ਪਾਣੀ ਪਿਤਾ ਜਗਤ ਕਾ

ਜਸਵੰਤ ਸਿੰਘ ਜ਼ਫਰ
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ॥
ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ॥
-ਗੁਰੂ ਅਮਰਦਾਸ ਜੀ
ਕਿਸੇ ਗ੍ਰਹਿ ਜਾਂ ਉਪਗ੍ਰਹਿ ‘ਤੇ ਜੀਵਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਉਥੇ ਪਾਣੀ ਦੀ ਹੋਂਦ ਬਾਰੇ ਖੋਜ ਕੀਤੀ ਜਾਂਦੀ ਹੈ। ਪਾਣੀ ਹੈ ਤਾਂ ਜੀਵਨ ਹੋ ਸਕਦਾ ਹੈ। ਪਾਣੀ ਨਹੀਂ ਤਾਂ ਜੀਵਨ ਸੰਭਾਵਨਾ ਵੀ ਨਹੀਂ। ਜੀਵਨ ਹੋਂਦ ਵਿਚ ਆਉਣ ਦੀ ਪ੍ਰਕ੍ਰਿਆ ਨੂੰ ਗੁਰੂ ਨਾਨਕ ਦੇਵ ਇਸ ਤਰ੍ਹਾਂ ਬਿਆਨਦੇ ਹਨ,
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਪੰਨਾ 19)
ਧਰਤੀ ਨਾਂ ਦੇ ਇਸ ਆਕਾਸ਼ੀ ਪਿੰਡ ਦੇ ਠੰਢਾ ਹੋਣ ਅਤੇ ਸਥੂਲ ਧਰਾਤਲ ਦਾ ਰੂਪ ਅਖਤਿਆਰ ਕਰਨ ਤੋਂ ਪਹਿਲਾਂ ਕੇਵਲ ਗੈਸਾਂ ਸਨ। ਬਿਜਲਈ ਊਰਜਾ ਕਾਰਨ ਹਵਾ ਵਿਚਲੀਆਂ ਦੋ ਮੁੱਖ ਗੈਸਾਂ ਹਾਈਡ੍ਰੋਜਨ ਅਤੇ ਆਕਸੀਜਨ ਦੇ ਰਸਾਇਣਕ ਮੇਲ ਨਾਲ ਭਾਫ ਬਣੀ। ਤਾਪਮਾਨ ਘਟਣ ਨਾਲ ਇਸ ਭਾਫ਼ ਨੇ ਤਰਲ ਰੂਪ ਧਾਰਨ ਕੀਤਾ ਜਿਸ ਨੂੰ ਜਲ ਜਾਂ ਪਾਣੀ ਆਖਦੇ ਹਾਂ। ਇਸ ਪਾਣੀ ਕਾਰਨ ਪਹਿਲਾਂ ਬਨਸਪਤਿ ਹੋਂਦ ਵਿਚ ਆਈ। ਫਿਰ ਕਈ ਪ੍ਰਕਾਰ ਦੇ ਜੀਆ ਜੰਤ ਦਾ ਵਿਕਾਸ ਹੋਇਆ। ਗੁਰੂ ਨਾਨਕ ਅਨੁਸਾਰ ਹਵਾ, ਪਾਣੀ ਅਤੇ ਊਰਜਾ ਧਰਤੀ ਦੇ ਹੋਂਦ ਵਿਚ ਆਉਣ ਸਮੇਂ ਜਿਸ ਤਰ੍ਹਾਂ ਇਕ-ਦੂਜੇ ਵਿਚ ਵਟਦੇ ਘਟਦੇ ਅਤੇ ਜੁੜਦੇ ਰਹੇ ਹਨ, ਉਸੇ ਤਰ੍ਹਾਂ ਸਾਡੇ ਸਰੀਰ ਅੰਦਰ ਵੀ ਲਗਾਤਾਰ ਕਿਰਿਆਸ਼ੀਲ ਹਨ,
ਪਉਣੈ ਪਾਣੀ ਅਗਨੀ ਕਾ ਮੇਲੁ॥ (ਪੰਨਾ 152)
ਪਉਣੁ ਉਪਾਇ ਧਰੀ ਸਭ ਧਰਤੀ
ਜਲ ਅਗਨੀ ਕਾ ਬੰਧੁ ਕੀਆ॥ (ਪੰਨਾ 340)
ਪਉਣੁ ਪਾਣੀ ਅਗਨੀ ਮਿਲਿ ਜੀਆ॥ (ਪੰਨਾ 1026)
ਜਗਤੁ ਉਪਾਇ ਖੇਲੁ ਰਚਾਇਆ॥
ਪਵਣੈ ਪਾਣੀ ਅਗਨੀ ਜੀਉ ਪਾਇਆ॥ (ਪੰਨਾ 1031)
ਪਉਣ ਪਾਣੀ ਅਗਨੀ ਕਾ ਬੰਧਨੁ
ਕਾਇਆ ਕੋਟੁ ਰਚਾਇਦਾ॥ (ਪੰਨਾ 1036)
ਪਉਣੈ ਪਾਣੀ ਅਗਨੀ ਕਾ ਸਨਬੰਧ॥ (ਪੰਨਾ 1257)
ਇਸੇ ਗੱਲ ਨੂੰ ਗੁਰੂ ਅਮਰਦਾਸ ਵੀ ਦੁਹਰਾਉਂਦੇ ਹਨ,
ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ॥ (ਪੰਨਾ 160)
ਸੂਤਕੁ ਅਗਨਿ ਪਉਣੈ ਪਾਣੀ ਮਾਹਿ॥ (ਪੰਨਾ 229)
ਧਰਤੀ ‘ਤੇ ਹਵਾ ਅਤੇ ਅਗਨੀ (ਊਰਜਾ) ਤਾਂ ਪਾਣੀ ਅਤੇ ਜੀਵਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਮੌਜੂਦ ਸਨ, ਪਰ ਜੀਵਨ ਦਾ ਸਾਰਾ ਰੌਣਕ ਮੇਲਾ ਤਾਂ ਪਾਣੀ ਦੀ ਆਮਦ ਤੋਂ ਬਾਅਦ ਹੀ ਸ਼ੁਰੂ ਹੋਇਆ,
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ (ਪੰਨਾ 472)
ਜਲ ਹੀ ਤੇ ਸਭ ਊਪਜੈ ਬਿਨੁ ਜਲ ਪਿਆਸ ਨ ਜਾਇ॥ (ਪੰਨਾ 1420)
ਸਾਡੀ ਧਰਤੀ ਹੇਠਲੇ ਅਤੇ ਸਮੁੰਦਰ ਵਿਚਲੇ ਪਾਣੀ ਨੂੰ ਕੁਦਰਤ ਨੇ ਸਥਾਈ ਤੌਰ ‘ਤੇ ਨਹੀਂ ਟਿਕਾਇਆ ਹੋਇਆ। ਸਮੁੰਦਰ ‘ਚੋਂ ਪਾਣੀ ਵਾਸ਼ਪ ਬਣ ਉੱਡਦਾ, ਬੱਦਲ ਬਣਦਾ, ਬਰਸਦਾ, ਧਰਤੀ ਉਤਲੀ ਬਨਸਪਤਿ ਨੂੰ ਸਿੰਜਦਾ, ਦਰਿਆ ਨਦੀ ਨਾਲਾ ਬਣ ਵਗਦਾ, ਪਸ਼ੂ ਪੰਛੀਆਂ ਦੀ ਪਿਆਸ ਬੁਝਾਉਂਦਾ, ਧਰਤੀ ਵਿਚ ਜੀਰਦਾ, ਬਾਕੀ ਫਿਰ ਸਮੁੰਦਰ ਵਿਚ ਜਾ ਮਿਲਦਾ। ਪਾਣੀ ਦੀ ਇਹ ਲਗਾਤਾਰ ਗਤੀਸ਼ੀਲਤਾ ਹੀ ਜ਼ਿੰਦਗੀ ਦੀ ਨਿਰੰਤਰਤਾ ਬਣਾਈ ਰੱਖਦੀ ਹੈ। ਧਰਤੀ ਤੇ ਜੀਵਨ ਦੇ ਚਲਦੇ ਰਹਿਣ ਲਈ ਇਹ ਨਦੀਆਂ ਨਾਲੇ ਉਸੇ ਤਰ੍ਹਾਂ ਹਨ, ਜਿਵੇਂ ਜਿਉਂਦੇ ਆਦਮੀ ਦੇ ਸਰੀਰ ਦੀਆਂ ਨਾੜਾਂ ਵਿਚ ਵਗਦਾ ਲਹੂ। ਪਾਣੀ ਦਾ ਇਹ ਬੇਰੋਕ ਚੱਕਰ ਐਵੇਂ ਨਹੀਂ ਬਣਿਆਂ ਹੋਇਆ,
