ਦੀਵਾਲੀ ਦੀ ਸ਼ਾਮ ਤੇ ਡੈਨਮਾਰਕ ਦੀ ਜੁਗਨੀ

ਗੁਲਜ਼ਾਰ ਸਿੰਘ ਸੰਧੂ
ਸੈਕਟਰ 36 ਦੇ ਚੰਡੀਗੜ੍ਹੀਏ ਦੀਵਾਲੀ ਮੇਲਾ ਮਨਾ ਰਹੇ ਸਨ ਕਿ ਸਲਵਾਰ ਕਮੀਜ਼ ਵਾਲੀ ਲੰਮ ਸੁਲੰਮੀ ਗੋਰੀ ਸਤਿ ਸ੍ਰੀ ਅਕਾਲ ਕਹਿ ਕੇ ਅੰਦਰ ਆ ਵੜੀ। ਉਸ ਨੂੰ ਜਲੰਧਰ ਦੂਰਦਰਸ਼ਨ ਵਾਲੇ ਆਗਿਆ ਪਾਲ  ਰੰਧਾਵਾ ਨੇ ਭੇਜਿਆ ਸੀ। ਮੁੰਬਈ ਤੋਂ ਹੁਸ਼ਿਆਰਪੁਰ ਜਾਂਦਿਆਂ ਉਸ ਨੇ ਸਾਡੇ ਕੋਲ ਇੱਕ ਅੱਧ ਘੰਟੇ ਵਾਸਤੇ ਚੰਡੀਗੜ੍ਹ ਰੁਕਣਾ ਮੰਨ ਲਿਆ ਸੀ। ਮੈਂ ਜਾਣਦਾ ਸੀ ਕਿ ਉਹ ਯੂਰਪ ਤੇ ਭਾਰਤ ਦੀਆਂ ਸੋਲਾਂ ਭਾਸ਼ਾਵਾਂ ਵਿਚ ਗਾ ਲੈਂਦੀ ਹੈ। ਹਾਲੀ ਪਿਛਲੇ ਮਹੀਨੇ ਨਾਭਾ ਵਿਚ ਰਚਾਏ ਗਏ ਮੋਹਨ ਸਿੰਘ ਮੇਲੇ ਵਿਚ ਸਰੋਤਿਆਂ ਨੂੰ ਪੰਜਾਬੀ ਗੀਤ ਸੁਣਾ ਕੇ ਆਈ ਸੀ। ਦਿੱਲੀ, ਮੁੰਬਈ, ਹੁਸ਼ਿਆਰਪੁਰ, ਜਲੰਧਰ, ਸਾਊਥਾਲ, ਲੰਡਨ, ਟੋਰਾਂਟੋ, ਵੈਨਕੂਵਰ, ਸਿਡਨੀ ਹੀ ਨਹੀਂ ਨਾਰਵੇ, ਸਵੀਡਨ, ਡੈਨਮਾਰਕ, ਜਰਮਨੀ, ਚੀਨ, ਇਜ਼ਰਾਈਲ, ਥਾਈਲੈਂਡ, ਮਲੇਸ਼ੀਆ, ਮਾਲਟਾ, ਇਟਲੀ, ਆਸਟਰੀਆ ਆਦਿ ਦੇਸ਼ਾਂ ਦੇ ਦਰਜਨਾਂ ਸ਼ਹਿਰਾਂ ਵਿਚ ਨੱਚਦੀ, ਗਾਉਂਦੀ ਤੇ ਪੈਲਾਂ ਪਾਉਂਦੀ ਇਸ ਗੋਰੀ ਨੂੰ ਦੁਨੀਆਂ ਦੇ ਅਨੇਕਾਂ ਸੰਗੀਤ ਨਾਟਕ ਮੇਲਿਆਂ ਤੋਂ ਬਹੁਭਾਸ਼ੀ ਸਭਿਆਚਕ ਸਫੀਰ ਦੀ ਉਪਾਧੀ ਮਿਲ ਚੁੱਕੀ ਹੈ। ਸ਼ਾਇਦ ਇਹੀਓ ਕਾਰਨ ਹੈ ਕਿ ਚਾਲੀਆਂ ਨੂੰ ਢੁੱਕੀ ਇਸ ਨੱਢੀ ਨੇ ਹਾਲੀ ਤੱਕ ਦੰਪਤੀ ਜੀਵਨ ਵਿਚ ਪੈਰ ਨਹੀਂ ਧਰਿਆ। ਉਸ ਦਾ ਚੰਡੀਗੜ੍ਹ ਤੋਂ ਨੌਂ ਵਜੇ ਟੈਕਸੀ ਲੈ ਕੇ ਅੱਧੀ ਰਾਤ ਹੁਸ਼ਿਆਰਪੁਰ ਪਹੁੰਚਣਾ ਦੱਸਦਾ ਹੈ ਕਿ ਉਹ ਆਪਣੇ ਸ਼ੌਕ ਨੂੰ ਕਿੰਨੀ ਦਲੇਰੀ ਤੇ ਦ੍ਰਿੜ੍ਹਤਾ ਨਾਲ ਪਾਲ ਰਹੀ ਹੈ।
