ਮਈ ਦਿਵਸ ਦਾ ਕਿਰਤੀ ਵਿਰਸਾ
ਗੁਰਬਚਨ ਸਿੰਘ ਭੁੱਲਰ
ਜੰਗਲ ਤੋਂ ਸਭਿਅਤਾ ਤੱਕ ਮਨੁੱਖ ਦੇ ਸਫ਼ਰ ਤੇ ਵਿਕਾਸ ਦਾ ਮੁੱਖ ਆਧਾਰ ਕਿਰਤ ਹੈ। ਮਨੁੱਖੀ ਇਤਿਹਾਸ ਦੇ ਸ਼ੁਰੂ ਸਮੇਂ ਉਹ ਜੰਗਲਾਂ ਵਿਚ ਹੋਰ ਜਾਨਵਰਾਂ ਵਾਂਗ ਹੀ ਇੱਜੜ ਬਣਾ ਕੇ ਰਹਿੰਦਾ ਸੀ। ਨਾ ਉਸ ਨੂੰ ਮੌਸਮ ਦੀ ਮਾਰ ਤੋਂ ਬਚਣ ਵਾਸਤੇ ਕੁੱਲੀ ਪਾ ਲੈਣ ਦੀ ਅਕਲ ਸੀ ਅਤੇ ਨਾ ਤਨ ਢਕਣ ਦੀ ਸਮਝ ਤੇ ਨਾ ਸੰਗ-ਸ਼ਰਮ ਦਾ ਅਹਿਸਾਸ ਸੀ। ਹੋਰ ਜਾਨਵਰਾਂ ਵਾਂਗ ਹੀ ਉਹ ਕੁਦਰਤੀ ਕੰਦ-ਮੂਲ ਖਾ ਕੇ ਜਿਉਂਦਾ ਸੀ, ਭਾਵ ਉਸ ਨੂੰ ਅੱਗ ਦੀ ਸੋਝੀ ਵੀ ਨਹੀਂ ਸੀ। ਇੱਜੜਾਂ ਵਿਚ ਰਹਿੰਦੇ ਕੁੱਲੀ, ਗੁੱਲੀ, ਜੁੱਲੀ ਦੀ ਕਿਸੇ ਲੋੜ ਜਾਂ ਸਮਝ ਤੋਂ ਸੱਖਣੇ ਉਸ ਮਨੁੱਖ ਨੂੰ ਕਿਰਤ ਨੇ ਹੀ ਹੋਰ ਜਾਨਵਰਾਂ ਨਾਲੋਂ ਨਿਖੇੜਿਆ ਅਤੇ ਸਾਡੇ ਵਾਲਾ ਰੂਪ ਧਾਰਨ ਦੇ ਰਾਹ ਤੋਰਿਆ।
ਇਹ ਦੇਖਣਾ ਦਿਲਚਸਪ ਵੀ ਹੈ ਤੇ ਜ਼ਰੂਰੀ ਵੀ ਕਿ ਇਸ ਯਾਤਰਾ ਵਿਚ ਜੇ ਮਨੁੱਖ ਦਾ ਇਕ ਪੈਰ ਕਿਰਤ ਬਣੀ ਤਾਂ ਦੂਜਾ ਪੈਰ ਬੋਲੀ ਬਣੀ। ਮਨੁੱਖੀ ਕਿਰਤ ਦਾ ਆਧਾਰ ਬਾਕੀ ਚਾਰ ਉਂਗਲਾਂ ਨਾਲੋਂ ਨਿੱਖੜ ਕੇ ਹੌਲੀ ਹੌਲੀ 90 ਦਰਜੇ ਉਤੇ ਪੁੱਜਿਆ ਹੱਥ ਦਾ ਅੰਗੂਠਾ ਹੈ। ਕੁਦਰਤ ਨੇ ਇਹ ਵਰ ਸਭ ਪ੍ਰਾਣੀਆਂ ਵਿਚੋਂ ਇਕੋ-ਇਕ ਮਨੁੱਖ ਨੂੰ ਦਿੱਤਾ। ਇਸ ਕਰਕੇ ਆਪਣਾ ਪੇਟ ਭਰਨ ਤੋਂ ਇਲਾਵਾ ਹੋਰ ਕਿਸਮਾਂ ਦੀ ਕਿਰਤ ਕਰਨ ਦੀ ਸ਼ਕਤੀ ਮਨੁੱਖ ਤੋਂ ਬਿਨਾਂ ਹੋਰ ਕਿਸੇ ਜੀਵ ਵਿਚ ਵਿਕਸਿਤ ਨਹੀਂ ਹੋਈ। ਉਂਗਲਾਂ ਨਾਲੋਂ ਨਿੱਖੜੇ ਮਨੁੱਖ ਦੇ ਅੰਗੂਠੇ ਨੇ ਹੱਥ ਨੂੰ ਮਜ਼ਬੂਤ ਪਕੜ ਦਿੱਤੀ ਜਿਸ ਨਾਲ ਕਿਰਤ ਦਾ ਰਾਹ ਖੁੱਲ੍ਹਿਆ। ਉਸ ਨੂੰ ਪੱਥਰ ਵਗਾਹ ਕੇ ਜਾਂ ਟੰਬਾ-ਮੋਹੜੀ ਤੋੜ ਕੇ ਫਲ ਲਾਹੁਣ ਦਾ ਤੇ ਸ਼ਿਕਾਰ ਕਰਨ ਦਾ ਪਤਾ ਲੱਗਿਆ। ਦੂਜੇ ਪੈਰ, ਅਰਥਾਤ ਬੋਲੀ ਦਾ, ਜੋ ਅੱਜ ਕੰਪਿਊਟਰੀ ਯੁਗ ਦੀ ਵਿਕਸਿਤ ਭਾਸ਼ਾ ਬਣ ਚੁੱਕੀ ਹੈ, ਮੁੱਢ ਉਸ ਸਮੇਂ ਬੱਝਿਆ ਜਦੋਂ ਚਾਰ ਪੈਰਾਂ ਵਾਲੇ ਇਸ ਪਸ਼ੂ ਨੇ ਸਿੱਧਾ ਤਣ ਕੇ ਪਿਛਲੇ ਦੋ ਨੂੰ ਪੈਰ ਰਖਦਿਆਂ ਅਗਲੇ ਦੋ ਨੂੰ ਹੱਥ ਬਣਾ ਲਿਆ ਅਤੇ ਉਚੀ ਥਾਂ ਖਲੋ ਕੇ ਦੂਰ ਦੂਰ ਤੱਕ ਪਸਰੀ ਹੋਈ ਕੁਦਰਤ ਨੂੰ ਨਿਹਾਰਦਿਆਂ ਤੇ ਮਹਿਸੂਸਦਿਆਂ ਅਚੰਭੇ ਤੇ ਅਨੰਦ ਨਾਲ ਲੰਮੀ ਤੇ ਉਚੀ ਕਿਲਕਾਰੀ ਮਾਰੀ। ਬਿਨਾਂ-ਸ਼ੱਕ ਜੇ ਧੁਨੀਆਂ ਅਤੇ ਸ਼ਬਦ ਉਸ ਦੇ ਵੱਸ ਵਿਚ ਹੁੰਦੇ, ਉਸ ਨੇ ਇਸ ਕਿਲਕਾਰੀ ਦੀ ਭਾਵਨਾ ਨੂੰ ਉਸੇ ਰੂਪ ਵਿਚ ਪ੍ਰਗਟ ਕਰਨਾ ਸੀ ਜਿਵੇਂ ਲੱਖਾਂ ਸਾਲ ਮਗਰੋਂ ਬਾਬਾ ਨਾਨਕ ਨੇ ਵਿਸਮਾਦੀ ਖੁਮਾਰੀ ਨਾਲ ਕਿਹਾ ਸੀ, “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥”
ਕਿਰਤ ਤੇ ਬੋਲੀ ਦੀਆਂ ਇਹ ਦੋਵੇਂ ਕਰਾਮਾਤਾਂ ਵਾਪਰਨ ਮਗਰੋਂ ਬੋਲੀ ਤੇ ਸੋਚ ਕਿਰਤ ਨੂੰ ਅਤੇ ਕਿਰਤ ਬੋਲੀ ਤੇ ਸੋਚ ਨੂੰ ਵਿਕਸਿਤ ਕਰਦੀ ਗਈ। ਜਦੋਂ ਹਾਕਮ ਜਮਾਤ ਦੇ ਅੰਗ ਗੁਰੂ ਦਰੋਣਾਚਾਰੀਆ ਨੇ ਏਕਲੱਵਿਅ ਤੋਂ ਅੰਗੂਠੇ ਦੀ ਗੁਰੂ-ਦੱਛਣਾ ਮੰਗੀ ਸੀ, ਉਹ ਉਸ ਨੂੰ ਸਿਰਫ ਹੱਥ ਦੇ ਇਕ ਹਿੱਸੇ ਤੋਂ ਵਿਰਵਾ ਹੀ ਨਹੀਂ ਸੀ ਕਰਨਾ ਚਾਹੁੰਦਾ, ਸਗੋਂ ਅੰਗੂਠੇ ਨੂੰ ਕਿਰਤ, ਬੋਲੀ ਤੇ ਵਿਕਾਸ ਦਾ ਪ੍ਰਤੀਕ ਮੰਨਦਿਆਂ ਉਸ ਦੀ ਜਾਤ-ਜਮਾਤ ਨੂੰ ਇਨ੍ਹਾਂ ਦੇ ਹਰ ਹੱਕ ਤੋਂ ਵਿਰਵਾ ਕਰਨ ਦਾ ਅਣਮਨੁੱਖੀ ਅਤੇ ਅਸਫਲ ਜਤਨ ਕਰ ਰਿਹਾ ਸੀ। ਦਰੋਣਾਚਾਰੀਆ ਦੇ ਖੋਹੇ ਅੰਗੂਠੇ ਤੋਂ ਬਿਨਾਂ ਵੀ ਬਾਕੀ ਚਾਰ ਉਂਗਲਾਂ ਦੇ ਸਹਾਰੇ ਹੀ ਉਸ ਦੇ ਲਾਡਲੇ ਸ਼ਿਸ਼ ਅਰਜੁਨ ਨੂੰ ਤੀਰਬਾਜ਼ੀ ਦੇ ਗਹਿਗੱਚ ਟਾਕਰੇ ਵਿਚ ਮੁੜ੍ਹਕੋ-ਮੁੜ੍ਹਕੀ ਕਰਦਿਆਂ ਏਕਲੱਵਿਅ ਨੇ ਆਮ ਲੋਕਾਂ ਦੀਆਂ ਭਵਿੱਖੀ ਨਸਲਾਂ ਦੇ ਕਿਰਤ, ਬੋਲੀ ਅਤੇ ਵਿਕਾਸ ਦੇ ਹੱਕ ਦਾ ਪਰਚਮ ਬੁਲੰਦ ਕਰ ਦਿਖਾਇਆ ਸੀ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਕੁਦਰਤ ਤੋਂ ਇਲਾਵਾ ਇਤਿਹਾਸ ਦੇ ਹਜ਼ਾਰਾਂ-ਲੱਖਾਂ ਸਾਲਾਂ ਵਿਚ ਸੰਸਾਰ ਵਿਚ ਜੋ ਕੁਝ ਵੀ ਨਵਾਂ ਸਿਰਜਿਆ ਗਿਆ ਹੈ, ਉਹ ਸਭ ਕਿਰਤੀ ਹੱਥਾਂ ਦਾ ਜਾਦੂ ਤੇ ਕਾਰਨਾਮਾ ਹੈ। ਅੱਗ ਦੀ ਲੱਭਤ ਤੇ ਪਹੀਏ ਦੀ ਕਾਢ ਤੋਂ ਲੈ ਕੇ ਕੰਪਿਊਟਰ ਤੱਕ ਸਭ ਕਿਰਤੀ ਹੱਥਾਂ ਦੀ ਹੀ ਕਰਾਮਾਤ ਹੈ!
