ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਲਾਹੀ ਬਾਣੀ ਵਿਚ ਸ਼ਾਇਰਾਂ/ਲਿਖਾਰੀਆਂ ਨੂੰ ‘ਧਨੁ ਲੇਖਾਰੀ ਨਾਨਕਾ’ ਆਖ ਕੇ ਸਤਿਕਾਰਨ ਵਡਿਆਉਣ ਵਾਲੇ ਗੁਰੂ ਨਾਨਕ ਦੇਵ ਜੀ ਖੁਦ ਵੀ ਇਨਕਲਾਬੀ ਸ਼ਾਇਰ ਸਨ ਜਿਨ੍ਹਾਂ ਮੌਕੇ ਦੇ ਧੱਕੜ ਹਾਕਮ ਬਾਬਰ ਨੂੰ ਵੰਗਾਰਦਿਆਂ ਉਸ ਨੂੰ ਐਲਾਨੀਆਂ ‘ਪਾਪ ਕੀ ਜੰਝ’ ਦਾ ਲਾੜਾ ਕਰਾਰ ਦਿੱਤਾ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਤਤਕਾਲੀ ਹੁਕਮਰਾਨ ਨਿਰਦਈ ਔਰੰਗਜੇਬ ਨੂੰ ਜ਼ਫ਼ਰਨਾਮੇ ਦੇ ਅਣਿਆਲੇ ਬੋਲਾਂ ਰਾਹੀਂ ਚਿੱਤ ਕਰ ਦਿੱਤਾ। ਉਸ ਨੂੰ ‘ਸ਼ਰੱਈ’ ਹੋਣ ਦਾ ਕਪਟ ਕਰਦੇ ਨੂੰ ‘ਬੇਈਮਾਨ’ ਆਖਿਆ। ਉਹ ਕਲਮ ਹੀ ਕਾਹਦੀ ਜੋ ‘ਸੱਚ ਸੁਣਾਇਸੀ ਸੱਚ ਕੀ ਵੇਲਾ’ ਦੀ ਹਮਸਫਰ ਨਾ ਬਣੇ! ਜੇ ਕੋਈ ਕਵੀ/ਲਿਖਾਰੀ ਆਪਣੇ ਆਲੇ-ਦੁਆਲੇ ਆਪਣੇ ਸਮਾਜ ਦੇ ਮਨੁੱਖੀ ਸਮੂਹ ਦੀਆਂ ਉਘ ਦੀਆਂ ਪਤਾਲ ਹੀ ਮਾਰੀ ਜਾਵੇ, ਤਾਂ ਉਹ ‘ਲੋਕਾਂ ਦਾ ਲਿਖਾਰੀ’ ਨਹੀਂ ਮੰਨਿਆ ਜਾ ਸਕਦਾ। ਲੇਖਕਾਂ ਵਿਚ ਭਾਵੇਂ ਉਹ ਆਪਣੇ-ਆਪ ਨੂੰ ਸ਼ੁਮਾਰ ਕਰਦਾ ਫਿਰੇ; ਉਸ ਦੀਆਂ ਲਿਖਤਾਂ ਦਾ ਉਹਦੇ ਆਲੇ-ਦੁਆਲੇ ਨੂੰ ਕੀ ਭਾਅ?
