ਫਰੀਦਕੋਟ: ਸਿਆਸੀ ਪਾਟੋਧਾੜ ਤੇ ਨਸ਼ਿਆਂ ਦੇ ਜਾਲ ਵਿਚ ਧਸਦੇ ਜਾ ਰਹੇ ਪੰਜਾਬ ਵਿਚ ਕੋਠੇ ਗੱਜਣ ਸਿੰਘ ਵਾਲਾ ਇਕ ਅਜਿਹਾ ਪਿੰਡ ਹੈ ਜਿਸ ਨੇ ਸਰਕਾਰ ‘ਤੇ ਟੇਕ ਰੱਖਣ ਦੀ ਥਾਂ ਆਪਣੇ ਦਮ ‘ਤੇ ਵੱਡੀਆਂ ਪੁਲਾਂਘਾ ਪੁੱਟੀਆਂ ਹਨ। ਮੁਲਕ ਦੇ ਬਟਵਾਰੇ ਮਗਰੋਂ ਇਸ ਪਿੰਡ ਦੇ ਕਿਸੇ ਵੀ ਬਾਸ਼ਿੰਦੇ ‘ਤੇ ਕੋਈ ਪੁਲਿਸ ਕੇਸ ਦਰਜ ਨਹੀਂ ਹੋਇਆ। ਜ਼ਾਹਿਰ ਹੈ ਕਿ ਪਿੰਡ ਦੇ ਕਿਸੇ ਵਿਅਕਤੀ ਨੇ ਕਦੇ ਥਾਣੇ ਜਾਂ ਕਚਹਿਰੀ ਦਾ ਮੂੰਹ ਨਹੀਂ ਦੇਖਿਆ। ਇਸ ਗੱਲ ‘ਤੇ ਪਿੰਡ ਦੇ ਲੋਕ ਮਾਣ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪੂਰਾ ਪਿੰਡ ਇਕੋ ਮੋਰੀ ਨਿਕਲਦਾ ਹੈ।
ਭਾਈਚਾਰੇ ਤੇ ਅਪਣੱਤ ਦੀ ਰਾਹ ਇਹ ਪਿੰਡ ਦਿਖਾਉਂਦਾ ਹੈ। ਜਦੋਂ ਪੰਚਾਇਤ ਚੋਣਾਂ ਹੁੰਦੀਆਂ ਹਨ ਤਾਂ ਇਹ ਪਿੰਡ ਸਰਬਸੰਮਤੀ ਨੂੰ ਹੀ ਆਪਣਾ ਧਰਮ ਸਮਝਦਾ ਹੈ। ਇਸ ਵਿਚ ਕਈ ਦਹਾਕਿਆਂ ਤੋਂ ਕਦੇ ਪੰਚਾਇਤੀ ਚੋਣ ਨਹੀਂ ਹੋਈ। 200 ਵੋਟਰ ਹਨ ਜੋ ਸਰਬਸੰਮਤੀ ਨਾਲ ਹੀ ਪੰਚਾਇਤ ਚੁਣ ਲੈਂਦੇ ਹਨ। ਲੋਕ ਸਭਾ ਚੋਣਾਂ ਵਿਚ ਹੁਣ ਜਦੋਂ ਪੂਰਾ ਪੰਜਾਬ ਗੱਜ ਰਿਹਾ ਹੈ ਤਾਂ ਕੋਠੇ ਗੱਜਣ ਸਿੰਘ ਵਾਲਾ ਦੇ ਲੋਕ ਇਸ ਅੜੀ ਤੋਂ ਬਾਹਰ ਹਨ।
ਪਿੰਡ ਦੇ ਸਾਰੇ ਵਸਨੀਕ ਚਾਰ ਪੰਜ ਬਾਬਿਆਂ ਦੀ ਹੀ ਔਲਾਦ ਹਨ ਜਿਸ ਕਰਕੇ ਸਭ ਆਪਣੇ ਹੀ ਹਨ, ਬੇਗ਼ਾਨਾ ਕੋਈ ਵੀ ਨਹੀਂ ਹੈ। ਪਿੰਡ ਵਿਚ ਕਦੇ ਅਜਿਹਾ ਝਗੜਾ ਹੋਇਆ ਹੀ ਨਹੀਂ ਜਿਸ ਕਰਕੇ ਲੋਕਾਂ ਨੂੰ ਕਿਸੇ ਨੇਤਾ ਦੇ ਬੂਹੇ ‘ਤੇ ਵੀ ਨਹੀਂ ਜਾਣਾ ਪਿਆ। ਪਿੰਡ ਦੇ ਲੋਕ ਮਿਹਨਤੀ ਹਨ ਤੇ ਆਪੋ-ਆਪਣੇ ਕੰਮ ਵਿਚ ਜੁਟੇ ਹੋਏ ਸਨ। ਕਿਸੇ ਦੀ ਸਿਆਸਤ ਵਿਚ ਬਹੁਤੀ ਦਿਲਚਸਪੀ ਨਹੀਂ। ਚੋਣਾਂ ਵੇਲੇ ਵੀ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੀ ਹੁੰਦਾ ਹੈ, ਚੋਣ ਛੋਟੀ ਹੋਵੇ ਤੇ ਚਾਹੇ ਵੱਡੀ। ਪਿੰਡ ਦੇ ਕੁਝ ਲੋਕਾਂ ਦਾ ਸ਼ਿਕਵਾ ਸੀ ਕਿ ਉਹ ਵਰ੍ਹਿਆਂ ਤੋਂ ਸਰਬਸੰਮਤੀ ਦੇ ਰਾਹ ਪਏ ਹੋਏ ਹਨ ਪਰ ਸਰਕਾਰ ਨੇ ਪੰਚਾਇਤ ਨੂੰ ਇਸ ਦਾ ਕਦੇ ਕੋਈ ਢੁਕਵਾਂ ਇਨਾਮ ਨਹੀਂ ਦਿੱਤਾ ਹੈ।