ਮੁੱਢਲੇ ਸਮਾਜਾਂ ਤੋਂ ਮਗਰੋਂ ਖੇਤੀ-ਪ੍ਰਧਾਨ ਸਮਾਜ ਬਣਨ ਨਾਲ ਕਿਰਤ ਦਾ ਮਹੱਤਵ ਹੋਰ ਵਧਿਆ। ਪਰ ਖੇਤੀ ਵਿਚ ਕਿਰਤ ਕਰਨ ਵਾਲੇ ਬਹੁਤੇ ਲੋਕ ਖੇਤ ਦੇ ਮਾਲਕ ਵੀ ਆਪ ਹੀ ਹੁੰਦੇ ਸਨ। ਮਾਲਕ ਅਤੇ ਕਿਰਤੀ ਦਾ ਅਸਲ ਨਿਖੇੜਾ ਵਿਗਿਆਨ ਦੇ ਲਿਆਂਦੇ ਮਸ਼ੀਨੀ ਇਨਕਲਾਬ ਨਾਲ ਹੋਇਆ। ਨਵੀਆਂ ਸਨਅਤਾਂ ਤੇ ਫੈਕਟਰੀਆਂ ਲੱਗਣ ਲੱਗੀਆਂ ਜਿਨ੍ਹਾਂ ਨੂੰ ਵੱਡੀ ਗਿਣਤੀ ਵਿਚ ਕਿਰਤੀ ਹੱਥਾਂ ਦੀ ਲੋੜ ਪੈਂਦੀ ਸੀ। ਉਨ੍ਹਾਂ ਦੇ ਮਾਲਕ ਹੋਰ ਹੁੰਦੇ ਸਨ ਜੋ ਆਪ ਹੱਥੀਂ ਕਿਰਤ ਨਹੀਂ ਸਨ ਕਰਦੇ। ਉਨ੍ਹਾਂ ਵਿਚ ਕੰਮ ਕਰਨ ਵਾਲੇ ਕਾਮੇ ਹੋਰ ਹੁੰਦੇ ਸਨ ਜਿਨ੍ਹਾਂ ਦਾ ਉਨ੍ਹਾਂ ਦੀ ਮਾਲਕੀ ਵਿਚ ਕੋਈ ਹਿੱਸਾ ਨਹੀਂ ਸੀ ਹੁੰਦਾ। ਕੁਦਰਤੀ ਸੀ, ਇਹ ਹਾਲਤ ਮਾਲਕਾਂ ਵਿਚ ਘੱਟ ਤੋਂ ਘੱਟ ਉਜਰਤ ਦੇ ਕੇ ਮਜ਼ਦੂਰਾਂ ਤੋਂ ਵੱਧ ਤੋਂ ਵੱਧ ਕੰਮ ਲੈਣ ਤੇ ਇਉਂ ਵੱਧ ਤੋਂ ਵੱਧ ਨਫਾ ਕਮਾਉਣ ਦੀ ਸੋਚ ਨੂੰ ਜਨਮ ਦਿੰਦੀ।
ਸੂਰਜ ਉਦੈ ਤੋਂ ਅਸਤ ਤੱਕ ਦੀ ਦਿਹਾੜੀ ਤਾਂ ਸਾਧਾਰਨ ਗੱਲ ਸੀ। ਅਨੇਕ ਸਨਅਤਾਂ ਵਿਚ 14 ਜਾਂ 16 ਘੰਟੇ, ਇਥੋਂ ਤੱਕ ਕਿ 18 ਘੰਟੇ ਕੰਮ ਲੈਣਾ ਵੀ ਕੋਈ ਗ਼ੈਰ-ਕਾਨੂੰਨੀ ਗੱਲ ਨਹੀਂ ਸੀ। 