ਸਮਾਜ ਦੇ ਸਰੋਕਾਰਾਂ ਬਾਰੇ ਰੀਝ ਅਤੇ ਨੀਝ ਨਾਲ ਕੰਮ ਕਰਨ ਵਾਲਾ ਰੰਗਕਰਮੀ ਸੈਮੂਅਲ ਜੌਹਨ ਪਹਿਲੀ ਨਜ਼ਰੇ ਸਾਧਾਰਨ ਜਿਹਾ ਲਗਦਾ ਹੈ ਪਰ ਜਦੋਂ ਉਸ ਨੂੰ ਗਹੁ ਨਾਲ ਪੜ੍ਹੋ, ਤਾਂ ਪਤਾ ਲਗਦਾ ਹੈ ਕਿ ਉਸ ਨੇ ਆਮ ਇਨਸਾਨਾਂ, ਰੋਜ਼ੀ-ਰੋਟੀ ਲਈ ਤਰਸ ਰਹੇ ਲੋਕਾਂ, ਦਲਿਤਾਂ ਤੇ ਮਜ਼ਦੂਰਾਂ ਵਿਚ ਵਿਗਿਆਨਕ ਚੇਤਨਾ ਜਗਾਉਣ ਤੇ ਸੰਘਰਸ਼ ਕਰਨ ਲਈ ਆਪਣੇ-ਆਪ ਨੂੰ ਸਮਰਪਿਤ ਕੀਤਾ ਹੋਇਆ ਹੈ। ਜੌਹਨ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਕਲਾਂ ਦਾ ਹੈ। ਗੁਰਬਤ ਕਾਰਨ ਜੌਹਨ ਨੂੰ ਇਸ ਰਾਹ Ḕਤੇ ਤੁਰਨ ਲਈ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਪਿੰਡਾਂ ਦੇ ਵਿਹੜੇ ਅਤੇ ਸੱਥਾਂ ‘ਚ ਨਾਟਕ ਖੇਡ ਕੇ ਘਰ-ਘਰ ਤੋਂ ਆਟਾ ਤੱਕ ਇਕੱਠਾ ਕਰ ਕੇ ਇਸ ਰਾਹ Ḕਤੇ ਲਗਾਤਾਰ ਤੁਰਦਾ ਰਿਹਾ। ਉਸ ਨੇ ਆਪਣੀ ਜੀਵਨ ਸਾਥਣ ਜਸਵਿੰਦਰ ਕੌਰ ਨਾਲ ਮਿਲ ਕੇ ਪਿੰਡਾਂ ਦੀਆਂ ਗਲੀਆਂ ‘ਚ ਜੁਝਾਰੂ ਇਨਕਲਾਬੀ ਗੀਤ ਗਾਏ। ਬਚਪਨ ਤੋਂ ਹੀ ਕਿਸਾਨ ਜਥੇਬੰਦੀਆਂ ਅਤੇ ਖੱਬੀਆਂ ਪਾਰਟੀਆਂ ਵੱਲੋਂ ਕੀਤੇ ਜਾਂਦੇ ਨਾਟਕ ਵੇਖ ਕੇ ਸੈਮੂਅਲ ‘ਚ ਉਤਸ਼ਾਹ ਪੈਦਾ ਹੋਇਆ ਕਿ ਉਹ ਸਮਾਜ ‘ਚ ਹਾਕਮ ਧਿਰਾਂ ਵੱਲੋਂ ਲਤਾੜੇ ਜਾ ਰਹੇ ਲੋਕਾਂ ਲਈ ਕੁਝ ਨਾ ਕੁਝ ਜ਼ਰੂਰ ਕਰੇ। ਉਹ ਆਪਣੀ ਮਿਹਨਤ ਸਦਕਾ ਨਾਟਕ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ, ਕਈ ਸੰਸਥਾਵਾਂ ਉਸ ਦਾ ਸਨਮਾਨ ਕਰ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਉਹ ਆਪਣੀਆਂ ਜੜ੍ਹਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਉਹਦਾ ਮੰਨਣਾ ਹੈ ਕਿ ਛੋਟੀਆਂ-ਛੋਟੀਆਂ ਦੁਕਾਨਾਂ ਵਾਲੇ, ਮਜ਼ਦੂਰਾਂ, ਦਿਹਾੜੀਦਾਰਾਂ ਤੇ ਦਲਿਤਾਂ ਦਾ ਵੀ ਇਸ ਪੰਜਾਬ ‘ਚ ਹਿੱਸਾ ਹੈ ਪਰ ਹਾਕਮ ਧਿਰਾਂ, ਜ਼ਮੀਨਾਂ ਤੇ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਮਾਲਕ ਆਪਣਾ ਹੱਕ ਜਮਾਈ ਬੈਠੇ ਹਨ। ਅਜਿਹੇ ਮੁੱਦਿਆਂ ਨੂੰ ਸਾਹਮਣੇ ਲਿਆਉਣ ਲਈ ਉਹ ਆਪਣੇ ਜ਼ਿਹਨ ‘ਚ ਪੈਦਾ ਹੋਈ ਇਸ ਕਲਾ ਨਾਲ ਪਿੰਡ-ਪਿੰਡ ਤੁਰਦਾ ਫਿਰ ਰਿਹਾ ਹੈ। ਅਸਲ ਵਿਚ ਉਹਦਾ ਅਤੇ ਉਹਦੀ ਕਲਾ ਦਾ ਸਮੁੱਚਾ ਦਾਈਆ ਜੁਝਾਰੂ ਜਹਾਨ ਨਾਲ ਜੁੜਿਆ ਹੋਇਆ ਹੈ।
ਸੈਮੂਅਲ ਨੇ ਆਪਣੇ ਨਾਟਕੀ ਖੇਤਰ ਦੀ ਸ਼ੁਰੂਆਤ ਫਰੀਦਕੋਟ ਦੇ ਪਿੰਡ ਔਲਖ ਵਿਖੇ ਭਾਅ ਜੀ ਗੁਰਸ਼ਰਨ ਵੱਲੋਂ ਖੇਡੇ ਜਾਂਦੇ ਨਾਟਕ Ḕਟੋਆ’ ਤੋਂ ਕੀਤੀ ਸੀ। ਮਜ਼ਦੂਰ ਤਬਕੇ ਨਾਲ ਜੁੜੇ ਅਤੇ ਆਰਥਿਕ ਸਮੱਸਿਆ ਨਾਲ ਜੂਝਦੇ ਹੋਏ ਸੈਮੂਅਲ ਨੇ ਲਹਿਰਾਗਾਗਾ ਵਿਖੇ ਨਾਟਕਾਂ ਲਈ ਸਟੇਜ ਵੀ ਬਣਵਾਈ। ਉਥੇ ਹੀ ਉਸ ਦੀ ਮੁਲਾਕਾਤ ਫਿਲਮਸਾਜ਼ ਜਤਿੰਦਰ ਮੌਹਰ ਨਾਲ ਹੋਈ ਅਤੇ ਫਿਰ ਉਹ ਜਤਿੰਦਰ ਮੌਹਰ ਦੀ ਪਹਿਲੀ ਪੰਜਾਬੀ ਫਿਲਮ Ḕਮਿੱਟੀ’ ਦਾ ਐਕਟਿੰਗ ਡਾਇਰੈਕਟਰ ਬਣਿਆ। ਇਸ ਤੋਂ ਇਲਾਵਾ ਪੰਜਾਬੀ ਫਿਲਮ Ḕਆਤੂ ਖੋਜੀ’ ਅਤੇ Ḕਕਿਰਤੀ’ ਨਾਟਕ ਸਮੇਤ ਅਨੇਕਾਂ ਹੀ ਨਾਟਕ ਪਿੰਡਾਂ ਦੀਆਂ ਸੱਥਾਂ ‘ਚ ਖੇਡੇ ਹਨ। ਜੌਹਨ ਵੱਡੇ-ਵੱਡੇ ਕਲਾਕਾਰਾਂ ਵਾਂਗ ਅਮੀਰਜ਼ਾਦਿਆਂ ਦੀਆਂ ਫਿਲਮਾਂ ਨਹੀਂ, ਸਗੋਂ ਨਾਟਕ ਦੇ ਜ਼ਰੀਏ ਪਿੰਡ-ਪਿੰਡ, ਗਲੀ-ਗਲੀ ‘ਚ ਜਾ ਕੇ ਆਪਣਿਆਂ ਤੇ ਆਮ ਲੋਕਾਂ ‘ਚ ਵਿਚਰਨਾ ਚਾਹੁੰਦਾ ਹੈ। ਗੁਰਦਿਆਲ ਸਿੰਘ ਦੇ ਨਾਵਲ Ḕਅੰਨ੍ਹੇ ਘੋੜੇ ਦਾ ਦਾਨ’ ਉਤੇ ਬਣੀ ਫਿਲਮ ਵਿਚ ਉਸ ਨੇ ਅਦਾਕਾਰੀ ਦੇ ਜੌਹਰ ਦਿਖਾਏ ਹਨ। ਇਸ ਫਿਲਮ ਨੂੰ ਕੌਮੀ ਪੱਧਰ ਦਾ ਸਰਬੋਤਮ ਫਿਲਮ ਦਾ ਪੁਰਸਕਾਰ ਮਿਲਿਆ। ਇਸ ਫਿਲਮ ਨੂੰ ਗੋਆ ਫਿਲਮ ਫੈਸਟੀਵਲ ਵਿਚ ਗੋਲਡਨ ਪੀਕੌਕ ਸਨਮਾਨ ਮਿਲਣਾ ਇਸ ਦੀ ਵਿਲੱਖਣਤਾ ਉਤੇ ਮੋਹਰ ਲਾਉਂਦਾ ਹੈ। ਉਹਨੇ ਜਿਸ ਪਾਤਰ ਦਾ ਕਿਰਦਾਰ ਇਸ ਫਿਲਮ ‘ਚ ਨਿਭਾਇਆ ਹੈ, ਉਹੀ ਕਿਰਦਾਰ ਉਹ ਆਪਣੀ ਅਸਲ ਜ਼ਿੰਦਗੀ ‘ਚ ਜੀਅ ਰਿਹਾ ਹੈ।
ਸੈਮੂਅਲ ਜੌਹਨ ਨੇ ਪੰਜਾਬ ਦੀ ਅਸਲ ਜ਼ਿੰਦਗੀ ਨਾਲ ਜੁੜੀ ਫਿਲਮ Ḕਅੰਨ੍ਹੇ ਘੋੜੇ ਦਾ ਦਾਨ’ ਨੂੰ ਘਰ-ਘਰ ਪਹੁੰਚਾਉਣ ਲਈ ਬੇਹੱਦ ਸੰਘਰਸ਼ ਕੀਤਾ ਹੈ। ਜੌਹਨ ਦੇ ਹੀ ਅਣਥੱਕ ਯਤਨਾਂ ਸਦਕਾ ਇਹ ਫਿਲਮ ਪੰਜਾਬ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਦਿਖਾਈ ਜਾ ਸਕੀ। ਸੈਮੂਅਲ ਜੌਹਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕਿਸੇ ਵੇਲੇ ਰੰਗਕਰਮੀ ਭਾਅ ਜੀ ਗੁਰਸ਼ਰਨ ਸਿੰਘ ਨੇ ਦਲਿਤਾਂ ‘ਚ ਵਿਗਿਆਨਕ ਚੇਤਨਾ ਜਗਾਉਣ ਲਈ ਉਪਰਾਲਾ ਕੀਤਾ ਸੀ, ਅੱਜ ਉਸੇ ਤਰਜ਼ ਉਤੇ ਫਿਰ ਵੱਡੇ ਪੱਧਰ ਉਤੇ ਲਾਮਬੰਦੀ ਦੀ ਲੋੜ ਹੈ; ਕਿਉਂਕਿ ਭ੍ਰਿਸ਼ਟ ਸਿਆਸੀ ਆਗੂਆਂ ਅਤੇ ਰਜਵਾੜਿਆਂ ਵੱਲੋਂ ਪੈਦਾ ਕੀਤੇ ਹਾਲਾਤ, ਆਮ ਜਨਤਾ ਨੂੰ ਬਘਿਆੜ ਵਾਂਗ ਨੋਚ ਰਹੇ ਹਨ।
-ਪਰਸ਼ੋਤਮ ਸਿੰਘ ਕੰਡਾਲਾ
ਫੋਨ: 91-95922-12660
Leave a Reply