ਨਸ਼ਿਆਂ ਦੇ ਕਾਰੋਬਾਰ ਵਿਚ ਸੱਤ ਸਿਆਸੀ ਲੀਡਰਾਂ ਦੇ ਨਾਂ ਨਸ਼ਰ

ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਪੁਲਿਸ ਦੇ ਸਾਬਕਾ ਡੀæਜੀæਪੀæ (ਜੇਲ੍ਹਾਂ) ਸ਼ਸ਼ੀਕਾਂਤ ਨੇ ਪੰਜਾਬ ਦੇ ਕਈ ਸਿਆਸਤਦਾਨਾਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਸ੍ਰੀ ਸ਼ਸ਼ੀਕਾਂਤ ਨੇ ਪੰਜਾਬ ਦੇ ਛੇ ਆਗੂਆਂ ਦੇ ਨਾਂਵਾਂ ਦਾ ਖੁਲਾਸਾ ਕਰਦਿਆਂ ਇਲਜ਼ਾਮ ਲਾਇਆ ਹੈ ਕਿ ਇਹ ਸਿੱਧੇ ਜਾਂ ਅਸਿੱਧੇ ਢੰਗ ਨਾਲ ਨਸ਼ਾ ਤਸਕਰੀ ਵਿਚ ਸ਼ਾਮਲ ਹਨ। ਸਾਬਕਾ ਪੁਲਿਸ ਅਧਿਕਾਰੀ ਦੇ ਇਸ ਖੁਲਾਸੇ ਨਾਲ ਸੱਤਾ ਧਿਰ ਅਕਾਲੀ-ਭਾਜਪਾ ਤੇ ਵਿਰੋਧੀ ਧਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਸ਼ਸ਼ੀ ਕਾਂਤ ਨੇ ਇਹ ਵੀ ਦਾਅਵਾ ਕੀਤਾ ਕਿ ਸਾਬਕਾ ਡੀæਜੀæਪੀæ ਐਨæਪੀæਐਸ਼ ਔਲਖ ਅਤੇ ਮੌਜੂਦਾ ਡੀæਜੀæਪੀæ ਸੁਰੇਸ਼ ਅਰੋੜਾ ਪੰਜਾਬ ਵਿਚ ਰਾਜਨੀਤਕ ਆਗੂਆਂ ਦੇ ਡਰੱਗ ਮਾਫੀਆ ਨਾਲ ਸਬੰਧਾਂ ਤੋਂ ਭਲੀ-ਭਾਂਤ ਜਾਣੂ ਹਨ।
ਸ੍ਰੀ ਸ਼ਸ਼ੀਕਾਂਤ ਨੇ ਦਾਅਵਾ ਕੀਤਾ ਹੈ ਕਿ 2007 ਵਿਚ ਪੰਜਾਬ ਦੇ ਖੁਫ਼ੀਆ ਵਿਭਾਗ ਵੱਲੋਂ ਨਸ਼ੇ ਵੇਚਣ ਵਾਲਿਆਂ ਦੀ ਤਿਆਰ ਕੀਤੀ ਸੂਚੀ ਵਿਚ ਦੋ ਵਜ਼ੀਰਾਂ, ਇਕ ਮੁੱਖ ਪਾਰਲੀਮਾਨੀ ਸਕੱਤਰ, ਦੋ ਤੱਤਕਾਲੀ ਵਿਧਾਇਕਾਂ ਅਤੇ ਇਕ ਭਾਜਪਾ ਆਗੂ ਦੇ ਨਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਏæਡੀæਜੀæਪੀæ (ਖੁਫੀਆ) ਹੋਣ ਸਮੇਂ 2007 ਵਿਚ ਇਹ ਸੂਚੀ ਤਿਆਰ ਕੀਤੀ ਗਈ ਸੀ ਤੇ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੌਂਪ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਇਸ ਸੂਚੀ ਵਿਚ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਅਜੀਤ ਸਿੰਘ ਕੋਹਾੜ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ, ਤਤਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ, ਅੰਮ੍ਰਿਤਸਰ ਦੇ ਕਾਂਗਰਸ ਵਿਧਾਇਕ ਓਮ ਪ੍ਰਕਾਸ਼ ਸੋਨੀ ਤੋਂ ਇਲਾਵਾ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਨਜ਼ਦੀਕੀ ਜਿੰਮੀ ਕਾਲੀਆ ਦੇ ਨਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵਪਾਰੀਆਂ ਦੀ ਇਸ ਸੂਚੀ ਵਿਚ 15 ਤੋਂ ਵਧੇਰੇ ਸੀਨੀਅਰ ਪੁਲਿਸ ਅਫਸਰਾਂ ਸਮੇਤ ਕਈ ਸਮਾਜ-ਸੇਵੀ ਸੰਸਥਾਵਾਂ ਦੇ ਮੁਖੀਆਂ ਦੇ ਨਾਂ ਵੀ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਬਾਦਲ ਨੇ ਉਨ੍ਹਾਂ ਨੂੰ ਅਜਿਹੀਆਂ ਸੂਚੀਆਂ ਤਿਆਰ ਨਾ ਕਰਨ ਦੀ ਨਸੀਹਤ ਦਿੰਦਿਆਂ ਝਾੜ ਪਾਈ ਸੀ।
