਕ ਕਰਕੇ ਬਿਲਗਾ ਪਿੰਡ ਦੇ ਲੋਕ 18 ਬਦਨਸੀਬ ਪਰਿਵਾਰਾਂ ਦੀ ਕਹਾਣੀ ਬਿਆਨ ਕਰਦੇ ਹਨ। ਮੁਆਈ ਪਿੰਡ ਵਿਚ ਅਜਿਹੀਆਂ ਤਿੰਨ ਮੌਤਾਂ ਹੋਈਆਂ ਦੱਸੀਆਂ ਜਾਂਦੀਆਂ ਹਨ।
ਕਾ: ਸੰਤੋਖ ਸਿੰਘ ਨੇ ਦੱਸਿਆ ਕਿ 7 ਅਪਰੈਲ ਨੂੰ ਇਕ ਦਿਨ ਵਿਚ ਹੀ ਤਿੰਨ ਮੌਤਾਂ ਹੋਈਆਂ। ਬਿਲਗਾ ਪਿੰਡ ਦੇ ਸਾਬਕਾ ਫੌਜੀ ਤੇ ਸੇਵਾਮੁਕਤ ਅਧਿਆਪਕ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਤੇ ਰਾਜਸੀ ਲੋਕਾਂ ਦੀ ਮਿਲੀਭੁਗਤ ਨਾਲ ਸ਼ਰੇਆਮ ਨਸ਼ੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ‘ਚਿਟਾ’ ਖਾਣ ਵਾਲਿਆਂ ਨੂੰ ਤਾਂ ਪੁਲਿਸ ਫੜਦੀ ਰਹਿੰਦੀ ਹੈ ਪਰ ਵੇਚਣ ਵਾਲਿਆਂ ਨੂੰ ਕਦੇ ਹੱਥ ਨਹੀਂ ਪਾਇਆ। ਬਿਲਗਾ ਦੇ ਦੁਕਾਨਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਨਸ਼ਿਆਂ ਦੇ ਇਸ ਕੋਹੜ ਨੇ ਪਹਿਲਾਂ-ਪਹਿਲ ਬਹੁਤਾ ਕਰਕੇ ਦਲਿਤਾਂ ਨੂੰ ਆਪਣੇ ਕਲਾਵੇ ਵਿਚ ਲਿਆ, ਫਿਰ ਜੱਟਾਂ ਦੇ ਘਰਾਂ ਵਿਚ ਆ ਵੜਿਆ ਤੇ ਹੁਣ ਤਾਂ ਮਹਾਜਨਾਂ ਦੇ ਘਰਾਂ ਅੱਗੇ ਵੀ ਦਸਤਕ ਦੇਣ ਲੱਗ ਪਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਚਿੰਤਾ ਚਲੇ ਗਏ 70 ਨੌਜਵਾਨਾਂ ਦੀ ਨਹੀਂ ਸਗੋਂ ਉਨ੍ਹਾਂ ਦੇ ਪਿੱਛੇ 700 ਨੌਜਵਾਨਾਂ ਦੀ ਲੱਗੀ ਹੋਰ ਕਤਾਰ ਦੀ ਹੈ। ਪਿੰਡਾਂ ਦੇ ਲੋਕ ਸ਼ਰੇਆਮ ਨਸ਼ੇ ਵੇਚਣ ਵਾਲਿਆਂ ਦਾ ਨਾਂ ਲੈਂਦੇ ਹਨ। ਯੂਥ ਅਕਾਲੀ ਦਲ ਦਾ ਇਕ ਆਗੂ ਨਸ਼ਿਆਂ ਦੇ ਵਪਾਰ ਵਿਚ ਮੋਹਰੀ ਦੱਸਿਆ ਜਾਂਦਾ ਹੈ। ਸਿਆਸੀ ਸਰਪ੍ਰਸਤੀ ਤੇ ਪੁਲਿਸ ਦੀ ਸਾਂਠ-ਗਾਂਠ ਨਾਲ ਨਸ਼ੇ ਦੇ ਪਸਰਦੇ ਪੈਰਾਂ ਤੋਂ ਲੋਕ ਭੈਅਭੀਤ ਹਨ।
Leave a Reply