ਬਲਜੀਤ ਬਾਸੀ
ਮੇਰੇ ਪਿੰਡ ਸਾਡੇ ਘਰ ਨੂੰ ਜਾਂਦੀ ਬੀਹੀ ਦੇ ਸਿਰੇ ‘ਤੇ ਇਕ ਛੋਟੀ ਜਿਹੀ ਹੱਟੀ ਹੁੰਦੀ ਸੀ ਜਿਸ ਨੂੰ ਇੱਛਿਆ ਤੇ ਇਸ਼ਨੀ ਨਾਂ ਦੇ ਦੋ ਬ੍ਰਾਹਮਣ ਭਰਾ ਚਲਾਉਂਦੇ ਸਨ। ਚਲਾਉਂਦੇ ਕਾਹਦੇ ਸਨ, ਸਮਝੋ ਚਲਦਾ ਕਰਦੇ ਸਨ। ਹੱਟੀ ਦੇ ਸਾਹਮਣੇ ਜਿਹੇ ਇਕ ਕੱਚੇ ਕੋਠੇ ਦੀ ਛੱਤ ਉਤੇ ਉਨ੍ਹਾਂ ਚਿੱਟੇ ਕਬੂਤਰ ਪਾਲੇ ਹੋਏ ਸਨ। ਦੋਵੇਂ ਭਰਾ ਅਕਸਰ ਇਨ੍ਹਾਂ ਕਬੂਤਰਾਂ ਦੀ ਹੀ ਸੇਵਾ ਵਿਚ ਜੁੱਟੇ ਰਹਿੰਦੇ। ਉਹ ਉਨ੍ਹਾਂ ਨੂੰ ਚੋਗਾ ਪਾਉਂਦੇ, ਪਾਣੀ ਪਿਲਾਉਂਦੇ, ਪੈਰੀਂ ਝਾਂਜਰਾਂ ਪਾਉਂਦੇ ਤੇ ਖੁੱਡਾ ਸਾਫ ਕਰਦੇ ਹੀ ਦਿਸਦੇ। ਲੌਢੇ ਵੇਲੇ ਉਹ ਕਬੂਤਰਾਂ ਨੂੰ ਉੜਾ ਕੇ ਉਨ੍ਹਾਂ ਨੂੰ ਟਿਕਟਿਕੀ ਬੰਨ੍ਹ ਕੇ ਤੱਕਦੇ ਰਹਿੰਦੇ। ਉਨ੍ਹਾਂ ਨੂੰ ਕਲੋਲ ਕਰਦਿਆਂ ਤੇ ਉਲਟਬਾਜ਼ੀਆਂ ਲਾਉਂਦੇ ਦੇਖ ਕੇ ਖੀਵੇ ਹੁੰਦੇ ਰਹਿੰਦੇ। ਉਹ ਓਨਾ ਚਿਰ ਮੂੰਹ ਪਰੇ ਨਾ ਕਰਦੇ ਜਿੰਨਾ ਚਿਰ ਕਬੂਤਰ ਉਨ੍ਹਾਂ ਦੀਆਂ ਅੱਖਾਂ ਤੋਂ ਓਝਲ ਨਾ ਹੋ ਜਾਂਦੇ।
ਇਸ ਦੌਰਾਨ ਜੇ ਕੋਈ ਗਾਹਕ ਆ ਜਾਂਦਾ ਤਾਂ ਉਹ ਦੂਰੋਂ ਹੀ Ḕਹੈ ਨਈਂḔ ਕਹਿ ਕੇ ਭਜਾ ਦਿੰਦੇ। ਉਨ੍ਹਾਂ ਦੇ ਇਸ ਸ਼ੌਕ ਤੋਂ ਮੈਂ ਵੀ ਕੁਝ ਪ੍ਰਭਾਵਤ ਹੋਇਆ ਤੇ ਆਪਣੇ ਇਕ ਮਿੱਤਰ ਅਮਰਜੀਤ ਠੇਲੇ ਨਾਲ ਰਲ ਕੇ ਦੋ ਕੁ ਕਬੂਤਰ ਖਰੀਦ ਕੇ ਇਕ ਨਿੱਕੇ ਜਿਹੇ ਖੁੱਡੇ ਵਿਚ ਪਾਲ ਲਏ। ਮਾੜਾ ਮੋਟਾ ਉਨ੍ਹਾਂ ਨੂੰ ਉਡਾਉਣਾ ਵੀ ਸਿੱਖ ਲਿਆ। ਇਹ ਸ਼ੌਕ ਮਹੀਨਾ ਕੁ ਹੀ ਚੱਲਿਆ ਹੋਵੇਗਾ ਕਿ ਇਕ ਦਿਨ ਸਾਡੇ ਭਾਪਾ ਜੀ ਨੇ ਇਸ ਅਵੱਲੇ ਸ਼ੌਕ ਤੋਂ ਖਿਝਿਆਂ ਨੇ ਠੁੱਡ ਮਾਰ ਕੇ ਖੁੱਡਾ ਢਾਹ ਦਿੱਤਾ ਤੇ ਕਬੂਤਰ ਤਿੱਤਰ-ਬਿੱਤਰ ਕਰ ਦਿੱਤੇ। ਇਸ ਦੌਰਾਨ ਮੈਨੂੰ ਕਬੂਤਰਾਂ ਦੀਆਂ ਕਈ ਵੰਨਗੀਆਂ ਦਾ ਪਤਾ ਲੱਗਾ ਜਿਵੇਂ ਚੀਨਾ, ਲੱਕਾ, ਲਾਲ ਸਿਰਾ, ਲੋਟਨ, ਸ਼ੀਰਾਜ਼, ਆਗਰਾ, ਮਮੋਲਾ, ਕਾਂਕ, ਤਾਜ, ਨਸਾਵਰੀ, ਸੰਦਲੀ ਆਦਿ। ਉਂਜ ਵੀ ਕਹਿੰਦੇ ਨੇ ਕਬੂਤਰਾਂ ਦੀਆਂ ਢਾਈ-ਤਿੰਨ ਸੌ ਕਿਸਮਾਂ ਹੁੰਦੀਆ ਹਨ। ਮੈਨੂੰ ਉਦੋਂ ਤੁਕਬੰਦੀ ਦਾ ਵੀ ਮਾੜਾ ਜਿਹਾ ਸ਼ੌਕ ਜਾਗਿਆ ਸੀ। ਸੋ ਕਬੂਤਰਾਂ ਦੇ ਵਿਯੋਗ ਵਿਚ ਇਕ ਕਵਿਤਾ ਲਿਖ ਮਾਰੀ ਜਿਸ ਦੀ ਸਿਰਫ ਪਹਿਲੀ ਸਤਰ ਹੀ ਯਾਦ ਹੈ, Ḕਇੱਕ ਸੀ ਕਬੂਤਰ ਮੇਰੇ ਕੋਲ, ਗੁਟਕੂੰ ਗੁਟਕੂੰ ਉਸ ਦੇ ਬੋਲ।Ḕ ਫਿਰ ਕਾਲਿਜ ਪੜ੍ਹਦਿਆਂ ਮੈਂ ਜੋ ਪਹਿਲੀ ਕਹਾਣੀ ਲਿਖੀ ਉਹ ਇਕ ਕਬੂਤਰ ਦੇ ਦੁਖਾਂਤ ਬਾਰੇ ਸੀ ਜਿਸ ਦਾ ਨਾਂ ਸੀ Ḕਮਨੁੱਖ।Ḕ ਹੋਇਆ ਇਸ ਤਰ੍ਹਾਂ ਸੀ ਕਿ ਘਰ ਦੀ ਬੈਠਕ ਦੀ ਛੱਤ ਵਿਚ ਲੱਗੇ ਪੱਖੇ ਉਤੇ ਇਕ ਦਿਨ ਭਟਕਦਾ ਹੋਇਆ ਇਕ ਕਬੂਤਰ ਆ ਬੈਠਾ। ਮੈਨੂੰ ਕੀ ਸੁਝਾ ਕਿ ਮੈਂ ਪੱਖਾ ਫੁੱਲ ਸਪੀਡ ਤੇ ਔਨ ਕਰ ਦਿੱਤਾ। ਫਿਰ ਜੋ ਹੋਣਾ ਸੀ ਹੋਇਆ। ਕਬੂਤਰ ਪੱਖੇ ਦੇ ਤੇਜ਼ ਪੱਤਰਿਆਂ ਨਾਲ ਖਹਿੰਦਾ ਲਹੂ-ਲੁਹਾਣ ਹੋ ਕੇ ਫਰਸ਼ ‘ਤੇ ਡਿਗ ਪਿਆ। ਮੈਂ ਸਮਰਾਟ ਅਸ਼ੋਕ ਵਾਂਗ ਇਸ ਘੋਰ ਹਿੰਸਾ ਤੋਂ ਬਹੁਤ ਹੀ ਪਛਤਾਵਾ ਕਰਦਿਆਂ ਕਬੂਤਰ ਦੀ ਲਾਸ਼ ਨੂੰ ਕੱਪੜੇ ਵਿਚ ਲਪੇਟ ਕੇ ਆਪਣੇ ਖੇਤਾਂ ਵਿਚ ਕਬਰ ਖੋਦ ਕੇ ਦਫਨਾ ਆਇਆ। ਕਹਾਣੀ ਵਿਚ ਮੈਂ ਲਗਭਗ ਇਹੋ ਕੁਝ ਲਿਖਿਆ। ਇਸ ਕਹਾਣੀ ਦਾ ਨਾਂ ḔਮਨੁੱਖḔ ਰੱਖਣ ਦਾ ਆਸ਼ਾ ਮਨੁੱਖ ਦਾ ਚੰਚਲ ਸੁਭਾਅ ਦਰਸਾਉਣਾ ਸੀ ਜੋ ਪਹਿਲਾਂ ਕੋਈ ਕਰੂਰਤਾ ਕਰ ਬਹਿੰਦਾ ਹੈ ਪਰ ਪਿਛੋਂ ਆਪਣੇ ਆਪ ਨੂੰ ਖੂਬ ਕੋਸਦਾ ਹੈ।
ਹੁਣ ਤੱਕ ਦੀ ਜ਼ਿੰਦਗੀ ਭਰ ਕਬੂਤਰ ਮੇਰੀ ਕਲਪਨਾ ਵਿਚ ਛਾਏ ਰਹੇ। ਤਿੰਨ ਚਾਰ ਸਾਲ ਪਹਿਲਾਂ ਮੈਂ ਇਕ ਹੋਰ ਕਹਾਣੀਨੁਮਾ ਚੀਜ਼ ਲਿਖੀ ਸੀ ਜਿਸ ਵਿਚ ਨਿਊ ਯਾਰਕ ਦੇ ਇਕ ਅਪਾਰਟਮੈਂਟ ਵਿਚ ਰਹਿੰਦਾ ਮੇਰਾ ਪਾਤਰ ਇਕ ਦਿਨ ਬਾਲਕੋਨੀ ਦੇ ਇਕ ਪਾਸੇ ਪਏ ਲੱਟੜ-ਪੱਟੜ ਵਿਚ ਆਂਡਿਆਂ ਸਮੇਤ ਕਬੂਤਰਾਂ ਦਾ ਆਲ੍ਹਣਾ ਦੇਖਦਾ ਹੈ। ਸੰਜੋਗਵਸ ਉਦੋਂ ਉਸ ਦੀ ਪਤਨੀ ਵੀ ਗਰਭਵਤੀ ਹੁੰਦੀ ਹੈ। ਕੁਝ ਹੀ ਦਿਨਾਂ ਤੱਕ ਇਸ ਜੋੜੇ ਨੇ ਕਿਸੇ ਹੋਰ ਸੂਬੇ ਵਿਚ ਮਿਲੀ ਨਵੀਂ ਨੌਕਰੀ ‘ਤੇ ਜਾਣਾ ਹੁੰਦਾ ਹੈ। ਨੌਜਵਾਨ ਨੂੰ ਫਿਕਰ ਲਗਦਾ ਹੈ ਕਿ ਉਸ ਦੇ ਚਲੇ ਜਾਣ ਪਿਛੋਂ ਅਪਾਰਟਮੈਂਟ ਵਾਲੇ ਆਂਡਿਆਂ ਸਮੇਤ ਆਲ੍ਹਣੇ ਨੂੰ ਚਲਾ ਕੇ ਮਾਰਨਗੇ। ਉਸ ਦੀ ਆਪਣੀ ਗਰਭਵਤੀ ਪਤਨੀ ਦਾ ਖਿਆਲ ਉਸ ਵਿਚ ਕਬੂਤਰਾਂ ਪ੍ਰਤੀ ਹਮਦਰਦੀ ਦੇ ਭਾਵ ਤੀਬਰ ਕਰ ਦਿੰਦਾ ਹੈ ਤੇ ਉਹ ਅਪਾਰਟਮੈਂਟ ਛੱਡਣ ਤੇ ਨਵੀਂ ਨੌਕਰੀ ‘ਤੇ ਜਾਣ ਦਾ ਖਿਆਲ ਮਹੀਨਾ ਭਰ ਲਈ ਅੱਗੇ ਪਾ ਦਿੰਦਾ ਹੈ। ਇਸ ਤਰ੍ਹਾਂ ਉਸ ਨੇ ਕਬੂਤਰ ਦੇ ਪਰਿਵਾਰ ਨੂੰ ਤਾਂ ਦੁਖਾਂਤ ਤੋਂ ਬਚਾ ਲਿਆ ਪਰ ਆਪ ਡਾਢੇ ਸੰਕਟ ਵਿਚ ਪੈ ਗਿਆ ਜਿਸ ਦਾ ਸਸਪੈਂਸ ਮੈਂ ਇਥੇ ਹੀ ਰੱਖਦਾ ਹਾਂ।
