ਫਿਲਮ ਹੀਰੋਇਨ ਕੰਗਨਾ ਰਾਣਾਵਤ ਦੀ ਗੁੱਡੀ ਅੱਜ ਕੱਲ੍ਹ ਖੂਬ ਚੜ੍ਹੀ ਹੋਈ ਹੈ। ਹਾਲ ਹੀ ਵਿਚ ਰਿਲੀਜ਼ ਹੋਈ ਉਸ ਦੀ ਫਿਲਮ Ḕਰਿਵਾਲਵਰ ਰਾਨੀḔ ਨੇ ਉਘੇ ਫਿਲਮਸਾਜ਼ ਸੁਭਾਸ਼ ਘਈ ਦੀ ਫਿਲਮ ḔਕਾਂਚੀḔ ਨੂੰ ਵੀ ਪਛਾੜ ਦਿੱਤਾ ਹੈ। ਇਸ ਤੋਂ ਪਹਿਲਾਂ ਕੰਗਨਾ ਦੀ ਚਰਚਿਤ ਹੋਈ ਫਿਲਮ ḔਕੁਈਨḔ ਨੇ ਮਾਧੁਰੀ ਦੀਕਸ਼ਿਤ ਅਤੇ ਜੂਹੀ ਚਾਵਲਾ ਦੀ ਫਿਲਮ Ḕਗੁਲਾਬ ਗੈਂਗḔ ਨੂੰ ਕਮਾਈ ਪੱਖੋਂ ਪਿੱਛੇ ਛੱਡ ਦਿੱਤਾ ਸੀ। ਇਹ ਦੋਵੇਂ ਫਿਲਮਾਂ ਇਕੋ ਦਿਨ ਰਿਲੀਜ਼ ਹੋਈਆਂ ਸਨ ਅਤੇ ਹੁਣ Ḕਰਿਵਾਲਵਰ ਰਾਨੀḔ ਅਤੇ ḔਕਾਂਚੀḔ ਵੀ ਇਕੋ ਦਿਨ ਹੀ ਰਿਲੀਜ਼ ਹੋਈਆਂ ਹਨ। ਲੋਕ ਸਭਾ ਚੋਣਾਂ ਦੀ ਮਾਰੋ-ਮਾਰ ਕਾਰਨ Ḕਰਿਵਾਲਵਰ ਰਾਨੀḔ ਦੀ ਕਮਾਈ ਪਹਿਲੇ ਦਿਨ ਭਾਵੇਂ ਘੱਟ ਰਹੀ, ਪਰ ਇਹ ਕਮਾਈ ḔਕਾਂਚੀḔ ਨਾਲੋਂ ਵੱਧ ਹੀ ਸੀ ਅਤੇ ਹੌਲੀ-ਹੌਲੀ ਇਸ ਵਿਚ ਹੋਰ ਵਾਧਾ ਵੀ ਹੁੰਦਾ ਗਿਆ।
ḔਕਾਂਚੀḔ ਫਿਲਮ ਲਈ ਤਾਂ ਸੁਭਾਸ਼ ਘਈ ਦੀ ਇੰਨੀ ਜ਼ਿਆਦਾ ਨੁਕਤਾਚੀਨੀ ਹੋਈ ਹੈ ਕਿ ਕੁਝ ਫਿਲਮ ਆਲੋਚਕਾਂ ਨੇ ਉਸ ਬਾਰੇ ਇਹ ਵੀ ਕਹਿ ਦਿੱਤਾ ਹੈ ਕਿ ਉਸ ਨੂੰ ਹੁਣ ਰਿਟਾਇਰ ਹੋ ਜਾਣਾ ਚਾਹੀਦਾ ਹੈ। ਯਾਦ ਰਹੇ ਕਿ ਸੁਭਾਸ਼ ਘਈ, ਫਿਲਮਸਾਜ਼ ਰਾਜ ਕਪੂਰ ਤੋਂ ਬਾਅਦ ਹਿੰਦੀ ਫਿਲਮੀ ਦੁਨੀਆਂ ਦਾ ਸਭ ਤੋਂ ਵੱਡਾ ਸ਼ੋਅਮੈਨ ਮੰਨਿਆ ਜਾਂਦਾ ਰਿਹਾ ਹੈ, ਪਰ ਇਸ ਫਿਲਮ ਵਿਚ ਉਹ ਕੋਈ ਜਾਦੂ ਨਹੀਂ ਧੂੜ ਸਕਿਆ। ਦੂਜੇ ਬੰਨੇ ਕੰਗਨਾ ਰਾਣਾਵਤ ਨੇ ਆਪਣੀ ਫਿਲਮ Ḕਰਿਵਾਲਵਰ ਰਾਨੀḔ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਵਿੱਦਿਆ ਬਾਲਨ ਤੋਂ ਬਾਅਦ ਕੰਗਨਾ ਅਜਿਹੀ ਪਹਿਲੀ ਹੀਰੋਇਨ ਬਣ ਗਈ ਹੈ ਜਿਸ ਦੇ ਸਿਰ ਉਤੇ ਕੋਈ ਫਿਲਮ ਚੱਲ ਸਕਦੀ ਹੈ। ਵਿਆਹ ਤੋਂ ਬਾਅਦ ਵਿੱਦਿਆ ਬਾਲਨ ਦਾ ਕੰਮ ਢਿੱਲਾ ਪੈ ਜਾਣ ਕਾਰਨ ਹੁਣ ਸਭ ਦੀਆਂ ਨਜ਼ਰਾਂ ਕੰਗਨਾ ਰਾਣਾਵਤ ਉਤੇ ਆਣ ਟਿਕੀਆਂ ਹਨ। ਹੁਣ ਉਹ ਫਿਲਮਾਂ ਵੀ ਚੁਣ-ਚੁਣ ਕੇ ਕਰ ਰਹੀ ਹੈ। ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਵੀ ਉਸ ਦੀ ਅਦਾਕਾਰੀ ਉਤੇ ਯਕੀਨ ਕਰਨ ਲੱਗੇ ਹਨ ਅਤੇ ਫਿਲਮ ਉਤੇ ਪੈਸਾ ਲਾਉਣ ਤੋਂ ਝਿਜਕ ਨਹੀਂ ਰਹੇ। ਵਿੱਦਿਆ ਬਾਲਨ ਅਤੇ ਕੰਗਨਾ ਰਾਣਾਵਤ ਨੇ ਫਿਲਮੀ ਦੁਨੀਆ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਨਵੀਆਂ ਪੈੜਾਂ ਪਾਈਆਂ ਹਨ ਜਿਸ ਦਾ ਫਾਇਦਾ ਆਉਣ ਵਾਲੀਆਂ ਹੀਰੋਇਨਾਂ ਨੂੰ ਹੋਵੇਗਾ।
Ḕਰਿਵਾਲਵਰ ਰਾਨੀḔ ਸਾਈਂ ਕਬੀਰ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ ਅਤੇ ਇਸ ਦੀ ਕਹਾਣੀ ਵੀ ਖੁਦ ਉਨ੍ਹਾਂ ਨੇ ਲਿਖੀ ਹੈ। ਆਮ ਤੌਰ Ḕਤੇ ਜਦੋਂ ਕਿਸੇ ਹੀਰੋਇਨ ਨੂੰ ਵੱਡੇ ਬਜਟ ਵਾਲੀ ਫ਼ਿਲਮ ਵਿਚ ਮੁੱਖ ਭੂਮਿਕਾ ਵਿਚ ਲਿਆ ਜਾਂਦਾ ਹੈ ਤਾਂ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਕਹਾਣੀ ਵਿਚ ਭਾਵੁਕ ਅਪੀਲ ਹੋਵੇ ਪਰ ਕੰਗਨਾ ਦੀ ਇਹ ਫ਼ਿਲਮ ਐਕਸ਼ਨ ਨਾਲ ਭਰੀ ਹੋਈ ਹੈ। ਇਸ ਫ਼ਿਲਮ ਬਾਰੇ ਕੰਗਨਾ ਕਹਿੰਦੀ ਹੈ ਕਿ ਹੁਣ ਤੱਕ ਉਸ ਨੇ ਜੋ ਵੀ ਭੂਮਿਕਾਵਾਂ ਨਿਭਾਈਆਂ ਹਨ, ਉਨ੍ਹਾਂ ਦੇ ਮੁਕਾਬਲੇ Ḕਰਿਵਾਲਵਰ ਰਾਨੀḔ ਵਿਚ ਅਲਕਾ ਸਿੰਘ ਦੀ ਭੂਮਿਕਾ ਨਿਭਾਉਣਾ ਜ਼ਿਆਦਾ ਮੁਸ਼ਕਿਲ ਰਿਹਾ। ਇਸ ਦੀ ਵਜ੍ਹਾ ਇਹ ਸੀ ਕਿ ਇਹ ਵੱਖਰੀ ਜਿਹੀ ਭੂਮਿਕਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੇ ਇਸ ਤਰ੍ਹਾਂ ਦੀ ਫਿਲਮ ਕਦੀ ਨਹੀਂ ਕੀਤੀ ਹੈ। ਫ਼ਿਲਮ ਦੇ ਸਾਰੇ ਕਿਰਦਾਰ, ਫ਼ਿਲਮ ਦੀ ਟ੍ਰੀਟਮੈਂਟ ਅਤੇ ਫ਼ਿਲਮ ਦਾ ਟੇਸਟ ਬਿਲਕੁਲ ਵੱਖਰਾ ਹੈ। ਇਸੇ ਕਰ ਕੇ ਲੋਕਾਂ ਨੇ ਇਸ ਫਿਲਮ ਨੂੰ ਵੀ ਉਸ ਦੀ ਇਸ ਤੋਂ ਪਹਿਲੀ ਫਿਲਮ ‘ਕੁਈਨ’ ਵਾਂਗ ਹੁੰਗਾਰਾ ਭਰਿਆ ਹੈ। ਇਸ ਤੋਂ ਪਹਿਲਾਂ ਕੰਗਨਾ ਦੀ ‘ਰੱਜੋ’ ਨਾਂ ਦੀ ਫਿਲਮ ਵੀ ਨਾਇਕਾ-ਪ੍ਰਧਾਨ ਫਿਲਮ ਸੀ। ਅਸਲ ਵਿਚ ਕੰਗਨਾ ਨੂੰ ਫਿਲਮ ‘ਰੱਜੋ’ ਵਿਚ ਕੀਤੀ ਅਦਾਕਾਰੀ ਨੇ ਹੀ ਰਜਾਇਆ ਸੀ। ਇਸ ਤੋਂ ਉਸ ਦੀ ਬੱਲੇ-ਬੱਲੇ ਹੋਈ ਸੀ।
Leave a Reply