ਕਈ ਵਰ੍ਹੇ ਪਹਿਲਾਂ ਪੰਜਾਬ ਪੁਲਿਸ ਵੱਲੋਂ ਬਠਿੰਡਾ ਜ਼ੋਨ ਦੇ ਪਿੰਡਾਂ ਦੀ ਜੁਰਮ ਦਰ ਦੀ ਸਥਿਤੀ ਦੇਖੀ ਗਈ ਸੀ ਜਿਸ ਵਿਚੋਂ ਮਾਲਵਾ ਖ਼ਿੱਤੇ ਦਾ ਇਕੱਲਾ ਇਹੋ ਪਿੰਡ ਸਾਹਮਣੇ ਆਇਆ ਸੀ ਜਿਸ ਦੇ ਕਿਸੇ ਵੀ ਵਸਨੀਕ ‘ਤੇ ਕੋਈ ਪੁਲਿਸ ਕੇਸ ਦਰਜ ਨਹੀਂ ਸੀ ਹੋਇਆ। ਪਿੰਡ ਦਾ ਮੌਜੂਦਾ ਸਰਪੰਚ ਦਰਸ਼ਨ ਸਿੰਘ ਦੱਸਦਾ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਕਦੇ ਵੀ ਕੋਈ ਪੁਲਿਸ ਵਾਲਾ ਨਹੀਂ ਆਇਆ। ਚੋਣਾਂ ਵੇਲੇ ਬੂਥ ਵੀ ਇਕੋ ਹੀ ਲੱਗਦਾ ਹੈ। ਉਸ ਨੇ ਦੱਸਿਆ ਕਿ ਐਤਕੀਂ ਕੁਝ ਨੌਜਵਾਨ ਆਮ ਆਦਮੀ ਪਾਰਟੀ (ਆਪ) ਨਾਲ ਜ਼ਰੂਰ ਜੁੜੇ ਹਨ ਪਰ ਕਿਸੇ ਵਿਚ ਵਖਰੇਵਾਂ ਕੋਈ ਨਹੀਂ।
ਫਰੀਦਕੋਟ ਜ਼ਿਲ੍ਹੇ ਦੇ ਇਸ ਪਿੰਡ ਵਿਚ ਸ਼ਰਾਬ ਦਾ ਠੇਕਾ ਨਹੀਂ। ਲੋਕ ਆਸਤਿਕ ਹਨ ਪਰ ਗੁਰੂਘਰ ਕੋਈ ਨਹੀਂ। ਪਿੰਡ ਵਿਚ ਦਲਿਤ ਆਬਾਦੀ ਵੀ ਨਹੀਂ ਹੈ। ਪੂਰੇ ਪਿੰਡ ਵਿਚ ਢਿੱਲੋਂ ਗੋਤ ਦੇ ਹੀ ਲੋਕ ਰਹਿੰਦੇ ਹਨ। ਪਿੰਡ ਦੀ ਸਾਬਕਾ ਮਹਿਲਾ ਸਰਪੰਚ ਜਸਪ੍ਰੀਤ ਕੌਰ ਦਾ ਕਹਿਣਾ ਸੀ ਕਿ ਪਿੰਡ ਦੇ ਕਿਸੇ ਵੀ ਵਸਨੀਕ ਦੇ ਗੁੱਸੇ ਦਾ ਸਮਾਂ ਪੰਜ ਸੱਤ ਘੰਟਿਆਂ ਤੋਂ ਜ਼ਿਆਦਾ ਦਾ ਨਹੀਂ। ਲੋਕ ਇੰਨੇ ਇਕਮੱਤ ਹਨ ਕਿ ਲੜਾਈ-ਝਗੜੇ ਦਾ ਕੇਸ ਵੀ ਪੰਚਾਇਤ ਕੋਲ ਨਹੀਂ ਪੁੱਜਦਾ। ਪਿੰਡ ਦੀਆਂ ਔਰਤਾਂ ਦਾ ਇਹ ਪੱਕਾ ਫੈਸਲਾ ਹੈ ਕਿ ਪਿੰਡ ਵਿਚ ਕਦੇ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਾ।
ਪਿੰਡ ਵਿਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਇਕ ਪ੍ਰਾਈਵੇਟ ਗੁਰੂਕੁਲ ਸਕੂਲ ਹੈ ਜਿਸ ਦੇ ਇੰਚਾਰਜ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਦੇ ਤਾਂ ਬੱਚੇ ਵੀ ਸਿਆਣੇ ਹਨ। ਪਿੰਡ ਵਿਚ ਤਿੰਨ ਸਾਬਕਾ ਫੌਜੀ ਹਨ ਤੇ ਚਾਰ ਪਰਿਵਾਰ ਵਿਦੇਸ਼ ਵੀ ਗਏ ਹੋਏ ਹਨ। ਜ਼ਿਆਦਾ ਲੋਕ ਖੇਤੀ ਦਾ ਕੰਮ ਹੀ ਕਰਦੇ ਹਨ ਪਰ ਤਿੰਨ ਚਾਰ ਪਰਿਵਾਰਾਂ ਨੇ ਸਰਵਿਸ ਸਟੇਸ਼ਨ ਵੀ ਖੋਲ੍ਹੇ ਹੋਏ ਹਨ।
Leave a Reply