ਇਸ ਦੇ ਉਲਟ ਉਹ ਲਿਖਤਾਂ ਜੋ ਸਮੇਂ-ਸਮੇਂ ਕਿਸੇ ਜਬਰ-ਜ਼ੁਲਮ ਖਿਲਾਫ ਲਿਖੀਆਂ ਗਈਆਂ, ਜਾਂ ਤਤਕਾਲੀ ਸਿਆਸੀ ਧੱਕੇਸ਼ਾਹੀਆਂ ਦੇ ਬਖੀਏ ਉਧੇੜਦੀਆਂ ਹੋਈਆਂ ਲੋਕ ਮਨਾਂ ਨੂੰ ਚੇਤੰਨ ਬਣਾਉਂਦੀਆਂ ਰਹੀਆਂ, ਉਹ ਸਦ-ਹਰਿਆਵਲ ਰਚਨਾਵਾਂ ਬਣ ਜਾਂਦੀਆਂ ਨੇ। ਉਹ ਸਮਾਂ ਸਥਾਨ ਦੀਆਂ ਹੱਦਾਂ ਉਲੰਘ ਕੇ ਤ੍ਰੈ-ਕਾਲ ਪ੍ਰਭਾਵੀ ਹੋ ਨਿਬੜਦੀਆਂ ਹਨ।
ਮੇਰੇ ਸਾਹਮਣੇ ਪੰਜਾਬੀ ਸ਼ਾਇਰੀ ਦੀ ਕਿਤਾਬ ਪਈ ਹੈ, ‘ਕਲਮਾਂ ਦੀ ਕਸਤੂਰੀ’ ਜੋ ਮਰਹੂਮ ਵਿਧਾਤਾ ਸਿੰਘ ‘ਤੀਰ’ ਦੇ ਸਾਥੀ ਰਹੇ ਸ਼ ਈਸ਼ਰ ਸਿੰਘ ‘ਮੋਮਿਨ’ ਦੀ ਲਿਖੀ ਹੋਈ ਹੈ। ਸ਼ ਮੋਮਿਨ ਪਿਛੋਂ ਪੰਜਾਬ ਤੋਂ ਵੀ ਮੇਰੇ ਗਵਾਂਢੀ ਪਿੰਡ ਲੰਗੜੋਆ ਤੋਂ ਹਨ ਅਤੇ ਇਥੇ ਅਮਰੀਕਾ ਵਿਚ ਵੀ ਸੈਨ ਹੋਜ਼ੇ ਸ਼ਹਿਰ ‘ਚ ਰਹਿੰਦਿਆਂ ਮੇਰੇ ਗਵਾਂਢੀ ਹੀ ਹਨ। ਉਮਰ ਦੇ ਨੌਵੇਂ ਦਹਾਕੇ ਨੂੰ ਢੁੱਕ ਚੁੱਕੇ, ਸ਼ਾਂਤ-ਚਿੱਤ ਤੇ ਸਦ-ਪ੍ਰਸੰਨ ਰਹਿਣ ਵਾਲੇ ਸ਼ ਮੋਮਿਨ, ਡੰਗੋਰੀ ਹੱਥ ‘ਚ ਲੈ ਕੇ ਸੈਰ ਕਰਦੇ ਹੁੰਦੇ ਨੇ ਸੈਨ ਹੋਜ਼ੇ ਦੇ ਪਾਰਕ ਵਿਚ; ਪਰ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹਦਿਆਂ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਇਨ੍ਹਾਂ ਵਿਚ ਅੱਜ ਕੱਲ੍ਹ ਪੰਜਾਬ ‘ਚ ਭਖੇ ਹੋਏ ਚੋਣ ਪ੍ਰਚਾਰ ਦਾ ਅੱਖੀਂ ਡਿੱਠਾ ਸੱਚ ਬਿਆਨ ਕਰ ਰਹੇ ਹਨ। ਇਹ ਸ਼ਾਇਰੀ ਪੜ੍ਹਦਿਆਂ ਚੇਤਾ ਈ ਭੁੱਲ ਜਾਂਦਾ ਹੈ ਕਿ ਇਸ ਦਾ ਰਚਨਾ ਕਾਲ ਸੰਨ 2000 ਤੋਂ ਵੀ ਕਿਤੇ ਪਹਿਲਾਂ ਦਾ ਹੈ, ਜਦੋਂ ਇਹ ਕਿਤਾਬੀ ਰੂਪ ਵਿਚ ਸੰਭਾਲੀ ਗਈ। ਚਰਮ ਸੀਮਾ ‘ਤੇ ਪਹੁੰਚੇ ਹੋਏ ਚੋਣ ਦੰਗਲ ਵਿਚ ਕਿਵੇਂ ਸਿਆਸੀ ਆਗੂ ਧੂੰਆਂ-ਧਾਰ ਤਕਰੀਰਾਂ ਰਾਹੀਂ ਨਵੇਂ ਤੋਂ ਨਵੇਂ ਗੱਪ-ਗੋਲੇ ਛੱਡ ਰਹੇ ਨੇ, ਉਨ੍ਹਾਂ ਦਾ ਹੂ-ਬ-ਹੂ ਨਕਸ਼ਾ ਖਿੱਚਦਿਆਂ ਸ਼ ਮੋਮਿਨ ਨੇ ਲਿਖਿਆ ਹੈ,
ਰੰਗ ਬਿਰੰਗੇ ਭਾਸ਼ਣ ਦਈਏ,
ਭਾਸ਼ਣ ਦਈਏ ਪੂਰੇ,
ਜਿੱਤਣ ਦੇ ਲਈ ਤਰਲੇ ਕਰੀਏ,
ਜਿੱਤ ਕੇ ਮੁੱਕਰ ਜਾਈਏ।
ਇਕ ਨਾ ਸੁਣੀਏ ਦੂਜੇ ਦੀ ਗੱਲ,
ਆਪਣੀ ਗੱਲ ਸੁਣਾਈਏ,
ਲੀਡਰ ਬਣ ਕੇ ਲੀਡਰ ਵਾਂਗੂੰ
ਗੱਲਾਂ ਦਾ ਗੁੜ ਖਾਈਏ।
ਸਾਧਾਂ ਵਾਂਗੂ ਗੱਲਾਂ ਕਰੀਏ,
ਚੋਰਾਂ ਵਾਂਗੂ ਚਾਲਾਂ,
ਉਚੀ-ਉਚੀ ਭਾਸ਼ਣ ਦੇ ਕੇ
ਲੋਕਾਂ ਦਾ ਸਿਰ ਖਾਈਏ।
ਅੰਦਰੋਂ ਭਾਵੇਂ ਕਾਫ਼ਰ ਰਹੀਏ,
ਬਾਹਰੋਂ ਰਹੀਏ ਮੋਮਿਨ,
ਮੇਜ਼ ਉਰਾਂ ਨੂੰ ਕਰ ਕੇ ਥੋੜ੍ਹਾ
ਕੁਰਸੀ ਨੂੰ ਸਰਕਾਈਏ।
ਚੋਣ ਪ੍ਰਚਾਰ ਦੇ ਨਾਂ ਹੇਠ ਮਚੇ ਪਏ ਘਮਾਸਾਣ ਵਿਚ ਕੋਈ ਲੀਡਰ ਮੱਥੇ ਉਤੇ ਤਿਲਕ ਲਗਾ ਕੇ ਵੱਡਾ ਧਰਮੀ ਬਣਿਆ ਫਿਰਦਾ ਹੈ, ਕੋਈ ਚਿੱਟੀਆਂ, ਨੀਲੀਆਂ, ਪੀਲੀਆਂ ਪੱਗਾਂ ਅਤੇ ਬੀਬੀਆਂ ਦਾੜ੍ਹੀਆਂ ਨੂੰ ਨੁਮਾਇਸ਼ ਵਾਂਗ ਵਰਤਦਾ ਮੋਮੋਠਗਣੀਆਂ ਮਾਰਦਾ ਫਿਰਦਾ ਹੈ। ਕੋਈ ਸਿਆਸਤਦਾਨ, ਬੇਦੋਸ਼ਿਆਂ ਦੇ ਖ਼ੂਨ ਨਾਲ ਰੰਗੇ ਆਪਣੇ ਹੱਥਾਂ ਨੂੰ ਕਥਿਤ ਵਿਕਾਸ ਦੇ ਪਰਦਿਆਂ ਹੇਠ ਲੁਕਾਉਣ ਦੀ ਕੋਸ਼ਿਸ਼ ਵਿਚ ਕਿਤੇ ਇਕ ਖਾਸ ਫਿਰਕੇ ਨੂੰ ਭਰਮਾਉਣ ਹਿਤ, ਉਨ੍ਹਾਂ ਆਗੂਆਂ ਦੇ ਸਿਰਾਂ ਉਪਰ ਬੰਨ੍ਹੀਆਂ ਬੰਨ੍ਹਾਈਆਂ ਪੱਗਾਂ ਬਦੋ-ਬਦੀ ਰੱਖੀਆਂ ਜਾਂਦੀਆਂ ਨੇ, ਜਿਨ੍ਹਾਂ ਕਦੇ ਸੁਪਨੇ ਵਿਚ ਵੀ ਪੱਗ ਨਹੀਂ ਬੰਨ੍ਹੀ ਹੁੰਦੀ। ਅਜਿਹੇ ਬਹਿਰੂਪੀਏ ਫਿਰਦੇ ਸਿਆਸੀ ਲੀਡਰਾਂ ਦੇ ਕਪਟ ਨੂੰ ਬੇਪਰਦ ਕਰਦਾ ਕਿਸੇ ਪੁਰਾਣੇ ਸ਼ਾਇਰ ਦਾ ਸ਼ਿਅਰ ਹੈ,