ਡੈਨਮਾਰਕ ਦੀ ਜੰਮੀ ਜਾਈ ਇਸ ਨਾਇਕਾ ਦਾ ਨਾਂ ਅਨੀਤਾ ਲੌਇਕੇ ਹੈ। ਉਸ ਨੇ ਲੰਡਨ ਦੀ ਮਾਊਂਟਵੀਊ ਅਕਾਡਮੀ ਆਫ ਥੀਏਟਰ ਆਰਟਸ ਤੋਂ ਸੰਗੀਤ ਨਾਟ ਦੀ ਡਿਗਰੀ ਲੈ ਕੇ ਅੱਧੀ ਦਰਜਨ ਸੰਸਥਾਵਾਂ ਤੋਂ ਕਲਾਸੀਕਲ ਗਾਇਕੀ ਦੀ ਟਰੇਨਿੰਗ ਲੈ ਰੱਖੀ ਹੈ। ਅਨੇਕਾਂ ਅੰਤਰਰਾਸ਼ਟਰੀ ਮਾਣ ਸਨਮਾਨ ਪ੍ਰਾਪਤ ਕਰਨ ਵਾਲੀ ਇਸ ਗਾਇਕਾ ਨੂੰ ਮੋਹਨ ਸਿੰਘ ਮੇਲੇ ਵਾਲਿਆਂ ਬਹੁ-ਭਾਸ਼ੀ ਗਾਇਕਾ ਐਵਾਰਡ ਤੇ ਜਲੰਧਰ ਦੇ ਰਾਮ ਨਉਮੀ ਉਤਸਵ ਉਤੇ ਹਿੰਦੀ ਭਜਨ ਗਾਉਣ ਲਈ ਸੀਤਾ ਮਾਤਾ ਐਵਾਰਡ ਨਾਲ ਸਨਮਾਨਿਆ ਹੈ। ਸਾਡੇ ਸੈਕਟਰ ਦੀ ਬੈਠਕ ਦੇ ਸਰੋਤਿਆਂ ਨੂੰ ਅਨੀਤਾ ਲੌਇਕੇ ਨੇ ਦੱਸਿਆ ਕਿ ਪੰਜਾਬੀਆਂ ਨਾਲ ਉਸ ਦੇ ਮੋਹ ਦਾ ਮੁੱਢ ਉਦੋਂ ਬੱਝਿਆ ਜਦੋਂ ਉਹ 2005 ਵਿਚ ਇੱਕ ਵੱਡੇ ਡੈਨਿਸ਼ ਟੋਲੇ ਨਾਲ ਹਿਮਾਚਲ ਗਈ ਸੀ। ਉਥੇ ਉਸ ਦੀ ਮੁਲਾਕਾਤ ਕੁੱਲੂ ਵਾਦੀ ਵਿਚ ਘੁੰਮਦਿਆਂ ਹੁਸ਼ਿਆਰਪੁਰ ਨਿਵਾਸੀ ਅਨੁਰਾਗ ਸੂਦ ਨਾਲ ਹੋ ਗਈ ਜਿਸ ਦਾ ਉਸ ਵਾਦੀ ਵਿਚ ਅਪਣਾ ਬਾਗ ਹੈ। ਹੁਣ ਜਦੋਂ ਵੀ ਪੰਜਾਬ ਆਉਂਦੀ ਹੈ ਤਾਂ ਹੁਸ਼ਿਆਰਪੁਰ ਵਿਖੇ ਅਨੁਰਾਗ ਦੀ ਮਹਿਮਾਨ ਹੁੰਦੀ ਹੈ। ਪੁੱਛਣ ਉਤੇ ਪਤਾ ਲਗਿਆ ਕਿ ਪੰਜਾਬੀ ਗੀਤਾਂ ਵੱਲ ਖਿਚਣ ਵਾਲਾ ਸੁਰਿੰਦਰ ਕੌਰ ਦਾ ਗਾਇਆ ‘ਲੱਠੇ ਦੀ ਚਾਦਰ ਉਤੇ’ ਵਾਲਾ ਗੀਤ ਸੀ ਜਿਹੜਾ ਉਸ ਨੇ ਦਿੱਲੀ ਤੋਂ ਜਲੰਧਰ ਜਾਂਦਿਆਂ ਬੱਸ ਵਿਚ ਸੁਣਿਆ ਸੀ। ਸੁਣਦੇ ਸਾਰ ਇਸ ਗੀਤ ਦੀਆਂ ਧੁਨਾਂ ਉਸ ਦੇ ਮਨ ਵਿਚ ਬਹਿ ਗਈਆਂ ਸਨ। ਹੁਣ ਉਹ ਇੱਕ ਦਰਜਨ ਤੋਂ ਵੱਧ ਪੰਜਾਬੀ ਗੀਤ ਗਾ ਲੈਂਦੀ ਹੈ। ਸਾਡੀ ਫਰਮਾਇਸ਼ ‘ਤੇ ਜਿਹੜੇ ਗੀਤ ਉਸ ਨੇ ਸਾਡੀ ਦੀਵਾਲੀ ਮਿਲਣੀ ਸਮੇਂ ਗਾ ਕੇ ਸੁਣਾਏ ਉਨ੍ਹਾਂ ਦੇ ਮੁਖੜੇ ਇਹ ਸਨ: ਲੱਠੇ ਦੀ ਚਾਦਰ ਉਤੇ ਸਲੇਟੀ ਰੰਗ ਮਾਹੀਆ; ਚੰਨ ਵੇ ਕਿ ਸ਼ੌਂਕਣ ਮੇਲੇ ਦੀ; ਬਾਬਾ ਵੇ ਕਲਾ ਮਰੋੜ; ਦੇ ਦੇ ਪਾਸਪੋਰਟ ਮੇਰਾ, ਵੇ ਮੈਂ ਚੱਲੀ ਆਂ; ਅਵੱਲ ਅੱਲਾ ਨੂਰ ਉਪਾਇਆ; ਮੇਰਾ ਰੂਪ ਗੰਨੇ ਦੀ ਪੋਰੀ; ਈਸ਼ਵਰ ਅੱਲਾ ਤੇਰੇ ਨਾਂ; ਗੱਲ ਸੁਣ ਲਓ ਪੰਜਾਬੀਓ, ਸੁਭਾਅ ਦੇ ਮਜਾਜੀਓ; ਜੁਗਨੀ ਜਾ ਵੜੀ ਪਟਿਆਲੇ।
ਪੱਛਮ ਦੀ ਜੰਮੀ ਜਾਈ ਇਸ ਛਮਕ ਛੱਲੋ ਦਾ ਸ਼ੌਕ ਲੋਕ ਗੀਤਾਂ ਜਾਂ ਭਜਨਾਂ ਤੱਕ ਹੀ ਸੀਮਤ ਨਹੀਂ, ਉਸ ਨੇ ਅੰਗ੍ਰੇਜ਼ੀ ਵਿਚ ਉਲਥਾ ਕੇ ਤਿਆਰ ਕੀਤਾ ਉਹ ਗੀਤ ਵੀ ਸੁਣਾਇਆ ਜਿਹੜਾ ਅੰਮ੍ਰਿਤਾ ਪ੍ਰੀਤਮ ਨੇ ਅਪਣੇ ਸਾਥੀ ਇਮਰੋਜ਼ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਲਿਖਿਆ ਸੀ। ਇਸ ਗੀਤ ਦੇ ‘ਅਸੀਂ ਫਿਰ ਫਿਰ ਮਿਲਾਂਗੇ ਸਾਥੀ’ ਬੋਲਾਂ ਨੂੰ ਅੰਗ੍ਰੇਜ਼ੀ ਵਿਚ ਢਾਲੇ ‘ਵੀ ਸ਼ੈਲ ਮੀਟ ਅਗੇਨ’ ਸ਼ਬਦਾਂ ਨੂੰ ਅਪਣੀ ਲਚਕੀਲੀ ਧੁਨ ਵਿਚ ਗਾਇਆ। ਉਸ ਨੇ ਇਹ ਗੀਤ ਇਮਰੋਜ਼ ਬਾਰੇ ਹਰਜੀਤ ਸਿੰਘ ਵਲੋਂ ਤਿਆਰ ਕੀਤੀ ਜਾ ਰਹੀ ਡਾਕੂਮੈਂਟਰੀ ਲਈ ਤਿਆਰ ਕੀਤਾ ਹੈ। ਅਨੀਤਾ ਲੌਇਕੇ ਦੀਆਂ ਦੋ ਐਲਬਮਾਂ ਦੇ ਨਾਂ ਡੈਨਮਾਰਕ ਦੀ ਜੁਗਨੀ ਤੇ ਡੈਨਮਾਰਕ ਦੀ ਹੀਰ ਹਨ। ਉਹ ਅਜਿਹੀ ਜੁਗਨੀ ਹੈ ਜਿਹੜੀ ਹਰ ਸ਼ਹਿਰ ਜਾ ਵੜਦੀ ਹੈ ਤੇ ਅਜਿਹੀ ਹੀਰ ਜਿਸ ਦੇ ਰਾਂਝਿਆਂ ਦਾ ਅੰਤ ਨਹੀਂ।