1806 ਵਿਚ ਅਮਰੀਕਾ ਵਿਚ ਮੰਗਾਂ ਮੰਨਵਾਉਣ ਲਈ ਹੜਤਾਲ ਕਰਨ ਵਾਲੇ ਮਜ਼ਦੂਰਾਂ ਦੇ ਆਗੂਆਂ ਨੂੰ ਸਾਜ਼ਿਸ਼ ਕੇਸ ਵਿਚ ਉਲਝਾਇਆ ਗਿਆ ਤਾਂ ਸੁਣਵਾਈ ਸਮੇਂ ਇਹ ਸੱਚ ਉਭਰ ਕੇ ਸਾਹਮਣੇ ਆਇਆ ਕਿ ਕੁਝ ਫੈਕਟਰੀਆਂ ਵਿਚ 19-20 ਘੰਟੇ ਰੋਜ਼ ਕੰਮ ਵੀ ਲਿਆ ਜਾਂਦਾ ਸੀ। ਅਜਿਹੀ ਧੱਕੇਸ਼ਾਹੀ ਵਿਰੁਧ ਸਮੇਂ ਸਮੇਂ ਵੱਖ ਵੱਖ ਥਾਂਵਾਂ ਉਤੇ ਉਠਦੀਆਂ ਰਹੀਆਂ ਕਈ ਕਿਸਮ ਦੀਆਂ ਮੰਗਾਂ ਹੌਲੀ ਹੌਲੀ ਨਿੱਤਰ ਕੇ ਸਾਂਝੀਆਂ ਚਾਰ ਮੰਗਾਂ ਦਾ ਰੂਪ ਧਾਰ ਗਈਆਂ। ਅੱਠ ਘੰਟੇ ਦੀ ਦਿਹਾੜੀ; ਹਫ਼ਤਾਵਾਰੀ ਛੁੱਟੀ; ਕੰਮ ਅਨੁਸਾਰ ਵਾਜਬ ਉਜਰਤ; ਜਥੇਬੰਦ ਹੋਣ ਦਾ ਅਧਿਕਾਰ।
ਇਹ ਤਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਫੈਕਟਰੀ ਮਾਲਕਾਂ ਜਾਂ ਸਰਕਾਰ ਨੇ ਇਹ ਮੰਗਾਂ ਸੌਖਿਆਂ ਹੀ ਮੰਨ ਲੈਣੀਆਂ ਹਨ। ਇਉਂ ਜਦੋਜਹਿਦ ਦਾ ਲੰਮਾ ਦੌਰ ਸ਼ੁਰੂ ਹੋ ਗਿਆ। 1837 ਦੇ ਆਰਥਕ ਮੰਦਵਾੜੇ ਨੇ ਅਮਰੀਕੀ ਰਾਸ਼ਟਰਪਤੀ ਨੂੰ ਮਜਬੂਰ ਕਰ ਦਿੱਤਾ ਕਿ ਸਰਕਾਰੀ ਕੰਮਾਂ ਉਤੇ ਲੱਗੇ ਲੋਕਾਂ ਦਾ ਦਿਨ ਦਸ ਘੰਟੇ ਦਾ ਕਰ ਦਿੱਤਾ ਜਾਵੇ। ਕੁਦਰਤੀ ਸੀ, ਇਸ ਕਾਰਨ ਮਜ਼ਦੂਰਾਂ ਦੀ ਛੋਟੇ ਦਿਨ ਦੀ ਮੰਗ ਨੇ ਹੋਰ ਜ਼ੋਰ ਫੜ ਲਿਆ। ਮਜ਼ਦੂਰ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਕਿਸੇ ਆਗਿਆ ਤੋਂ ਬਿਨਾਂ ਹੀ ਜਥੇਬੰਦੀਆਂ ਬਣਾਉਣ ਲੱਗ ਪਏ। ਰਾਹ ਖੁੱਲ੍ਹਿਆ ਦੇਖ ਦੂਜੇ ਸਨਅਤੀ ਦੇਸ਼ਾਂ ਦੇ ਮਜ਼ਦੂਰਾਂ ਨੇ ਵੀ ਜਥੇਬੰਦੀਆਂ ਬਣਾਉਣੀਆਂ ਤੇ ਮੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਫੈਕਟਰੀਆਂ ਦੇ ਮਾਲਕ ਦੂਰ ਬੈਠੇ ਆਪਣੀਆਂ ਤਜੌਰੀਆਂ ਭਰਦੇ ਸਨ। ਮਜ਼ਦੂਰਾਂ ਨੂੰ ਉਨ੍ਹਾਂ ਦਾ ਕੋਈ ਥਹੁਪਤਾ ਨਹੀਂ ਸੀ ਹੁੰਦਾ। ਉਹ ਏਨਾ ਜਾਣਦੇ ਸਨ ਕਿ ਉਨ੍ਹਾਂ ਤੋਂ ਕੰਮ ਕਰਵਾਉਣ ਵਾਲੇ ਤਾਂ ਆਪ ਉਨ੍ਹਾਂ ਵਾਂਗ ਅਦਿੱਖ ਮਾਲਕ ਦੇ ਚਾਕਰ ਹਨ ਜੋ ਵੱਧ ਤੋਂ ਵੱਧ ਉਨ੍ਹਾਂ ਦੀ ਫਰਿਆਦ ਉਸ ਤੱਕ ਪੁਚਾ ਸਕਦੇ ਹਨ ਜਿਸ ਦਾ ਕਦੀ ਕੋਈ ਜਵਾਬ ਨਹੀਂ ਆਉਣਾ ਹੁੰਦਾ। ਕਈ ਵਾਰ ਤਾਂ ਅੱਕੇ ਹੋਏ ਮਜ਼ਦੂਰ ਉਨ੍ਹਾਂ ਤੋਂ ਕੰਮ ਲੈਣ ਵਾਲੇ ਪ੍ਰਬੰਧਕਾਂ ਦੀ ਥਾਂ ਮਸ਼ੀਨਾਂ ਨੂੰ ਮਾਲਕ ਦਾ ਅਸਲ ਰੂਪ ਸਮਝਦੇ। ਉਹ ਕਚੀਚੀ ਵਟਦੇ, “ਐਹ ਨੇ ਜਿਨ੍ਹਾਂ ਨੇ ਸਾਡਾ ਲਹੂ ਪੀ ਛੱਡਿਆ ਹੈ!” ਨਤੀਜੇ ਵਜੋਂ ਉਹ ਕਰੋਧ ਵਿਚ ਆ ਕੇ ਆਪਣੀ ਮੰਦਹਾਲੀ ਲਈ ਜ਼ਿੰਮੇਦਾਰ ਸਮਝਦਿਆਂ ਮਸ਼ੀਨਾਂ ਨੂੰ ਤੋੜ-ਭੰਨ ਦਿੰਦੇ।
ਪਹਿਲੀ ਮਈ 1886 ਨੂੰ ਅਮਰੀਕਾ ਦੇ ਅਨੇਕ ਸਨਅਤੀ ਸ਼ਹਿਰਾਂ ਦੇ ਕਿਰਤੀਆਂ ਨੇ ਮੰਗਾਂ ਨੂੰ ਲੈ ਕੇ ਹੜਤਾਲ ਕਰ ਦਿੱਤੀ। ਹੋਰ ਸ਼ਹਿਰਾਂ ਵਾਂਗ ਸ਼ਿਕਾਗੋ ਦੇ ਹੇਅ ਮਾਰਕਿਟ ਚੌਕ ਵਿਚ ਵੀ ਭਾਰੀ ਇਕੱਠ ਹੋਇਆ। ਭੀੜ ਵਿਚ ਸ਼ਰਾਰਤ ਨਾਲ ਬੰਬ ਸੁੱਟ ਦਿੱਤਾ ਗਿਆ। ਨਤੀਜੇ ਵਜੋਂ ਰੋਸ ਅਗਲੇ ਦਿਨਾਂ ਤੱਕ ਲਮਕ ਗਿਆ। ਚਾਰ ਮਈ ਨੂੰ ਉਸੇ ਚੌਕ ਵਿਚ ਸ਼ਾਂਤਮਈ ਰੋਸ-ਸਭਾ ਲਈ ਜੁੜੇ ਕਿਰਤੀ ਘਰਾਂ ਨੂੰ ਜਾਣ ਲੱਗੇ ਸਨ ਕਿ ਉਨ੍ਹਾਂ ਉਤੇ ਗੋਲੀ ਚਲਾ ਦਿੱਤੀ ਗਈ। ਨਤੀਜੇ ਵਜੋਂ ਕਈ ਲੋਕ ਮਾਰੇ ਗਏ। ਇਕ ਮਈ ਨੂੰ ਸ਼ੁਰੂ ਹੋਈ ਇਸ ਘਟਨਾ-ਲੜੀ ਦੀ ਯਾਦ ਵਿਚ ਹਰ ਸਾਲ ਦੀ ਇਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਣ ਲੱਗਿਆ। ਹੌਲੀ ਹੌਲੀ ਵੱਖ ਵੱਖ ਦੇਸ਼ਾਂ ਦੀਆਂ ਮਜ਼ਦੂਰ ਜਥੇਬੰਦੀਆਂ ਦਾ ਆਪਸੀ ਸੰਪਰਕ ਸੰਘਣਾ ਹੋ ਗਿਆ। ਇਉਂ ਇਕ ਕੇਂਦਰੀ ਮਜ਼ਦੂਰ ਸੰਗਠਨ ਵੀ ਹੋਂਦ ਵਿਚ ਆ ਗਿਆ। ਇਸ ਕੇਂਦਰੀ ਸੰਗਠਨ ਨੇ ਫੈਸਲਾ ਲਿਆ ਕਿ ਦੁਨੀਆਂ ਭਰ ਦੇ ਮਜ਼ਦੂਰ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਦੀ ਯਾਦ ਵਿਚ ਇਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਕਰਨਗੇ। ਇਸ ਦਿਹਾੜੇ ਦਾ ਹਰਮਨ ਪਿਆਰਾ ਨਾਂ Ḕਮਈ ਦਿਵਸḔ ਮਸ਼ਹੂਰ ਹੋ ਗਿਆ।
ਇਹ ਕਿਰਤੀ ਜਥੇਬੰਦੀਆਂ ਦੀ ਲੰਮੀ ਕੌਮਾਂਤਰੀ ਜਦੋਜਹਿਦ ਦਾ ਸਿੱਟਾ ਹੈ ਕਿ ਹੁਣ ਦੁਨੀਆਂ ਭਰ ਵਿਚ ਅੱਠ ਘੰਟੇ ਦੀ ਦਿਹਾੜੀ ਹੈ, ਹਫ਼ਤਾਵਾਰੀ ਛੁੱਟੀ ਹੁੰਦੀ ਹੈ, ਉਜਰਤ ਵੀ ਵਾਜਬ ਮਿਲਦੀ ਹੈ ਅਤੇ ਟਰੇਡ ਯੂਨੀਅਨਾਂ ਆਪਣਾ ਮਜ਼ਦੂਰ-ਹਿਤੈਸ਼ੀ ਕਾਰਜ ਕਰ ਰਹੀਆਂ ਹਨ।
ਜਿਵੇਂ ਇਸ ਸਾਰੀ ਵਾਰਤਾ ਤੋਂ ਸਪੱਸ਼ਟ ਹੈ, ਕਿਰਤੀਆਂ ਦੇ ਦਿਨ, ਭਾਵ ਮਈ ਦਿਵਸ ਦਾ ਮੁੱਢ ਅਮਰੀਕਾ ਵਿਚ ਬੱਝਿਆ। ਦੂਜੇ ਸਭ ਦੇਸ਼ਾਂ ਨੇ ਇਹ ਦਿਨ ਅਮਰੀਕਾ ਦੀ ਇਸੇ ਘਟਨਾ ਸਦਕਾ ਮਈ ਦਿਵਸ ਵਜੋਂ ਮਨਾਉਣਾ ਸ਼ੁਰੂ ਕੀਤਾ। ਦਿਲਚਸਪ ਗੱਲ ਇਹ ਹੈ ਕਿ ਬਾਕੀ ਦੁਨੀਆਂ ਮਈ ਦਿਵਸ ਮਨਾਉਂਦੀ ਹੈ ਪਰ ਅਮਰੀਕਾ ਦਾ ਕਿਰਤੀ ਦਿਵਸ ਸਤੰਬਰ ਦੇ ਪਹਿਲੇ ਐਤਵਾਰ ਮਨਾਇਆ ਜਾਂਦਾ ਹੈ। ਹੋਇਆ ਇਹ ਕਿ 1886 ਵਿਚ ਮਜ਼ਦੂਰਾਂ ਨੂੰ ਵੱਡੇ ਪੈਮਾਨੇ ਉਤੇ ਮਈ ਦਿਵਸ ਦੀ ਤਿਆਰੀ ਕਰਦਿਆਂ ਦੇਖ ਉਸ ਸਮੇਂ ਦੇ ਰਾਸ਼ਟਰਪਤੀ ਗਰੋਵਰ ਕਲੀਵਲੈਂਡ ਨੂੰ ਚਿੰਤਾ ਹੋਈ ਕਿ ਇਉਂ ਤਾਂ ਸ਼ਿਕਾਗੋ ਵਿਚ ਡੁੱਲ੍ਹੇ ਕਾਮਿਆਂ ਦੇ ਲਹੂ ਦੀ ਯਾਦ ਹਰ ਸਾਲ ਸੱਜਰੀ ਹੁੰਦੀ ਰਹੇਗੀ! ਉਹਨੇ ਐਲਾਨ ਕੀਤਾ ਕਿ ਅਮਰੀਕਾ ਦੇ ਕਿਰਤੀਆਂ ਦੀ ਸਮਾਜਕ ਤੇ ਆਰਥਕ ਪ੍ਰਾਪਤੀਆਂ ਵਿਚ ਵੱਡੀ ਦੇਣ ਹੈ। ਇਸ ਦੇਣ ਦਾ ਜਸ਼ਨ ਮਨਾਉਣ ਵਾਸਤੇ ਹਰ ਸਾਲ ਸਤੰਬਰ ਦੇ ਪਹਿਲੇ ਐਤਵਾਰ ਨੂੰ ਕਿਰਤ ਦਿਵਸ ਵਜੋਂ ਛੁੱਟੀ ਰਿਹਾ ਕਰੇਗੀ। ਇਉਂ ਮਈ ਦਿਵਸ ਦੇ ਮੋਢੀ ਅਮਰੀਕਾ ਵਿਚ ਮਜ਼ਦੂਰਾਂ ਦੀ ਸੂਰਬੀਰ ਜਦੋਜਹਿਦ ਦਾ ਪ੍ਰਤੀਕ ਮਈ ਦਿਵਸ ਹੌਲੀ ਹੌਲੀ ਭੁਲਾ ਦਿੱਤਾ ਗਿਆ ਅਤੇ ਸਾਰੀ ਦੁਨੀਆਂ ਤੋਂ ਵੱਖਰੇ ਤੌਰ ‘ਤੇ ਸਤੰਬਰ ਦਾ ਪਹਿਲਾ ਐਤਵਾਰ ਕਿਰਤੀਆਂ ਦੇ ਆਰਾਮ ਅਤੇ ਮੌਜ-ਮੇਲੇ ਦੇ ਪ੍ਰਤੀਕ ਵਜੋਂ ਮਨਾਇਆ ਜਾਣ ਲੱਗਿਆ!
Leave a Reply