ਅੰਮ੍ਰਿਤ ਦੇ ਵਿਚ ਜ਼ਹਿਰਾਂ ਜਿੱਦਾਂ,
ਪਾਣੀ ਦੇ ਵਿਚ ਅੱਗਾਂ ਨੇ।
ਜਿੱਧਰ ਵੇਖੋ ਸੱਜਣਾਂ ਦਾ ਹੈ,
ਭੇਸ ਬਣਾਇਆ ਠੱਗਾਂ ਨੇ।
ਆਮ ਦਸਤੂਰ ਹੈ ਕਿ ਗਲੀ-ਮੁਹੱਲੇ ਦੇ ‘ਰਿੰਡ ਪ੍ਰਧਾਨ ਚੌਧਰੀ ਚਮਚੇ’ ਅੱਗੇ ਐਮæਐਲ਼ਏ-ਐਮæਪੀæ ਸਾਹਿਬਾਨ ਦੇ ਦਰੀਂ-ਘਰੀਂ ਕੌਡੀ ਫੇਰਾ ਰੱਖਦੇ ਨੇ। ਵਿਧਾਨਕਾਰ ਤੇ ਐਮæਪੀæ ਅਗਾਂਹ ਮੁੱਖ ਮੰਤਰੀ ਦੇ ਘਰ-ਦਫ਼ਤਰ ਸਵੇਰੇ-ਸ਼ਾਮ ਹਾਜ਼ਰੀਆਂ ਭਰਦੇ ਨੇ। ਮੁੱਖ ਮੰਤਰੀ ਅੱਗੇ ਕਿਸੇ ਹੋਰ ਰਾਸ਼ਟਰੀ ਪਾਰਟੀ ਦਾ ਜੀ ਹਜ਼ੂਰੀਆ ਹੁੰਦਾ ਹੈ। ਇਕ-ਇਕ ‘ਕੀਮਤੀ ਵੋਟ’ ਦੀ ਮਾਲਕ ਭੋਲੀ ਜਨਤਾ ਵਿਚਾਰੀ ਉਕਤ ਆਗੂਆਂ ਨੂੰ ਹੀ ਆਪਣੇ ‘ਰਹਿਬਰ’ ਸਮਝਦੀ ਰਹਿੰਦੀ ਹੈ। ਖੁਦਗਰਜੀਆਂ ਦੀ ਪੂਰਤੀ ਅਧੀਨ ਬਣੀ ਇਸ ਸਿਆਸੀ ਅੰਗਲੀ-ਸੰਗਲੀ ਵਿਚ ਫਸੀ ਜਨਤਾ ਦੀ ਤਰਸਯੋਗ ਹਾਲਤ, ਇਕ ਕਵੀ ਨੇ ਇੰਜ ਬਿਆਨੀ ਹੈ,
ਭਟਕੇ ਰਹਿਬਰ, ਭਟਕਿਆਂ ਦੇ
ਦਰ ਭਰਦੇ ਹਾਜ਼ਰੀਆਂ,
ਭੋਲੀ ਜਨਤਾ ਐਸਿਆਂ ਤੋਂ ਵੀ
ਭਾਲੇ ਰਹਿਬਰੀਆਂ।
ਮਾਇਕ ਲਾਭਾਂ, ਟਿਕਟਾਂ ਜਾਂ ਅਹੁਦਿਆਂ ਦੀਆਂ ਬੁਰਕੀਆਂ ਖਾਤਰ ਚਿੱਟਿਆਂ ਤੋਂ ਨੀਲੇ, ਨੀਲਿਆਂ ਤੋਂ ਮੁੜ ਚਿੱਟੇ ਬਣ ਕੇ ਡੱਡੂ-ਟਪੂਸੀਆਂ ਮਾਰਨ ਵਾਲੇ ਸ੍ਰੀਮਾਨ ‘ਚੁਫੇਰਗੜ੍ਹੀਆਂ’ ਦੀ ਫਿਤਰਤ ਬਾਬਤ ਲਿਖੀ ਗਈ ਸ਼ਾਇਰੀ ਦਾ ਲੁਤਫ਼ ਉਠਾਉ,
ਤੁਹਾਨੂੰ ਬੇ-ਵਫ਼ਾ ਕਹਿਣਾ,
ਸਰਾਸਰ ਨਾ ਮੁਨਾਸਿਬ ਹੈ,
ਤੁਸੀਂ ਵਾਅਦਾ ਨਿਭਾਉਂਦੇ ਹੋ,
ਕਦੇ ਏਧਰ ਕਦੇ ਉਧਰ।
ਝੋਲੀ ਚੁੱਕਾਂ ਦਾ ਹੈ
ਕਿਹੜਾ ਧਰਮ ਭਲਾ?