ਮਲਾਲਾ ਯੂਸਫਜ਼ਈ ਬਨਾਮ ਅਜ਼ਮਲ ਕਸਾਬ
ਅੱਜ ਮਲਾਲਾ ਤੇ ਕਾਸਬ ਬਹੁ-ਚਰਚਿਤ ਨਾਂ ਹਨ। ਅਜਮਲ ਕਸਾਬ ਤੇ ਉਸ ਦੇ ਅਤਿਵਾਦੀ ਸਾਥੀਆਂ ਨੇ ਚਾਰ ਸਾਲ ਪਹਿਲਾਂ ਮੁੰਬਈ ਦੇ ਤਾਜ ਹੋਟਲ ਆਦਿ ਸਥਾਨਾਂ ਵਿਚ ਅਨੇਕਾਂ ਨਿਰਦੋਸ਼ਿਆਂ ਨੂੰ ਗੋਲੀ ਨਾਲ ਉਡਾ ਛੱਡਿਆ ਸੀ। ਇਸ ਦੇ ਉਲਟ ਮਲਾਲਾ ਯੂਸਫਜ਼ਈ ਨੂੰ ਪਾਕਿਸਤਾਨ ਦੀ ਸਵਾਤ ਵਾਦੀ ਵਿਖੇ ਉਥੋਂ ਦੇ ਅਤਿਵਾਦੀਆਂ ਨੇ ਅਪਣਾ ਨਿਸ਼ਾਨਾ ਬਣਾਇਆ ਸੀ। ਉਸ ਦਾ ਕਸੂਰ ਕੇਵਲ ਇਹ ਸੀ ਕਿ ਅਤਿਵਾਦੀ ਧਮਕੀਆਂ ਦੇ ਬਾਵਜੂਦ ਉਹ ਉਥੋਂ ਦੀਆਂ ਧੀਆਂ ਭੈਣਾਂ ਨੂੰ ਸਕੂਲੀ ਵਿਦਿਆ ਲਈ ਪ੍ਰੇਰਨ ਤੋਂ ਬਾਜ਼ ਨਹੀਂ ਸੀ ਆ ਰਹੀ। ਕਸਾਬ ਨੂੰ ਉਸ ਦੇ ਦੋਸ਼ ਕਾਰਨ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ। ਓਧਰ ਮਲਾਲਾ ਦੀ ਦਲੇਰੀ ਕਾਰਨ ਸੰਯੁਕਤ ਰਾਸ਼ਟਰ ਪੱਧਰ ਦੀ ਸੰਸਥਾ ਨੇ 10 ਨਵੰਬਰ ਦਾ ਦਿਨ ਦੁਨੀਆਂ ਭਰ ਵਿਚ ਮਲਾਲਾ ਦਿਵਾਸ ਵਜੋਂ ਮਨਾ ਕੇ ਅਤਿਵਾਦੀ ਗਤੀਵਿਧੀਆਂ ਨੂੰ ਫਿਟਕਾਰ ਪਾਈ ਹੈ। ਕਸਾਬ ਤੇ ਮਲਾਲਾ ਦੋਨੋਂ ਮੌਤ ਦੇ ਮੂੰਹ ਤੋਂ ਬਚੇ ਹੋਏ ਜੀਵ ਹਨ। ਉਮਰਾਂ ਦਾ ਅੰਤਰ ਵੀ ਖਾਸ ਨਹੀਂ। ਸਮਕਾਲੀ ਹਨ। ਦੋ ਵੱਖ ਵੱਖ ਪਰ ਵੱਡੀਆਂ ਵਾਰਦਾਤਾਂ ਵਿਚੋਂ ਲੰਘਣ ਤੋਂ ਪਿਛੋਂ ਕੀ ਅਨੁਭਵ ਕਰ ਰਹੇ ਹਨ ਤੇ ਕੀ ਸੋਚਦੇ ਹੋਣਗੇ, ਅਮਨ ਸ਼ਾਂਤੀ ਦੇ ਰਾਖਿਆਂ ਤੇ ਮਨੋਵਿਗਿਆਨੀਆਂ ਨੂੰ ਇਸ ਵਿਚ ਦਿਲਚਸਪੀ ਹੋਣੀ ਚਾਹੀਦੀ ਹੈ। ਕਸਾਬ ਗਭਰੂ ਹੈ ਅਤੇ ਮਲਾਲਾ ਮੁਟਿਆਰ। ਕਹਿਣ ਨੂੰ ਦੋਨਾਂ ਦਾ ਧਰਮ ਵੀ ਇੱਕ ਹੀ ਹੈ। ਇੱਕ ਸੋਚ ਨੇ ਘ੍ਰਿਣਾ ਕਮਾਈ ਹੈ ਤੇ ਦੂਜੀ ਨੇ ਮਹਿਮਾ।