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ
ਕਿਆ ਧਰਤੀ ਮਧੇ ਪਾਣੀ ਨਾਹੀ॥
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ
ਬਿਨੁ ਪਗਾ ਵਰਸਤ ਫਿਰਾਹੀ॥ (ਪੰਨਾ 162)
ਸਥੂਲ ਧਰਾਤਲ ਧਰਤੀ ਦੇ ਕੁਲ ਰਕਬੇ ਦਾ ਕੇਵਲ ਚੌਥਾ ਹਿੱਸਾ ਹੈ। ਬਾਕੀ ਤਿੰਨ ਚੌਥਾਈ ਭਾਗ ਤਾਂ ਪਾਣੀ ਹੀ ਹੈ। ਗੁਰਬਾਣੀ ਵਿਚ ਪਰਮਾਤਮਾ ਦੀ ਸਰਬ ਵਿਆਪਕਤਾ ਜਾਂ ਸਮੁੱਚੀ ਧਰਤੀ ਦੀ ਗੱਲ ਕਰਨ ਸਮੇਂ ਜਲ ਨੂੰ ਥਲ ਤੋਂ ਪਹਿਲਾਂ ਲਿਖਿਆ ਗਿਆ ਹੈ,
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ
ਸਾਧੂ ਚਰਨ ਪਖਾਲੀ ਜੀਉ॥ (ਪੰਨਾ 106)
ਵਾਸੁਦੇਵ ਜਲ ਥਲ ਮਹਿ ਰਵਿਆ॥ (ਪੰਨਾ 259)
ਜਲ ਥਲ ਬਨ ਪਰਬਤ ਪਾਤਾਲ॥ (ਪੰਨਾ 299)
ਜਲ ਥਲ ਮਾਹੇ ਆਪਹਿ ਆਪ॥ (ਪੰਨਾ 343)
ਆਪੇ ਜਲ ਥਲਿ ਸਭਤੁ ਹੈ
ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ॥ (ਪੰਨਾ 605)
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ॥ (ਪੰਨਾ 928)
ਆਪੇ ਜਲੁ ਥਲੁ ਸਾਗਰੁ ਸਰਵਰੁ॥ (ਪੰਨਾ 1020)
ਹੁਕਮੇ ਜਲ ਥਲ ਤ੍ਰਿਭਵਣ ਵਾਸੀ॥ (ਪੰਨਾ 1037)
ਜਲ ਥਲ ਰਾਖਨ ਹੈ ਰਘੁਨਾਥ॥ (ਪੰਨਾ 1162)
ਧਰਤੀ ਵਾਂਗ ਸਾਡੇ ਸਰੀਰ ਦਾ ਵੀ 75 ਫੀਸਦੀ ਹਿੱਸਾ ਪਾਣੀ ਹੈ। ਮਨੁੱਖੀ ਸਰੀਰ ਦੀ ਬਣਤਰ ਬਾਰੇ ਭਗਤ ਰਵਿਦਾਸ ਜੀ ਲਿਖਦੇ ਹਨ,
ਜਲ ਕੀ ਭੀਤਿ ਪਵਨ ਕਾ ਥੰਭਾ
ਰਕਤ ਬੁੰਦ ਕਾ ਗਾਰਾ॥ (ਪੰਨਾ 659)
ਜਨਨ ਪ੍ਰਕ੍ਰਿਆ ਤੇ ਸਰੀਰ ਰਚਨਾ ਦੇ ਮੂਲ ਰਕਤ ਅਤੇ ਬੂੰਦ, ਅਰਥਾਤ ਆਂਡੇ ਅਤੇ ਸ਼ੁਕਰਾਣੂ ਵਿਚ ਵੀ ਬਹੁਤਾ ਪਾਣੀ ਹੀ ਹੁੰਦਾ ਹੈ। ਜਪੁਜੀ ਸਾਹਿਬ ਦੀਆਂ 38 ਪਉੜੀਆਂ ਉਪਰੰਤ ਉਚਾਰੇ ਸਲੋਕ ਵਿਚ ਗੁਰੂ ਨਾਨਕ ਪਾਣੀ ਨੂੰ ਪਿਤਾ ਆਖਦੇ ਹਨ,
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਪੰਨਾ 8)
ਉਨ੍ਹਾਂ ਇਸ ਗੱਲ ਨੂੰ ਸਾਰੰਗ ਅਤੇ ਮਾਰੂ ਰਾਗ ਦੀ ਬਾਣੀ ਵਿਚ ਵੀ ਦੁਹਰਾਇਆ ਹੈ,
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ॥ (ਪੰਨਾ 1240)
ਪਉਣੁ ਗੁਰੂ ਪਾਣੀ ਪਿਤ ਜਾਤਾ॥
ਉਦਰ ਸੰਜੋਗੀ ਧਰਤੀ ਮਾਤਾ॥ (ਪੰਨਾ 1021)
ਸੁੱਕੀ ਧਰਤੀ ਵਿਚ ਪਿਆ ਬੀਜ ਕਦੇ ਨਹੀਂ ਪੁੰਗਰਦਾ, ਪੁੰਗਰਨ ਲਈ ਪਾਣੀ ਨੂੰ ‘ਵਾਜਾਂ ਮਾਰਦਾ ਹੈ। ਧਰਤੀ ਮਾਤਾ ਦੀ ਉਪਜਾਊ ਸ਼ਕਤੀ ਨੂੰ ਪਾਣੀ ਹੀ ਜਗਾਉਂਦਾ ਹੈ। ਸਾਰੇ ਸਰੀਰ ਧਰਤੀ (ਮਿੱਟੀ) ਦੇ ਬਣੇ ਹਨ, ਧਰਤੀ ਵਿਚੋਂ ਪੈਦਾ ਹੋਏ ਹਨ, ਪਰ ਪੈਦਾ ਹੋਏ ਹਨ ਪਾਣੀ ਕਾਰਨ। ਇਸ ਲਈ ਪਾਣੀ ਪਿਤਾ ਹੈ। ਦਿਨ ਵਿਚ ਅਸੀਂ ਅਨੇਕਾਂ ਵਾਰ ਪਾਣੀ ਨੂੰ ਪੀਣ, ਖਾਣਾ ਬਣਾਉਣ, ਨਹਾਉਣ, ਸਫਾਈ ਕਰਨ ਅਤੇ ਹੋਰ ਅਣਗਿਣਤ ਕੰਮਾਂ ਲਈ ਵਰਤਦੇ ਹਾਂ। ਇਹ ਸਾਡੀ ਮਨਮੁੱਖਤਾ ਹੈ ਕਿ ਪਾਣੀ ਨੂੰ ਦੇਖਣ, ਛੂਹਣ ਜਾਂ ਵਰਤਣ ਸਮੇਂ ਸਾਡੇ ਮਨ ਵਿਚ ਪਾਣੀ ਪ੍ਰਤੀ ਪਿਤਾ ਵਾਲਾ ਭਾਵ ਪੈਦਾ ਨਹੀਂ ਹੁੰਦਾ।
ਅਸੀਂ ਕੁੱਲੀ, ਗੁੱਲੀ ਅਤੇ ਜੁੱਲੀ ਨੂੰ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਮੰਨਦੇ ਹਾਂ, ਪਰ ਗੁਰਬਾਣੀ ਇਨ੍ਹਾਂ ਵਿਚੋਂ ਕੱਪੜੇ ਅਤੇ ਮਕਾਨ ਨੂੰ ਜੀਵਨ ਦੀਆਂ ਬੁਨਿਆਦੀ ਲੋੜਾਂ ਨਹੀਂ ਮੰਨਦੀ। ਬੁਨਿਆਦੀ ਲੋੜਾਂ ਹਨ, ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਖਾਣ ਲਈ ਭੋਜਨ। ਸੇਵਾ ਦੇ ਵਿਸ਼ੇ ਸਬੰਧੀ ਗੁਰੂ ਅਰਜਨ ਸਾਹਿਬ ਦੇ ਵਾਕ ਹਨ,
ਪਾਣੀ ਪਖਾ ਪੀਸਉ ਸੇਵਕ ਕੈ
ਠਾਕੁਰ ਹੀ ਕਾ ਆਹਰੁ ਜੀਉ॥ (ਪੰਨਾ 101)
ਪਾਨੀ ਪਖਾ ਪੀਸਉ ਸੰਤ ਆਗੈ
ਗੁਣ ਗੋਵਿੰਦ ਜਸੁ ਗਾਈ॥ (ਪੰਨਾ 673)
ਪਾਣੀ ਪਖਾ ਪੀਸੁ ਦਾਸ ਕੈ
ਤਬ ਹੋਹਿ ਨਿਹਾਲੁ॥ (ਪੰਨਾ 811)
ਬੁਨਿਆਦੀ ਸੇਵਾ ਤਾਂ ਕਿਸੇ ਦੀਆਂ ਬੁਨਿਆਦੀ ਲੋੜਾਂ ਪੂਰਨ ਨੂੰ ਕਿਹਾ ਜਾ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਵੀ ਅਜਿਹਾ ਬਚਨ ਹੈ,
ਹਉ ਪਾਣੀ ਪਖਾ ਪੀਸਉ ਸੰਤ ਆਗੈ
ਪਗ ਮਲਿ ਮਲਿ ਧੂਰਿ ਮੁਖਿ ਲਾਈਐ॥ (881)
ਦਿਲਚਸਪ ਗੱਲ ਹੈ ਕਿ ਉਪਰੋਕਤ ਚਾਰਾਂ ਪੰਕਤੀਆਂ ਵਿਚ ਤਿੰਨਾਂ ਬੁਨਿਆਦੀ ਲੋੜਾਂ ਜਾਂ ਸੇਵਾਵਾਂ ਨੂੰ ਤਰਤੀਬ ਦਿੰਦਿਆਂ ਪਾਣੀ ਨੂੰ ਸਭ ਤੋਂ ਅੱਗੇ ਰੱਖਿਆ ਗਿਆ ਹੈ। ਇਕ ਥਾਂ ਗੁਰੂ ਨਾਨਕ ਜਿਹੜੇ ਤਿੰਨ ਪੱਪਿਆਂ ਨੂੰ ਜੀਵਨ ਦੀਆਂ ਤਿੰਨ ਮੁਢਲੀਆਂ ਸ਼ਰਤਾਂ ਵਜੋਂ ਦਰਜ ਕਰਦੇ ਹਨ, ਉਨ੍ਹਾਂ ਵਿਚ ਵੀ ਪਾਣੀ ਵਾਲਾ ਪੱਪਾ ਸਭ ਤੋਂ ਅੱਗੇ ਹੈ,
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ
ਚੰਦੁ ਸੂਰਜੁ ਮੁਖਿ ਦੀਏ॥ (ਪੰਨਾ 877)
ਇਸ ਤਰ੍ਹਾਂ ਜੀਵਨ ਦਾ ਪਹਿਲਾ ਸੱਚ ਪਾਣੀ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸੇ ਲਈ ਸਿੱਖ ਦਾ ਪਹਿਲਾ ਸੱਚ ਗੁਰੂ ਨੂੰ ਕਹਿਣ ਲਈ, ਭਾਵ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੇ ਮਹੱਤਵ ਅਤੇ ਪਕਿਆਈ ਨੂੰ ਸਮਝਾਉਣ ਲਈ ਪਾਣੀ ਅਤੇ ਜੀਵਨ ਦੇ ਸਬੰਧ ਨੂੰ ਚਿਤਾਰਿਆ ਗਿਆ,
ਗੁਰ ਮਿਲੇ ਸੀਤਲ ਜਲੁ ਪਾਇਆ
ਸਭਿ ਦੂਖ ਨਿਵਾਰਣਹਾਰੁ॥ (ਪੰਨਾ 1419)
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ
ਤਿਉ ਸਿਖੁ ਗੁਰ ਬਿਨੁ ਮਰਿ ਜਾਈ॥ (ਪੰਨਾ 757)
ਸਾਧ ਸੰਗਤ ਦੇ ਮਹੱਤਵ ਨੂੰ ਬਿਆਨ ਕਰਨ ਲੱਗਿਆਂ ਵੀ ਜੀਵਨ ਲਈ ਪਾਣੀ ਦੇ ਬੁਨਿਆਦੀ ਮਹੱਤਵ ਨੂੰ ਚੇਤੇ ਕੀਤਾ ਗਿਆ ਹੈ,
ਮਿਲਿ ਪਾਣੀ ਜਿਉ ਹਰੇ ਬੂਟ॥
ਸਾਧ ਸੰਗਤਿ ਤਿਉ ਹਉਮੈ ਛੂਟ॥ (ਪੰਨਾ 1181)
ਗੁਰਬਾਣੀ ਵਿਚ ਜੀਵ ਦੀ ਆਤਮਾ ਅਤੇ ਪਰਮਾਤਮਾ ਦੇ ਸਬੰਧ ਦਾ ਜ਼ਿਕਰ ਵੀ ਵਾਰ-ਵਾਰ ਪਾਣੀ ਨਾਲ ਜੀਵਨ ਦੇ ਅਟੁੱਟ ਸਬੰਧ ਦੇ ਹਵਾਲੇ ਨਾਲ ਕੀਤਾ ਗਿਆ ਹੈ। ਗੁਰਬਾਣੀ ਦਾ ਕੇਂਦਰੀ ਬਲ ਪ੍ਰਭੂ ਦਾ ਨਾਮ ਜਪਣ ‘ਤੇ ਹੈ ਅਤੇ ਇਸ ਦੇ ਮਹੱਤਵ ਨੂੰ ਜਲ ਨਾਲ ਤੁਲਨਾ ਕੇ ਸਮਝਾਇਆ ਗਿਆ ਹੈ। ਨਾਮ ਨੂੰ ਜਲ ਅਤੇ ਜਪਣ ਨੂੰ ਪੀਣਾ ਕਿਹਾ ਗਿਆ ਹੈ।
ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ॥
ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ॥ (ਪੰਨਾ 1283)
ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ॥ (ਪੰਨਾ 607)
ਗੁਰਮੁਖਿ ਜਲੁ ਪਾਵੈ ਸੁਖ ਸਹਜੇ
ਹਰਿਆ ਭਾਇ ਸੁਭਾਈ॥ (ਪੰਨਾ 607)
ਹਰਿ ਅੰਮ੍ਰਿਤੁ ਹਰਿ ਜਲੁ ਪਾਇਆ
ਸਭ ਲਾਥੀ ਤਿਸ ਤਿਸ ਕੇ॥ (ਪੰਨਾ 731)
ਤ੍ਰਿਖਾਵੰਤ ਜਲੁ ਪੀਵਤ ਠੰਢਾ
ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ॥ (ਪੰਨਾ 100)
