ਲੁਧਿਆਣਾ (ਬਿਊਰੋ): ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਾਸਮ ਖਾਸ ਰਹੇ ਯੂਥ ਅਕਾਲੀ ਦਲ ਦੇ ਸਾਬਕਾ ਉਪ ਪ੍ਰਧਾਨ ਮਨਿੰਦਰਪਾਲ ਸਿੰਘ ਉਰਫ਼ ਸੰਨੀ ਗੁੱਡਵਿਲ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸੰਨੀ ਗੁੱਡਵਿਲ ਏæਆਈæਜੀæ ਸੁਰਿੰਦਰ ਸਿੰਘ ਮੰਡ ‘ਤੇ ਹੋਏ ਹਮਲੇ ਦਾ ਮੁਲਜ਼ਮ ਸੀ। ਸੰਨੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਤੇ ਉਹ ਉਸ ਦਾ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ।
ਸੰਨੀ ਦੀ ਲਾਸ਼ ਨੀਲੀ ਪੈ ਜਾਣ ਕਾਰਨ ਪੁਲਿਸ ਨੇ ਸ਼ੱਕ ਜ਼ਾਹਰ ਕੀਤਾ ਕਿ ਉਸ ਦੀ ਮੌਤ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਹੋਈ ਹੈ। ਪੁਲਿਸ ਨੇ ਪੋਸਟਮਾਰਟਮ ਕਰਨ ਤੋਂ ਬਾਅਦ ਹੀ ਲਾਸ਼ ਵਾਰਸਾਂ ਹਵਾਲੇ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸੰਨੀ ਗੁੱਡਵਿਲ ਨੂੰ ਦੇਰ ਰਾਤ ਉਸ ਦਾ ਦੋਸਤ ਘਰ ਦੇ ਬਾਹਰ ਛੱਡ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਨੀ ਸਵੇਰੇ ਚਾਰ ਵਜੇ ਦੇ ਕਰੀਬ ਉੱਠਿਆ ਤੇ ਬਾਥਰੂਮ ਜਾਣ ਤੋਂ ਬਾਅਦ ਦੁਬਾਰਾ ਸੌਂ ਗਿਆ। ਸਵੇਰੇ ਕਰੀਬ 7 ਵਜੇ ਪਰਿਵਾਰ ਵਾਲਿਆਂ ਨੇ ਉਸ ਨੂੰ ਉਠਾਇਆ ਤਾਂ ਉਹ ਬੇਹੋਸ਼ ਸੀ। ਪਰਿਵਾਰ ਵਾਲੇ ਤੁਰੰਤ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਸੂਤਰਾਂ ਅਨੁਸਾਰ ਸੰਨੀ ਗੁੱਡਵਿਲ ਅੰਮ੍ਰਿਤਸਰ ਵਿਖੇ ਨਰਿੰਦਰ ਮੋਦੀ ਦੀ ਰੈਲੀ ਵਿਚ ਸ਼ਾਮਲ ਹੋਣ ਲਈ ਗਿਆ ਸੀ।
ਸੰਨੀ ਗੁੱਡਵਿਲ ਉਸ ਸਮੇਂ ਸੁਰਖੀਆਂ ਵਿਚ ਆਇਆ ਸੀ ਜਦੋਂ 25 ਦਸੰਬਰ, 2012 ਨੂੰ ਉਸ ਨੇ ਪੰਜਾਬ ਪੁਲਿਸ ਦੇ ਏæਆਈæਜੀæ ਐਸ਼ਐਸ਼ ਮੰਡ ਤੇ ਐਨæਆਰæਆਈæ ਪਰਮਜੀਤ ਸਿੰਘ ‘ਤੇ ਹਮਲਾ ਕੀਤਾ ਸੀ। ਇਸ ਕੁੱਟਮਾਰ ਵਿਚ ਐਸ਼ਐਸ਼ਪੀæ ਮੰਡ ਦੀ ਲੱਤ ਟੁੱਟ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਮਨਿੰਦਰਪਾਲ ਸਿੰਘ ਉਰਫ਼ ਸੰਨੀ ਗੁੱਡਵਿਲ, ਰਿਸ਼ੀ ਬਾਂਡਾ ਤੇ ਅਮਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ।
ਜਦੋਂ ਸੰਨੀ ਪੁਲਿਸ ਦੀ ਗ੍ਰਿਫ਼ਤ ਵਿਚ ਆਇਆ ਸੀ ਤਾਂ ਉਸ ਦੀ ਇਕ ਲੱਤ ਟੁੱਟੀ ਹੋਈ ਸੀ ਜਿਸ ਤੋਂ ਬਾਅਦ ਅਫ਼ਵਾਹਾਂ ਫੈਲੀਆਂ ਸਨ ਕਿ ਇਕ ਏæਆਈæਜੀæ ਨੇ ਉਸ ਦੀ ਲੱਤ ਤੋੜੀ ਹੈ, ਜਦੋਂ ਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਸੰਨੀ ਪੁਲਿਸ ਨੂੰ ਦੇਖ ਕੇ ਛੱਤ ਤੋਂ ਕੁੱਦਿਆ ਸੀ ਤੇ ਉਸ ਦੀ ਲੱਤ ਟੁੱਟ ਗਈ। ਸੰਨੀ ਕਰੀਬ ਅੱਠ ਮਹੀਨੇ ਤੱਕ ਜੇਲ੍ਹ ਵਿਚ ਬੰਦ ਰਿਹਾ ਸੀ ਤੇ ਬਾਅਦ ਵਿਚ ਜ਼ਮਾਨਤ ‘ਤੇ ਬਾਹਰ ਆਇਆ ਸੀ।
ਸੰਨੀ ਗੁੱਡਵਿਲ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਖਾਸਮ-ਖਾਸ ਸੀ। ਘੁਮਾਰ ਮੰਡੀ ਸਥਿਤ ‘ਦ ਹੱਬ’ ਰੇਸਤਰਾਂ ਵਿਚ ਦੇਰ ਰਾਤ ਤੱਕ ਪਾਰਟੀਆਂ ਚਲਦੀਆਂ ਸਨ। ਰੇਸਤਰਾਂ ਦੇ ਆਸ ਪਾਸ ਰਹਿਣ ਵਾਲੇ ਲੋਕ ਇਸ ਤੋਂ ਕਾਫ਼ੀ ਪ੍ਰੇਸ਼ਾਨ ਸਨ। ਲੋਕ ਸੰਨੀ ਦੀ ਸ਼ਿਕਾਇਤ ਕਰਨ ਤੋਂ ਕਤਰਾਉਂਦੇ ਸਨ। ਲੋਕਾਂ ਦਾ ਕਹਿਣਾ ਸੀ ਕਿ ਸੰਨੀ, ਬਿਕਰਮ ਸਿੰਘ ਮਜੀਠੀਆ ਦਾ ਖਾਸ ਹੈ ਜਿਸ ਕਾਰਨ ਉਸ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਪੁਲਿਸ ਵੀ ਉਸ ‘ਤੇ ਹੱਥ ਨਹੀਂ ਪਾਉਂਦੀ ਸੀ।
Leave a Reply