ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ

ਡਾæ ਗੁਰਨਾਮ ਕੌਰ, ਕੈਨੇਡਾ
ਪੰਜਵੀਂ ਪਉੜੀ ਵਿਚ ਗੁਰੂ ਨਾਨਕ ਦੇਵ ਪਰਮਾਤਮਾ ਨੂੰ ਪਾਉਣ ਦੀਆਂ ਪ੍ਰਚਲਿਤ ਪਰਿਪਾਟੀਆਂ ਦੀ ਗੱਲ ਕਰਦਿਆਂ ਦੱਸਦੇ ਹਨ ਕਿ ਕੁਝ ਲੋਕ ਉਹ ਹਨ ਜੋ ਜੰਗਲਾਂ ਵਿਚ ਜਾ ਕੇ ਤਪ ਕਰਦੇ ਹਨ ਅਤੇ ਕੰਦ ਮੂਲ ਖਾ ਕੇ ਆਪਣਾ ਗੁਜ਼ਾਰਾ ਕਰਦੇ ਹਨ। ਕੁਝ ਦੂਸਰੇ ਹਨ ਜਿਹੜੇ ਗੇਰੂਏ ਰੰਗ ਦੇ ਵਸਤਰ ਪਹਿਨ ਕੇ ਘੁੰਮਦੇ ਫਿਰਦੇ ਹਨ ਅਤੇ ਆਪਣੇ ਆਪ ਨੂੰ ਜੋਗੀ ਅਤੇ ਸੰਨਿਆਸੀ ਅਖਵਾਉਂਦੇ ਹਨ। ਇਸ ਵੇਸ ਦੇ ਬਾਵਜੂਦ ਵੀ ਉਨ੍ਹਾਂ ਦੇ ਅੰਦਰੋਂ ਭੋਜਨ ਤੇ ਕਪੜੇ ਦੀ ਲਾਲਸਾ ਨਹੀਂ ਜਾਂਦੀ। ਉਹ ਆਪਣਾ ਮਨੁੱਖਾ ਜਨਮ ਬੇਅਰਥ ਗੁਆ ਲੈਂਦੇ ਹਨ ਕਿਉਂ ਕਿ ਇਸ ਤਰ੍ਹਾਂ ਨਾ ਉਹ ਗ੍ਰਹਿਸਥ ਵਿਚ ਸ਼ਾਮਲ ਹੁੰਦੇ ਹਨ ਅਤੇ ਨਾ ਹੀ ਤਿਆਗੀ ਰਹਿੰਦੇ ਹਨ। ਉਨ੍ਹਾਂ ਦੇ ਮਨ ਅੰਦਰੋਂ ਕਿਉਂਕਿ ਮਾਇਆ ਦੀ ਤ੍ਰਿਸ਼ਨਾ ਖ਼ਤਮ ਨਹੀਂ ਹੁੰਦੀ, ਇਸ ਲਈ ਜਮ ਦਾ ਸਹਿਮ ਵੀ ਸਿਰ ਤੋਂ ਨਹੀਂ ਉਤਰਦਾ, ਮੌਤ ਦਾ ਭੈ ਬਣਿਆ ਰਹਿੰਦਾ ਹੈ। ਪਰ ਗੁਰੂ ਦੀ ਸਿੱਖਿਆ ‘ਤੇ ਚੱਲਣ ਨਾਲ ਜਦੋਂ ਮਨੁੱਖ ਅਕਾਲ ਪੁਰਖ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ ਤਾਂ ਜਮ ਦਾ ਭੈਅ ਉਸ ਦੇ ਅੰਦਰੋਂ ਮੁੱਕ ਜਾਂਦਾ ਹੈ। ਗੁਰੂ ਦਾ ਸ਼ਬਦ ਉਸ ਦੇ ਅੰਦਰ ਵੱਸ ਜਾਂਦਾ ਜਿਸ ਰਾਹੀਂ ਉਹ ਆਪਣੇ ਅੰਦਰ ਵੱਸ ਰਹੀ ਰੱਬੀ ਜੋਤਿ ਦਾ ਅਨੁਭਵ ਕਰ ਲੈਂਦਾ ਹੈ ਅਤੇ ਫਿਰ ਅਜਿਹਾ ਗੁਰਮੁਖਿ ਗ੍ਰਹਿਸਥ ਵਿਚ ਰਹਿੰਦਿਆਂ ਵੀ ਤਿਆਗੀ ਹੁੰਦਾ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਹੜੇ ਮਨੁੱਖ ਆਪਣੇ ਸਤਿਗੁਰੂ ਦੇ ਹੁਕਮ ਵਿਚ ਚੱਲਦੇ ਹਨ, ਉਹ ਸੰਸਾਰ ਵਿਚ ਰਹਿੰਦਿਆਂ ਵੀ ਇਸ ਦੀਆਂ ਲਾਲਸਾਵਾਂ ਤੋਂ ਉਤੇ ਉਠ ਜਾਂਦੇ ਹਨ। ਇਸ ਦਾ ਅਰਥ ਹੈ ਕਿ ਗੁਰੂ ਦੇ ਸ਼ਬਦ ਰਾਹੀਂ ਮਨੁੱਖ ਸੰਸਾਰਕ ਜੀਵਨ ਜਿਉਂਦਿਆਂ ਵੀ ਲਾਲਸਾਵਾਂ ਤੋਂ ਉਤੇ ਉਠ ਜਾਂਦਾ ਹੈ,
ਇਕਿ ਕੰਦ ਮੂਲੁ ਚੁਣਿ ਖਾਹਿ ਵਣ ਖੰਡਿ ਵਾਸਾ॥
ਇਕਿ ਭਗਵਾ ਵੇਸੁ ਕਰਿ ਫਿਰਹਿ ਜੋਗੀ ਸੰਨਿਆਸਾ॥æææ
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ॥
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ॥੫॥ (ਪੰਨਾ ੧੪੦)
ਅਗਲੇ ਸਲੋਕ ਵਿਚ ਗੁਰੂ ਨਾਨਕ ਦੂਸਰੇ ਮਨੁੱਖਾਂ ਦੀ ਲੁੱਟ-ਖਸੁੱਟ ਅਤੇ ਸਮਾਜਿਕ ਸ਼ੋਸ਼ਣ ਕਰਨ ਵਾਲੇ ਆਗੂਆਂ ਦੀ ਗੱਲ ਕਰਦੇ ਹਨ। ਪ੍ਰਸ਼ਨ ਕਰਦੇ ਹਨ ਕਿ ਜਾਮੇ ਅਰਥਾਤ ਕੱਪੜੇ ਨੂੰ ਲਹੂ ਲੱਗ ਜਾਵੇ ਤਾਂ ਉਹ ਜਾਮਾ ਅਪਵਿੱਤਰ ਹੋ ਜਾਂਦਾ ਹੈ ਅਤੇ ਉਸ ਦੇ ਸਮੇਤ ਨਮਾਜ਼ ਅਦਾ ਨਹੀਂ ਕੀਤੀ ਜਾ ਸਕਦੀ। ਫਿਰ ਜਿਹੜੇ ਲੋਕ ਦੂਸਰੇ ਮਨੁੱਖਾਂ ਦਾ ਲਹੂ ਪੀਂਦੇ ਹਨ ਅਰਥਾਤ ਦੂਸਰਿਆਂ ਦੀ ਕਮਾਈ ‘ਤੇ ਪਲਦੇ ਹਨ, ਹਰਾਮ ਦਾ ਖਾਂਦੇ ਹਨ, ਉਨ੍ਹਾਂ ਦੇ ਮਨ ਕਿਵੇਂ ਪਾਕ, ਪਵਿੱਤਰ ਰਹਿ ਸਕਦੇ ਹਨ? ਅਜਿਹੇ ਪਲੀਤ ਮਨਾਂ ਨਾਲ ਅਦਾ ਕੀਤੀ ਨਮਾਜ਼ ਕਿਵੇਂ ਕਬੂਲ ਹੋ ਸਕਦੀ ਹੈ? ਗੁਰੂ ਸਾਹਿਬ ਕਹਿੰਦੇ ਹਨ, ਉਸ ਪਰਵਰਦਗਾਰ ਦਾ ਨਾਮ ਅੱਛੇ ਅਤੇ ਸਾਫ ਦਿਲ ਨਾਲ ਹੀ ਮੂੰਹ ਤੋਂ ਉਚਾਰ। ਇਸ ਤੋਂ ਬਿਨਾਂ ਧਾਰਮਿਕ ਕਰਮ ਮਹਿਜ ਦਿਖਾਵਾ ਹਨ ਅਤੇ ਝੂਠਾ ਅਮਲ ਹੈ,
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥੧॥
ਅਗਲਾ ਸਲੋਕ ਵੀ ਗੁਰੂ ਨਾਨਕ ਸਾਹਿਬ ਦਾ ਅਜਿਹੇ ਆਗੂ ਕਹੇ ਜਾਣ ਵਾਲੇ ਲੋਕਾਂ ਬਾਰੇ ਹੀ ਹੈ ਜੋ ਆਪਣੇ ਅੰਦਰ ਕੋਈ ਆਤਮਕ ਗੁਣ ਨਾ ਹੋਣ ‘ਤੇ ਵੀ ਦੂਸਰਿਆਂ ਨੂੰ ਉਪਦੇਸ਼ ਕਰਦੇ ਰਹਿੰਦੇ ਹਨ। ਗੁਰੂ ਸਾਹਿਬ ਆਪਣੇ ਆਪ ਨੂੰ ਸੰਬੋਧਨ ਕਰਦਿਆਂ ਕਹਿੰਦੇ ਹਨ ਕਿ ਜੇ ਮੇਰੇ ਅੰਦਰ ਕੁਝ ਹੈ ਹੀ ਨਹੀਂ ਅਰਥਾਤ ਮੇਰੀ ਕੋਈ ਹਸਤੀ ਹੀ ਨਹੀਂ ਹੈ, ਫਿਰ ਮੈਂ ਦੂਸਰਿਆਂ ਨੂੰ ਕੀ ਉਪਦੇਸ਼ ਕਰ ਸਕਦਾ ਹਾਂ? ਆਪਣੇ ਅੰਦਰ ਕੋਈ ਆਤਮਕ ਗੁਣ ਨਾ ਹੁੰਦਿਆਂ ਹੋਇਆਂ ਦੂਸਰਿਆਂ ਨੂੰ ਕੀ ਬਣ ਬਣ ਕੇ ਦਿਖਾਵਾਂ? ਮੇਰਾ ਹਰ ਕਾਰਜ, ਕੰਮ-ਕਾਜ, ਬੋਲ-ਚਾਲ ਮੰਦੇ ਸੰਸਕਾਰਾਂ ਨਾਲ ਭਰਿਆ ਹੋਇਆ ਹੈ। ਮੈਂ ਕਦੇ ਮੰਦੇ ਪਾਸੇ ਡਿਗਦਾ ਹਾਂ ਅਤੇ ਫਿਰ ਕਦੀ ਆਪਣੇ ਮਨ ਨੂੰ ਸ਼ੁਧ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜਦੋਂ ਆਪ ਨੂੰ ਹੀ ਸਮਝ ਨਹੀਂ ਆਈ, ਫਿਰ ਦੂਸਰਿਆਂ ਨੂੰ ਸਿੱਖਿਆ ਦੇਣੀ, ਉਨ੍ਹਾਂ ਨੂੰ ਰਾਹ ਦੱਸਣਾ ਬਹੁਤ ਹੀ ਹਾਸੋ-ਹੀਣੀ ਗੱਲ ਜਾਪਦੀ ਹੈ। ਅਜਿਹਾ ਆਗੂ ਜਿਹੜਾ ਆਪ ਤਾਂ ਅੰਨ੍ਹਾ ਹੈ ਅਰਥਾਤ ਆਪ ਉਸ ਨੂੰ ਕੋਈ ਅਕਲ ਨਹੀਂ ਹੈ ਅਤੇ ਦੂਸਰਿਆਂ ਨੂੰ ਰਾਸਤਾ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦਿੰਦਾ ਹੈ। ਅਜਿਹੇ ਆਗੂ ਨੂੰ ਅੱਗੇ ਚੱਲ ਕੇ ਮੂੰਹੋਂ-ਮੂੰਹ ਜੁੱਤੀਆਂ ਪੈਂਦੀਆਂ ਹਨ ਅਤੇ ਉਸ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਜਾਂਦਾ ਹੈ,
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ॥
ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ॥
ਆਪਿ ਨ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ॥
ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥
ਅਗੈ ਗਇਆ ਮੁਹੇ ਮੁਹਿ ਪਾਹਿ ਸੁ ਐਸਾ ਆਗੂ ਜਾਪੈ॥੨॥ (ਪੰਨਾ ੧੪੦)
ਗੁਰਮਤਿ ਦਰਸ਼ਨ ਅਨੁਸਾਰ ਅਕਾਲ ਪੁਰਖ ਦਾ ਸਿਮਰਨ ਕਰਨ ਲਈ ਕਿਸੇ ਖਾਸ ਮਹੂਰਤ ਜਾਂ ਸ਼ੁਭ ਘੜੀ ਦੀ ਲੋੜ ਨਹੀਂ ਹੁੰਦੀ, ਉਸ ਦਾ ਸਿਮਰਨ ਕਰਨ ਲਈ ਹਰ ਸਮਾਂ ਪਵਿੱਤਰ ਅਤੇ ਸ਼ੁਭ ਹੁੰਦਾ ਹੈ। ਹਰ ਮਹੀਨੇ, ਰੁੱਤ, ਘੜੀ ਵਿਚ ਉਸ ਅਕਾਲ ਪੁਰਖ ਦਾ ਸਿਮਰਨ ਕੀਤਾ ਜਾ ਸਕਦਾ ਹੈ। ਉਹ ਅਕਾਲ ਪੁਰਖ ਅਦ੍ਰਿਸ਼ਟ ਅਤੇ ਬੇਅੰਤ ਹੈ ਜਿਸ ਨੂੰ ਥਿੱਤਾਂ ਦੀਆਂ ਗਿਣਤੀਆਂ ਅਤੇ ਲੇਖਾ ਕਰ ਕਰ ਕੇ ਨਹੀਂ ਪਾਇਆ ਜਾ ਸਕਦਾ। ਜੋ ਮਨੁੱਖ ਆਪਣੇ ਮਨ ਅੰਦਰ ਲੋਭ ਅਤੇ ਅਹੰਕਾਰ ਵਸਾਈ ਰੱਖਦਾ ਹੈ, ਉਹ ਪੜ੍ਹਿਆ ਲਿਖਿਆ ਹੋਣ ‘ਤੇ ਵੀ ਮੂਰਖ ਹੈ, ਅਗਿਆਨੀ ਹੈ। ਥਿੱਤਾਂ ਆਦਿ ਦੇ ਵਹਿਮ ਵਿਚ ਨਾ ਪੈ ਕੇ ਗੁਰੂ ਦੇ ਉਪਦੇਸ਼ ਦੇ ਵੀਚਾਰ ਰਾਹੀਂ ਉਸ ਅਕਾਲ ਪੁਰਖ ਦੇ ਨਾਮ ਨੂੰ ਪੜ੍ਹਨਾ, ਸਮਝਣਾ ਅਤੇ ਬੁੱਝਣਾ ਚਾਹੀਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸਿੱਖਿਆ ‘ਤੇ ਚੱਲ ਕੇ ਅਕਾਲ ਪੁਰਖ ਦੇ ਨਾਮ ਦੀ ਕਮਾਈ ਕਰਦੇ ਹਨ, ਉਨ੍ਹਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ। ਜਿਹੜੇ ਅਕਾਲ ਪੁਰਖ ਦੇ ਨਾਮ ਦਾ ਮਨਨ ਕਰਦੇ ਹਨ, ਉਹ ਅਕਾਲ ਪੁਰਖ ਦੇ ਦਰਬਾਰ ਵਿਚ ਸੁਰਖ਼ਰੂ ਹੋ ਜਾਂਦੇ ਹਨ। ਅਕਾਲ ਪੁਰਖ ਸਾਰੇ ਸੰਸਾਰ ਦਾ ਸ਼ਾਹ ਹੈ, ਬਾਕੀ ਸਾਰਾ ਸੰਸਾਰ ਵਣਜਾਰਾ ਹੈ ਅਰਥਾਤ ਬਾਕੀ ਸਾਰੇ ਜੀਵ ਸੰਸਾਰ ‘ਤੇ ਆਉਂਦੇ-ਜਾਂਦੇ ਰਹਿੰਦੇ ਹਨ, ਇੱਕ ਅਕਾਲ ਪੁਰਖ ਹੀ ਸਦੀਵੀ ਹਸਤੀ ਹੈ। ਉਸ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਹੋਏ ਪ੍ਰਾਣ ਅਤੇ ਜਿੰਦ ਹਰ ਇੱਕ ਜੀਵ ਨੂੰ ਮਿਲੇ ਹਨ, ਉਸ ਦੀ ਅਪਾਰ ਜੋਤਿ ਹਰ ਇੱਕ ਦੇ ਅੰਦਰ ਵੱਸ ਰਹੀ ਹੈ,
ਮਾਹਾ ਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ॥
ਤੂੰ ਗਣਤੈ ਕਿਨੈ ਨ ਪਾਇਓ ਸਚੇ ਅਲਖ ਅਪਾਰਾ॥ (ਪੰਨਾ ੧੪੦)