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ॥
ਹਰਿ ਨਾਹ ਨ ਮਿਲੀਐ ਸਾਜਨੈ
ਕਤ ਪਾਈਐ ਬਿਸਰਾਮ॥ (ਪੰਨਾ 133)
ਅਬ ਮੋਹਿ ਜਲਤ ਰਾਮ ਜਲੁ ਪਾਇਆ॥ (ਪੰਨਾ 323)
ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ॥
ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ॥ (ਪੰਨਾ 1373)
ਗੁਰਬਾਣੀ ਵਿਚ ਆਤਮਾ ਅਤੇ ਪਰਮਾਤਮਾ ਦੀ ਅਭੇਦਤਾ ਨੂੰ ਬਿਆਨਣ ਸਮੇਂ ਵੀ ਗੁਰੂ ਅਰਜਨ ਦਾ ਧਿਆਨ ਪਾਣੀ ਵੱਲ ਜਾਂਦਾ ਹੈ,
ਜਿਉ ਜਲ ਮਹਿ ਜਲੁ ਆਇ ਖਟਾਨਾ॥
ਤਿਉ ਜੋਤੀ ਸੰਗਿ ਜੋਤਿ ਸਮਾਨਾ॥ (ਪੰਨਾ 278)
ਨਾਨਕ ਭ੍ਰਮ ਭੈ ਗੁਣ ਬਿਨਾਸੇ
ਮਿਲਿ ਜਲੁ ਜਲਹਿ ਖਟਾਨਾ॥ (ਪੰਨਾ 578)
ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚ ਵੀ ਆਉਂਦੀ ਹੈ,
ਨਾਨਕ ਲੀਨ ਭਇਓ ਗੋਬਿੰਦ ਸਿਉ
ਜਿਉ ਪਾਨੀ ਸੰਗਿ ਪਾਨੀ॥ (ਪੰਨਾ 633)
ਪਾਣੀ ਅੱਖਾਂ ਲਈ ਦ੍ਰਿਸ਼ ਅਤੇ ਕੰਨਾਂ ਲਈ ਸੰਗੀਤ ਵੀ ਸਿਰਜਦਾ ਹੈ। ਪਾਣੀ ਸੌਂਦਰਯ ਵੀ ਹੈ ਅਤੇ ਸ਼ਕਤੀ ਵੀ। ਇਹ ਰੁੱਤਾਂ ਅਤੇ ਮੌਸਮਾਂ ਦੀ ਖੇਡ ਦਾ ਮੁੱਖ ਪਾਤਰ ਵੀ ਹੈ, ਤੇ ਕੁਦਰਤ ਦੇ ਹੋਰ ਬੇਅੰਤ ਕੌਤਕਾਂ ਦਾ ਮਾਧਿਅਮ ਵੀ। ਇਹ ਜੀਵਾਂ ਦੀ ਮਨੋਬਿਰਤੀ ਅਤੇ ਅਵਚੇਤਨ ਨੂੰ ਘੜਦਾ ਅਤੇ ਪ੍ਰਭਾਵਿਤ ਕਰਦਾ ਹੈ। ਕਾਮਨਾ ਨੂੰ ਜਗਾਉਣ ਅਤੇ ਤ੍ਰਿਪਤਾਉਣ ਵਰਗੀਆਂ ਖੇਡਾਂ ਵੀ ਖੇਡਦਾ ਖਿਡਾਉਂਦਾ ਹੈ,
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥ (ਪੰਨਾ 1108)
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ॥
ਨਾਨਕ ਸੁਖਿ ਸਵਨੁ ਸੋਹਾਗਣੀ
ਜਿਨਹ ਸਹ ਨਾਲਿ ਪਿਆਰੁ॥ (ਪੰਨਾ 1280)
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ॥
ਨਾਨਕ ਦੁਖੁ ਲਾਗਾ ਤਿਨਹ ਕਾਮਣੀ
ਜਿਨਹ ਕੰਤੈ ਸਿਉ ਮਨਿ ਭੰਗੁ॥ (ਪੰਨਾ 1280)
ਨਾਨਕ ਬਿਜੁਲੀਆ ਚਮਕੰਨਿ
ਘੁਰਨਿਹ ਘਟਾ ਅਤਿ ਕਾਲੀਆ॥
ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ॥
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ॥
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ॥ (ਪੰਨਾ 1102)
ਸਾਰੀਆਂ ਸਭਿਅਤਾਵਾਂ ਦਾ ਜਨਮ ਅਤੇ ਵਿਕਾਸ ਪਾਣੀਆਂ ਭਾਵ ਨਦੀਆਂ ਕਿਨਾਰੇ ਹੋਇਆ। ਬਹੁਤੀਆਂ ਸਭਿਅਤਾਵਾਂ ਦੇ ਤਾਂ ਨਾਂ ਵੀ ਸਬੰਧਤ ਨਦੀਆਂ ਅਤੇ ਦਰਿਆਵਾਂ ਦੇ ਨਾਂਵਾਂ ਤੋਂ ਬਣੇ ਹਨ, ਜਿਵੇਂ ਸਿੰਧ ਘਾਟੀ ਸਭਿਅਤਾ ਅਤੇ ਨੀਲ ਘਾਟੀ ਸਭਿਅਤਾ। ਕਈ ਭੂਗੋਲਿਕ ਖਿੱਤਿਆਂ ਦੀ ਪਛਾਣ ਉਥੇ ਵਗਦੇ ਦਰਿਆਵਾਂ ਨਾਲ ਜੁੜੀ ਹੋਈ ਹੈ। ਧਰਤੀ ਦੇ ਜਿਸ ਖਿੱਤੇ ਵਿਚ ਅਸੀਂ ਰਹਿ ਰਹੇ ਹਾਂ ਇਸ ਦਾ ਪੁਰਾਣਾ ਨਾਂ ਸੱਤ ਦਰਿਆਵਾਂ ਕਾਰਨ ਸਪਤ ਸਿੰਧੂ ਸੀ। ਨਵਾਂ ਨਾਂ ਪੰਜਾਬ ਇਥੇ ਵਗਦੇ ਪੰਜ ਦਰਿਆਵਾਂ ਜਾਂ ਵੱਖ ਵੱਖ ਦਰਿਆਵਾਂ ਵਿਚਕਾਰ ਪੈਂਦੇ ਪੰਜ ਦੁਆਬਾਂ ਕਾਰਨ ਹੈ। ਇਨ੍ਹਾਂ ਦਰਿਆਵਾਂ ਸਬੰਧੀ ਪ੍ਰੋæ ਪੂਰਨ ਸਿੰਘ ਲਿਖਦੇ ਹਨ,
ਰਾਵੀ ਸੋਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ
ਮੈਨੂੰ ਝਨਾਂ ਵਾਜਾਂ ਮਾਰਦੀ
ਮੈਨੂੰ ਜਿਹਲਮ ਪਿਆਰਦਾ
ਅਟਕ ਦੀਆਂ ਲਹਿਰਾਂ ਦੀ ਠਾਠ
ਮੇਰੇ ਬੂਹੇ ‘ਤੇ ਵੱਜਦੀ
ਖਾੜ ਖਾੜ ਚੱਲਣ ਵਿਚ ਮੇਰੇ ਸੁਫ਼ਨਿਆਂ
ਪੰਜਾਬ ਦੇ ਦਰਿਆ
ਪਿਆਰ ਅੱਗ ਇਨ੍ਹਾਂ ਨੂੰ ਲੱਗੀ ਹੋਈ
ਪਿਆਰਾ ਜਾਪੁ ਸਾਹਿਬ ਗਾਉਂਦੇ,
ਠੰਢੇ ਤੇ ਠਾਰਦੇ, ਪਯਾਰਦੇ
ਜਾਪੁ ਸਾਹਿਬ ਦੇ ਕਰਤਾ ਗੁਰੂ ਗੋਬਿੰਦ ਸਿੰਘ ਦਾ ਜਨਮ ਗੰਗਾ ਕਿਨਾਰੇ ਵਸੇ ਪਟਨਾ ਸ਼ਹਿਰ ਵਿਖੇ ਹੋਇਆ। ਬਚਪਨ ਦੇ ਪਹਿਲੇ ਛੇ ਸਾਲ ਇਸੇ ਗੰਗਾ ਦੇ ਤੱਟਾਂ ਉਤੇ ਅਤੇ ਗੰਗਾ ਦੇ ਪਾਣੀਆਂ ਨਾਲ ਖੇਡਦਿਆਂ ਬੀਤੇ। ਫਿਰ ਅਨੰਦਪੁਰ ਸਾਹਿਬ ਆਏ। ਪਿਤਾ ਗੁਰੂ ਤੇਗ ਬਹਾਦਰ ਨੇ ਇਸ ਆਨੰਦਪੁਰ ਸਾਹਿਬ ਨੂੰ ਵਸਾਉਣ ਲਈ ਦਰਿਆ ਸਤਲੁਜ ਦਾ ਕਿਨਾਰਾ ਚੁਣਿਆ ਸੀ। ਇਸ ਤੋਂ ਪਹਿਲਾਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਕੀਰਤਪੁਰ ਵੀ ਸਤਲੁਜ ਕੰਢੇ ਵਸਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਚੌਪਈ ਸਾਹਿਬ ਦੀ ਬਾਣੀ ਦੀ ਰਚਨਾ ਇਸੇ ਸਤਲੁਜ ਦੇ ਕੰਢੇ ਬਿਭੌਰ ਸਾਹਿਬ ਵਿਖੇ ਕੀਤੀ। ਆਪਣੀ ਸ਼੍ਰੋਮਣੀ ਕਿਰਤ ਜਾਪੁ ਸਾਹਿਬ ਯਮੁਨਾ ਨਦੀ ਕਿਨਾਰੇ ਪਾਉਂਟਾ ਸਾਹਿਬ ਵਿਖੇ ਰਚੀ। ਇਸ ਤੋਂ ਪਿੱਛੇ ਜਾਈਏ, ਗੁਰੂ ਨਾਨਕ ਨੇ ਜਪੁਜੀ ਦੀ ਬਾਣੀ ਵੇਈਂ ਨਦੀ ਵਿਚ ਲੰਮੀ ਚੁੱਭੀ ਮਾਰਨ ਉਪਰੰਤ ਵੇਈਂ ਨਦੀ ਕੰਢੇ ਬੈਠ ਕੇ ਉਚਾਰੀ। ਵਲੀ ਗੰਧਾਰੀ ਨੂੰ ਗੁਰੂ ਨਾਨਕ ਦਾ ਉਪਦੇਸ਼ ਸੀ ਕਿ ਪਾਣੀ ਸਰਬ ਸਾਂਝੀ ਜੀਵਨ ਦਾਤ ਹੈ, ਇਸ ‘ਤੇ ਕਿਸੇ ਜ਼ੋਰਾਵਰ ਦੀ ਇਜਾਰੇਦਾਰੀ ਪਰਵਾਨ ਨਹੀਂ ਕੀਤੀ ਜਾ ਸਕਦੀ।
ਗੁਰੂ ਕੀ ਨਗਰੀ ਚੱਕ ਰਾਮਦਾਸ ਦੀ ਉਸਾਰੀ ਇਕ ਕੁਦਰਤੀ ਜਲ ਭੰਡਾਰ ਦੇ ਦੁਆਲੇ ਕਰਾਈ ਜਿਸ ਨੂੰ ਸੰਗਤੀ ਉਦਮ ਨਾਲ ਸਰੋਵਰ ਦਾ ਰੂਪ ਦਿੱਤਾ ਗਿਆ। ਇਸੇ ਸਰੋਵਰ ਕਾਰਨ ਹੀ ਇਹ ਸ਼ਹਿਰ ਅੰਮ੍ਰਿਤਸਰ ਹੋਇਆ। ਗੁਰੂ ਅਰਜਨ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਸੁਸ਼ੋਭਿਤ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਇਸ ਸਰੋਵਰ ਦੇ ਐਨ ਵਿਚਕਾਰ ਕਰਵਾਈ। ਗੁਰੂ ਸਾਹਿਬਾਨ ਨੇ ਹੋਰ ਅਨੇਕਾਂ ਖੂਹ, ਹਲਟ, ਬਾਉਲੀਆਂ ਅਤੇ ਸਰੋਵਰ ਤਿਆਰ ਕਰਵਾਏ।
ਚਿਰਾਂ ਤੋਂ ਸਥਾਪਤ ਧਾਰਮਿਕ, ਸਮਾਜਕ, ਰਾਜਨੀਤਕ ਪ੍ਰਬੰਧ ਅਤੇ ਕਦਰਾਂ-ਕੀਮਤਾਂ ਨੂੰ ਮੁੱਢੋਂ-ਸੁੱਢੋਂ ਨਵਾਂ ਰੂਪ ਦੇਣ ਲਈ ਗੁਰੂ ਗੋਬਿੰਦ ਸਿੰਘ ਨੇ ਪ੍ਰਤੀਬੱਧ ਸਿੱਖਾਂ ਦੀ ਜਮਾਤ ਤਿਆਰ ਕਰਨ, ਭਾਵ ਖਾਲਸਾ ਪੰਥ ਦੀ ਸਾਜਨਾ ਕਰਨ ਦਾ ਫੈਸਲਾ ਕੀਤਾ। ਸਿੱਖਾਂ ਦੀ ਵਿਚਰਨ ਸ਼ੈਲੀ ਨੂੰ ਰੁਪਾਂਤ੍ਰਿਤ ਕਰਨ ਲਈ ਅੰਮ੍ਰਿਤ ਛਕਾਉਣ ਦੀ ਰੀਤ ਸ਼ੁਰੂ ਹੋਈ। 1699 ਦੀ ਵਿਸਾਖੀ ਸੀ, ਖੰਡਾ ਬਾਟਾ ਸੀ, ਪੰਜ ਬਾਣੀਆਂ ਦਾ ਪਾਠ ਸੀ, ਪਤਾਸੇ ਸਨ; ਪਰ ਇਸ ਅੰਮ੍ਰਿਤ ਦਾ ਅਹਿਮ ਆਧਾਰ ਤਾਂ ਸਤਲੁਜ ਦਾ ਸਵੱਛ ਤੇ ਸ਼ਫਾਫ਼ ਜਲ ਸੀ। ਇਸ ਅਮੁੱਲੀ ਦਾਤ ਕਾਰਨ ਗੁਰੂ ਸਾਹਿਬ ਨੇ ਆਪਣੀ ਸਾਰੀ ਦੌਲਤ ਪਿਆਰੇ ਸਤਲੁਜ ਤੋਂ ਵਾਰ ਦਿੱਤੀ। ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਸਾਰਾ ਖਜ਼ਾਨਾ, ਭਾਵ ਸੋਨਾ, ਚਾਂਦੀ, ਹੀਰੇ, ਮੋਤੀ, ਜਵਾਹਰਾਤ ਆਦਿ ਆਪਣੇ ਹੱਥੀਂ ਸਤਲੁਜ ਦੇ ਪਾਣੀ ਨੂੰ ਭੇਟ ਕੀਤੇ। ਇਸ ਸਾਰੇ ਕਾਸੇ ਦੀ ਕੀਮਤ ਉਨ੍ਹਾਂ ਸਮਿਆਂ ਵਿਚ ਅਠਾਰਾਂ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ।
ਜੀਵਨ ਦੇ ਆਖਰੀ ਸਾਲਾਂ ਵਿਚ ਗੁਰੂ ਗੋਬਿੰਦ ਸਿੰਘ ਦੱਖਣੀ ਭਾਰਤ ਦੀ ਨਦੀ ਗੋਦਾਵਰੀ ਦੇ ਸੰਗ ਸਾਥ ਰਹੇ। ਗੁਰੂ ਅਮਰ ਦਾਸ ਜੀ ਦਾ ਬਚਨ ਦੇਖੋ,
ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤੁ ਪਾਵਨੁ ਹੋਇ ਜਾਵੈ॥
ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ॥ (855)
ਜਿਸ ਪਾਣੀ ਦੀ ਸੰਗਤ ਮਾਣਦਿਆਂ ਗੁਰੂਆਂ ਨੇ ਬਾਣੀ ਉਚਾਰਨ ਕੀਤੀ, ਜਿਸ ਪਾਣੀ ਨੂੰ ਗੁਰੂ ਨੇ ਅੰਮ੍ਰਿਤ ਰੂਪ ਕੀਤਾ, ਉਸ ਪਾਣੀ ਅਤੇ ਉਸ ਦੇ ਕੁਦਰਤੀ ਸਰੋਤਾਂ ਨੂੰ ਅਸੀਂ ਗਾਲ੍ਹਾਂ ਵਰਗੇ ਗੰਦੇ ਅਤੇ ਜ਼ਹਿਰ ਵਰਗੇ ਜ਼ਹਿਰੀਲੇ ਕਰ ਰਹੇ ਹਾਂ। ਜਿਸ ਪਾਣੀ ਨੂੰ ਗੁਰੂ ਨੇ ਪਿਤਾ ਕਹਿ ਕੇ ਇੰਨਾ ਸਨਮਾਨ ਦਿੱਤਾ, ਅਸੀਂ ਆਪ ਵੀ ਉਸ ਦੇ ਸਿਰ ਸਵਾਹ ਪਾ ਰਹੇ ਹਾਂ ਅਤੇ ਦੂਜਿਆਂ ਨੂੰ ਪਾਉਂਦੇ ਦੇਖ ਕੇ ਬੜੇ ਆਰਾਮ ਨਾਲ ਸਹਿਣ ਕਰ ਰਹੇ ਹਾਂ। ਗੁਰੂਆਂ ਦੇ ਮੁਕਾਬਲੇ ਸਾਡਾ ਦਰਿਆਵਾਂ ਨਾਲ ਕਿਹੋ ਜਿਹਾ ਰਿਸ਼ਤਾ ਹੈ? ਦੂਰ ਕੀ ਜਾਣਾ, ਲੁਧਿਆਣਾ ਵਿਚੋਂ ਲੰਘਦਾ ਕੁਦਰਤੀ ਨਾਲਾ ਨਰਕ ਦਾ ਰੂਪ ਧਾਰ ਚੁੱਕਾ ਹੈ। ਪਹਿਲਾਂ ਇਸ ਦਾ ਨਾਂ ਬੁੱਢਾ ਦਰਿਆ ਹੁੰਦਾ ਸੀ, ਹੁਣ ਇਸ ਦਾ ਨਾਂ ਗੰਦਾ ਨਾਲ਼ਾ ਹੈ। ਇਸ ਪ੍ਰਥਾਏ ਮਰਹੂਮ ਸ਼ਾਇਰ ਸ਼ਸ਼ ਮੀਸ਼ਾ ਦੇ ਸ਼ੇਅਰ ਹਨ,
ਚੰਗੇ ਨਹੀਂ ਆਸਾਰ ਨਗਰ ਦੇ।
ਊਂਘਣ ਪਹਿਰੇਦਾਰ ਨਗਰ ਦੇ।
ਇਸ ਦੀ ਰੂਹ ਹੈ ਗੰਦਾ ਨਾਲ਼ਾ,
ਜੋ ਵਗਦਾ ਵਿਚਕਾਰ ਨਗਰ ਦੇ।
ਇਥੇ ਨਗਰ ਤੋਂ ਭਾਵ ਸਾਡਾ ਸ਼ਹਿਰ ਵੀ ਹੋ ਸਕਦਾ ਹੈ, ਸੂਬਾ ਵੀ, ਦੇਸ਼ ਵੀ ਅਤੇ ਸਾਡਾ ਜੀਵਨ ਵੀ ਹੋ ਸਕਦਾ ਹੈ। ਲੁਧਿਆਣੇ ਵਿਚ ਬੁੱਢੇ ਦਰਿਆ ਉਪਰੋਂ ਲੰਘਦਿਆਂ ਮੈਂ ਅਕਸਰ ਇਸ ਦੇ ਉਸ ਸਰੂਪ ਨੂੰ ਯਾਦ ਕਰਦਾਂ ਜੋ ਸਰੂਪ ਸਾਡੇ ਪਿੰਡ ਖੇਤਾਂ ਕੋਲੋਂ ਵਗਣ ਸਮੇਂ ਹੁੰਦਾ ਸੀ। ਇਨ੍ਹਾਂ ਖੇਤਾਂ ਵਿਚ ਕੰਮ ਕਰਨ ਲਈ ਜਾਣ ਵੇਲੇ ਅਸੀਂ ਘਰੋਂ ਪਾਣੀ ਨਾਲ ਨਹੀਂ ਸਾਂ ਲਿਜਾਂਦੇ, ਬੁੱਢੇ ਦਰਿਆ ਵਿਚੋਂ ਹੀ ਪੀਂਦੇ ਸਾਂ। ਬਰਸਾਤ ਤੋਂ ਬਿਨਾਂ ਬਾਕੀ ਦਸ ਮਹੀਨੇ ਪਾਰਦਰਸ਼ੀ ਪਾਣੀ ‘ਚੋਂ ਇਸ ਦਾ ਥੱਲਾ ਸਾਫ਼ ਦਿਸਦਾ ਸੀ। ਇੱਕੋ ਨਜ਼ਰੇ ਹਜ਼ਾਰਾਂ ਮੱਛੀਆਂ ਦਿਸਦੀਆਂ। ਪਿਛਲੇ ਸਾਲ ਮੈਂ ਇਕ ਦੋਸਤ ਨੂੰ ਬੜਾ ਹੁੱਬ ਕੇ ਆਪਣੇ ਪਿੰਡ ਕੋਲੋਂ ਗੁਜ਼ਰਦੇ ਬੁੱਢੇ ਦਰਿਆ ਦੇ ਇਸ ਸੁਹਾਵਣੇ ਰੂਪ ਦੇ ਦਰਸ਼ਨ ਕਰਾਉਣ ਲਈ ਲੈ ਗਿਆ। ਪਹੁੰਚ ਕੇ ਬੜੀ ਨਿਰਾਸ਼ਾ ਹੋਈ। ਉਥੇ ਵੀ ਲੁਧਿਆਣੇ ਵਾਲਾ ਹਾਲ ਹੋ ਚੁੱਕਾ ਸੀ। ਪਤਾ ਲੱਗਾ ਕਿ ਮਾਛੀਵਾੜੇ ਦੇ ਇਲਾਕੇ ਵਿਚ ਕੁਝ ਫੈਕਟਰੀਆਂ ਦੀ ਦਰਿਆ ਉਤੇ ਕਰੋਪੀ ਹੋ ਗਈ ਹੈ। ਪਾਣੀ ਬਿਲਕੁਲ ਕਾਲੇ ਰੰਗ ਦਾ ਅਤੇ ਕਿਸੇ ਮੱਛੀ ਦਾ ਨਾਂ ਨਿਸ਼ਾਨ ਨਹੀਂ ਸੀ।
ਪੰਜਾਬ ਦੀ ਰਾਜਨੀਤੀ ਵਿਚ ਦਰਿਆਵਾਂ ਦੇ ਪਾਣੀਆਂ ਦੀ ਵੰਡ ਵੱਡੇ ਮੁੱਦੇ ਅਤੇ ਮਸਲੇ ਦੇ ਤੌਰ ‘ਤੇ ਉਭਰਦੀ ਰਹਿੰਦੀ ਹੈ। ਮੋਰਚੇ ਵੀ ਲੱਗਦੇ ਹਨ ਪਰ ਪਾਣੀਆਂ ਦੀ ਸੰਭਾਲ ਤਾਂ ਪਾਣੀਆਂ ਦੀ ਵੰਡ ਨਾਲੋਂ ਵੀ ਅਹਿਮ ਅਤੇ ਜ਼ਰੂਰੀ ਮੁੱਦਾ ਹੈ। ਪਾਣੀ ਦੇ ਪ੍ਰਦੂਸ਼ਨ ਨੂੰ ਰੋਕਣ ਲਈ ਥਾਉਂ-ਥਾਂਈਂ ਮੋਰਚੇ ਲਾਉਣ ਦੀ ਲੋੜ ਹੈ। ਇਹ ਕੁਰਸੀਆਂ ਦਾ ਨਹੀਂ, ਸਹੀ ਅਰਥਾਂ ਵਿਚ ਧਾਰਮਿਕ ਮਸਲਾ ਹੈ। ਅਮੀਰ ਸਮਝੇ ਜਾਂਦੇ ਮੁਲਕਾਂ ਦੇ ਲੋਕ ਆਪਣੇ ਨਦੀਆਂ, ਨਾਲਿਆਂ, ਝੀਲਾਂ ਆਦਿ ਦੇ ਪਾਣੀ ਦੀ ਨਿਰਮਲਤਾ ਬਣਾਈ ਰੱਖਣ ਲਈ ਬਹੁਤ ਸੁਚੇਤ ਹਨ। ਸਰਕਾਰਾਂ ਅਤੇ ਜਨਤਾ ਦੋਵੇਂ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਨੂੰ ਕਾਨੂੰਨੀ ਅਤੇ ਇਖਲਾਕੀ ਫ਼ਰਜ਼ ਸਮਝਦੀਆਂ ਹਨ। ਉਨ੍ਹਾਂ ਦੇ ਜੀਵਨ ਵਿਚ ਸਾਡੇ ਨਾਲੋਂ ਵਧੇਰੇ ਪ੍ਰਸੰਨਤਾ, ਸੁੰਦਰਤਾ ਅਤੇ ਸਿਹਤਮੰਦੀ ਦਾ ਇਕ ਕਾਰਨ ਵਾਤਾਵਰਨ ਦੀ ਸੰਭਾਲ ਪ੍ਰਤੀ ਉਨ੍ਹਾਂ ਦਾ ਚੰਗਾ ਰਵੱਈਆ ਵੀ ਹੈ। ਇਹ ਠੀਕ ਹੈ ਕਿ ਸਨਅਤੀ ਤੌਰ ‘ਤੇ ਵਿਕਸਤ ਦੇਸ਼ ਬਹੁ-ਕੌਮੀ ਕੰਪਨੀਆਂ ਦੇ ਮਾਧਿਅਮ ਰਾਹੀਂ ਜਾਂ ਹੋਰ ਢੰਗਾਂ ਨਾਲ ਆਪਣੀ ਪੁਰਾਣੀ ਉਦਯੋਗਿਕ ਤਕਨੀਕ ਅਤੇ ਮਸ਼ੀਨਰੀ ਨੂੰ ਵਿਕਾਸਸ਼ੀਲ ਜਾਂ ਪਛੜੇ ਦੇਸ਼ਾਂ ਵੱਲ ਧੱਕ ਰਹੇ ਹਨ, ਜਿਸ ਦਾ ਇਨ੍ਹਾਂ ਦੇਸ਼ਾਂ ਦੇ ਵਾਤਾਵਰਨ ‘ਤੇ ਬੁਰਾ ਅਸਰ ਪੈਂਦਾ ਹੈ; ਪਰ ਆਪਣੇ ਪੌਣ ਪਾਣੀ ਨੂੰ ਅਸੀਂ ਆਪ ਸੁਥਰਾ ਨਹੀਂ ਰੱਖਾਂਗੇ ਤਾਂ ਬੇਗਾਨੇ ਵੀ ਇਸ ਪਾਸੇ ਕਿਉਂ ਧਿਆਨ ਦੇਣਗੇ? ਪੌਣ ਪਾਣੀ ਪ੍ਰਤੀ ਸਾਡੇ ਆਪਣੇ ਨਾਕਾਰਾਤਮਕ ਰਵੱਈਏ ਕਾਰਨ ਜੇ ਕਿਸੇ ਨੂੰ ਕਮਾਈ ਹੁੰਦੀ ਹੈ ਤਾਂ ਉਹ ਜ਼ਰੂਰ ਕਰੇਗਾ। ਜੇ ਅਸੀਂ ਆਪ ਆਪਣੇ ਪਿਉ ਨੂੰ ਪਿਉ ਨਹੀਂ ਸਮਝਣਾ, ਤਾਂ ਲੋਕਾਂ ਤੋਂ ਉਸ ਦੀ ਇੱਜ਼ਤ ਦੀ ਕੀ ਤਵੱਕੋਂ ਕਰਨੀ ਹੋਈ? ਸਾਡੇ ਅਜਿਹੇ ਰਵੱਈਏ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਸਮੁੱਚੀ ਕੁਦਰਤ ਦਾ ਅੰਗ ਨਹੀਂ ਸਮਝਦੇ। ਕੁਦਰਤ ਵਲੋਂ ਮੁਫ਼ਤ ਵਿਚ ਮਿਲੀਆਂ ਅਨਮੋਲ ਦਾਤਾਂ ਪ੍ਰਤੀ ਸਾਡੇ ਮਨਾਂ ਵਿਚ ਕੋਈ ਕਦਰ ਅਤੇ ਸ਼ੁਕਰਾਨੇ ਦਾ ਭਾਵ ਨਹੀਂ। ਇਨ੍ਹਾਂ ਅਨਮੋਲ ਦਾਤਾਂ ਦਾ ਚੇਤਾ ਕਰਾਉਂਦਿਆਂ ਗੁਰੂ ਅਰਜਨ ਦੇਵ ਮੰਗ ਕਰਦੇ ਹਨ,
ਜਿਨਿ ਦੀਆ ਤੁਧੁ ਪਵਨੁ ਅਮੋਲਾ॥
ਜਿਨਿ ਦੀਆ ਤੁਧੁ ਨੀਰੁ ਨਿਰਮੋਲਾ॥
ਜਿਨਿ ਦੀਆ ਤੁਧੁ ਪਾਵਕੁ ਬਲਨਾ॥
ਤਿਸੁ ਠਾਕੁਰ ਕੀ ਰਹੁ ਮਨ ਸਰਨਾ॥ (ਪੰਨਾ 913)
ਸਿਹਜਾ ਧਰਤਿ ਬਰਤਨ ਕਉ ਪਾਨੀ॥
ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥ (ਪੰਨਾ 1337)
ਅਨਮੋਲ ਦਾਤਾਂ ਦੀ ਸਾਨੂੰ ਕਦਰ ਨਹੀਂ। ਕਦਰ ਨਾ ਹੋਣ ਕਰ ਕੇ ਦੇਣ ਵਾਲੇ ਦਾ ਧੰਨਵਾਦ ਨਹੀਂ ਅਤੇ ਦਾਤਾਂ ਦੀ ਸੰਭਾਲ ਨਹੀਂ। ਅਸੀਂ ਪੈਸਿਆਂ ਨਾਲ ਖਰੀਦੀਆਂ ਜਾਣ ਵਾਲੀਆਂ ਵਸਤਾਂ ਨੂੰ ਹੀ ਕੀਮਤੀ ਮੰਨਦੇ ਹਾਂ, ਆਪਣੀ ਸੁਰਤ ਬਾਜ਼ਾਰ ਦੀਆਂ ਵਸਤਾਂ ਵਿਚ ਹੀ ਫਸਾਈ ਰੱਖਦੇ ਹਾਂ। ਆਪਣੀ ਲੋੜ ਦੀਆਂ ਸੁੱਖ ਸਹੂਲਤਾਂ ਅਤੇ ਵਸਤਾਂ ਨੂੰ ਖਰੀਦ ਸਕਣ ਦੀ ਹਾਲਤ ਵਿਚ ਹੋ ਸਕਣ ਦੀ ਦਿਸ਼ਾ ਵਿਚ ਦੀ ਸਾਰੇ ਕਰਮ ਕਰਦੇ ਹਾਂ; ਪਰ ਪਾਣੀ ਕੋਈ ਵਸਤੂ ਨਹੀਂ; ਜੀਵਨ ਹੈ, ਜਾਨ ਹੈ, ਕਾਦਰ ਅਤੇ ਕੁਦਰਤ ਦੀ ਸਰਬ ਸ੍ਰੇਸ਼ਟ ਦਾਤ ਹੈ। ਸਭ ਕੁਛ ਹੈ ਪਾਣੀ, ਪਰ ਸਾਡਾ ਰਵੱਈਆ ਪਾਣੀ ਨੂੰ ਦਾਤ ਦੀ ਬਜਾਏ ਵਸਤੂ ਬਣਾ ਰਿਹਾ ਹੈ। ਅਜਿਹੇ ਰਵੱਈਏ ਦੇ ਤਹਿਤ ਮਨੁੱਖ ਵੀ ਵਸਤੂ ਬਣਦਾ ਜਾ ਰਿਹਾ ਹੈ ਅਤੇ ਪੀਣ ਦਾ ਪਾਣੀ ਹੌਲੀ-ਹੌਲੀ ਬਾਜ਼ਾਰ ਅਤੇ ਵਪਾਰ ਦੀ ਚੀਜ਼ ਬਣ ਰਿਹਾ ਹੈ। ਸ਼ਾਇਰ ਗੁਰਭਜਨ ਗਿੱਲ ਦੀਆਂ ਸਤਰਾਂ ਚੇਤੇ ਆਉਂਦੀਆਂ ਹਨ,
ਕਿਥੋਂ ਤੁਰ ਕੇ ਪਹੁੰਚੀ ਦੇਖੋ ਕਿਥੇ ਆਣ ਕਹਾਣੀ।
ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਮੁੱਲ ਵਿਕਦਾ ਪਾਣੀ।
ਵਿਕਣ ਵਾਲੀ ਚੀਜ਼ ਵਿਚ ਬਰਕਤ ਨਹੀਂ ਹੁੰਦੀ। ਫਿਰ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਪ੍ਰਤੀ ਕੋਤਾਹੀ ਕਰ ਕੇ ਅਸੀਂ ਪਰਮਾਤਮਾ ਜਾਂ ਕੁਦਰਤ ਦੀ ਬਰਕਤ ਭਰਪੂਰ ਬਖਸ਼ਿਸ਼ ਤੋਂ ਕਿਉਂ ਮੂੰਹ ਮੋੜ ਰਹੇ ਹਾਂ?
