ਗੁਲਜ਼ਾਰ ਸਿੰਘ ਸੰਧੂ
ਦੇਸ਼ ਵਿਚ ਲਿੰਗ ਹੀਣ ਮੰਨੇ ਜਾਂਦੇ ਵੋਟਰਾਂ ਦੀ ਗਿਣਤੀ ਤਾਂ ਕੇਵਲ 84,304 ਹੀ ਦੱਸੀ ਜਾਂਦੀ ਹੈ ਪਰ ਅਜਿਹਾ ਕੋਈ ਵਿਅਕਤੀ ਨਹੀਂ ਮਿਲਣ ਲਗਿਆ ਜਿਹੜਾ ਇਨ੍ਹਾਂ ਦੀ ਹੋਂਦ ਤੋਂ ਜਾਣੂ ਨਾ ਹੋਵੇ। ਨਵੇਂ ਬੱਚੇ ਦੇ ਜਨਮ ਜਾਂ ਉਸ ਦੀ ਵਿਆਹ-ਸ਼ਾਦੀ ਸਮੇਂ ਮਨਾਈ ਜਾਂਦੀ ਖੁਸ਼ੀ ਵਿਚ ਖੁਸਰੇ ਮੰਨੇ ਜਾਂਦੇ ਇਹ ਲੋਕ ਨੱਚਦੇ-ਗਾਉਂਦੇ ਤੇ ਗਿੱਧਾ ਪਾਉਂਦੇ ਧੱਕੇ ਨਾਲ ਆ ਵੜਦੇ ਹਨ। ਮਜਾਲ ਹੈ ਉਹ ਮਨ ਮੰਗਿਆ ਸ਼ਗਨ ਲਏ ਬਿਨਾ ਖੁਸ਼ੀਆਂ ਮਨਾਉਣ ਵਾਲੇ ਪਰਿਵਾਰ ਦਾ ਖਹਿੜਾ ਛੱਡਣ। ਉਨ੍ਹਾਂ ਨੂੰ ਇਸ ਤਰ੍ਹਾਂ ਸ਼ਗਨ ਪ੍ਰਾਪਤ ਕਰਨ ਦੀ ਜੁਗਤ ਭਗਵਾਨ ਰਾਮ ਚੰਦਰ ਨੇ ਦੱਸੀ ਸੀ। ਬਹੁਤੀ ਵਾਰੀ ਉਨ੍ਹਾਂ ਦੀ ਜ਼ਿੱਦ ਛੋਟੇ ਪਰਿਵਾਰ ਦੇ ਬੋਝੇ ਖਾਲੀ ਕਰਾਉਣ ਵਾਲੀ ਹੁੰਦੀ ਹੈ। ਉਨ੍ਹਾਂ ਦਾ ਗਾਉਣ-ਵਜਾਉਣ ਤੇ ਸ਼ੋਰ-ਸ਼ਰਾਬਾ ਅੱਜ ਦੇ ਤੇਜ਼ ਤਰਾਰ ਚੋਣ ਪ੍ਰਚਾਰ ਨੂੰ ਮਾਤ ਪਾਉਣ ਵਾਲਾ ਹੁੰਦਾ ਹੈ। ਧੁੱਸ ਉਮੀਦਵਾਰਾਂ ਨਾਲੋਂ ਵੀ ਵੱਧ।
ਦੇਸ਼ ਦੇ ਸ਼ਹਿਰਾਂ ਤੇ ਕਸਬਿਆਂ ਵਿਚ ਇਨ੍ਹਾਂ ਦੀਆਂ ਬਸਤੀਆਂ ਹਨ। ਕਰਨਾਟਕ ਦੀ ḔਸੰਗਮḔ, ਤਾਮਿਲਨਾਡੂ ਦੀ Ḕਸ੍ਰਿਸ਼ਟੀ ਮਦੁਗਈḔ ਤੇ ਅੰਜਨ ਜੋਸ਼ੀ ਦੀ ਦਿੱਲੀ ਦੀ Ḕਜ਼ੀਨਤ ਕਲੱਬḔ ਇਨ੍ਹਾਂ ਦੀ ਹੋਂਦ Ḕਤੇ ਮਾਣ ਮਰਯਾਦਾ ਪਛਾਨਣ ਲਈ ਸਿਰ-ਤੋੜ ਯਤਨ ਕਰਦੀਆਂ ਆ ਰਹੀਆਂ ਹਨ। ਇਹ ਉਹ ਲੋਕ ਹਨ ਜਿਹੜੇ ਆਪਣੇ ਕਿਸੇ ਵੀ ਦੋਸ ਤੋਂ ਬਿਨਾਂ ਹਾਸ਼ੀਏ ਵਿਚ ਧੱਕੇ ਮਿਲਦੇ ਹਨ। ਆਮ ਜਨਤਾ ਦੀ ਬੇਲਿਹਾਜ਼ੀ ਨੇ ਇਨ੍ਹਾਂ ਨੂੰ ਧੁੱਸ ਤੇ ਸ਼ਕਤੀ ਦਿੱਤੀ ਹੈ।