ਗੁਰਮਤਿ ਵਿਚ ਧਰਮ ਨੂੰ ਮਹਿਜ ਕਰਮ-ਕਾਂਡ ਵਿਚੋਂ ਕੱਢ ਕੇ ਨੈਤਿਕ ਗੁਣਾਂ ਨਾਲ ਜੋੜਿਆ ਗਿਆ ਹੈ। ਇਸ ਲਈ ਅਧਿਆਤਮਕ ਅਨੁਭਵ ਲਈ ਮਨੁੱਖ ਨੂੰ ਆਪਣੇ ਅੰਦਰ ਨੈਤਿਕ ਗੁਣ ਜਿਵੇਂ ਸੱਚ, ਦਇਆ, ਸੰਤੋਖ ਅਤੇ ਸੰਜਮ ਆਦਿ ਪੈਦਾ ਕਰਨ ਲਈ ਕਿਹਾ ਹੈ। ਮਨੁੱਖ ਭਾਵੇਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋਵੇ ਅਰਥਾਤ ਉਹ ਹਿੰਦੂ, ਮੁਸਲਮਾਨ ਜਾਂ ਬੋਧੀ, ਜੋ ਵੀ ਹੈ, ਧਾਰਮਿਕ ਵਿਅਕਤੀ ਤਾਂ ਹੀ ਕਹਾ ਸਕਦਾ ਹੈ ਜੇ ਇਨ੍ਹਾਂ ਗੁਣਾਂ ਦੀ ਪਾਲਣਾ ਕਰਦਾ ਹੈ। ਇਹ ਗੁਣ ਸਦੀਵੀ ਹਨ ਜੋ ਹਰ ਧਰਮ ਦਾ ਅਟੁੱਟ ਅੰਗ ਹਨ। ਇਸੇ ਸੰਦਰਭ ਵਿਚ ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਮੁਸਲਮਾਨ ਦੇ ਰੋਜ਼ ਕਰਨ ਵਾਲੇ ਧਾਰਮਿਕ ਕਹੇ ਜਾਣ ਵਾਲੇ ਕਰਮਾਂ ਦੀ ਉਦਾਹਰਣ ਰਾਹੀਂ ਦੱਸਦੇ ਹਨ ਕਿ ਅਸਲੀ ਮੁਸਲਮਾਨ ਕਹਾਉਣ ਲਈ ਕੀ ਕੀ ਗੁਣ ਆਪਣੇ ਅੰਦਰ ਪੈਦਾ ਕਰਨ ਦੀ ਜ਼ਰੂਰਤ ਹੈ? ਗੁਰੂ ਸਾਹਿਬ ਕਹਿੰਦੇ ਹਨ ਕਿ ਇੱਕ ਸੱਚਾ ਮੁਸਲਮਾਨ ਬਣਨ ਲਈ ਦੂਸਰਿਆਂ ਉਤੇ ਦਇਆ ਕਰਨ ਨੂੰ ਆਪਣੀ ਮਸਜ਼ਿਦ ਬਣਾ, ਸਿਦਕ ਨੂੰ ਮੁਸੱਲਾ (ਸਫ਼ ਜਿਸ ‘ਤੇ ਬੈਠ ਕੇ ਨਮਾਜ਼ ਪੜ੍ਹੀਦੀ ਹੈ) ਬਣਾ ਅਤੇ ਹੱਕ ਦੀ ਕਮਾਈ ਖਾਣ ਨੂੰ ਆਪਣੀ ਕੁਰਾਨ ਬਣਾ। ਵਿਕਾਰਾਂ ਵੱਲੋਂ ਆਪਣੇ ਮਨ ਨੂੰ ਮੋੜਨ ਦਾ ਉਦਮ ਕਰਨਾ ਸੁੰਨਤ (ਮੁਸਲਮਾਨ ਬਣਨ ਲਈ ਕੀਤੀ ਜਾਂਦੀ ਰਸਮ), ਚੰਗੇ ਸੁਭਾਅ ਨੂੰ ਰੋਜਾ (ਰਮਜ਼ਾਨ ਸਮੇਂ ਰੱਖੇ ਜਾਂਦੇ ਵਰਤ) ਬਣਾ ਅਤੇ ਇਸ ਤਰ੍ਹਾਂ ਦਾ ਮੁਸਲਮਾਨ ਬਣ। ਆਪਣੇ ਚੰਗੇ ਆਚਰਣ ਨੂੰ ਕਾਬਾ ਬਣਾ (ਮੁਸਲਮਾਨ ਦਾ ਪਾਕ ਤੀਰਥ-ਸਥਾਨ), ਅੰਦਰੋਂ-ਬਾਹਰੋਂ ਇੱਕੋ ਜਿਹੇ ਹੋਣਾ ਅਰਥਾਤ ਸੱਚਾਈ ਤੇਰਾ ਪੀਰ ਹੋਵੇ, ਨੇਕ ਅਮਲ ਤੇਰੀ ਨਮਾਜ਼ ਅਤੇ ਕਲਮਾ ਹੋਵੇ। ਉਸ ਪਰਵਰਦਗਾਰ ਦੀ ਕਰਨੀ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਤਸਬੀ (ਮਾਲਾ) ਬਣਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਜਿਹੇ ਮੁਸਲਮਾਨ ਦੀ ਰੱਬ ਲਾਜ ਰੱਖਦਾ ਹੈ,
ਮਿਹਰ ਮਸੀਤਿ ਸਿਦਕੁ ਮੁਸਲਾ ਹਕ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥
ਕਰਣੀ ਕਾਬਾ ਸਚੁ ਪੀਰ ਕਲਮਾ ਕਰਮ ਨਿਵਾਜ॥
ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥੧॥ (ਪੰਨਾ ੧੪੦-੧੪੧)
ਦੂਸਰਿਆਂ ਦੇ ਹੱਕ ਨੂੰ ਮਾਰਨਾ ਜਾਂ ਹੱਕ ਖੋਹਣਾ ਗੁਰਮਤਿ ਅਨੁਸਾਰ ਬਹੁਤ ਵੱਡਾ ਗੁਨਾਹ ਹੈ ਜੋ ਕੋਈ ਵੀ ਧਰਮ ਕਰਨ ਦੀ ਆਗਿਆ ਨਹੀਂ ਦੇ ਸਕਦਾ। ਕੁਝ ਗੱਲਾਂ ਧਾਰਮਿਕ ਨਜ਼ਰੀਏ ਤੋਂ ਵਿਵਰਜਤ ਮੰਨੀਆਂ ਜਾਂਦੀਆਂ ਹਨ ਜਿਵੇਂ ਹਿੰਦੂਆਂ ਵਾਸਤੇ ਗਊ ਦਾ ਮਾਸ ਖਾਣਾ ਵਿਵਰਜਤ ਹੈ। ਇਸੇ ਤਰ੍ਹਾਂ ਮੁਸਲਮਾਨਾਂ ਵਿਚ ਸੂਰ ਦੀ ਆਣ ਮੰਨੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਪਰਾਇਆ ਹੱਕ ਖਾਣ ਨੂੰ ਇਸੇ ਤਰ੍ਹਾਂ ਦਾ ਗੁਨਾਹ ਮੰਨਦੇ ਹਨ। ਉਹ ਕਹਿੰਦੇ ਹਨ ਕਿ ਪਰਾਇਆ ਹੱਕ ਖੋਹਣਾ ਇਵੇਂ ਹੈ ਜਿਵੇਂ ਹਿੰਦੂ ਲਈ ਗਊ ਅਤੇ ਮੁਸਲਮਾਨ ਲਈ ਸੂਰ। ਗੁਰੂ ਜਾਂ ਪੈਗੰਬਰ ਕਿਸੇ ਦੀ ਸਿਫ਼ਾਰਸ਼ ਤਾਂ ਹੀ ਕਰਦਾ ਹੈ ਜੇ ਮਨੁੱਖ ਦੂਸਰੇ ਦਾ ਹੱਕ ਨਾ ਖੋਹਵੇ। ਨਿਰੀਆਂ ਗੱਲਾਂ ਕਰਨ ਨਾਲ ਸਵਰਗ ਜਾਂ ਬਹਿਸ਼ਤ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਪ੍ਰਾਪਤੀ ਮਨੁੱਖ ਵੱਲੋਂ ਕੀਤੇ ਜਾਣ ਵਾਲੇ ਕਰਮਾਂ ‘ਤੇ ਨਿਰਭਰ ਹੈ। ਕਹਿਣੀ ਤੇ ਕਰਨੀ ਵਿਚ ਸੱਚੇ ਹੋਣ, ਸੱਚ ਨੂੰ ਅਮਲ ਵਿਚ ਲਿਆਉਣ ਨਾਲ ਹੀ ਨਿਜ਼ਾਤ ਮਿਲਦੀ ਹੈ, ਮੁਕਤੀ ਮਿਲਦੀ ਹੈ। ਹਰਾਮ ਦੇ ਮਾਲ ਵਿਚ ਮਸਾਲੇ ਪਾਉਣ ਨਾਲ ਉਹ ਹਲਾਲ ਨਹੀਂ ਬਣ ਜਾਂਦਾ (ਹਲਾਲ ਦਾ ਅਰਥ ਹੱਕ ਦੀ ਕਮਾਈ)। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਝੂਠ ਦੀਆਂ ਗੱਲਾਂ ਕੀਤਿਆਂ ਝੂਠ ਦੀ ਪ੍ਰਾਪਤੀ ਹੀ ਹੁੰਦੀ ਹੈ,
ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥੨॥
