ਭਾਰਤੀ ਲੋਕ ਸਭਾ ਚੋਣਾਂ ਦਾ 9 ਪੜਾਵੀ ਮੇਲਾ ਜਿਉਂ-ਜਿਉਂ ਸਮਾਪਤੀ ਵੱਲ ਵਧ ਰਿਹਾ ਹੈ, ਆਏ ਦਿਨ ਹੋਰ ਦਿਲਚਸਪ ਹੋ ਰਿਹਾ ਹੈ। ਇਸ ਮੇਲੇ ਵਿਚ ਸਭ ਤੋਂ ਵੱਧ ਢੋਲ-ਢਮੱਕਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਐਨæਡੀæਏæ ਵਿਚ ਹੈ। ਇਸ ਪਾਰਟੀ ਨੂੰ ਜਾਪ ਰਿਹਾ ਹੈ ਕਿ ਐਤਕੀਂ ਨਰੇਂਦਰ ਮੋਦੀ ਦੀ ਅਗਵਾਈ ਹੇਠ ਇਸ ਦੀ ਸਰਕਾਰ ਬੱਸ, ਵੱਟ ਉਤੇ ਹੀ ਪਈ ਹੈ। ਇਹ ਪਾਰਟੀ ਮੀਡੀਆ ਵਿਚ ਪੈਸੇ ਦੇ ਜ਼ੋਰ ਇਹ ਸਾਬਤ ਕਰਨ ਲਈ ਟਿੱਲ ਲਾ ਰਹੀ ਹੈ ਕਿ ਦੇਸ਼ ਵਿਚ ਮੋਦੀ ਲਹਿਰ ਚੱਲ ਰਹੀ ਹੈ। ਇਸ ਮਾਮਲੇ ਵਿਚ ਮੁੱਖ ਚੋਣ ਕਮਿਸ਼ਨ ਬੜਾ ਵਿਚਾਰਾ ਜਿਹਾ ਬਣਿਆ ਜਾਪ ਰਿਹਾ ਹੈ। ਇਸ ਨੇ ਤਾਂ ‘ਨੋਟਾਂ ਵੱਟੇ ਖਬਰਾਂ’ ਦੇ ਖਾਤਮੇ ਦਾ ਤਹੱਈਆ ਕੀਤਾ ਸੀ, ਪਰ ਉਥੇ ਤਾਂ ‘ਨੋਟਾਂ ਵੱਟੇ ਮੁਹਿੰਮਾਂ’ ਹੀ ਚੱਲ ਨਿਕਲੀਆਂ ਹਨ। ਹੋਰ ਤਾਂ ਹੋਰ ਚੋਣ ਕਮਿਸ਼ਨ ਵੱਲੋਂ ਚੋਣ ਸਰਵੇਖਣਾਂ ਉਤੇ ਪਾਬੰਦੀ ਵੀ ਮਖੌਲ ਵਿਚ ਹੀ ਉਡ-ਪੁਡ ਗਈ ਹੈ। ਮੁੱਖ ਟੀæਵੀæ ਚੈਨਲ ਅਤੇ ਪ੍ਰਿੰਟ ਮੀਡੀਆ ਵਿਚ ਇਹ ਸਰਵੇਖਣ ਧੜਾਧੜ ਨਸ਼ਰ ਹੋ ਰਹੇ ਹਨ। ਭਾਰਤ ਦੀ ਜਮਹੂਰੀਅਤ ਜਿਸ ਨੂੰ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਮੰਨਿਆ ਜਾਂਦਾ ਹੈ, ਤਾਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ ਸੀ, ਹੁਣ ਰਹਿੰਦੀ-ਖੂੰਹਦੀ ਕਸਰ ਚੋਣ ਢਾਂਚੇ ਦੀ ਬੇਵਸੀ ਨੇ ਕੱਢ ਦਿੱਤੀ ਹੈ। ਭੜਕਾਊ ਭਾਸ਼ਣਾਂ ਬਾਰੇ ਨਿੱਤ ਦਿਨ ਕਿੰਨੇ ਹੀ ਕੇਸ ਸਾਹਮਣੇ ਆ ਰਹੇ ਹਨ, ਪਰ ਇਹ ਢੀਠਤਾਈ ਦੀ ਸਿਖਰ ਹੀ ਹੈ ਕਿ ਲੀਡਰ ਅਜਿਹੇ ਭਾਸ਼ਣ ਦਾਗਣ ਤੋਂ ਰੱਤੀ ਭਰ ਵੀ ਗੁਰੇਜ਼ ਨਹੀਂ ਕਰ ਰਹੇ। ਇਹ ਕਿਸ ਤਰ੍ਹਾਂ ਦੀ ਜਮਹੂਰੀਅਤ ਹੈ, ਜਿਸ ਵਿਚ ਕਾਇਦੇ-ਕਾਨੂੰਨ ਦੀ ਕੋਈ ਪਾਲਣਾ ਹੀ ਨਹੀਂ ਹੋ ਰਹੀ। ਇਨ੍ਹਾਂ ਭੜਕਾਊ ਭਾਸ਼ਣਾਂ ਦੀ ਧਾਰ ਇੰਨੀ ਤਿੱਖੀ ਹੈ ਕਿ ਨਰੇਂਦਰ ਮੋਦੀ ਵਰਗਾ ਬੰਦਾ ਵੀ ਆਪਣੇ ਲੀਡਰਾਂ ਦੀ ਅਜਿਹੀ ਬਿਆਨਬਾਜ਼ੀ ਤੋਂ ਔਖਾ ਹੋ ਗਿਆ ਹੈ। ਅਸਲ ਵਿਚ ਉਹ ਦਿੱਲੀ ਵਾਲੀ ਗੱਦੀ ਲਈ ਬਹੁਤ ਬੁਰੀ ਤਰ੍ਹਾਂ ਤੜਫ ਰਿਹਾ ਹੈ ਅਤੇ ਹੁਣ ਇਸ ਮੋੜ ‘ਤੇ ਅਜਿਹੇ ਭਾਸ਼ਣ ਉਸ ਨੂੰ ਇਸ ਗੱਦੀ ਵੱਲ ਪੇਸ਼ਕਦਮੀ ਦੇ ਰਾਹ ਵਿਚ ਰੋੜੇ ਲੱਗ ਰਹੇ ਹਨ। ਉਂਜ ਅਜਿਹੇ ਭਾਸ਼ਣਾਂ ਤੋਂ ‘ਮੋਦੀ ਦੇ ਭਾਰਤ’ ਵਾਲਾ ਸੱਚ ਸਾਬਤ ਹੋ ਰਿਹਾ ਹੈ। ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਅਜਿਹੇ ਬਥੇਰੇ ਭਾਸ਼ਣ ਦਿੱਤੇ ਹੋਏ ਹਨ ਕਿ ‘ਕਾਂਗਰਸ ਨੂੰ ਵੋਟ ਦੇਣ ਦਾ ਮਤਲਬ ਪਾਕਿਸਤਾਨ ਨੂੰ ਖੁਸ਼ ਕਰਨਾ ਹੈ।Ḕ ਇਹੀ ਭਾਸ਼ਣ ਹੁਣ ਉਸ ਦਾ ਪਿੱਛਾ ਕਰ ਰਹੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਮੋਦੀ ਅਜਿਹੇ ਹੋਛੇ ਭਾਸ਼ਣਾਂ ਕਾਰਨ ਨਹੀਂ ਜਿੱਤਦਾ ਰਿਹਾ, ਸਗੋਂ 2002 ਵਾਲੇ ਕਤਲੇਆਮ ਵਿਚ ਬਦਨਾਮ ਹੋਣ ਦੇ ਬਾਵਜੂਦ ਉਹ ਲਗਾਤਾਰ ਇਸ ਕਰ ਕੇ ਜਿੱਤਦਾ ਰਿਹਾ, ਕਿਉਂਕਿ ਗੁਜਰਾਤ ਸੂਬੇ ਵਿਚ ਕਾਂਗਰਸ ਦੀ ਔਕਾਤ ਹੀ ਕੋਈ ਨਹੀਂ ਸੀ ਰਹਿ ਗਈ। ਹੁਣ ਵੀ ਚੋਣ-ਪਿੜ ਵਿਚ ਜੇ ਸੱਚੀ ਜਾਂ ਝੂਠੀ, ਮੋਦੀ-ਮੋਦੀ ਹੋਈ ਹੈ ਤਾਂ ਇਹ ਕਾਂਗਰਸ ਦੀ ਨਿਰੋਲ ਨਾਲਾਇਕੀ ਕਰ ਕੇ ਹੀ ਹੈ।
ਖੈਰ, ਆਪਣੇ ਪੰਜਾਬ ਵਿਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਇਸੇ ਨਕਲੀ ‘ਮੋਦੀ ਲਹਿਰ’ ਦੇ ਸਹਾਰੇ ਆਪਣਾ ਬੇੜਾ ਪਾਰ ਲੰਘਾਉਣ ਲਈ ਹੇਠਲੀ ਉਤੇ ਕਰ ਰਿਹਾ ਹੈ। ਬਾਦਲ ਪਿਉ-ਪੁੱਤ ਮੋਦੀ ਦੇ ਨਾਂ ਉਤੇ ਵੋਟਾਂ ਮੰਗ ਰਹੇ ਹਨ। ਵੋਟਰਾਂ ਨੂੰ ਜਚਾਇਆ ਜਾ ਰਿਹਾ ਹੈ ਕਿ ਪੰਜਾਬ ਵਿਚ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ, ਜੇ ਕਿਤੇ ਕੇਂਦਰ ਵਿਚ ਮੋਦੀ ਸਰਕਾਰ ਬਣ ਜਾਵੇ ਤਾਂ ਪੰਜਾਬ ਦੇ ਸਭ ਕਸ਼ਟ ਹੀ ਕੱਟੇ ਜਾਣਗੇ। ਆਪਣੀ ਛੇ ਸਾਲ ਦੀ ਕਾਰਗੁਜ਼ਾਰੀ ਬਾਰੇ ਪ੍ਰਚਾਰ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਵਰਗੀ ਇਤਿਹਾਸਕ ਜਥੇਬੰਦੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਾਰਾ ਟਿੱਲ ਮੋਦੀ ਦੇ ਸੋਹਲੇ ਗਾਉਣ ਅਤੇ ਕੇਂਦਰ-ਪੰਜਾਬ ਤਾਲਮੇਲ ‘ਤੇ ਹੀ ਲੱਗਿਆ ਹੋਇਆ ਹੈ; ਹਾਲਾਂਕਿ ਸੱਚ ਇਹ ਹੈ ਕਿ ਬਾਦਲਾਂ ਨੂੰ ਪਹਿਲਾਂ ਅਜਿਹਾ ਮੌਕਾ ਮਿਲ ਚੁੱਕਾ ਹੈ, ਪਰ ਉਸ ਵਕਤ ਬਾਦਲਾਂ ਨੇ ਪੰਜਾਬ, ਪੰਜਾਬੀ ਜਾਂ ਸਿੱਖਾਂ ਦਾ ਕੋਈ ਮਸਲਾ ਉਭਾਰਨ ਦੀ ਥਾਂ ਆਪਣੇ ਟੱਬਰ ਨੂੰ ਉਭਾਰਨ ਨੂੰ ਤਰਜੀਹ ਦਿੱਤੀ ਸੀ। ਕੇਂਦਰ ਵਿਚ ਮਾਰਚ 1998 ਤੋਂ ਲੈ ਕੇ ਮਈ 2004 ਤੱਕ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਸੀ; ਇਸੇ ਤਰ੍ਹਾਂ ਪੰਜਾਬ ਵਿਚ ਫਰਵਰੀ 1997 ਤੋਂ ਲੈ ਕੇ ਫਰਵਰੀ 2002 ਤੱਕ ਸ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸੀ। ਤਕਰੀਬਨ ਚਾਰ ਸਾਲ ਕੇਂਦਰ ਅਤੇ ਪੰਜਾਬ ਵਿਚ ਵਾਜਪਾਈ-ਬਾਦਲ ਸਰਕਾਰਾਂ ਰਹੀਆਂ। ਇਹੀ ਨਹੀਂ, 1998-99 ਦੌਰਾਨ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਵਿਚ ਮੰਤਰੀ ਵੀ ਰਿਹਾ। ਉਸ ਵਕਤ ਬਾਦਲ ਪਿਉ-ਪੁੱਤ ਨੂੰ ਇਕ ਵੀ ਦਿਨ ਪੰਜਾਬ ਅਤੇ ਸਿੱਖਾਂ ਦੇ ਮਸਲੇ ਯਾਦ ਨਹੀਂ ਆਏ। ਐਨæਡੀæਏæ ਦੀਆਂ ਹੋਰ ਭਾਈਵਾਲ ਪਾਰਟੀਆਂ ਆਪੋ-ਆਪਣੀ ਖੇਤਰੀ ਹੋਂਦ ਦਰਸਾ ਕੇ ਵਾਜਪਾਈ ਸਰਕਾਰ ਤੋਂ ਆਪਣੇ ਸੂਬਿਆਂ ਲਈ ਕੁਝ ਨਾ ਕੁਝ ਲੈਂਦੀਆਂ ਰਹੀਆਂ। ਦੂਜੇ ਪਾਸੇ ਬਾਦਲਾਂ ਨੇ ਵਾਜਪਾਈ ਨੂੰ ਸਦਾ ਬਿਨਾਂ ਸ਼ਰਤ ਹਮਾਇਤ ਦਿੱਤੀ ਅਤੇ ਦਿੱਲੀ ਜਾ ਕੇ ਕਦੀ ਵੀ ਪੰਜਾਬ ਦੀ ਗੱਲ ਨਹੀਂ ਕੀਤੀ। ਤੱਥ ਇਹ ਵੀ ਬੋਲਦੇ ਹਨ ਕਿ ਪੰਜਾਬ ਉਤੇ ਸੰਕਟ ਦੇ ਦਿਨਾਂ ਦੌਰਾਨ ਚੜ੍ਹਿਆ ਕਰਜ਼ਾ ਵੀ ਇੰਦਰ ਕੁਮਾਰ ਗੁਜਰਾਲ ਨੇ ਮੁਆਫ ਕੀਤਾ ਸੀ ਅਤੇ ਸਾਰਾ ਜੱਗ ਜਾਣਦਾ ਹੈ ਕਿ ਸ੍ਰੀ ਗੁਜਰਾਲ ਤੀਜੇ ਫਰੰਟ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਸਨ। ਹੁਣ ਦੋਗਲੇਪਣ ਦੀ ਸਿਖਰ ਇਹ ਹੈ ਕਿ ਬਾਦਲ ਇਕ ਪਾਸੇ ਤਾਂ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਲਈ ਸਿੱਧੀ ਜ਼ਿੰਮੇਵਾਰ ਕਾਂਗਰਸ ਖਿਲਾਫ ਬਿਆਨਾਂ ਉਤੇ ਬਿਆਨ ਦਾਗ ਰਹੇ ਹਨ, ਦੂਜੇ ਪਾਸੇ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਨਰੇਂਦਰ ਮੋਦੀ ਦੇ ਸਿਰ ਉਤੇ ਦਸਤਾਰਾਂ ਸਜਾ ਰਹੇ ਹਨ। ਸਾਫ ਜ਼ਾਹਿਰ ਹੈ ਕਿ ਬਾਦਲ ਦਾ ਦਿੱਲੀ ਸਰਕਾਰ ਲਈ ਅਤੇ ਮੋਦੀ ਦਾ ਪੰਜਾਬ ਲਈ ਇਹ ਹੇਜ ਸਿਆਸੀ ਗਿਣਤੀ-ਮਿਣਤੀ ਤੋਂ ਵੱਧ ਕੁਝ ਵੀ ਨਹੀਂ ਹੈ। ਅਜਿਹਾ ਇਸ ਕਰ ਕੇ ਹੋ ਰਿਹਾ ਹੈ, ਕਿ ਛੇ ਦਹਾਕਿਆਂ ਬਾਅਦ ਵੀ ਭਾਰਤ ਵਿਚ ਜਮਹੂਰੀ ਕਦਰਾਂ-ਕੀਮਤਾਂ ਲਈ ਕੋਈ ਖਾਸ ਥਾਂ ਨਹੀਂ ਬਣੀ ਹੈ। ਜਿਸ ਦਿਨ ਆਮ ਲੋਕ ਇਸ ਬਾਰੇ ਜਾਗਰੂਕ ਹੋ ਗਏ, ਉਸ ਦਿਨ ਸਿਆਸੀ ਗਿਣਤੀ-ਮਿਣਤੀ ਕਰਨ ਵਾਲੇ ਅਜਿਹੇ ਲੀਡਰਾਂ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ।
Leave a Reply