ਬਰਾਕ ਓਬਾਮਾ ਦੀ ਉਡਾਣ

ਰਾਸ਼ਟਰਪਤੀ ਬਰਾਕ ਓਬਾਮਾ ਦੀ ਮੁੜ ਚੋਣ ਨੇ ਕਈ ਪੱਖਾਂ ਬਾਰੇ ਫਿਰ ਤੋਂ ਚਰਚਾ ਛੇੜੀ ਹੈ। ਸਿਰਫ ਇਸਰਾਈਲ ਨੂੰ ਛੱਡ ਕੇ ਤਕਰੀਬਨ ਸਭ ਦੇਸ਼ਾਂ ਦੇ ਆਗੂਆਂ ਨੇ ਇਸ ਜਿੱਤ ਬਾਰੇ ਕੋਈ ਨਾ ਕੋਈ ਚੰਗੀ ਟਿੱਪਣੀ ਕੀਤੀ ਹੈ। ਦਰਅਸਲ ਇਸਰਾਈਲ ਨੇ ਅਗਲੀ ਰਣਨੀਤੀ ਦਾ ਸਾਰਾ ਦਾਰੋਮਦਾਰ ਰਿਬਪਲਿਕਨ ਉਮੀਦਵਾਰ ਮਿੱਟ ਰੋਮਨੀ ਦੀ ਜਿੱਤ ਨਾਲ ਜੋੜਿਆ ਹੋਇਆ ਸੀ। ਇਸਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਫਲਸਤੀਨੀਆਂ ਵੱਲ ਰੁਖ਼ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਓਬਾਮਾ ਵੱਲੋਂ ਫਲਸਤੀਨੀ ਇਲਾਕਿਆਂ ਵਿਚ ਮਿਥ ਕੇ ਇਸਰਾਈਲੀ ਵਸੋਂ ਵਧਾਉਣ ਦਾ ਵਿਰੋਧ ਉਨ੍ਹਾਂ ਲਈ ਝੱਲਣਾ ਬਹੁਤ ਔਖਾ ਹੋ ਰਿਹਾ ਹੈ। ਓਬਾਮਾ ਭਾਵੇਂ ਫਲਸਤੀਨ ਦੇ ਪੱਖ ਤੋਂ ਉਸ ਖਿੱਤੇ ਵਿਚ ਕੋਈ ਯੁਗ ਪਲਟਾਊ ਫੈਸਲਾ ਤਾਂ ਨਹੀਂ ਕਰ ਸਕੇ, ਫਿਰ ਵੀ ਫਲਸਤੀਨੀ ਆਗੂ ਕੁਝ ਕੁ ਟੇਕ ਓਬਾਮਾ ‘ਤੇ ਰੱਖ ਰਹੇ ਹਨ। ਇਹੀ ਨਹੀਂ, ਨੇਤਨਯਾਹੂ ਇਰਾਨ ਉਤੇ ਹਮਲੇ ਲਈ ਵਾਰ ਵਾਰ ਜ਼ੋਰ ਦਿੰਦੇ ਰਹੇ ਹਨ ਪਰ ਰਾਸ਼ਟਰਪਤੀ ਓਬਾਮਾ ਨੇ ਫਿਲਹਾਲ ਹਮਲੇ ਦੀ ਥਾਂ ਪਾਬੰਦੀਆਂ ਦੀ ਰਣਨੀਤੀ ਅਪਨਾਈ ਹੈ। ਨੇਤਨਯਾਹੂ ਦਾ ਇਹ ਹਮਲਾਵਰ ਰੁਖ਼ ਅਸਲ ਵਿਚ ਰਿਪਬਲਿਕਨਾਂ ਦੇ ਬਹੁਤ ਮੇਚ ਆਉਂਦਾ ਹੈ। ਰਿਪਬਲਿਕਨ ਅਤੇ ਇਸਰਾਈਲੀ ਆਗੂ ਹਮਲਾਵਰ ਵਿਦੇਸ਼ ਨੀਤੀ ਅਤੇ ਘਰੇਲੂ ਆਰਥਿਕ ਫਰੰਟ ਉਤੇ ਲਿਬਰਲ ਪਹੁੰਚ ‘ਤੇ ਵੱਧ ਯਕੀਨ ਰੱਖਦੇ ਹਨ। ਖੈਰ! ਚੋਣ ਨਤੀਜਿਆਂ ਉਤੇ ਸਰਸਰੀ ਜਿਹੀ ਨਿਗ੍ਹਾ ਸੁੱਟਣ ਨਾਲ ਇਹ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਘੱਟਗਿਣਤੀਆਂ ਨੇ ਓਬਾਮਾ ਦੀ ਜਿੱਤ ਵਿਚ ਬੜੀ ਅਹਿਮ ਅਤੇ ਧੜੱਲੇ ਵਾਲੀ ਭੂਮਿਕਾ ਨਿਭਾਈ ਹੈ। ਘੱਟਗਿਣਤੀ ਭਾਈਚਾਰਿਆਂ ਨੇ ਐਤਕੀਂ ਲੱਕ ਬੰਨ੍ਹ ਕੇ ਵੋਟਾਂ ਪਾਈਆਂ ਅਤੇ ਇਸੇ ਨੇ ਹੀ ਪੱਬਾਂ ਭਾਰ ਹੋਏ ਪਏ ਉਮੀਦਵਾਰਾਂ ਦੀ ਹੋਣੀ ਤੈਅ ਕੀਤੀ। ਹਿਸਪੈਨਿਕ ਭਾਈਚਾਰੇ ਦੀ ਗਿਣਤੀ ਅਮਰੀਕਾ ਵਿਚ ਤੇਜੀ ਨਾਲ ਵਧ ਰਹੀ ਹੈ ਅਤੇ ਇਹ ਪਹਿਲਾਂ ਹੀ ਵੱਡਾ ਭਾਈਚਾਰਾ ਤਾਂ ਹੈ ਹੀ। ਕਈ ਸਿਆਸੀ ਮਾਹਿਰਾਂ ਨੇ ਤਾਂ ਹੁਣ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਜੇ ਜਿੱਤਣਾ ਹੈ ਤਾਂ ਰਿਪਲਿਕਨਾਂ ਨੂੰ ਵੀ ਹੁਣ ਥੋੜ੍ਹਾ ਖੱਬੇ ਵੱਲ ਝੁਕਣਾ ਪੈਣਾ ਹੈ। ਜੇ ਇਸ ਵਿਸ਼ਲੇਸ਼ਣ ਵਿਚ ਭੋਰਾ ਭਰ ਵੀ ਸੱਚਾਈ ਤਾਂ ਇਸ ਨੂੰ ਇਸ ਚੋਣ ਦਾ ਹਾਸਲ ਵੀ ਤਸੱਵੁਰ ਕੀਤਾ ਜਾ ਸਕਦਾ ਹੈ ਕਿਉਂਕਿ ਕਈ ਹਲਕਿਆਂ ਤੋਂ ਅਕਸਰ ਅਜਿਹਾ ਪ੍ਰਚਾਰ ਵੀ ਹੁੰਦਾ ਰਿਹਾ ਹੈ ਜਿਸ ਵਿਚ ਬਰਾਕ ਓਬਾਮਾ ਨੂੰ ਸਿੱਧੇ-ਅਸਿੱਧੇ ਢੰਗ ਨਾਲ ਸਮਾਜਵਾਦੀਆਂ ਨਾਲ ਜੋੜਿਆ ਜਾਂਦਾ ਰਿਹਾ ਹੈ। ਰਿਪਬਲਿਕਨਾਂ ਅਤੇ ਡੈਮੋਕ੍ਰੇਟਾਂ ਵਿਚਕਾਰ ਇੱਦਾਂ ਦੇ ਫਰਕਾਂ ਬਾਰੇ ਮੀਡੀਆ ਵਿਚ ਅਕਸਰ ਚਰਚਾ ਵੀ ਹੁੰਦੀ ਰਹੀ ਹੈ ਅਤੇ ਓਬਾਮਾ ਦੇ ਮਾਮਲੇ ਵਿਚ ਇਹ ਮੁੱਦਾ ਆਮ ਨਾਲੋਂ ਰਤਾ ਵਧਵੇਂ ਰੂਪ ਵਿਚ ਚਰਚਾ ਅਧੀਨ ਆਇਆ ਹੈ। ਖੌਰੇ ਇਸੇ ਕਰ ਕੇ ਓਬਾਮਾ ਦੇ ਪਿਛੋਕੜ ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ।
ਇਸ ਵਾਰ ਜਿੱਤ ਤੋਂ ਬਾਅਦ ਇਹ ਖਬਰਾਂ ਵੀ ਸੁਰਖੀਆਂ ਵਿਚ ਰਹੀਆਂ ਕਿ ਚੋਣ ਨਤੀਜਿਆਂ ਦੇ ਨਾਲ ਹੀ ਹਥਿਆਰਾਂ ਅਤੇ ਅਸਲੇ ਵਾਲੀਆਂ ਦੁਕਾਨਾਂ ਉਤੇ ਵਿਕਰੀ ਬਹੁਤ ਹੋਈ ਹੈ। ਹਥਿਆਰਾਂ ਦਾ ਸੰਵੇਦਨਸ਼ੀਲ ਮਾਮਲਾ ਅਮਰੀਕਾ ਵਿਚ ਅਕਸਰ ਚਰਚਾ ਵਿਚ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਜਿਸ ਤਰ੍ਹਾਂ ਗੋਲੀ ਕਾਂਡ ਵਾਪਰੇ ਹਨ, ਉਸ ਨਾਲ ਆਮ ਲੋਕਾਂ ਦੀ ਹਥਿਆਰਾਂ ਤੱਕ ਪਹੁੰਚ ਸਬੰਧੀ ਫਿਕਰ ਸਾਂਝੇ ਕੀਤੇ ਜਾਂਦੇ ਰਹੇ ਹਨ। ਇਸ ਗੋਲੀ ਕਾਂਡ ਦਾ ਸੇਕ ਅਤੇ ਸੰਤਾਪ ਸਿੱਖ ਭਾਈਚਾਰੇ ਨੂੰ ਵੀ ਝੱਲਣਾ ਪਿਆ ਸੀ ਜਦੋਂ ਵਿਸਕਾਨਸਿਨ ਵਿਚ ਇਕ ਬੰਦੂਕਧਾਰੀ ਨੇ ਗੁਰਦੁਆਰੇ ਅੰਦਰ ਗੋਲੀ ਚਲਾ ਕੇ ਛੇ ਸਿੱਖ ਸ਼ਰਧਾਲੂਆਂ ਨੂੰ ਮਾਰ ਦਿੱਤਾ ਸੀ। ਓਬਾਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਹਥਿਆਰਾਂ ਬਾਬਤ ਬਾਕਾਇਦਾ ਪੈਂਤੜਾ ਮੱਲਿਆ ਸੀ ਅਤੇ ਹੁਣ ਲੋਕਾਂ ਨੇ ਹਥਿਆਰਾਂ ਉਤੇ ਸਖਤੀ ਦੇ ਡਰੋਂ ਹੀ ਚੋਣ ਨਤੀਜਿਆਂ ਤੋਂ ਬਾਅਦ ਇਨ੍ਹਾਂ ਦੁਕਾਨਾਂ ਵੱਲ ਵਹੀਰਾਂ ਘੱਤੀਆਂ। ਇਹ ਮੁੱਦਾ ਰਿਪਬਲਿਕਨਾਂ ਅਤੇ ਡੈਮੋਕ੍ਰੇਟਾਂ ਦਰਮਿਆਨ ਫਰਕਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਇਥੇ ਇਹ ਵੀ ਵਿਚਾਰਨ ਵਾਲਾ ਪੱਖ ਹੈ ਕਿ ਪਿਛਲੇ ਸਮੇਂ ਦੌਰਾਨ ਹਥਿਆਰਾਂ ਅਤੇ ਅਸਲੇ ਦੀ ਦਰਾਮਦ ਵਿਚ 59 ਫੀਸਦੀ ਵਾਧਾ ਰਿਕਾਰਡ ਹੋਇਆ ਹੈ। ਪਿਛਲੇ 18 ਮਹੀਨਿਆਂ ਦੌਰਾਨ ਚੋਣ ਮੁਹਿੰਮ ਵਿਚ ਅਰਬਾਂ ਡਾਲਰ ਪਾਣੀ ਵਾਂਗ ਵਗੇ; ਸਿਹਤ ਸੰਭਾਲ, ਪੂੰਜੀਨਿਵੇਸ਼, ਬੇਰੁਜ਼ਗਾਰੀ ਵਰਗੇ ਮੁੱਦੇ ਭਾਵੇਂ ਚੋਣ ਮੁਹਿੰਮਾਂ ਵਿਚ ਮੁੱਖ ਰੂਪ ਵਿਚ ਸਾਹਮਣੇ ਆਉਂਦੇ ਰਹੇ ਪਰ ਪਾਸਕੂੰ ਵਾਲਾ ਅਹਿਮ ਰੋਲ ਲੀਡਰਸ਼ਿਪ ਵਾਲੇ ਗੁਣਾਂ ਨੇ ਹੀ ਨਿਭਾਇਆ। ਇਸ ਗਹਿ-ਗੱਚ ਮੁਕਾਬਲੇ ਵਿਚ ਸਭ ਤੋਂ ਵੱਧ ਭੂਮਿਕਾ ਬਹਿਸਾਂ ਦੀ ਰਹੀ ਜਿਸ ਨੂੰ ਆਵਾਮ ਨੇ ਪੂਰੀ ਗੰਭੀਰਤਾ ਨਾਲ ਸੁਣਿਆ ਅਤੇ ਵੋਟਾਂ ਬਾਰੇ ਫੈਸਲਾ ਕੀਤਾ। ਐਨ ਆਖਰੀ ਦਿਨਾਂ ਦੌਰਾਨ ਰਿਪਬਲਿਕਨ ਉਮੀਦਵਾਰ ਮਿੱਟ ਰੋਮਨੀ ਨੇ ਕੁਝ ਮਾਮਲਿਆਂ ਬਾਰੇ ਤਿੱਖਾ ਹਮਲਾਵਰ ਰੁਖ਼ ਅਪਨਾਉਂਦਿਆਂ ਸੱਚ ਦਾ ਪੱਲਾ ਵੀ ਵਗ੍ਹਾ ਮਾਰਿਆ ਅਤੇ ਉਸ ਦਾ ਇਹੀ ਪੈਂਤੜਾ ਉਸ ਲਈ ਘਾਤਕ ਸਾਬਤ ਹੋਇਆ। ਇਨ੍ਹਾਂ ਭਾਸ਼ਨਾਂ ਤੋਂ ਬਾਅਦ ਡਾਵਾਂਡੋਲ ਵੋਟਰਾਂ ਨੇ ਓਬਾਮਾ ਨੂੰ ਵੋਟ ਪਾਉਣ ਦਾ ਫੈਸਲਾ ਕਰ ਲਿਆ। ਇਸ ਜਿੱਤ ਨਾਲ ਤਕਰੀਬਨ ਸਭ ਨੇ ਉਸਾਮਾ ਬਿਨ-ਲਾਦਿਨ ਦੀ ਮੌਤ ਦਾ ਮਾਮਲਾ ਜ਼ਰੂਰ ਜੋੜਿਆ ਹੈ। ਉਂਜ ਇਹ ਗੱਲ ਵੀ ਧਿਆਨ ਰੱਖਣ ਵਾਲੀ ਹੈ ਕਿ ਪਾਕਿਸਤਾਨ ਵਿਚ ਲਗਾਤਾਰ ਡਰੋਨ ਹਮਲਿਆਂ ਲਈ ਅਮਰੀਕੀ ਪ੍ਰਸ਼ਾਸਨ ਦੀ ਸਿੱਧੀ ਨੁਤਕਾਚੀਨੀ ਵੀ ਬਹੁਤ ਹੋਈ ਹੈ। ਇਨ੍ਹਾਂ ਹਮਲਿਆਂ ਨਾਲ ਦਹਿਸ਼ਤਪਸੰਦੀ ਪ੍ਰਤੀ ਪਹੁੰਚ ਦਾ ਮੁੱਦਾ ਜੁੜਿਆ ਹੋਇਆ ਹੈ। ਇਹੀ ਉਹ ਮੁੱਦੇ ਹਨ ਜਿਨ੍ਹਾਂ ਨੇ ਅਗਲੇ ਚਾਰ ਸਾਲ ਓਬਾਮਾ ਦਾ ਪਿੱਛਾ ਕਰਨਾ ਹੈ। ਆਰਥਿਕ ਮੰਦੀ ਦੀ ਮਾਰ ਨੇ ਕਈ ਖੇਤਰ ਡਾਵਾਂਡੋਲ ਕੀਤੇ ਹਨ। ਕਈ ਪੱਖ ਹਨ ਜੋ ਹੁੱਝ ਮਾਰ ਕੇ ਐਨ ਸਾਹਮਣੇ ਆਣ ਖਲੋਤੇ ਹਨ। ਮੰਦੀ ਦੀ ਇਸ ਮਾਰ ਵਿਚੋਂ ਨਿਕਲਣਾ ਮੁੱਖ ਏਜੰਡਾ ਬਣਨਾ ਹੀ ਹੈ, ਪਰ ਇਸ ਦੀ ਪੂਰਤੀ ਲਈ ਜਿਹੜਾ ਜਮਾਤੀ ਦ੍ਰਿਸ਼ਟੀਕੋਣ ਬਣ ਰਿਹਾ ਹੈ, ਉਹ ਅਹਿਮੀਅਤ ਰੱਖਦਾ ਹੈ। ਬੇਰੁਜ਼ਗਾਰੀ ਵਿਚ 8 ਫੀਸਦੀ ਵਾਧੇ ਨੇ ਇਹ ਮੁੱਦਾ ਹੋਰ ਉਭਾਰਿਆ ਹੈ। ਉਂਜ ਵੀ ਫਸਵੀਂ ਚੋਣ ਮੁਹਿੰਮ ਅਤੇ ਨਤੀਜਿਆਂ ਨੇ ਜਚਾ ਦਿੱਤਾ ਹੈ ਕਿ ਇਹ ਕੋਈ ਲੋਕ ਫਤਵਾ ਨਹੀਂ, ਸਗੋਂ ਲੋਕ ਫਰਮਾਨ ਹੈ। ਓਬਾਮਾ ਦੀਆਂ ਨੀਤੀਆਂ ਨੇ ਇਸੇ ਫਰਮਾਨ ਨੂੰ ਧਿਆਨ ਵਿਚ ਰੱਖ ਕੇ ਅਗਲਾ ਮੋੜ ਕੱਟਣਾ ਹੈ।

Be the first to comment

Leave a Reply

Your email address will not be published.