ਰਾਜੇ, ਮਹਾਰਾਜੇ, ਅਮੀਰ, ਵਜ਼ੀਰ, ਅਹਿਲਕਾਰ, ਸਾਮੰਤ ਆਦਿ ਸਦੀਆਂ ਤੋਂ ਕਬੂਤਰ ਰੱਖਣ ਅਤੇ ਕਬੂਤਰਬਾਜ਼ੀ ਦਾ ਸ਼ੌਕ ਪਾਲਦੇ ਆਏ ਹਨ। ਭਾਰਤ ਵਿਚ ਮੁਗਲਾਂ ਨੇ ਇਹ ਸ਼ੌਕ ਸਿਰੇ ਲਾ ਦਿੱਤੇ। ਕਹਿੰਦੇ ਹਨ, ਅਕਬਰ ਨੇ ਵੀਹ ਹਜ਼ਾਰ ਕਬੂਤਰ ਪਾਲੇ ਹੋਏ ਸਨ। ਵਿਹਲੜ, ਅਮਲੀ ਤੇ ਛੜਿਆਂ ਨੇ ਮੇਰੇ ਪਿੰਡ ਦੇ ਹਟਵਾਣੀਆਂ ਵਾਂਗ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਕੇ ਇਸ ਸ਼ੌਕ ਨੂੰ ਆਮ ਲੋਕਾਂ ਵਿਚ ਲਿਆਂਦਾ। ਚਿੜੀ ਤੋਂ ਇਲਾਵਾ ਸ਼ਾਇਦ ਕਬੂਤਰ ਹੀ ਇਕ ਅਜਿਹਾ ਜਾਨਵਰ ਹੈ ਜੋ ਮਨੁਖ ਦੇ ਬਹੁਤ ਨਜ਼ਦੀਕ ਰਹਿੰਦਾ ਹੈ। ਇਥੋਂ ਤੱਕ ਕਿ ਚਿੜੀ ਵਾਂਗ ਮਨੁੱਖ ਦੇ ਘਰ ਵਿਚ ਹੀ ਆਲ੍ਹਣਾ ਵੀ ਬਣਾ ਲੈਂਦਾ ਹੈ। ਇਸ ਲਈ ਕਬੂਤਰ ਦਾ ਸਾਡੇ ਲੋਕ ਸਾਹਿਤ ਵਿਚ ਬਹੁਤ ਜ਼ਿਕਰ ਮਿਲਦਾ ਹੈ। ਕਦੀਮਾਂ ਤੋਂ ਹੀ ਗਿਝਾਏ ਹੋਏ ਕਬੂਤਰ ਡਾਕੀਏ ਦਾ ਕੰਮ ਕਰਦੇ ਰਹੇ ਹਨ। ਪਿਛਲੀ ਸਦੀ ਦੇ ਪੰਜਾਹਵਿਆਂ ਦੀ ਫਿਲਮ Ḕਦੁੱਲਾ ਭੱਟੀḔ ਦਾ ਇਕ ਗੀਤ ਬਹੁਤ ਵੱਜਿਆ ਸੀ, Ḕਵਾਸਤਾ ਈ ਰੱਬ ਦਾ ਤੂੰ ਜਾਈਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ।Ḕ ਸੁਰਿੰਦਰ ਕੌਰ ਦੇ ਇਕ ਮਸ਼ਹੂਰ ਗੀਤ ਦੇ ਬੋਲ ਹਨ, Ḕਬਾਬਲ ਤੇਰੇ ਮਹਿਲਾਂ ਵਿਚੋਂ ਸੱਤ ਰੰਗੀਆ ਕਬੂਤਰ ਬੋਲੇ।Ḕ ਆਮ ਜੀਵਨ ਵਿਚ ਤਾਂ ਅਸੀਂ ਸੁਰਮਈ ਜਿਹੇ ਕਬੂਤਰ ਤੋਂ ਹੀ ਵਾਕਿਫ ਹਾਂ ਪਰ ਇਹ ਬਾਂਕੇ-ਸ਼ੂਕੇ ਪੰਛੀ ਬਹੁਤ ਰੰਗਾਂ ਤੇ ਕਿਸਮਾਂ ਵਾਲੇ ਹੁੰਦੇ ਹਨ। ਕਿੰਨੇ ਸਾਰੇ ਲੋਕ ਗੀਤਾਂ ਵਿਚ ਕਬੂਤਰ ਦਾ ਜ਼ਿਕਰ ਹੈ,