ਇਕ ਰੇਵਤੀ ਨਾਂ ਦੀ ਪ੍ਰਾਣੀ ਦੀ ਲਿਖੀ ਹੋਈ ਸਵੈ ਜੀਵਨੀ Ḕਮੇਰੇ ਜੀਵਨ ਦਾ ਸੱਚḔ ਏਨੀ ਪ੍ਰਸਿੱਧ ਹੋਈ ਹੈ ਕਿ ਉਸ ਦੀ ਕਹਾਣੀ ਉਤੇ ਬਣਿਆ ਇਕ ਨਾਟਕ ਅੱਜ ਕਰਨਾਟਕ ਰਾਜ ਦੇ ਕੋਨੇ ਕੋਨੇ ਵਿਚ ਖੇਡਿਆ ਜਾ ਰਿਹਾ ਹੈ। ਰੋਜ਼ ਵੈਂਕਟੇਸ਼ਨ ਨਾਂ ਦੀ ਟੀ ਵੀ ਅਭੀਨੇਤਾ/ਅਭੀਨੇਤਰੀ ਆਪਣੀ ਵਖਰੀ ਰਾਜਨੀਤਕ ਪਾਰਟੀ ਬਣਾਉਣ ਦੀ ਰੌਂਅ ਵਿਚ ਹੈ। ਇਕ ਕਮਲਾ ਨਾਂ ਦੀ ਉਮੀਦਵਾਰ ਨੇ ਨਰਿੰਦਰ ਮੋਦੀ ਤੇ ਅਰਵਿੰਦ ਕੇਜਰੀਵਾਲ ਵਾਂਗ ਵਾਰਾਨਸੀ ਤੋਂ ਲੋਕ ਸਭਾ ਦੀ ਸੀਟ ਲੜਨ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਹ ਪ੍ਰਾਣੀ ਧੁੱਸ ਦੇ ਸਵਾਮੀ ਹੁੰਦੇ ਹਨ।
ਸੁਪਰੀਮ ਕੋਰਟ ਦੇ ਸਜਰੇ ਫੈਸਲੇ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ, ਬੱਚਾ ਗੋਦ ਲੈਣ, ਵਿਦਿਆ ਤੇ ਰੋਜ਼ਗਾਰ ਪ੍ਰਾਪਤ ਕਰਨ ਦੇ ਹੱਕਾਂ ਦੇ ਭਾਗੀ ਬਣਾ ਦਿੱਤਾ ਹੈ। ਅੱਗੇ ਤੋਂ ਇਸ ਸ਼੍ਰੇਣੀ ਨੂੰ ਲਿੰਗ-ਪਾਰ (ਟ੍ਰਾਂਸਜੈਂਡਰ) ਸ਼੍ਰੇਣੀ ਕਿਹਾ ਜਾਵੇਗਾ। ਹੁਣ ਇਹ ਆਮ ਲੋਕਾਂ ਵਾਂਗ ਅਧਿਆਪਕ, ਡਾਕਟਰ, ਵਕੀਲ ਜਾਂ ਇੰਜੀਨੀਅਰ ਬਣ ਸਕਣਗੇ। ਸਾਡਾ ਦੇਸ਼ ਇਹ ਵਾਲੇ ਹੱਕ ਦੇਣ ਵਿਚ ਨਿਪਾਲ, ਬੰਗਲਾਦੇਸ਼ ਤੇ ਪਾਕਿਸਤਾਨ ਨਾਲੋਂ ਵੀ ਭਾਵੇਂ ਪਿੱਛੇ ਰਹਿ ਗਿਆ ਹੈ ਪਰ Ḕਦੇਰ ਆਇਦ ਦਰੁਸਤ ਆਇਦḔ ਦੀ ਧਾਰਨਾ ਥੱਲੇ ਇਸ ਦਾ ਸਵਾਗਤ ਕਰਨਾ ਬਣਦਾ ਹੈ।
ਹੋ ਸਕਦਾ ਇਹ ਲਿੰਗ-ਪਾਰ (ਟ੍ਰਾਂਸਜੈਂਡਰ) ਸ਼੍ਰੇਣੀ ਸਾਰੇ ਹੱਕ ਮਿਲਣ ਉਪਰੰਤ ਆਪਣੀ ਪਹਿਲਾਂ ਵਾਲੀ ਧੁੱਸ ਗੰਵਾ ਲਵੇ ਫੇਰ ਵੀ ਵਖਰੀ ਪਛਾਣ ਸਥਾਪਤ ਹੋਣ ਪਿੱਛੋਂ ਇਨ੍ਹਾਂ ਦਾ ਮਨੋਬਲ ਦੂਣ ਸਵਾਇਆ ਹੋਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਤਾਂ ਆਪਾਂ ਏਸ ਵਾਰੀ ਦੀਆਂ ਲੋਕ ਸਭਾ ਚੋਣਾਂ ਵਿਚ ਕਮਲਾ ਨਾਂ ਦੀ ਉਮੀਦਵਾਰ ਨੂੰ ਸ਼ੁਭ ਇੱਛਾਵਾਂ ਦੇ ਸਕਦੇ ਹਾਂ ਜਿਸ ਨੇ ਲੋਕ ਸਭਾ ਚੋਣਾਂ ਵਿਚ ਵਾਰਾਨਸੀ ਸੀਟ ਉਤੇ ਬਹੁਤ ਵੱਡੇ ਮਹਾਰਥੀਆਂ ਦੀ ਧੁੱਸ ਨਾਲ ਆਢਾ ਲੈਣ ਦਾ ਐਲਾਨ ਕੀਤਾ ਹੈ। ਇਹ ਉਹ ਸੀਟ ਹੈ ਜਿਥੋਂ ਚੋਣ ਲੜਨ ਦਾ ਹੌਸਲਾ ਪ੍ਰਿਅੰਕਾ ਵੀ ਨਹੀਂ ਕਰ ਸਕੀ। ਨਤੀਜਾ ਕੁਝ ਵੀ ਨਿਕਲੇ ਸਾਡੀਆਂ ਸ਼ੁਭ ਇਛਾਵਾਂ ਕਮਲਾ ਲਈ ਹਨ!
ਹਰਿਆਣਾ ਦੀ ਖਾਪ ਪ੍ਰਣਾਲੀ ਦਾ ਵੱਡਾ ਫੈਸਲਾ: ਬੀਤੇ ਐਤਵਾਰ ਰੋਹਤਕ ਜ਼ਿਲ੍ਹੇ ਦੀ 42-ਗ੍ਰਾਮੀ ਸਤਰੋਲ ਖਾਪ ਨੇ ਸੇਵਾ ਮੁਕਤ ਸੂਬੇਦਾਰ ਇੰਦਰ ਸਿੰਘ ਦੀ ਪ੍ਰਧਾਨਗੀ ਥੱਲੇ ਇਕ ਵੱਡੀ ਬੈਠਕ ਵਿਚ ਆਪਣੇ ਘੇਰੇ ਵਿਚ ਆਉਂਦੇ ਪਿੰਡਾਂ ਨੂੰ ਪਿਛਲੇ ਸਾਢੇ ਛੇ ਸੌ ਸਾਲਾਂ ਤੋਂ ਚਲੇ ਆ ਰਹੇ ਵਿਆਹ ਸ਼ਾਦੀਆਂ ਦੇ ਬੰਧਨ ਤੋਂ ਮੁਕਤ ਕਰ ਦਿੱਤਾ ਹੈ। ਹੁਣ ਤੱਕ ਉਨ੍ਹਾਂ ਦੀ ਮਰਯਾਦਾ ਕਿਸੇ ਵੀ ਯੁਵਕ ਜਾਂ ਯੁਵਤੀ ਦਾ ਆਪਣੀ ਖਾਪ ਅਧੀਨ ਆਉਂਦੇ ਪਿੰਡਾਂ ਵਿਚ ਆਪਣੀ ਜਾਤੀ ਜਾਂ ਗੋਤ ਵਿਚ ਵਿਆਹ ਨਹੀਂ ਸੀ ਹੋਣ ਦਿੰਦੀ। ਏਸ ਕਾਰਨ ਯੁਵਕ ਯੁਵਤੀਆਂ ਦੇ ਅਣਵਿਆਹੇ ਰਹਿ ਜਾਣ ਨਾਲ ਲਿੰਗ ਅਨੁਪਾਤ ਹੀ ਡਾਵਾਂਡੋਲ ਨਹੀਂ ਹੋਇਆ ਸਗੋਂ ਇੱਜ਼ਤ ਲਈ ਕਤਲ ਵੀ ਹੋਣ ਲਗ ਪਏ ਸਨ। ਨਵੇਂ ਫੈਸਲੇ ਅਨੁਸਾਰ ਪੁਰਾਣਾ ਬੰਧਨ ਕੇਵਲ ਆਪਣੇ ਜਾਂ ਆਪਣੇ ਪਿੰਡ ਦੀ ਸੀਮਾ ਨਾਲ ਲਗਦੇ ਪਿੰਡਾਂ ਤੇ ਆਪਣੇ ਮਾਂ-ਬਾਪ ਦੇ ਗੋਤ ਤੋਂ ਬਿਨਾਂ ਹੋਰ ਕਿਸੇ ਥਾਂ ਲਾਗੂ ਨਹੀਂ ਹੋਵੇਗਾ।
ਭਾਵੇਂ ਐਤਵਾਰ ਵਾਲੀ ਬੈਠਕ ਵਿਚ ਹਾਜ਼ਰ ਪ੍ਰਧਾਨਾਂ ਵਿਚੋਂ ਇਸ ਫੈਸਲੇ ਦੀ ਦੋ ਚਾਰ ਪ੍ਰਧਾਨਾਂ ਨੇ ਵਿਰੋਧਤਾ ਵੀ ਕੀਤੀ ਪਰ ਇਸ ਫੈਸਲੇ ਦੀ ਸੂਚਨਾ ਮੀਡੀਆ ਵਿਚ ਆਉਂਦੇ ਸਾਰ ਹੋਰ ਵੀ ਵੱਡੀਆਂ ਖਾਪਾਂ ਨੇ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਹੈ। ਇਥੋਂ ਤੱਕ ਕਿ ਸਰਵ ਖਾਪ ਮਹਾ ਪੰਚਾਇਤ ਦੇ ਕਨਵੀਨਰ ਕੁਲਦੀਪ ਢਾਂਡਾ ਨੇ ਵੀ ਇਸ ਫੈਸਲੇ ਦੀ ਹਾਮੀ ਭਰਨ ਵਾਲੀ ਕਿਸੇ ਖਾਪ ਨੂੰ ਨਹੀਂ ਰੋਕਿਆ। ਇਹ ਖੁੱਲ੍ਹ ਕਿਸੇ ਪ੍ਰਕਾਰ ਦੇ ਦਬਾਅ ਅਧੀਨ ਨਹੀਂ ਦਿੱਤੀ ਗਈ ਸਗੋਂ ਜ਼ਮੀਨੀ ਤੱਥਾਂ ਨੂੰ ਮੁੱਖ ਰੱਖ ਕੇ ਬਰਾਦਰੀ ਦੇ ਸੁਧਾਰ ਲਈ ਦਿੱਤੀ ਗਈ ਹੈ। ਇਸ ਦਾ ਸਵਾਗਤ ਹੋਣਾ ਚਾਹੀਦਾ ਹੈ।
ਅੰਤਿਕਾ: (ਦਰਸ਼ਨ ਸਿੰਘ ਹੀਰ ਸਾਊਥਾਲ)
ਅਰਸ਼ ਉਚਾ ਪ੍ਰੀਤ, ਨਿਆਂ ਤੇ ਸੱਚ ਕਰੇ
ਕਹਿਣੇ ਨੂੰ ਇਹ ਬੰਦਾ ਭਾਵੇਂ ਖਾਕੀ ਏ।
ਜਿਹੜੀ ਪੂੰਜੀ ਆਈ, ਜਾ ਵੀ ਸਕਦੀ ਹੈ
ਇਹਦਾ ਆਉਣਾ ਜਾਣਾ ਤੇ ਇਤਫਾਕੀ ਏ।
Leave a Reply