ਸਾਬਕਾ ਪੁਲਿਸ ਅਧਿਕਾਰੀ ਨੇ ਕਿਹਾ ਕਿ 2007 ਵਿਚ ਨਸ਼ੀਲੇ ਪਦਾਰਥ ਕੰਟਰੋਲ ਬੋਰਡ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨਸ਼ੇ ਦੇ ਵਪਾਰ ਲਈ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਘਰ ਛਾਪਾ ਮਾਰਨਾ ਸੀ ਪਰ ਇਸ ਬਾਰੇ ਮੁੱਖ ਮੰਤਰੀ ਨੂੰ ਭਿਣਕ ਪੈ ਗਈ ਤੇ ਉਨ੍ਹਾਂ ਹੁਕਮ ਦਿੱਤਾ ਕਿ ਆਪਣਾ ਰਸੂਖ ਵਰਤ ਕੇ ਇਹ ਛਾਪਾ ਰੋਕਿਆ ਜਾਵੇ। ਉੁਨ੍ਹਾਂ ਇਕ ਹੋਰ ਅਹਿਮ ਇੰਕਸ਼ਾਫ ਕੀਤਾ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਮਤਭੇਦ ਉਦੋਂ ਪੈਦਾ ਹੋਏ ਜਦ ਬਾਦਲ ਪਰਿਵਾਰ ਦੀ ਔਰਬਿਟ ਬੱਸ ਰੋਕਣ ਵਾਲੇ ਵਿਅਕਤੀਆਂ ਉਪਰ ਨਸ਼ੇ ਦੇ ਕੇਸ ਪਾਉਣ ਦਾ ਉਨ੍ਹਾਂ ਵਿਰੋਧ ਕੀਤਾ ਸੀ। ਉਸ ਤੋਂ ਬਾਅਦ ਉਸ ਨੂੰ ਲਗਾਤਾਰ ਘੱਟ ਅਹਿਮ ਅਹੁਦਿਆਂ ਉਪਰ ਲਾਇਆ ਜਾਂਦਾ ਰਿਹਾ।
———————————–
ਸੁਖਬੀਰ ਨੇ ਘੜੀ ਸੀ ਡੇਰਾ ਸਿਰਸਾ ਵਿਵਾਦ ਦੀ ਸਾਜ਼ਿਸ਼
ਚੰਡੀਗੜ੍ਹ: ਸਾਬਕਾ ਡੀæਜੀæਪੀæ (ਜੇਲ੍ਹਾਂ) ਸ਼ਸ਼ੀਕਾਂਤ ਨੇ ਇਹ ਵੀ ਦਾਅਵਾ ਕੀਤਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਖੁਫ਼ੀਆ ਵਿਭਾਗ ਰਾਹੀਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੀ ਵਿਸਥਾਰਤ ਰਿਪੋਰਟ ਤਿਆਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਅਸੀਂ ਕਰੀਬ ਦੋ ਸੌ ਸਫੇ ਦੀ ਰਿਪੋਰਟ ਤਿਆਰ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਸੌਂਪੀ ਸੀ। ਸੱਚਾ ਸੌਦਾ ਦੇ 2007 ਦੇ ਚਰਚਿਤ ਵਿਵਾਦ ਬਾਰੇ ਸ਼ਸ਼ੀਕਾਂਤ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਸਾਜ਼ਿਸ਼ ਚੰਡੀਗੜ੍ਹ ਦੇ ਸੈਕਟਰ-9 ਵਿਚ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਘੜੀ ਗਈ ਸੀ ਤੇ ਉਥੇ ਵਿਉਂਤੀ ਯੋਜਨਾ ਤਹਿਤ ਬਾਬੇ ਦਾ ਚੋਲਾ ਤਿਆਰ ਕਰਵਾ ਕੇ ਅੰਦਰ ਭੇਜਿਆ ਗਿਆ ਤੇ ਇਕ ਪ੍ਰੈਸ ਵਾਲੇ ਨੂੰ ਤਸਵੀਰਾਂ ਛਾਪਣ ਲਈ ਢਾਈ ਲੱਖ ਰੁਪਏ ਵੀ ਭੇਜੇ ਗਏ ਸਨ।
ਸਾਲ 2007 ਵਿਚ ਡੇਰਾ ਸਿਰਸਾ ਵੱਲੋਂ ਕਾਂਗਰਸ ਦੀ ਹਮਾਇਤ ਕੀਤੇ ਜਾਣ ਦੀ ਚਰਚਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਾਬੇ ਦੇ ਹਮਾਇਤੀਆਂ ਤੇ ਵਿਰੋਧੀਆਂ ਨੂੰ ਇਕੱਤਰ ਹੋਣ ਲਈ ਫੋਨ ਕਰਨੇ ਵੀ ਉਕਤ ਸਾਜ਼ਿਸ਼ ਦਾ ਹੀ ਹਿੱਸਾ ਸੀ। ਬਾਬੇ ਦੇ ਡਰਾਈਵਰ ਖੱਟਾ ਸਿੰਘ ਵਰਗਿਆਂ ਦੀ ਸ਼ਮੂਲੀਅਤ ਇਸੇ ਯੋਜਨਾ ਤਹਿਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਤੱਤਕਾਲੀ ਡੀæਜੀæਪੀæ ਐਨæਪੀæਐਸ਼ ਔਲਖ ਤੇ ਮੌਜੂਦਾ ਡੀæਜੀæਪੀæ ਸੁਰੇਸ਼ ਅਰੋੜਾ ਨੂੰ ਸਭ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਹੁਣ ਉਹੀ ਪੰਜਾਬ ਸਰਕਾਰ ਬਾਬੇ ਵਿਰੁਧ ਦਰਜ ਕੇਸ ਵਾਪਸ ਲੈਣ ਲਈ ਅਦਾਲਤ ਨੂੰ ਦਰਖਾਸਤ ਦੇ ਰਹੀ ਹੈ। ਇਹ ਸਭ ਵੋਟ ਸਿਆਸਤ ਹੈ।

Be the first to comment

Leave a Reply

Your email address will not be published.