ਮੇਰੀ ਗੁੱਤ ‘ਤੇ ਆਲ੍ਹਣਾ ਪਾਇਆ,
ਜੰਗਲੀ ਕਬੂਤਰ ਨੇæææ।
ਬਾਪੂ ਤੇਰੇ ਮਹਿਲਾਂ ਦੇ
ਉਡ ਜਾਣਗੇ ਕਬੂਤਰ ਗੋਲੇæææ।
ਵਿਹੜੇ ਛੜਿਆਂ ਦੇ
ਗਾਲ ਕਢ ਕੇ ਕਬੂਤਰ ਬੋਲੇæææ।
ਜੱਗੇ ਜੱਟ ਦੇ ਕਬੂਤਰ ਚੀਨੇ,
ਨਦੀਓਂ ਪਾਰ ਚੁਗਦੇæææ।
ਸੁਰਮੇ ਦਾ ਕੀ ਪਾਉਣਾ
ਤੇਰੀ ਅੱਖ ਨੀ ਕਬੂਤਰ ਵਰਗੀæææ।
ਕਬੂਤਰ ਦੀ ਮਦੀਨ ਕਬੂਤਰੀ ਦੀ ਸ਼ਾਨ ਕਿਹੜੀ ਘੱਟ ਹੈ। ਜੇ ਕੋਈ ਸੁਹਣੀ ਕੁੜੀ ਕਿਸੇ ਮੁੰਡੇ ਨਾਲ ਅੱਖ ਮਟੱਕਾ ਕਰ ਲਵੇ ਤਾਂ ਉਸ ਦੇ ਯਾਰ ਅਕਸਰ ਉਸ ‘ਤੇ ਰਸ਼ਕ ਕਰਦੇ ਕਹਿੰਦੇ ਹਨ, Ḕਕਿਥੋਂ ਕਬੂਤਰੀ ਪੱਟ ਲਈ?Ḕ
ਕੁੜੀ ਕਬੂਤਰੀ ਵਰਗੀ
ਤੱਕ ਕੇ ਧੱਕ ਧੱਕ ਕਰਦਾ ਸੀਨਾæææ।
ਕਬੂਤਰ ਕਬੂਤਰੀ ਬਣੇ ਪ੍ਰੇਮੀ ਜੋੜੇ ਫਿਰ ਕਬੂਤਰਾਂ ਵਿਚ ਹੀ ਜਿਉਣਾ ਲੋਚਦੇ ਹਨ,
ਜਿਥੇ ਉਡਦੇ ਕਬੂਤਰ ਚੀਨੇ,
ਆ ਜਾ ਦੋਵੇਂ ਉਥੇ ਵਸੀਏæææ।
ਕਬੂਤਰ ਬਹੁਤ ਹੀ ਤੇਜ਼ ਅਤੇ ਦੂਰ ਦੂਰ ਤੱਕ ਉਡਾਣ ਭਰਨ ਵਾਲਾ ਪਰਿੰਦਾ ਹੈ। ਇਹ ਅਥਾਹ ਵਾਟ ਗਾਹ ਕੇ ਮੁੜ ਆਪਣੇ ਟਿਕਾਣੇ ‘ਤੇ ਸਹੀ ਸਲਾਮਤ ਆ ਜਾਂਦਾ ਹੈ। ਇਸ ਲਈ ਇਸ ਨੂੰ ਚਿੱਠੀਆਾਂ ਭੇਜਣ ਲਈ ਗਿਝਾਇਆ ਗਿਆ ਤੇ ਨਾਮ ਮਿਲਿਆ ਕਾਸਿਦ। ਆਲਮੀ ਜੰਗਾਂ ਵਿਚ ਇਸ ਤੋਂ ਮੋਰਚਿਆਂ ਤੇ ਲੜਦੇ ਫੌਜੀਆਂ ਲਈ ਸੁਨੇਹੇ ਭੇਜਣ ਦਾ ਕੰਮ ਲਿਆ ਜਾਂਦਾ ਰਿਹਾ। ਅਜੋਕੇ ਸਮੇਂ ਵਿਚ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਲੁਕ ਛਿਪ ਕੇ ਵੱਸ ਜਾਣ ਵਾਲਿਆਂ ਨੂੰ ਕਬੂਤਰ ਬਣ ਗਏ ਕਿਹਾ ਜਾਣ ਲੱਗ ਪਿਆ ਹੈ। ਕਬੂਤਰ ਬਣ ਜਾਣਾ ਤਾਂ ਹੁਣ ਇਕ ਆਮ ਹੀ ਅਖਬਾਰੀ ਮੁਹਾਵਰਾ ਬਣ ਗਿਆ ਹੈ। ਮੈਂ 1997 ਵਿਚ ਵਿਸ਼ਵ ਪੰਜਾਬੀ ਕਾਨਫਰੰਸ ‘ਤੇ ਅਮਰੀਕਾ ਆਇਆ ਸਾਂ ਤਾਂ ਕੁਝ ḔਲੇਖਕḔ ਸਾਥੀ ਕਬੂਤਰ ਬਣ ਗਏ ਸਨ। ਵਿਅੰਗ ਲੇਖਕ ਕਰਮਜੀਤ ਕੁੱਸਾ ਨੇ ਵੀ ਇਸ ਵਰਤਾਰੇ ਵੱਲ ਇਸ਼ਾਰਾ ਕੀਤਾ ਹੈ,
ਕੱਕਾ ਕਬੂਤਰਾਂ ਦੀ ਕੀ ਗੱਲ ਦੱਸਾਂ
ਨਸਲਾਂ ਕਬੂਤਰਾਂ ਦੀਆਂ ਬੇਸ਼ੁਮਾਰ ਲੋਕੋ।
ਕਈ ਬੜੇ ਹੀ ਸਾਊ ਜਿਹੀ ਨਸਲ ਵਾਲੇ
ਕਈ ਮਾਰਦੇ ਉਡਾਰੀ ਨੇ ḔਬਾਹਰḔ ਲੋਕੋ।
ਕਬੂਤਰ ਬਿੱਲੀ ਆਦਿ ਨੂੰ ਦੇਖ ਕੇ ਅੱਖਾਂ ਮੀਟ ਲੈਂਦਾ ਹੈ ਇਸ ਲਈ ਮੁਸੀਬਤ ਤੋਂ ਪਾਸਾ ਵੱਟਣ ਵਾਲੇ ਲਈ ਮੁਹਾਵਰਾ ਢੁਕਾਇਆ ਜਾਂਦਾ ਹੈ, ਕਬੂਤਰ ਵਾਂਗ ਅੱਖਾਂ ਮੀਟਣਾ।
ਕਬੂਤਰ ਸ਼ਬਦ ਦੀ ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਆਮਦ ਫਾਰਸੀ ਕਬੋਤਰ ਤੋਂ ਹੋਈ ਹੈ। ਇਉਂ ਲਗਦਾ ਹੈ ਕਿ ਇਸ ਪੰਛੀ ਲਈ ਪਹਿਲਾਂ ਸਾਡੀਆਂ ਭਾਸ਼ਾਵਾਂ ਵਿਚ ਸੰਸਕ੍ਰਿਤ ਵਲੋਂ ḔਕਪੋਤḔ ਸ਼ਬਦ ਚਲਦਾ ਸੀ। ਗੁਰੂ ਗ੍ਰੰਥ ਸਾਹਿਬ ਤੇ ਹੋਰ ਹਵਾਲਿਆਂ ਤੋਂ ਕਪੋਤ ਦੀ ਸੋਅ ਤਾਂ ਮਿਲਦੀ ਹੈ, ਕਬੂਤਰ ਦੀ ਨਹੀਂ, Ḕਜਿਉ ਪੰਖੀ ਕਪੋਤਿ ਆਪੁ ਬਨਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਕਾਲੇ ਰਾਮ॥ (ਗੁਰੂ ਰਾਮ ਦਾਸ) ਅਰਥਾਤ ਜਿਵੇਂ ਕਬੂਤਰ ਖੁਦ ਆਪਣੇ ਆਪ ਨੂੰ ਜਾਲ ਵਿਚ ਬੰਨ੍ਹ ਲੈਂਦਾ ਹੈ, ਉਸੇ ਤਰ੍ਹਾਂ ਮਨਮੁਖ ਆਪਣੇ ਆਪ ਨੂੰ ਮੌਤ ਦੇ ਮੂੰਹ ਪਾ ਲੈਂਦੇ ਹਨ। Ḕਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ ਲੂਟੇ ਫੂਟੇ ਫਿਰੈ ਮਨ ਚੈਨ ਹੂੰ ਨ ਕਿਤਹੀ।Ḕ ਇਸ ਕਬਿੱਤ ਵਿਚ ਮੀਨ ਕੰਜ ਖੰਜਨ ਨੇਤ੍ਰਾਂ ਦਾ ਉਪਮਾਨ, ਭੌਰੇ ਕਾਲੇ ਕੇਸ਼ਾਂ ਦਾ, ਤੋਤਾ ਨੱਕ ਦਾ, ਕਬੂਤਰ ਕੰਠ ਦਾ, ਬਿੰਬਫਲ ਹੋਠਾਂ ਦਾ, ਕੋਕਿਲਾ ਮੋਰ ਸੁਰ ਦਾ ਕਥਨ ਕਰਕੇ ਉਪਮੇਯ ਦਾ ਗਿਆਨ ਕਰਾਇਆ ਗਿਆ ਹੈ। ਦਸਮ ਗ੍ਰੰਥ ਵਿਚ ਕਬੂਤਰ ਦੇ ਕੰਠ ਦੀ ਸੁੰਦਰਤਾ ਦਰਸਾਉਣ ਲਈ ਕਪੋਤ ਸ਼ਬਦ ਕਈ ਵਾਰੀ ਆਇਆ ਹੈ।
ਦਰਅਸਲ ਤਾਂ ਫਾਰਸੀ ਕਬੂਤਰ ਦਾ ਪਹਿਲਵੀ ਰੂਪ ਵੀ ਕਪੋਤ/ਕਬੋਦ ਹੀ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕਬੂਤਰ ਅਤੇ ਕਪੋਤ ਸ਼ਬਦ ਸਕੇ ਹਨ। ਪਰ ਦਿੱਕਤ ਇਥੇ ਪੈਦਾ ਹੁੰਦੀ ਹੈ ਕਿ ਕੁਝ ਨਿਰੁਕਤਕਾਰਾਂ ਅਨੁਸਾਰ ਫਾਰਸੀ ਕਪੋਤ ਸੰਸਕ੍ਰਿਤ ਵਿਚੋਂ ਗਿਆ ਹੈ ਤੇ ਕਬੂਤਰ ਬਣ ਕੇ ਮੁੜਿਆ ਹੈ। ਕਪੋਤ ਸ਼ਬਦ ਬਾਰੇ ਸੰਸਕ੍ਰਿਤ ਕੋਸ਼ਕਾਰਾਂ ਨੇ ਜੋ ਕਿਹਾ ਹੈ, ਉਹੀ ਮਹਾਨ ਕੋਸ਼ ਵਿਚ ਦੁਹਰਾਇਆ ਗਿਆ ਹੈ, Ḕਕ (ਹਵਾ)+ਵਿਚ ਜੋ ਪੋਤ (ਵਾਂਗ) ਉਡਦਾ ਹੈ।Ḕ ਪੋਤ ਦੇ ਕਈ ਅਰਥ ਹਨ ਪਰ ਪ੍ਰਮੁਖ ਅਰਥ ਬਾਦਬਾਨਾ ਵਾਲਾ ਜਹਾਜ਼ ਜਾਂ ਕਿਸ਼ਤੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਇਆ ਹੈ, Ḕਹਰਿ ਹਰਿ ਨਾਮੁ ਪੋਤਿ ਹੈ॥