ਮਿਲ ਜਾਂਦੇ ਨੇ
ਵਕਤ ਦੀਆਂ ਸਰਕਾਰਾਂ ਨਾਲ।
ਸਿਪਾਹੀ ਮੋਰਚੇ ਸੇ ਉਮਰ ਭਰ
ਪੀਛੇ ਨਹੀਂ ਹਟਤਾ,
ਸਿਆਸਤਦਾਂ ਜ਼ੁਬਾਂ ਦੇ ਕਰ,
ਬਾ-ਆਸਾਨੀ ਪਲਟਤਾ ਹੈ।
ਹਰ ਵਾਰ ਵਾਂਗ ਇਸ ਵਾਰੀ ਵੀ ਕਿਸੇ ਤਬਦੀਲੀ ਦੀ ਆਸ ਰੱਖਣ ਵਾਲਿਆਂ ਨੂੰ ਜਿਹੜਾ ਝੋਰਾ ਮਾਰ ਰਿਹਾ ਹੈ, ਉਸ ਚਿੰਤਾ ਦੀ ਗੱਲ ਕਰਦਿਆਂ ਸ਼ਾਇਰਾਂ ਨੇ ਕੈਸਾ ਖ਼ੂਬ ਲਿਖਿਆ ਹੋਇਐ,
ਦੀਨ ਧਰਮ ਈਮਾਨ ਖ੍ਰੀਦਣ,
ਉਹ ਨੋਟਾਂ ਦੇ ਬਲ ‘ਤੇ,
ਚੁੱਪ ਦੀ ਚਾਬੀ ਲਾ ਕੇ
ਬੰਦ ਕਰ ਜਾਂਦੇ ਮੂੰਹ ਦੇ ਜਿੰਦੇ ਨੂੰ।
ਉਲਟੇ ਹੋ ਗਏ ਸਾਰੇ ਵੋਟਰ,
ਨੋਟੋਂ ਨੇ ਵੋਹ ਕਾਮ ਕੀਆ,
ਆਖ਼ਰ ‘ਲਾਲਾ ਲੱਖੀ ਮਲ’ ਨੇ
ਮੇਰਾ ਕਾਮ ਤਮਾਮ ਕੀਆ।
ਕਿਸੇ ਖ਼ਾਸ ਫਿਰਕੇ ਨੂੰ ਤੁਅਸੱਬੀ ਸੋਚ ਅਧੀਨ ‘ਸਬਕ ਸਿਖਾਉਣ’ ਲਈ ਉਨ੍ਹਾਂ ਦੇ ਪੂਜਾ ਸਥਾਨ ਨੂੰ ਢਾਹ ਕੇ ਜਾਂ ਦੰਗੇ ਫਸਾਦਾਂ ਰਾਹੀਂ ਕਤਲੇਆਮ ਕਰਵਾਉਣ ਵਾਲਾ ਕੋਈ ਲੀਡਰ ਬੀਬਾ ਰਾਣਾ ਬਣ ਕੇ ਲੋਕਾਂ ਪਾਸੋਂ ਵੋਟਾਂ ਮੰਗਣ ਲੱਗ ਪੈਂਦਾ ਹੈ। ਵੋਟਾਂ ਲਈ ਝੋਲੀ ਅੱਡਣ ਵੇਲੇ ਉਹ ‘ਨਿਮਰਤਾ ਦਾ ਪੁੰਜ’ ਬਣ ਬਣ ਦਿਖਾਉਂਦਾ ਹੈ। ਸਾਰੇ ਧਰਮਾਂ ਦਾ ‘ਸਤਿਕਾਰ ਕਰਨ’ ਦੇ ਗਪੌੜ ਮਾਰਦਾ ਉਹ ਦੇਸ਼ ਦਾ ਰਾਖਾ ਹੋਣ ਦਾ ਦਾਅਵਾ ਜਤਾਉਂਦਾ ਹੈ। ਗੋਲ-ਮੋਲ ਲਫ਼ਜ਼ਾਂ ਵਿਚ ਉਹ ਆਪਣੇ ਖੂਨੀ ਕਾਰਨਾਮਿਆਂ ‘ਤੇ ਪਰਦਾ ਪਾਉਂਦਿਆਂ ਪੀੜਤ ਲੋਕਾਂ ਦਾ ‘ਹਿੱਤਕਾਰੀ’ ਹੋਣ ਦਾ ਢੋਂਗ ਕਰਦਾ ਹੈ। ਅਜਿਹੀਆਂ ਲੂੰਬੜ ਚਾਲਾਂ ਚੱਲਣ ਵਾਲੇ ਸਿਆਸਤਦਾਨਾਂ ‘ਤੇ ਸੱਟ ਮਾਰਦੀ ਸ਼ਾਇਰੀ ਦਾ ਕਮਾਲ ਦੇਖੋ,
ਵੋ ਖੁਸ਼ ਗੁਫ਼ਤਾਰ ਹੈ,
ਬੇ-ਮਿਸਲ ਹੈ ਉਸ ਕੀ ਅਦਾਕਾਰੀ,
ਜੜ੍ਹੇਂ ਭੀ ਕਾਟਤਾ ਹੈ,
ਦੋਸਤੀ ਕਾ ਦਮ ਭੀ ਭਰਤਾ ਹੈ।
ਉਹ ਬਣਿਆ ਬਾਗ ਦਾ ਰਾਖਾ,
ਜ੍ਹਿਦੇ ਹੱਥਾਂ ‘ਚ ਆਰੀ ਹੈ।
ਮਸੀਹਾ ਉਹ ਹੈ ਅੱਜ ਸਾਡਾ,
ਜ੍ਹਿਦੇ ਹੱਥ ਵਿਚ ਕਟਾਰੀ ਹੈ।
ਘੁੱਗੀ ਦਾ ਭੇਸ ਧਾਰ ਕੇ
ਨੀਯਤ ਉਕਾਬ ਰੱਖ,
ਸਿਆਸਤ ਇਹੋ ਹੈ ਸੱਚ,
ਤੇ ਪਾ ਕੇ ਨਕਾਬ ਰੱਖ।
ਮੱਕਾਰ ਸਿਆਸਤਦਾਨਾਂ ਵਲੋਂ ਘਸਿਆਰੇ ਬਣਾਏ ਗਏ ਅਤੇ ਛੋਟੀਆਂ-ਛੋਟੀਆ ਗਰਜ਼ਾਂ ਖਾਤਰ ਬੇ-ਜ਼ਮੀਰੇ ਬਣੇ ਲੋਕਾਂ ਨੂੰ ਹਲੂਣੇ ਦੇਣ ਲਈ, ਕੁੱਝ ਸ਼ਾਇਰਾਂ ਦੇ ਸ਼ਿਅਰ ਕਾਬਿਲ-ਏ-ਗੌਰ ਨੇ,
ਗਰੀਬਾਂ ਦੇ ਗਲ ਕੱਟਦੈ,
ਉਹਦੇ ਗਲ ਹਾਰ ਨਾ ਪਾ ਤੂੰ,
ਇਹ ਗਲ ਰੱਸੇ ਦੇ ਕਾਬਿਲ,
ਇਹ ਗਲ ਤਲਵਾਰ ਦੇ ਕਾਬਿਲ।
ਜਦ ਹਾਕਮ ਨੇ ਖੋਹ ਲਈ
ਹੱਥੋਂ ਮਾਲਾ ਵੀ,
ਫੇਰ ਬੜਾ ਤਰਸੇਂਗਾ
ਇਕ ਤਲਵਾਰ ਲਈ।
ਸਿਤਮ ਸਹਿੰਦੇ ਹੋ ਬੇ-ਅਣਖੋ,
ਤੁਸੀਂ ਮਰ ਕਿਉਂ ਨਹੀਂ ਜਾਂਦੇ,
ਅਜ਼ਲ ਨੇ ਆ ਹੀ ਜਾਣਾ ਹੈ,
ਅਜ਼ਲ ਤੋਂ ਡਰਦਿਉ ਲੋਕੋ।
ਕਾਲੇ ਧਨ ਦੇ ਅੰਬਾਰਾਂ ਦੀ ਬਦੌਲਤ ਚੋਣਾਂ ਵਿਚ ਪੁੱਠੇ-ਸਿੱਧੇ ਹਰਬੇ ਵਰਤ ਕੇ ਸਿਆਸਤਦਾਨ ਅਕਸਰ ਜਿੱਤ ਹੀ ਜਾਂਦੇ ਹਨ, ਤੇ ਵੋਟਰਾਂ ਦੀ ਹੋ ਜਾਂਦੀ ਏ ਹਾਰ। ਅਥਾਹ ਕੁਰਬਾਨੀਆਂ ਦੇ ਕੇ ਮਿਲੇ ਵੋਟ ਦੇ ਮਾਲਕ ਵੋਟਰ ਰਹਿ ਜਾਂਦੇ ਨੇ ਪੰਜਾਂ ਸਾਲਾਂ ਲਈ ਮੰਗ ਪੱਤਰ ਲੈ ਕੇ ਦਰ-ਦਰ ਘੁੰਮਣ ਜੋਗੇ।æææ ਧਰਨੇ ਮਾਰਨ ਅਤੇ ਪੁਤਲੇ ਫੂਕਣ ਜੋਗੇ। ਪੰਜੀਂ ਸਾਲੀਂ ਫਿਰ ਉਹੀ ਚੋਣਾਂ ਦਾ ਧਮੱਚੜ। ਇਸ ਲੋਕਰਾਜੀ ਚੱਕਰਵਿਊ ਨੂੰ ਤ੍ਰਾਸ ਭਰੀਆਂ ਨਜ਼ਰਾਂ ਨਾਲ ਤੱਕਦਿਆਂ ਸ਼ਾਇਰ ਅਰਜ਼ ਕਰਦਾ ਹੈ,
ਸ਼ਹਿਰ ਅਸਾਡੇ ‘ਸਰਕਸ’ ਚੱਲਦੀ,
ਚੱਲਦੀ ਹੈ ਦਿਨ ਰਾਤੀਂ,
ਇਸ ਸਰਕਸ ਵਿਚ ਖੋਤੇ ਕਰਦੇ
ਸ਼ੇਰਾਂ ਦੀ ਅਸਵਾਰੀ।
ਲੇਕਿਨ ਇਸ ਰੌਲ-ਘਚੌਲੇ ਵਿਚ ਜਦ ਕਦੇ ਅਸਮਾਨੀ ਬਿਜਲੀ ਵਾਂਗ ਕਿਸੇ ‘ਕੇਜਰੀਵਾਲ’ ਦੀ ਆਮਦ ਹੋ ਜਾਂਦੀ ਹੈ, ਤੇ ਉਹ ਆ ਕੇ ਗਰਦ-ਗੁਬਾਰ ਵਿਚ ਆਸ ਦੀ ਕਿਰਨ ਜਗਾ ਦਿੰਦਾ ਹੈ, ਤਦ ਹੈਰਾਨੀ ਅਤੇ ਅਨੰਦ ਦੀ ਅਵਸਥਾ ‘ਚ ਆਇਆ ਸ਼ਾਇਰ ਗਾ ਉਠਦਾ ਹੈ,
ਹੈ ਅਜਬ ਦਿਲਕਸ਼ੀ ਇਹ
ਅੱਜ ਕਲ੍ਹ ਮਾਹੌਲ ਅੰਦਰ,
ਨ੍ਹੇਰੀ ਵੀ ਚੱਲ ਰਹੀ ਹੈ,
ਦੀਵੇ ਵੀ ਬਲ ਰਹੇ ਨੇ।
Leave a Reply