ਮੁਸਲਮਾਨ ਦਿਨ ਵਿਚ ਪੰਜ ਵਾਰ ਨਮਾਜ਼ ਅਦਾ ਕਰਦੇ ਹਨ ਅਤੇ ਪੰਜ ਵਕਤ ਦੀ ਇਸ ਨਮਾਜ਼ ਦੇ ਪੰਜ ਨਾਮ ਰੱਖੇ ਹੋਏ ਹਨ। ਇਸ ਪੰਜ ਵਕਤ ਦੀ ਨਮਾਜ਼ ਨੂੰ ਨੈਤਿਕ ਗੁਣਾਂ ਨਾਲ ਜੋੜਦੇ ਹੋਏ ਗੁਰੂ ਨਾਨਕ ਸਮਝਾਉਂਦੇ ਹਨ ਕਿ ਇਹ ਨਮਾਜ਼ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਹ ਪੰਜ ਨਿਮਾਜ਼ਾਂ ਇਸ ਤਰ੍ਹਾਂ ਹੋਣੀਆਂ ਚਾਹੀਦੀਆਂ ਹਨ, ਪਹਿਲੇ ਵਕਤ ਸਵੇਰ ਦੀ ਨਮਾਜ਼ ਹੈ-ਸੱਚ ਬੋਲਣਾ, ਸੱਚ ਦੇ ਧਾਰਨੀ ਹੋਣਾ। ਦੂਸਰੀ ਹੈ-ਹੱਕ ਦੀ ਕਮਾਈ ਖਾਣਾ, ਤੀਸਰੀ-ਰੱਬ ਤੋਂ ਸਰਬੱਤ ਦਾ ਭਲਾ ਮੰਗਣਾ ਅਤੇ ਚਾਹੁਣਾ। ਚੌਥੀ ਨਮਾਜ਼-ਨੇਕ-ਨੀਅਤੀ ਰੱਖਣੀ ਅਤੇ ਪੰਜਵੀ ਨਮਾਜ਼ ਹੈ-ਰੱਬ ਦੀ ਸਿਫ਼ਤਿ-ਸਾਲਾਹ ਕਰਨੀ, ਉਸ ਦੇ ਗੁਣਾਂ ਦਾ ਸਿਮਰਨ ਕਰਨਾ। ਇਨ੍ਹਾਂ ਨਮਾਜ਼ਾਂ ਦੇ ਨਾਲ ਨਾਲ ਆਪਣੇ ਆਚਰਣ ਨੂੰ ਉਚਾ ਬਣਾਉਣਾ ਕਲਮਾ ਪੜ੍ਹਨਾ ਹੈ। ਜੇ ਇਸ ਕਿਸਮ ਦੀ ਰਹਿਣੀ ਅਪਨਾ ਲਈ ਜਾਂਦੀ ਹੈ ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਨ੍ਹਾਂ ਨਮਾਜ਼ਾਂ ਅਤੇ ਕਲਮੇ ਤੋਂ ਬਿਨਾਂ ਜੋ ਵੀ ਕਰਮ ਕਰਦੇ ਹਨ, ਉਹ ਕੂੜ ਅਰਥਾਤ ਝੂਠ ਦੇ ਵਪਾਰੀ ਹਨ ਅਤੇ ਝੂਠ ਕਮਾਉਂਦੇ ਹਨ। ਕੂੜੇ ਦੀ ਇੱਜ਼ਤ ਵੀ ਕੂੜੀ ਹੁੰਦੀ ਹੈ, ਉਸ ਦੇ ਪੱਲੇ ਕੂੜ ਹੀ ਪੈਂਦਾ ਹੈ,
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲੁ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥੩॥ (ਪੰਨਾ ੧੪੧)
ਅਗਲੀ ਪਉੜੀ ਵਿਚ ਗੁਰੂ ਨਾਨਕ ਦੇਵ ਚੰਗੀ ਕਰਨੀ ਵਾਲੇ ਅਤੇ ਮਾੜੀ ਕਰਨੀ ਵਾਲੇ ਮਨੁੱਖਾਂ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਉਨ੍ਹਾਂ ਦੀ ਪ੍ਰਾਪਤੀ ਕਿਹੋ ਜਿਹੀ ਹੁੰਦੀ ਹੈ, ਕਿਹੋ ਜਿਹਾ ਫਲ ਮਿਲਦਾ ਹੈ, ਇਸ ਦਾ ਜ਼ਿਕਰ ਕਰਦੇ ਹਨ। ਗੁਰੂ ਸਾਹਿਬ ਕਹਿੰਦੇ ਹਨ, ਕੁਝ ਮਨੁੱਖ ਅਕਾਲ ਪੁਰਖ ਦੇ ਗੁਣਾਂ ਦਾ ਗਾਇਨ ਕਰਦੇ ਹਨ ਅਤੇ ਉਸ ਦੇ ਨਾਮ ਦਾ ਸੱਚਾ ਸੌਦਾ ਵਿਹਾਝਦੇ ਹਨ ਅਤੇ ਦੂਸਰੇ ਉਹ ਹਨ ਜੋ ਦੁਨਿਆਵੀ ਮਾਇਆ-ਰੂਪੀ ਕੱਚਾ ਵਪਾਰ ਕਰਦੇ ਹਨ। ਪਰਮਾਤਮ-ਗੁਣਾਂ ਦਾ ਖ਼ਜ਼ਾਨਾ ਮਨੁੱਖ ਦੇ ਅੰਦਰ ਹੀ ਹੁੰਦਾ ਹੈ, ਜਿਨ੍ਹਾਂ ‘ਤੇ ਅਕਾਲ ਪੁਰਖ ਦੀ ਮਿਹਰ ਹੁੰਦੀ ਹੈ, ਉਹ ਇਸ ਖ਼ਜ਼ਾਨੇ ਨੂੰ ਆਪਣੇ ਅੰਦਰੋਂ ਲੱਭ ਲੈਂਦੇ ਹਨ। ਗੁਰੂ ਤੋਂ ਬਿਨਾਂ ਇਹ ਖ਼ਜ਼ਾਨਾ ਨਹੀਂ ਲੱਭਦਾ, ਮਾਇਆ ਦੇ ਵਪਾਰੀ ਗੁਰੂ ਦੀ ਸਿੱਖਿਆ ‘ਤੇ ਨਹੀਂ ਚੱਲਦੇ। ਇਸ ਲਈ ਖਪ ਖਪ ਕੇ ਸੰਸਾਰ ਤੋਂ ਤੁਰ ਜਾਂਦੇ ਹਨ। ਜੋ ਮਨੁੱਖ ਆਪਣੇ ਮਨ ਦੀ ਮੱਤ ਅਨੁਸਾਰ ਚੱਲਦੇ ਹਨ, ਮਾਇਆ ਵਿਚ ਮਸਰੂਫ਼ ਹੁੰਦੇ ਹਨ ਅਤੇ ਅਸਲੀ ਵਿਚਾਰ ਉਨ੍ਹਾਂ ਨੂੰ ਨਹੀਂ ਸੁੱਝਦਾ। ਉਹ ਦੁਖੀ ਹੋ ਕੇ ਕਿਸ ਨੂੰ ਪੁਕਾਰਨ ਕਿਉਂਕਿ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸਕਦਾ। ਅਕਾਲ ਪੁਰਖ ਦੇ ਨਾਮ ਤੋਂ ਵਾਂਝੇ ਮਨੁੱਖ ਤਰਲੇ ਕਰਦੇ ਫਿਰਦੇ ਹਨ, ਇਕਨਾਂ ਦੇ ਖ਼ਜ਼ਾਨੇ ਨਾਮ ਨਾਲ ਭਰਪੂਰ ਹਨ। ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਹੋਰ ਕੋਈ ਸੱਚਾ ਧਨ ਨਹੀਂ ਹੈ, ਸਭ ਝੂਠ ਹੈ, ਸੁਆਹ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਹੀ ਕਰਣ-ਕਾਰਣ ਸਮਰੱਥ ਹੈ ਜੋ ਮਨੁੱਖਾਂ ਨੂੰ ਸਿੱਧੇ ਰਸਤੇ ਪਾਉਂਦਾ ਹੈ ਅਰਥਾਤ ਮਨੁੱਖ ਨੂੰ ਉਸ ਦੀ ਬੰਦਗੀ ਰਾਹੀਂ ਉਸ ਦੀ ਮਿਹਰ ਪ੍ਰਾਪਤ ਕਰਨੀ ਚਾਹੀਦੀ ਹੈ,
ਇਕਿ ਰਤਨ ਪਦਾਰਥ ਵਣਜਦੇ ਇਕਿ ਕਚੇ ਦੇ ਵਾਪਾਰਾ॥
ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ॥ (ਪੰਨਾ ੧੪੧)

Be the first to comment

Leave a Reply

Your email address will not be published.