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ॥
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ॥
ਨਾਨਕ ਨਦਰੀ ਸੁਖੁ ਹੋਇ ਏਨਾ
ਜੰਤਾ ਕਾ ਦੁਖੁ ਜਾਇ॥ (ਪੰਨਾ 1282)
ਸੋ, ਅਸੀਂ ਬਖਸ਼ਿਸ਼ ਤੋਂ ਹੀ ਮੂੰਹ ਮੋੜ ਨਹੀਂ ਰਹੇ, ਕੁਦਰਤ ਦੀ ਕਰੋਪੀ ਨੂੰ ਵਾਜਾਂ ਮਾਰ ਰਹੇ ਹਾਂ। ਪਾਣੀ ਦੀ ਜੀਵਨ ਸ਼ਕਤੀ ਬੜੀ ਤੇਜ਼ੀ ਨਾਲ ਨਸ਼ਟ ਰਹੇ ਹਾਂ। ਮਾਲਵੇ-ਦੁਆਬੇ ਦੇ ਬਹੁਤ ਸਾਰੇ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਪੀਣ ਦੇ ਤਾਂ ਕੀ, ਫ਼ਸਲਾਂ ਸਿੰਜਣ ਦੇ ਕਾਬਲ ਵੀ ਨਹੀਂ ਰਿਹਾ। ਜੇ ਸਾਰਾ ਪਾਣੀ ਰੋਗੀ ਹੋ ਗਿਆ ਤਾਂ ਧਰਤੀ ਵੀ ਰੋਗੀ ਹੋ ਜਾਏਗੀ। ਸਮੁੱਚੇ ਜੀਵ ਜੰਤੂਆਂ ਨੇ ਰੋਗੀ ਹੋ ਜਾਣਾ ਹੈ। ਮਨੁੱਖਾਂ ਨੇ ਤੰਦਰੁਸਤ ਅਤੇ ਸਿਹਤਮੰਦ ਕਿਥੋਂ ਰਹਿਣਾ ਹੈ? ਅੱਜ ਕੱਲ੍ਹ ਦਵਾਈਆਂ, ਹਸਪਤਾਲਾਂ, ਨਰਸਿੰਗ ਹੋਮਾਂ ਅਤੇ ਡਾਕਟਰੀ ਵਿਦਿਆ ਦਾ ਵਪਾਰ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ।
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ॥
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ॥ (ਪੰਨਾ 1153)
ਪਾਣੀ ਦੀ ਨਿਰਮਲਤਾ ਦੇ ਮਹੱਤਵ ਨੂੰ ਜਾਣਨ ਲਈ ਸਵੈ ਦਾ ਨਿਰਮਲ ਹੋਣਾ ਜ਼ਰੂਰੀ ਹੈ। ਆਪਣੀ ਹਸਤੀ ਅੰਦਰਲੇ ਪਲੀਤ ਤੱਤਾਂ ਨੂੰ ਪਛਾਣੇ ਅਤੇ ਮਿਟਾਏ ਬਿਨਾਂ ਪਾਣੀ ਨੂੰ ਪਲੀਤ ਹੋਣੋਂ ਨਹੀਂ ਬਚਾਇਆ ਜਾ ਸਕਦਾ। ਸ਼ੀਸ਼ੇ ਦਾ ਪਾਣੀ ਸਾਫ ਹੋਵੇ, ਇਹ ਲੋੜ ਉਦੋਂ ਮਹਿਸੂਸ ਹੁੰਦੀ ਹੈ ਜਦ ਚਿਹਰਾ ਸਾਫ ਹੋਵੇ, ਪਰ ਅਸੀਂ ਆਪਹੁਦਰੇਪਨ ਅਤੇ ਅਣਗਹਿਲੀ ਕਾਰਨ ਜਿਸ ਦਿਸ਼ਾ ਵੱਲ ਵਧ ਰਹੇ ਹਾਂ, ਉਹ ਡੁੱਬ ਮਰਨ ਵਾਲੀ ਗੱਲ ਹੈ; ਪਰ ਸਾਨੂੰ ਲਾਲਚਾਂ ਵਿਚ ਅੰਨੇ ਹੋਇਆਂ ਨੂੰ ਜਦ ਇਸ ਗੱਲ ਦੀ ਸਮਝ ਆਏਗੀ, ਤਦ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਡੁੱਬ ਮਰਨ ਲਈ ਵੀ ਸਾਫ਼ ਪਾਣੀ ਨਹੀਂ ਹੋਏਗਾ। ਡੁੱਬਣ ਲਈ ਸਾਡੇ ਕੋਲ ਪਛਤਾਵੇ ਅਤੇ ਸ਼ਰਮਿੰਦਗੀ ਦੀ ਸਿਰਫ ਖਾਲੀ ਚੱਪਣੀ ਬਚੇਗੀ,
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ॥ (ਪੰਨਾ 31)
ਅਗਿਆਨੀ ਅੰਧੇ ਦੂਜੈ ਲਾਗੇ॥
ਬਿਨੁ ਪਾਣੀ ਡੁਬਿ ਮੂਏ ਅਭਾਗੇ॥
ਚਲਦਿਆ ਘਰੁ ਦਰੁ ਨਦਰਿ ਨ ਆਵੈ
ਜਮ ਦਰਿ ਬਾਧਾ ਦੁਖੁ ਪਾਇਦਾ॥ (ਪੰਨਾ 1093)
ਜਦ ਬਾਰਸ਼ ਨੂੰ ਤੇਜ਼ਾਬੀ ਗੈਸਾਂ ਨਾਲ, ਨਦੀਆਂ ਨੂੰ ਕਾਰਖਾਨਿਆਂ ਦੀ ਰਹਿੰਦ-ਖੂੰਹਦ ਨਾਲ, ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲੇ ਰਸਾਇਣਾਂ ਨਾਲ ਅਤੇ ਸਮੁੰਦਰ ਨੂੰ ਐਟਮੀ ਬਾਲਣ ਦੀ ਸਵਾਹ ਨਾਲ ਨਸ਼ਟ ਕਰ ਬੈਠੇ, ਤਾਂ ਫਿਰ ਸਾਨੂੰ ਸਾਫ਼ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ, ਭਟਕਣਾ ਤੇ ਵਿਲਕਣਾ ਪੈਣਾ ਹੈ। ਪਾਣੀ ਆਧਾਰਤ ਜੀਵਨ, ਪਾਣੀ ਦੀ ਤੋਟ ਕਾਰਨ ਮਰਨਹਾਕਾ ਹੋ ਜਾਏਗਾ,
ਜਲ ਮਹਿ ਜੀਅ ਉਪਾਇ ਕੈ
ਬਿਨੁ ਜਲ ਮਰਣੁ ਤਿਨੇਹਿ॥ (ਪੰਨਾ 59)
ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥ (ਪੰਨਾ 1392)
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ॥
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ॥ (ਪੰਨਾ 959)
ਅਜਿਹੀ ਹਾਲਤ ਵਿਚ ਕੁਦਰਤ ਦੀ ਇਹ ਦਾਤ ਤਾਂ ਸਾਰੇ ਪਾਸੇ ਬੇਅੰਤ ਮਾਤਰਾ ਵਿਚ ਮੌਜੂਦ ਹੋਏਗੀ, ਪਰ ਵਰਤਣ ਵਾਲਾ ਮਨੁੱਖ, ਬੇਕਦਰੀ ਅਤੇ ਅਕ੍ਰਿਤਘਣਤਾ ਕਾਰਨ ਇਸ ਪਾਣੀ ਨੂੰ ਵਰਤਣਯੋਗ ਨਹੀਂ ਛੱਡੇਗਾ। ਇਹ ਆਪਣੀ ਨਲਾਇਕੀ, ਬਦਚਲਨੀ ਜਾਂ ਮਨਮੁੱਖਤਾ ਕਾਰਨ ਅਜਿਹੇ ਪਾਣੀ ਤੋਂ ਜੀਵਨ ਦਾਨ ਪ੍ਰਾਪਤ ਨਹੀਂ ਕਰ ਸਕੇਗਾ,
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ॥
ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ॥
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ॥
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ॥ (ਪੰਨਾ 1282)
ਇਸ ਸਾਰੇ ਹਾਲਾਤ ਬਾਰੇ ਬੀਬਾ ਬਲਵੰਤ ਦੇ ਦੋ ਸ਼ੇਅਰ ਸਾਂਝੇ ਕਰ ਕੇ ਸਮਾਪਤ ਕਰਦੇ ਹਾਂ,
ਕਿਤੇ ਅੱਥਰੂ ਕਿਤੇ ਬਾਰਸ਼ ਕਿਤੇ ਦਰਿਆ ਕਿਤੇ ਨਦੀਆਂ,
ਕਿਤੇ ਚਸ਼ਮੇ ਕਿਤੇ ਸਾਗਰ ਬੜਾ ਰੋਂਦਾ ਰਿਹਾ ਪਾਣੀ।
ਪਾਣੀ ਉਮਰ ਦਾ ਹਾਣੀ ਇਸ ਦੀ ਕਦਰ ਤਦ ਜਾਣੀ
ਜਦੋਂ ਦਮ ਆਖ਼ਿਰੀ ਸੀ ਖ਼ੁਸ਼ਕ ਬੁਲ੍ਹਾਂ ਨੇ ਕਿਹਾ ਪਾਣੀ।

Be the first to comment

Leave a Reply

Your email address will not be published.