ਮੇਰੇ ਮਨ ਵਿਚ ਇਹ ਸਵਾਲ ਨਵੀਂ ਸੂਚਨਾ ਤਕਨਾਲੋਜੀ ਨੇ ਪੈਦਾ ਕੀਤਾ ਹੈ ਜਿਸ ਰਾਹੀਂ ਸੱਤ ਸਮੁੰਦਰ ਪਾਰ ਬੈਠੇ ਮੁੰਡਾ ਤੇ ਕੁੜੀ ਇੱਕ ਦੂਜੇ ਨਾਲ ਅਪਣੇ ਮਨ ਦੀ ਖੁਸ਼ੀ ਤੇ ਪਛਤਾਵਾ ਸਾਂਝਾ ਕਰ ਸਕਦੇ ਹਨ। ਦੋਨਾਂ ਨੂੰ ਫੇਸ ਬੁੱਕ ਵਰਗੀ ਸੋਸ਼ਲ ਵਰਕਿੰਗ ਸਾਈਟ ਵਰਤਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਜੇ ਉਹ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਖੁਲ੍ਹ ਜਾਂਦੇ ਹਨ ਤਾਂ ਇੱਕੋ ਧਾਰਮਿਕ ਪਿਛੋਕੜ ਵਾਲੇ ਗਭਰੂ ਤੇ ਮੁਟਿਆਰ ਇੱਕ ਦੂਜੇ ‘ਤੇ ਕਿਹੋ ਜਿਹਾ ਪ੍ਰਭਾਵ ਪਾਉਂਦੇ ਹਨ। ਕਿਸ ਦੀ ਸੋਚ, ਕਿਸ ਦੀ ਸੋਚ ਉਤੇ ਜੇਤੂ ਹੁੰਦੀ ਹੈ। ਹੁੰਦੀ ਵੀ ਹੈ ਜਾਂ ਨਹੀਂ ਤੇ ਇਸ ਜਿੱਤ-ਹਾਰ ਵਿਚ ਸਮੇਂ ਤੇ ਸਥਿਤੀ ਦਾ ਕੀ ਯੋਗਦਾਨ ਹੋਵੇਗਾ ਅਤੇ ਨਰ-ਮਦੀਨ ਅਤੇ ਉਮਰਾਂ ਦੇ ਅੰਤਰ ਜਾਂ ਸਮਾਨਾਂਤਰ ਹੋਣ ਦਾ ਕੀ। ਮੈਨੂੰ ਇਸ ਦਾ ਉਤਰ ਨਿਰਾ ਖਿਆਲੀ ਨਹੀਂ ਚਾਹੀਦਾ! ਹੈ ਕੋਈ ਮੇਰੀ ਮਦਦ ਕਰਨ ਵਾਲਾ?

ਅੰਤਿਕਾ
(ਇਕਬਾਲ ਅਜ਼ੀਮ)
ਬਾਰਹਾ ਇਕਬਾਲ ਅਜ਼ਮ ਜੁਸਤਜੂ ਕੇ ਸਾਮਨੇ
ਹਾਦਸਾਤ-ਏ-ਜ਼ਿੰਦਗੀ ਕੋ ਸਰ ਝੁਕਾ ਲੇਨਾ ਪੜਾ।

Be the first to comment

Leave a Reply

Your email address will not be published.