Ḕ -ਗੁਰੂ ਰਾਮ ਦਾਸ। ਕਪੋਤ ਵਿਚ ਇਸ ਦੇ ਪਰਾਂ ਨੂੰ ਪੋਤ (ਬਾਦਬਾਨ) ਦੇ ਨਿਆਈਂ ਸਮਝਿਆ ਗਿਆ ਹੈ। ਉਂਜ ਸੰਸਕ੍ਰਿਤ ਵਿਚ ਕਪੋਤ ਦਾ ਅਰਥ ਪੰਛੀ ਵੀ ਹੈ ਤੇ ਆਮ ਕਬੂਤਰ ਵਰਗਾ ਸਲੇਟੀ ਰੰਗ ਵੀ ਹੈ। ਬਹੁਤ ਸਾਰੇ ਸ੍ਰੋਤਾਂ ਅਨੁਸਾਰ ਕਪੋਤ ਦਾ ਮੁਢਲਾ ਅਰਥ ਸੁਰਮਈ ਰੰਗ ਦਾ ਪੰਛੀ ਹੈ ਜੋ ਬਾਅਦ ਵਿਚ ਜੰਗਲੀ ਕਬੂਤਰ ਤੇ ਫਿਰ ਸਭ ਤਰ੍ਹਾਂ ਦੇ ਕਬੂਤਰਾਂ ਲਈ ਰੂੜ੍ਹ ਹੋ ਗਿਆ। ਫਾਰਸੀ ਵਿਚ ਕਬੂਦ ਦਾ ਅਰਥ ਅਸਮਾਨੀ ਰੰਗ ਹੈ ਜਿਵੇਂ Ḕਚਰਖੇ ਕਬੂਦḔ- ਨੀਲਾ ਅਸਮਾਨ। ਅਸੀਂ ਕੁਝ ਹੋਰ ਭਾਸ਼ਾਵਾਂ ਵੱਲ ਝਾਤੀ ਮਾਰਦੇ ਹਾਂ। ਲਾਤੀਨੀ ਵਿਚ ਕਬੂਤਰ ਲਈ ਚੋਲੁਮਬਅ ਸ਼ਬਦ ਹੈ ਜਿਸ ਤੋਂ ਅੰਗਰੇਜ਼ੀ ਸ਼ਬਦ ਚੋਲੁਮਬਟਿe ਬਣਿਆ ਜੋ ਸਲੇਟੀ ਰੰਗੀ ਇਕ ਕੱਚੀ ਧਾਤ ਹੁੰਦੀ ਹੈ। ਰੂਸੀ ਵਿਚ ਕਬੂਤਰ ਲਈ ਗਲੁਬੋ ਸ਼ਬਦ ਹੈ, ਸਪੇਨੀ ਵਿਚ ਪਅਲੋਮਅ, ਪੁਰਤਗਾਲੀ ਵਿਚ ਪੋਮਬੋ, ਇਤਾਲਵੀ ਤੇ ਫਰਾਂਸੀਸੀ ਵਿਚ ਚੋਲੁਮਬਅ। ਇਹ ਸਾਰੇ ਸ਼ਬਦ ਸੁਜਾਤੀ ਹਨ। ਦਿਲਚਸਪ ਗੱਲ ਹੈ ਕਿ ਪੁਰਾਣੀ ਅੰਗਰੇਜ਼ੀ ਵਿਚ ਕਬੂਤਰ ਲਈ ਲਾਤੀਨੀ ਚੋਲੁਮਬਅ ਤੋਂ ਹੀ ਬਣਿਆ ਸ਼ਬਦ ਚੁਲਾਰe ਸੀ ਜਿਸ ਨੂੰ ਪਿਜਨ ਸ਼ਬਦ ਨੇ ਉਖਾੜ ਦਿੱਤਾ। ਉਂਜ ਪਿਜਨ ਸ਼ਬਦ ਵੀ ਲਾਤੀਨੀ ਵਲੋਂ ਹੀ ਆਇਆ ਸੀ। ਇਹ ਗੱਲ ਕੁਝ ਇਸ ਤਰ੍ਹਾਂ ਹੀ ਹੈ ਜਿਵੇਂ ਫਾਰਸੀ ਵਲੋਂ ਆਏ ਕਬੂਤਰ ਨੇ ਏਧਰਲੇ ਕਪੋਤ ਸ਼ਬਦ ਨੂੰ ਉੜਾ ਹੀ ਦਿੱਤਾ। ਠੀਕ ਹੈ, ਲੋਟਣੀਆਂ ਲੈਣਾ ਤਾਂ ਕਬੂਤਰ ਦਾ ਜਮਾਂਦਰੂ ਸੁਭਾਅ ਹੈ!
Leave a Reply